ਪਿੰਡ ਸ਼ੇਰੋਂ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

‘ਨੌਜਵਾਨ ਭਾਰਤ ਸਭਾ’ ਦੇ ਝੰਡੇ ਹੇਠ ਪਿੰਡ ਸ਼ੇਰੋਂ (ਸੰਗਰੂਰ) ਦੇ ਨੌਜਵਾਨਾਂ ਨੇ ਪਿੰਡ ਵਿੱਚ ਇੱਕ ਜਨਤਕ ਲਾਇਬ੍ਰੇਰੀ ‘ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰਰੀ’ ਖੋਲ੍ਹੀ ਜਿਸਦਾ ਉਦਘਾਟਨੀ ਸਮਾਰੋਹ 24 ਮਾਰਚ ਨੂੰ ਕੀਤਾ ਗਿਆ। ਇਹ ਲਾਇਬ੍ਰੇਰੀ ਨੌਭਾਸ ਦੇ ਕਾਰਕੁੰਨਾਂ ਨੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ਼ ਬਣਾਈ ਹੈ। ਇਸ ਲਾਇਬ੍ਰੇਰੀ ਨੂੰ ਖੋਲ੍ਹਣ ਦਾ ਮਕਸਦ ਹੈ ਅੱਜ ਘਰ-ਘਰ ਉਹ ਸਾਹਿਤ ਪਹੁੰਚਾਉਣ ਦੀ ਲੋੜ ਹੈ ਜੋ ਲੋਕਾਂ ਨੂੰ ਸੋਚਣਾ, ਬੱਚਿਆਂ ਨੂੰ ਉਡਾਰੀਆਂ ਅਤੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਚੰਗੀ ਸੇਧ ਦੇਣ ਦਾ ਕੰਮ ਕਰੇ। ਇਸ ਨਿਰਾਸ਼ਾ ਭਰੀ ਜ਼ਿੰਦਗੀ ਵਿੱਚ ਜਿਊਣ ਦੀ ਇੱਕ ਨਵੀਂ ਕਿਰਨ ਜਗਾਵੇ, ਚੰਗਾ ਸੱਭਿਆਚਾਰ ਅਤੇ ਇੱਕ ਚੰਗਾ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਵੇ।

ਇਸ ਮਕਸਦ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਪਰਚਾ ਛਾਪਿਆ ਗਿਆ ਜਿਸ ਨੂੰ ਕਿ ਘਰ-ਘਰ ਜਾ ਕੇ ਵੰਡਿਆ ਗਿਆ ਅਤੇ ਲੋਕਾਂ ਨਾਲ਼ ਲਾਇਬ੍ਰੇਰੀ ਦੀ ਲੋੜ ਅਤੇ ਮਹੱਤਵ ਬਾਰੇ ਗੱਲ ਕੀਤੀ ਗਈ ਤੇ ਲੋਕਾਂ ਨੇ ਚੰਗਾ ਹੁੰਘਾਰਾ ਭਰਿਆ। ਉਹਨਾਂ ਆਪਣੀ ਕਿਰਤ ਕਮਾਈ ’ਚੋਂ 10-20 ਰੁਪਏ ਤੋਂ ਲੈ ਕੇ ਸੈਂਕੜੇ, ਹਜ਼ਾਰਾਂ ’ਚ ਆਪਣਾ ਯੋਗਦਾਨ ਪਾਉਂਦਿਆ ਇਸ ਲਾਇਬ੍ਰੇਰੀ ਨੂੰ ਸਾਂਝੀ ਕਿਰਤ ਦਾ ਨਮੂਨਾ ਬਣਾ ਦਿੱਤਾ।

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਦਿਆਂ 24 ਮਾਰਚ ਨੂੰ ਇਸ ਲਾਇਬ੍ਰੇਰੀ ਦਾ ਉਦਘਾਟਨੀ ਸਮਾਰੋਹ ਕੀਤਾ ਗਿਆ। ਇਸ ਵਿੱਚ ਅਧਿਆਪਕ ਆਗੂ ਤੇ ਸਮਾਜਿਕ ਕਾਰਕੁੰਨ ਬਲਵੀਰ ਚੰਦ ਲੌਂਗੋਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਉਹਨਾਂ ਆਪਣੀ ਗੱਲ ਕਰਦਿਆਂ ਭਗਤ ਸਿੰਘ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਕਿ ਉਹਨਾਂ ਦੇ ਸ਼ਹੀਦੀ ਜਾਂ ਜਨਮ ਦਿਹਾੜੇ ਆਪਣੇ ਲਈ ਸਿਰਫ ਰਸਮ ਪੂਰਤੀ ਤੱਕ ਸੀਮਤ ਨਹੀਂ ਰਹਿਣੇ ਚਾਹੀਦੇ, ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਲੋੜ ਹੈ ਤਾਂ ਜੋ ਇਸ ਲੋਟੂ ਸਮਾਜ ਨੂੰ ਬਦਲਿਆ ਜਾ ਸਕੇ। ਉਹਨਾਂ ਨੌਜਵਾਨ ਭਾਰਤ ਸਭਾ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੇ ਸਾਂਝੇ ਉਪਰਾਲਿਆਂ ਨਾਲ਼ ਗਿਆਨ ਨੂੰ ਲੋਕਾਂ ਤੱਕ ਲਿਜਾਣ ਦੀ ਬਹੁਤ ਲੋੜ ਹੈ। ਫਿਰ ਨੌਭਾਸ ਦੇ ਸੂਬਾ ਕਮੇਟੀ ਮੈਂਬਰ ਕੁਲਵੀਰ ਨਮੋਲ ਨੇ ਨੌਭਾਸ ਦੇ ਉਦੇਸ਼ਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਨੌਭਾਸ ਇਕਾਈ ਚੰਗਾਲੀਵਾਲਾ ਵੱਲੋਂ ਇਨਕਲਾਬੀ ਗੀਤ ਅਤੇ ਨਾਟਕ ‘ਆਖਿਰ ਕਦੋਂ ਤੱਕ’ ਦੀ ਪੇਸ਼ਕਾਰੀ ਕੀਤੀ ਗਈ। ਲਾਇਬ੍ਰੇਰੀ ਦਾ ਉਦਘਾਟਨ ਵੀ ਬਲਵੀਰ ਚੰਦ ਲੌਂਗੋਵਾਲ ਵੱਲੋਂ ਕੀਤਾ ਗਿਆ।

ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦਾ ਕੰਮ ਨੌਭਾਸ ਕਾਰਕੁੰਨਾਂ ਤੋਂ ਇਲਾਵਾ ਲਾਇਬ੍ਰੇਰੀ ਵਿੱਚ ਆਉਣ ਵਾਲ਼ਿਆਂ ਬੱਚਿਆਂ ਨੇ ਵੀ ਕੀਤਾ। ਇਸ ਲਾਇਬ੍ਰੇਰੀ ਦੇ ਖੁੱਲ੍ਹਣ ਦੀ ਖੁਸ਼ੀ ਦਾ ਅੰਦਾਜਾ ਬੱਚਿਆਂ ਦੇ ਕੰਮ ਕਰਨ ਅਤੇ ਉਤਸ਼ਾਹ ਤੋਂ ਹੀ ਪਤਾ ਲੱਗਦਾ ਸੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 4, 1 ਤੋਂ 15 ਅਪੈਰ੍ਲ 2019 ਵਿੱਚ ਪਰ੍ਕਾਸ਼ਿਤ