ਪਾਠਕ ਮੰਚ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕੁਲਦੀਪ ਜੀ ਮੇਰੀ ਚਿੱਠੀ ‘ਤੇ ਤੁਹਾਡਾ ਪ੍ਰਤੀਕਰਮ ਪੜ੍ਹਿਆ। ਮੈਂ ਆਪਣੀ ਸਮਝ ਮੁਤਾਬਕ ਆਪਣਾ ਪੱਖ ਫਿਰ ਤੋਂ ਰੱਖਣ ਦੀ ਕੋਸ਼ਿਸ਼ ਕਰਾਂਗਾ। ਤੁਹਾਡੇ ਵਿਚਾਰਾਂ ਨਾਲ਼ ਮੇਰੀ ਸਹਿਮਤੀ ਨਹੀਂ ਬਣ ਰਹੀ ਅਤੇ ਇਸ ਦਾ ਕਾਰਨ ਕੀ ਹੈ? ਮੈਂ ਉਲਝਿਆ ਹੋਇਆ ਹਾਂ, ਖ਼ੈਰ ਕੋਸ਼ਿਸ਼ ਕਰਦੇ ਹਾਂ ਉਲਝਣ ਸੁਲਝਾਉਣ ਦੀ। ਮੇਰਾ ਹਾਲ਼ੇ ਵੀ ਇਹੀ ਮੰਨਣਾ ਹੈ ਕਿ ਮੇਰੀਆਂ ਰੇਖਾਂਕਤ ਕੀਤੀਆਂ ਦੋ ਫਿਲਮਾਂ ਵਿੱਚ ਤੁਸੀਂ ਅੰਸ਼ ਨੂੰ ਸਮੁੱਚ ਬਣਾਉਣ ਦੀ ਗ਼ਲਤੀ ਕਰ ਰਹੇ ਹੋ। ‘ਸੁਲਤਾਨ’ ਫਿਲਮ ਇੱਕ ਪਿਛਾਖੜੀ ਫਿਲਮ ਹੈ ਇਸ ਵਿੱਚ ਮੇਰੀ ਤੁਹਾਡੇ ਨਾਲ਼ ਕੋਈ ਦੋ ਰਾਏ ਨਹੀਂ ਹੈ ਪਰ ਮੇਰਾ ਮੰਨਣਾ ਹੈ ਕਿ ਉਸ ਫਿਲਮਦਾ ਪੂਰਾ ਕਥਾਨਕ ਇਹ ਤੈਅ ਕਰਦਾ ਹੈ ਨਾ ਕਿ ਉਸਦਾ ਕੋਈ ਇੱਕ ਸੀਨ ਜਾਂ ਡਾਇਲਾਗ। ਜੇਕਰ ਇੱਕ ਡਾਇਲਾਗ ਨਾਲ਼ ਹੀ ਕੁੱਝ ਤੈਅ ਹੁੰਦਾ ਤਾਂ ਉਹਦੇ ‘ਇਨਕਲਾਬ ਜ਼ਿੰਦਾਬਾਦ’ ਕਹਿਣ ਨਾਲ਼ ਕੀ ਇਹ ਫਿਲਮ ਅਗਾਂਹਵਧੂ ਜਾਂ ਇਨਕਲਾਬੀ ਹੋ ਜਾਂਦੀ? ਇਸ ਫਿਲਮ ਦੀ ਪੜਚੋਲ ਦੇ ਤਰੀਕਾਕਾਰ ਵਿੱਚ ਮੈਂ ਤੁਹਾਡੇ ਨਾਲ਼ ਉਲਝਿਆ ਮਹਿਸੂਸ ਕਰਦਾ ਹਾਂ।

ਤੁਸੀਂ ਆਪਣੇ ਪ੍ਰਤੀਕਰਮ ਵਿੱਚ ਦੰਗਲ ਫ਼ਿਲਮ ਬਾਰੇ ਲਿਖਿਆ ਕਿ ”ਮਹਾਂਵੀਰ ਸਿੰਘ ਫੋਗਾਟ ‘ਭਾਰਤ ਦੇ ਅਖੌਤੀ ਮਹਾਨ ਇਤਿਹਾਸ ਦਾ ਰੂਪਕ’ ਨਹੀਂ ਸਗੋਂ ਇੱਕ ਹੁਨਰਮੰਦ ਅਗਵਾਈ ਤੇ ਨਿਰਦੇਸ਼ਨ ਦੇਣ ਵਾਲ਼ੇ ਦਾ ਰੂਪਕ ਹੈ ਅਤੇ ਗੀਤਾ ਫੋਗਟ ਭਾਰਤੀ ਸਰਮਾਏਦਾਰ ਜਮਾਤ ਦਾ ਰੂਪਕ”। ਮਨ ‘ਚ ਸਵਾਲ ਹੈ ਕਿ ਆਖ਼ਰ ‘ਹੁਨਰ’ ਨੂੰ ਵੀ ਤਾਂ ਪ੍ਰਭਾਸ਼ਤ ਕਰਨਾ ਪਵੇਗਾ ਕਿ ਕਿਹੋ ਜਿਹਾ ਹੁਨਰ? ਤੇ ਇਹ ਹੁਨਰ ਸਿਖਾਉਣ ਵਾਲ਼ਾ ਕੌਣ ਹੈ? ਮੇਰੀ ਮਾਨਤਾ ਇਹ ਵੀ ਹੈ ਕਿ ਅਮੀਰ ਖਾਨ ਸਰਮਾਏਦਾਰ ਜਮਾਤ ਨੂੰ ਹੁਨਰ ‘ਲਗਾਨ’ ਫਿਲਮ ਵਿੱਚ ਸਿਖਾ ਚੁੱਕਾ ਹੈ ਜਦ ਦੇਸ਼ ਦਾ ਆਰਥਿਕ ਤੇ ਸਿਆਸੀ ਮਹੌਲ ਇਹਦੀ ਮੰਗ ਕਰ ਰਿਹਾ ਸੀ।

ਤੁਸੀਂ ਠੀਕ ਹੀ ਕਿਹਾ ਹੈ ਕਿ ਹਰ ਫਿਲਮ ਦੇ ਸਾਰੇ ਪੱਖਾਂ ਬਾਰੇ ਚਰਚਾ ਕਰਨਾ ਲੇਖ ਦੇ ਵਿਸ਼ੇ ਤੋਂ ਬਾਹਰੀ ਗੱਲ ਹੁੰਦੀ ਹੈ ਪਰ ਤੁਹਾਡੇ ਲੇਖ ਵਿੱਚ ਹੋਰਨਾਂ ਫਿਲਮਾਂ ਦਾ ਵੀ ਸਾਰ-ਤੱਤ ਦਿੱਤਾ ਗਿਆ ਹੈ ਉਹਨਾਂ ਤੇ ਮੇਰੀ ਕੋਈ ਅਸਹਿਮਤੀ ਨਹੀਂ ਕਿਉਂਕਿ ਕੁੱਝ ਸੱਤਰਾਂ ਵਿੱਚ ਤੁਸੀਂ ਉਹਨਾਂ ਫਿਲਮਾਂ ਨੂੰ ਬਿਆਨਕਰ ਦਿੱਤਾ ਅਤੇ ਉਪਰੋਕਤ ਫਿਲਮਾਂ ਨੂੰ ਵੀ ਬਿਆਨ ਕੀਤਾ ਜਾ ਸਕਦਾ ਸੀ। ਮੇਰੀ ਇਹੀ ਰਾਏ ਹੈ।

-ਬਲਵਿੰਦਰ ਸਿੰਘ, ਕੋਟਕਪੁਰਾ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements