ਪੇਚਸ਼ ਕਾਰਨ ਹੁੰਦੀਆਂ ਮੌਤਾਂ ਨਾਕਸ ਸਿਹਤ ਢਾਂਚੇ ਦੀ ਉਦਾਹਰਨ •ਰਵਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਦਿਨੀ ਸਮਾਣਾ ਵਿਖੇ ਪੇਚਸ਼ ਕਾਰਨ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ। ਪੰਜਾਬ ਦੇ ਕਈ ਹੋਰ ਇਲਾਕੇ ਵੀ ਪੇਚਸ਼ ਤੋਂ ਪੀੜਤ ਹੋ ਰਹੇ ਹਨ। ਪ੍ਰਦੂਸ਼ਤ ਪੀਣ ਵਾਲ਼ੇ ਪਾਣੀ ਤੋਂ ਹੋਣ ਵਾਲ਼ੀ ਇਸ ਬਿਮਾਰੀ ਕਾਰਨ ਲਗਾਤਾਰ ਮੌਤਾ ਦਾ ਅੰਕੜਾ ਵਧਦਾ ਜਾ ਰਿਹਾ ਹੈ। ਜਿੱਥੇ ਪਾਣੀ ਦਾ ਪਧਰ ਘੱਟ ਰਿਹਾ ਹੈ, ਉੱਥੇ ਪ੍ਰਦੂਸ਼ਤ ਪਾਣੀ ਤੋਂ ਹੋਣ ਵਾਲ਼ੀਆਂ ਬਿਮਾਰੀਆਂ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆ ਰਹੀਆਂ ਹਨ।  ਸਰਕਾਰੀ ਅੰਕੜਿਆਂ ਦੇ ਅੁਨਸਾਰ 5 ਸਾਲ ਤੋਂ ਘੱਟ ਉਮਰ ਵਾਲ਼ੇ ਬੱਚਿਆਂ ਦੀਆਂ ਮੌਤਾ ਦਾ ਵੱਡਾ ਕਾਰਨ ਪੇਚਸ਼ ਹੈ। ਪੇਚਸ਼ ਕਾਰਨ ਪੂਰੇ ਸੰਸਾਰ ਭਰ ਵਿੱਚ 14,00 ਬੱਚੇ ਹਰ ਰੋਜ਼ ਤੇ 5,30,000 ਬੱਚੇ ਹਰ ਸਾਲ ਪੇਚਸ਼ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।। ਸੰਸਾਰ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਹਰ ਸਾਲ ਭਾਰਤ ਵਿੱਚ ਪੇਚਸ਼ ਕਾਰਨ 1,53,000 ਬੱਚੇ ਅਤੇ 20 ਕਰੋੜ ਲੋਕ ਪਾਣੀ ਤੋਂ ਹੋਣ ਵਾਲ਼ੀਆਂ ਬਿਮਾਰੀਆਂ ਨਾਲ਼ ਮਰ ਜਾਂਦੇ ਹਨ ।

ਭਾਵੇਂ ਇਹ ਗੱਲ ਸੱਚ ਹੈ ਕਿ 2000 ਤੋਂ 2015 ਸਾਲ ਤੱਕ ਇਸ ਬਿਮਾਰੀ ਕਾਰਨ ਹੋਣ ਵਾਲ਼ੀਆਂ ਮੌਤਾਂ ‘ਚ ਕਮੀ ਆਈ ਹੈ, ਪਰ ਅੱਜ ਜਿੱਥੇ ਇੱਕ ਪਾਸੇ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ, ਬਿਮਾਰੀਆਂ ਦੇ ਇਲਾਜ ਲਈ ਹਰ ਲੋੜੀਂਦੇ ਸਾਧਨ ਮੌਜੂਦ ਹਨ, ਹਰ ਸਾਲ ਨਵੀਆਂ ਦਵਾਈਆਂ, ਐਂਟੀਬਾਇਓਟਿਕਸ ਬਣਾਉਣ ਲਈ ਪ੍ਰਯੋਗ ਕੀਤੇ ਜਾਂਦੇ ਹਨ, ਉਥੇ ਹੀ ਦੂਜੇ ਪਾਸੇ ਆਮ ਲੋਕਾਂ ਦੀ ਇਲਾਜ ਤੱਕ ਪਹੁੰਚ ਹੀ ਮੁਸ਼ਿਕਲ ਹੈ। ਜਦੋ ਤੱਕ ਆਮ ਲੋਕ ਹਸਪਤਾਲ ਦਾ ਖਰਚ ਪੂਰਾ ਕਰਨ ਜੋਗਾ ਬਣਦੇ ਹਨ, ਉਦੋ ਤੱਕ ਮੌਤ ਦਰਵਾਜ਼ੇ ‘ਤੇ ਦਸਤਕ ਦੇ ਚੁੱਕੀ ਹੁੰਦੀ ਹੈ।

ਜਿੱਥੇ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਆਮ ਲੋਕਾਂ ਲਈ ਸਿਹਤ ਸਹੂਲਤਾਂ ਵਧੀਆ ਤਰੀਕੇ ਨਾਲ਼ ਪਹੁੰਚਾਈਆਂ ਜਾਂਦੀਆਂ ਹਨ, ਉੱਥੇ ਹੀ ਅੰਕੜੇ ਇਹ ਗੱਲ ਸਪੱਸ਼ਟ ਕਰਦੇ ਹਨ ਕਿ ਪੇਚਸ਼ ਦਾ ਮਾਮੂਲੀ ਇਲਾਜ ਵੀ ਸਿਰਫ 44 ਫੀਸਦੀ ਬੱਚਿਆਂ ਤੱਕ ਹੀ ਸੀਮਤ ਹੈ।

2009 ਵਿੱਚ ਸਰਕਾਰ ਵੱਲੋਂ ‘ਰਾਸ਼ਟਰੀ ਪੇਂਡੂ ਪੀਣ ਵਾਲ਼ਾ ਪਾਣੀ ਯੋਜਨਾ’ ਦੇ ਤਹਿਤ 11,000 ਕੋਰੜ ਦੀ ਰਾਸ਼ੀ ਕੁੱਝ ਪੇਂਡੂ ਇਲਾਕਿਆਂ ਲਈ ਦੇਣੀ ਮੰਨੀ ਗਈ ਸੀ, ਜਿਹੜੀ ਕਿ 2014 ਵਿੱਚ ਮੋਦੀ ਸਰਕਾਰ ਵੱਲੋਂ ਦਿੱਤੀ ਗਈ, ਉਹ ਵੀ 3600 ਕਰੋੜ ਦੀ ਕਟੌਤੀ ਨਾਲ਼।

ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਸਿਹਤ ਸਹੂਲਤਾਂ ਲਈ ਬਜਟ ਵਧਾਉਣ ਦੀ ਬਜਾਏ, 15 ਫੀਸਦੀ ਕਟੌਤੀ ਕਰ ਦਿੱਤੀ ਗਈ ਤਾਂ ਜੋ ਆਮ ਲੋਕਾਂ ਦੀ ਸਿਹਤ ਨੂੰ ਛਿੱਕੇ ਟੰਗ ਕੇ ਧਨਾਢਾਂ ਦੀਆਂ ਥੈਲੀਆਂ ਭਰ ਸਕੇ।

ਅੰਕੜਿਆਂ ਤੋਂ ਆਪਾਂ ਸਹਿਜੇ ਹੀ ਇਹ ਅੰਦਾਜਾ ਲਗਾ ਸਕਦੇ ਹਾਂ ਕਿ ਆਮ ਲੋਕਾਂ ਦਾ ਜੀਵਨ ਪੱਧਰ ਦਿਨੋ-ਦਿਨ ਨਿੱਘਰਦਾ ਜਾ ਰਿਹਾ ਹੈ। ਉਨਾਂ ਸਿਹਤ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ, ਜਿਵੇਂ ਕਿ ਢੰਗ ਭੋਜਨ ਨਾ ਮਿਲਣਾ, ਪੀਣ ਵਾਲ਼ੇ ਪਾਣੀ ਦੀ ਲਗਾਤਾਰ ਕਮੀ ਤੇ ਪ੍ਰਦੁਸ਼ਿਤ ਹੋਣਾ, ਸਮੇਂ ਸਿਰ ਸਹੀ ਡਾਕਟਰੀ ਸਹੂਲਤ ਦਾ ਮਿਲਣਾ, ਰਹਿਣ ਦਾ ਅਤੇ ਨਿਕਾਸ ਪ੍ਰਬੰਧ (ਨਹਾਉਣ ਲਈ ਅਤੇ ਲੈਟਰੀਨਾਂ ਦਾ ਪ੍ਰਬੰਧ ਨਾ ਹੋਣਾ)।  ਪੰਜਾਬ ‘ਚ ਹੋ ਰਹੀਆਂ ਪੇਚਸ਼ ਕਾਰਨ ਮੌਤਾਂ ਇਸੇ ਦੀ ਇੱਕ ਉਦਾਹਰਨ ਹੈ, ਜਿੱਥੇ ਸੀਵਰੇਜ ਦੇ ਪਲਾਸਟਿਕ ਪਾਇਪ ਟੁੱਟਣ ਦੇ ਕਾਰਨ, ਸੀਵਰੇਜ ਦਾ ਗੰਦਾ ਪਾਣੀ, (ਜਿਸ ਵਿੱਚ ਅਨੇਕਾਂ ਬਿਮਾਰੀ ਫੈਲਾਉਣ ਵਾਲੇ ਸੂਖਮ ਜੀਵਾਂ ਜਿਵੇਂ ਕਿ ਬੈਕਟੀਰੀਆ, ਵਾਇਰਸ, ਪੈਰਾਸਾਇਟ ਆਦਿ ਜੋ ਮਨੁੱਖੀ ਸਿਹਤ ਲਈ ਜਾਨਲੇਵਾ ਹਨ), ਪੀਣ ਵਾਲ਼ੇ ਪਾਣੀ ਵਿੱਚ ਰਲ਼ ਗਏ। ਘਟੀਆ ਨਿਕਾਸ ਪ੍ਰਬੰਧ ਦੀ ਇਹ ਇੱਕੋ-ਇੱਕ ਉਦਾਹਰਣ ਨਹੀ ਹੈ, ਫੈਕਟਰੀਆਂ ਵਿੱਚ ਨਿਕਾਸ ਦਾ ਪ੍ਰਬੰਧ ਆਮ ਲੋਕਾਂ ਦੀ ਸਿਹਤ ਨੂੰ ਅੱਖੋਂ-ਪਰੋਖੇ ਕਰਕੇ ਤੇ ਪੈਸੇ ਬਚਾਉਣ ਲਈ ਘਟੀਆ ਤਰੀਕੇ ਨਾਲ਼ ਕੀਤਾ ਜਾਂਦਾ ਹੈ।

ਫੈਕਟਰੀਆਂ ਦਾ ਗੰਦਾ ਰਸਾਇਣਾਂ, ਧਾਤਾਂ ਵਾਲ਼ਾ ਪਾਣੀ, ਨਦੀਆਂ ਦਰਿਆਵਾਂ ਪੀਣ ਵਾਲ਼ੇ ਪਾਣੀ ਦੇ ਸ੍ਰੋਤਾਂ ਨੂੰ ਪ੍ਰਦੂਸ਼ਿਤ ਕਰਦਾ ਹੈ।

ਪਾਣੀ ਨਾਲ਼ ਹੋਣ ਵਾਲ਼ੀਆਂ ਬਿਮਾਰੀਆਂ ਦਾ ਇੱਕ ਵੱਡਾ ਹੋਰ ਕਾਰਨ, ਭਾਰਤ ਦੀ ਕਈ ਇਲਾਕਿਆਂ ਵਿੱਚ ਲੈਟਰੀਨਾਂ ਦਾ ਪ੍ਰਬੰਧ ਨਾ ਹੋਣਾ ਹੈ। ਅੰਕੜਿਆਂ ਦੇ ਅਨੁਸਾਰ ਭਾਰਤ ਦੇ 49 ਕਰੋੜ ਲੋਕ ਖੁੱਲੇ ਵਿੱਚ ਹੀ ਨਹਾਉਂਦੇ ਅਤੇ ਜੰਗਲ ਪਾਣੀ ਜਾਂਦੇ ਹਨ। ਜੋ ਕਿ ਭਾਰਤ ਦੀ ਅਬਾਦੀ ਦਾ ਤੀਜਾ ਹਿੱਸਾ ਹੈ। ਨੈਸ਼ਨਲ ਸੈਂਪਲ ਸਰਵੇਅ ਆਰਗਨਾਈਜੇਸ਼ਨ ਦੇ ਦਿੱਤੇ ਅੰਕੜਿਆ ਅਨੁਸਾਰ 77 ਫੀਸਦੀ ਝਾਰਖੰਡ, 76.6 ਫੀਸਦੀ ਉੜੀਸਾ ਅਤੇ 75.9 ਫੀਸਦੀ ਬਿਹਾਰ ਦੇ ਇਲਾਕਿਆਂ ਵਿੱਚ ਲੈਟਰੀਨਾਂ ਦਾ ਪ੍ਰਬੰਧ ਨਹੀਂ ਹੈ।

ਖੁੱਲੇ ਵਿੱਚ ਕੀਤਾ ਗਿਆ ਨਿਕਾਸ, ਮਨੁੱਖੀ ਬਿਮਾਰੀਆਂ ਦਾ ਸ੍ਰੋਤ ਹੈ। ਅਲੱਗ-ਅਲੱਗ ਤਰੀਕਿਆਂ ਨਾਲ਼ ਖੁੱਲੇ ਵਿੱਚ ਕੀਤਾ ਨਿਕਾਸ ਆਮ ਲੋਕਾਂ ਦੇ ਭੋਜਨ, ਪੀਣ ਵਾਲ਼ੇ ਪਾਣੀ ਦਾ ਹਿੱਸਾ ਬਣ ਕੇ, ਮਨੁੱਖੀ ਸਿਹਤ ਨੂੰ ਬਿਮਾਰ ਕਰਦਾ ਹੈ।

ਇੱਥੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਭਾਰਤੀ ਲੋਕਾਂ ਦੀ ਹਾਲਤ, ਸਿਹਤ ਪੱਧਰ ਤੇ ਜੀਵਨ ਪੱਧਰ ਕਿੱਥੇ ਖੜ੍ਹਾ ਹੈ। ਸਰਕਾਰ ਦਾ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਇੱਥੇ ਸਰਕਾਰਾਂ ਦੀ ਆਮ ਲੋਕਾਂ ਲਈ ਖੋਖਲੀ ਚਿੰਤਾ ਦਾ ਦਿਖਾਵਾ ਤੇ ਮਨੁੱਖ ਦੋਖੀ ਕਿਰਦਾਰ ਸਪੱਸ਼ਟ ਹੋ ਜਾਂਦਾ ਹੈ। ਅੱਜ ਇਸ  ਘਟੀਆ ਢਾਂਚੇ ਦੀਆਂ ਧੱਜੀਆਂ ਉਡਾਉਣ ਲਈ ਜਥੇਬੰਦ ਹੋਣ ਦੀ ਜ਼ਰੂਰਤ ਹੈ, ਤਾਂ ਜੋ ਆਮ ਲੋਕਾਂ ਨੂੰ ਜਿਉਣ ਲਈ ਵਧੀਆ ਹਾਲਤਾਂ ਦਿੱਤੀਆਂ ਜਾ ਸਕਣ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements