ਪਾਠਕ ਮੰਚ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਾਲ ਹੀ ਹੋਈ ਘਟਨਾ, ਜੋ ਪਿਛਲੇ ਦਿਨੀ ਕਾਫੀ ਚਰਚਾ ਵਿੱਚ ਰਹੀ ਹੈ, ਮੇਰਾ ਭਾਵ ਕੰਦੀਲ ਬਲੋਚ ਦੀ ਹੱਤਿਆ ਤੋਂ ਹੈ। ਕੰਦੀਲ ਬਲੋਚ ਲਹਿੰਦੇ ਪੰਜਾਬ ਦੇ ਮੁਲਤਾਨ ਜਿਲ੍ਹੇ ਦੀ 26 ਸਾਲਾ ਅਦਾਕਾਰਾ ਅਤੇ ਮਾਡਲ, ਜਿਸ ਦੀ ਹੱਤਿਆ “ਇੱਜ਼ਤ” ਦੇ ਨਾਮ ‘ਤੇ ਉਸ ਦੇ ਭਰਾ ਵਸੀਮ ਨੇ ਗਲ ਘੁੱਟ ਕੇ ਕਰ ਦਿੱਤੀ। ਅਖੌਤੀ  “ਅਣਖ” ਦੇ ਨਾਮ ਤੇ ਲਹਿੰਦੇ ਪੰਜਾਬ ਵਿੱਚ ਹੀ ਨਾਸਿਰ ਹੁਸੈਨ ਨੇ ਆਪਣੀਆਂ ਦੋ ਭੈਣਾਂ ਕੌਸਰ (20) ਅਤੇ ਗੁਲ਼ਜਾਰ (25 ਸਾਲ ਉਮਰ) ਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਘਟਨਾਵਾਂ ਇਹਨਾਂ ਅਣਖੀ ਲੋਕਾਂ ਦੀ ਮਨੁੱਖੀ ਗੁਣਾਂ ਤੋਂ ਦੂਰ ਹੋਣ ਦੀ ਕਹਾਣੀ, ਬੇਰਿਹਮੀ ਪ੍ਰਗਟ ਕਰਦੀਆਂ ਹਨ ਅਤੇ ਅਨੇਕਾਂ ਸਵਾਲ ਖੜੇ ਕਰਦੀਆਂ ਹਨ ਕਿ ਆਖਿਰ ਕਦੋਂ ਤੱਕ ਸਮਾਜ ‘ਚ ਵੱਸਦੇ “ਚੰਗੇ ਲੋਕਾਂ” ਦੀ ਇੱਜ਼ਤ ਦਾ ਮਾਮਲਾ ਕੁੜੀਆਂ ਨਾਲ ਜੁੜਿਆ ਰਹੇਗਾ? ਕਦੋਂ ਤੱਕ ਜਮਹੂਰੀਅਤ ਦਾ ਘਾਣ ਕੀਤਾ ਜਾਵੇਗਾ? ਇੱਜ਼ਤ ਦੇ ਨਾਮ ‘ਤੇ ਇਹਨਾਂ ਦਕਿਆਨੂਸੀ ਸੋਚ ਰੱਖਣ ਵਾਲੇ ਲੋਕਾਂ ਵੱਲੋਂ ਬੇਗੁਨਾਹਾਂ ਦਾ ਖੂਨ ਵਹਾਇਆ ਜਾਵੇਗਾ? ਇਹ ਸਾਰੀਆਂ ਘਟਨਾਵਾਂ ਰੁਕਣ ਦੀ ਬਜਾਏ ਲਗਾਤਾਰ ਤੇਜ਼ੀ ਨਾਲ ਵੱਧ ਰਹੀਆਂ ਹਨ। ਇੱਜਤ ਦੇ ਨਾਮ ਤੇ ਹੋਣ ਵਾਲੀਆਂ ਹੱਤਿਆਵਾਂ ਇਹਨਾਂ ਪਿਛਾਖੜੀ ਸੋਚ ਰੱਖਣ ਵਾਲੇ ਲੋਕਾਂ, ਜੋ ਨੌਜਵਾਨਾਂ ਦੀ ਜਮਹੂਰੀਅਤ ਨੂੰ ਪਸੰਦ ਨਹੀ ਕਰਦੇ, ਦੀ ਇੱਜ਼ਤ ਦਾ ਘੜਾ ਟੁੱਟਣ ਦੇ ਵਹਿਸ਼ੀ ਗੁੱਸੇ ਵਿੱਚੋਂ ਪੈਦਾ ਹੋਈ ਬੇਰਿਹਮੀ ਹੁੰਦੀ ਹੈ। ਇਸ ਤਰ੍ਹਾਂ ਦੀ ਇੱਕ ਘਟਨਾ ਵਿੱਚੋਂ ਮੈਂ ਵੀ ਗੁਜ਼ਰ ਚੁੱਕੀ ਹਾਂ, ਇਹ ਗੱਲ ਪੰਜਾਬ ਦੇ ਲੁਧਿਆਣੇ ਜਿਲ੍ਹੇ ਦੇ ਇੱਕ ਪਿੰਡ ਦੀ ਹੈ, ਜਿੱਥੇ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਰਹੀ। ਸਾਲ 2010 ਦੀ ਗੱਲ ਹੈ, ਉਸ ਸਮੇ ਮੈਂ 12 ਵੀਂ ਜਮਾਤ ਵਿੱਚ ਪੜ੍ਹਦੀ ਸੀ। ਮੇਰੇ ਤਾਇਆ ਜੀ ਦੀ ਬੇਟੀ ਰਜਨੀ (ਮਨਪ੍ਰੀਤ) ਮੇਰੀ ਭੈਣ, ਜੋ ਮੇਰੇ ਤੋਂ 5 ਸਾਲ ਵੱਡੀ ਸੀ ਨੂੰ ਪਿੰਡ ਦੇ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਸੀ, ਉਹ ਮੁੰਡਾ ਵੀ ਉਸ ਨੂੰ ਪਿਆਰ ਕਰਦਾ ਸੀ। ਰਜਨੀ ਦੇ ਬਚਪਨ ਦੀ ਆਦਤ ਸੀ (ਜਦੋਂ ਤੋਂ ਮੈਂ ਸੁਰਤ ਸੰਭਾਲੀ) ਕਿ ਉਹ ਕਿਸੇ (ਵੱਡੇ ਤੋਂ ਵੱਡੇ) ਨਾਲ ਵੀ ਖੁਦ ਦੇ ਹੱਕ ਲਈ ਲੜ ਪੈਂਦੀ ਸੀ। ਰਜਨੀ ਉਸ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਘਰਦਿਆਂ ਨੂੰ ਜਲਦੀ ਹੀ ਇਸ  ਬਾਰੇ ਪਤਾ ਲੱਗ ਗਿਆ ਸੀ। ਉਹਨਾਂ ਉਸ ਨੂੰ ਕਾਫੀ ਬਾਰ ਰੋਕਣ ਦੀ ਕੋਸ਼ਿਸ਼ ਕੀਤੀ, ਇੱਕਲੇ ਘਰੋਂ ਬਾਹਰ ਨਹੀਂ ਸੀ ਜਾਣ ਦਿੱਤਾ ਜਾਂਦਾ। ਮੇਰੇ ਘਰਦੇ ਮੈਨੂੰ ਵੀ ਰਜਨੀ ਨਾਲ ਕਿਸੇ ਵੀ ਜਗ੍ਹਾ ਤੇ ਜਾਣ ਤੋਂ ਰੋਕਦੇ ਸੀ। ਉਹਨਾਂ ਨੂੰ ਸ਼ਾਇਦ ਇਹ ਡਰ ਸੀ ਕਿ ਕਿਤੇ ਮੈਂ ਵੀ ਰਜਨੀ ਵਾਂਗ ਖੁਦ ਦੀ ਜਮਹੂਰੀਅਤ ਲਈ ਲੜਾਂਗੀ ਇਥੋਂ ਤੱਕ ਕਿ ਕਦੇ ਪਿੰਡ ਦੇ ਬਾਜਾਰ ਵਿੱਚ  ਉਹਦੇ ਨਾਲ ਨਹੀਂ ਸੀ ਜਾਣ ਦਿੰਦੇ। ਇਹ ਸਭ, ਕੁਝ ਮਹੀਨੇ ਚੱਲਿਆ ਪਰ ਰਜਨੀ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਸੀ। ਉਹ ਖੁਦ ਹੀ ਮੌਕਾ ਮਿਲਦੇ ਮੁੰਡੇ ਦੇ ਘਰ ਚਲੀ ਗਈ ਤੇ ਉਹਦੇ ਘਰਦਿਆਂ ਨਾਲ ਗੱਲ ਕੀਤੀ। ਪਰ ਇੱਥੇ ਵੀ ਤਰਾਸਦੀ ਹੈ  ਕਿ ਉਸਦੇ ਘਰ ਦੇ ਵੀ ਉਸੇ ਦਕਿਆਨੂਸੀ ਸਮਾਜ ਦਾ ਹਿੱਸਾ ਹੀ ਸਨ। ਉਹਨਾਂ ਨੇ ਮੇਰੇ ਤਾਏ ਨੂੰ ਦੱਸ ਦਿੱਤਾ ਅਤੇ ਕਹਿ ਦਿੱਤਾ ਕਿ ਆਪਣੀ ਕੁੜੀ ਨੂੰ ਲੈ ਜਾਵੋ (ਉਸ ਵਕਤ ਮੁੰਡਾ ਘਰ ਸੀ ਜਾਂ ਨਹੀ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ) ਕੁਝ ਦਿਨ ਰਜਨੀ ਨੂੰ ਬਿਲਕੁਲ ਨਾ ਦੇਖਿਆ, ਮੈਂ ਆਪਣੇ ਤਾਏ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਬਿਮਾਰ ਹੈ, ਉਸੇ ਦਿਨ ਮੈਂ ਰਜਨੀ ਨੂੰ ਮਿਲੀ ਵੀ ਸੀ, ਉਹ ਮੰਜੇ ਤੇ ਬੈਠੀ ਸੀ ਤੇ ਮੈਨੂੰ ਕੁੱਝ ਨਹੀਂ ਬੋਲੀ, ਮੈਂ ਵੀ ਉਥੋਂ ਚਲੀ ਗਈ (ਇਹ ਸਾਇਦ ਐਤਵਾਰ ਦੀ ਗੱਲ ਹੈ), ਮੰਗਲਵਾਰ ਦੀ ਸਵੇਰ ਨੂੰ 7:15 ਕੁ ਦੇ ਕਰੀਬ ਪਤਾ ਚੱਲਿਆ ਕਿ ਰਜਨੀ ਦੀ ਮੌਤ ਹੋ ਗਈ ਹੈ। ਮੈਂ ਜਦ ਰਜਨੀ ਦੀ ਲਾਸ ਨੂੰ ਦੇਖਿਆ ਤਾਂ ਮੈਂ ਉਸਦੀ ਬਾਂਹ ਹਿਲਾਈ ਜਾ ਸੀ। ਮੇਰੇ ਮਨ ਵਿੱਚ ਵਾਰ-ਵਾਰ ਇਹ ਆ ਰਿਹਾ ਸੀ ਕਿ ਉਸ ਨੂੰ ਕੁੱਝ ਨਹੀਂ ਹੋਇਆ, ਕੋਈ ਇਕਦਮ ਬਿਨ੍ਹਾਂ ਕਿਸੇ ਬਿਮਾਰੀ ਦੇ, ਬਿਨ੍ਹਾਂ ਕਿਸੇ ਦੁਰਘਟਨਾ ਦੇ ਕਿਵੇਂ ਮਰ ਸਕਦਾ ਹੈ। ਹਾਂ…. ਬਿਨਾਂ ਕਿਸੇ ਘਟਨਾ ਦੇ, ਪਰ ਇਹ ਦੁਖਾਂਤ ਵਾਪਰਿਆ ਸੀ। ਰਜਨੀ ਅਣਖ ਦੀ ਖਾਤਰ ਬਲੀ ਚੜਾ ਦਿੱਤੀ ਗਈ। ਘਰ ਪੁਲਿਸ ਵੀ ਆਈ (ਪਰ ਇਹ ਨਹੀਂ ਪਤਾ ਕਿਸ ਨੇ ਖਬਰ ਕੀਤੀ, ਸਾਇਦ ਉਸ ਲੜਕੇ ਨੇ ਜਾਂ ਕਿਸੇ ਹੋਰ ਨੇ) ਪਰ ਇਸਦਾ ਨਤੀਜਾ ਕੁੱਝ ਵੀ ਨਾ ਨਿਕਲਿਆ। ਉਹ ਆਏ, ਬੈਠੇ, ਗੱਲਾਂ ਕੀਤੀਆਂ (ਉਸ ਵਕਤ ਪਤਾ ਨਹੀਂ ਸੀ ਕਿ ਪੁਲਿਸ ਪ੍ਰਸਾਸਨ ਕੰਮ ਕਿਵੇਂ ਕਰਦਾ ਹੈ) ਤੇ ਚਲੇ ਗਏ। ਮੇਰੇ ਮੰਮੀ ਦੱਸਦੇ ਹੁੰਦੇ ਆ ਕਿ ਜਦੋਂ ਸੰਸਕਾਰ ਤੋਂ ਪਹਿਲਾਂ ਨਹਾਇਆ ਗਿਆ ਤਾਂ ਉਸਦਾ ਸਰੀਰ ਨੀਲਾ ਹੋਣਾ ਸੁਰੂ ਹੋ ਗਿਆ ਸੀ। ਇਸ ਲਈ ਦੁਪਹਿਰ ਤੱਕ ਉਸਦਾ ਸੰਸਕਾਰ ਵੀ ਕਰ ਦਿੱਤਾ ਗਿਆ। ਸਾਡੇ ਘਰਦਿਆਂ ਨੇ ਘਰ ਦੇ ਸਾਰੇ ਬੱਚਿਆਂ ਨੂੰ ਝੂਠ ਬੋਲਣ ਲਈ ਤਿਆਰ ਕਰ ਦਿੱਤਾ ਕਿ ਜਦੋਂ ਵੀ ਕੋਈ ਰਜਨੀ ਦੀ ਮੌਤ ਬਾਰੇ ਪੁੱਛੇ ਤਾਂ ਕਹਿ ਦੇਣਾ ਕਿ ਉਹ ਬਿਮਾਰ ਰਹਿੰਦੀ ਸੀ। ਉਸਦੀ ਮੌਤ ਦਾ ਕਾਰਨ ਹੈਪੇਟਾਇਟਸ ਸੀ, ਇਹ ਝੂਠ ਮੈਂ ਵੀ ਬੋਲਿਆ ਸਕੂਲ ਵਿੱਚ ਅਤੇ ਹੋਰ ਲੋਕਾਂ ਨੂੰ ਵੀ, ਇਹ ਉਹ ਘਟਨਾ ਹੈ ਜਿਸਨੇ ਮੇਰੀ ਜਿੰਦਗੀ ਨੂੰ ਬਦਲਣ ਦੇ ਲਈ ਅਹਿਮ ਭੂਮਿਕਾ ਨਿਭਾਈ। ਉਸ ਘਟਨਾ ਤੋਂ ਬਾਅਦ ਮੈਨੂੰ ਇਹ ਦਕਿਆਨੂਸੀ ਵਿਚਾਰਾਂ ਖੋਖਲੇ ਰੂੜ੍ਹੀਵਾਦੀ ਅਸੂਲ ਅਤੇ ਪੂੰਜੀ ਦੇ ਆਧਾਰ ਤੇ ਬਣੇ ਰਿਸ਼ਤਿਆ ਦੀ ਅਸਲ ਸੱਚਾਈ ਪਤਾ ਲੱਗੀ। ਇਹ ਤਾਂ ਮੇਰੀ ਜਿੰਦਗੀ ਦਾ ਨਿੱਜੀ ਤਜਰਬਾ ਹੈ, 21 ਵੀਂ ਸਦੀ ਵਿੱਚ ਵੀ ਹਜਾਰਾਂ-ਹਜਾਰ ਔਰਤਾਂ ਅਖੌਤੀ ਅਣਖ ਦੀ ਖਾਤਰ ਮੌਤ ਦੇ ਘਾਟ ਉਤਾਰ ਦਿੱਤੀਆਂ ਜਾਂਦੀਆਂ ਹਨ। ਨਾਮ ਤੇ ਥਾਵਾਂ ਬਦਲ ਜਾਂਦੀਆਂ ਨੇ ਪਰ ਘਟਨਾਵਾਂ ਉਹ ਰਹਿੰਦੀਆਂ ਨੇ, ਉਹਨਾਂ ਦੇ ਕਾਰਨ ਉਹੀ ਬਣੇ ਰਹਿੰਦੇ ਨੇ। ਵਿਆਹ ਵਾਲੇ ਮਸਲੇ ਤਾਂ ਵੱਡੀ ਗੱਲ ਹੈ, ਔਰਤਾਂ ਤੇ ਛੋਟੇ-ਛੋਟੇ ਰੂਪਾਂ ਵਿੱਚ ਵੀ ਦਬਾਅ ਪਾਇਆ ਜਾਦਾ ਹੈ, ਤੇ ਖੁਦ ਦੇ ਫੈਸਲੇ ਥੋਪੇ ਜਾਂਦੇ ਆ, ਉਹਨਾ ਨੂੰ ਅਗੇ ਪੜ੍ਹਾਇਆ ਨਹੀਂ ਜਾਂਦਾ, ਖੁਦ ਦੀ ਮਰਜੀ ਨਾਲ ਪਹਿਰਾਵਾ ਨਹੀਂ ਪਾਉਣ ਦਿੱਤਾ ਜਾਂਦਾ, ਨਿੱਕੇ-ਨਿੱਕੇ ਫੈਸਲੇ ਲੈਣ ਦਾ ਹੱਕ ਖੋਹ ਲਿਆ ਜਾਂਦਾ ਹੈ। ਜੇ ਦੇਖਿਆ ਜਾਵੇ ਤਾਂ ਇਸ ਵਿੱਚ, ਇਹ ਫੈਸਲੇ ਥੋਪਣ ਵਾਲੇ ਜਿਵੇਂ ਔਰਤਾਂ, ਮਾਂ, ਦਾਦੀ, ਨਾਨੀ ਜਾਂ ਪਿਤਾ, ਦਾਦਾ ਹੀ ਹੁੰਦੇ ਹਨ। ਜੋ ਪੁਰਾਣੇ ਵਿਚਾਰਾਂ ਦੇ ਵਾਹਕ ਬਣਦੇ ਹਨ। ਅੱਜ ਜ਼ਰੂਰਤ ਹੈ, ਤਰਕ ਦੇ ਆਧਾਰ ਤੇ ਇਹਨਾਂ ਪੁਰਾਣੇ ਵਿਚਾਰਾਂ ਨੂੰ ਨਵੇਂ ਵਿਚਾਰਾਂ ਨਾਲ ਟੱਕਰ ਦਿੱਤੀ ਜਾਵੇ। ਨਵੇਂ ਵਿਚਾਰ ਜੋ ਜਿਆਦਾ, ਜਮਹੂਰੀਅਤ ਪਸੰਦ ਹਨ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇ। ਪੁਰਾਣੇ ਵਿਚਾਰਾਂ ਕੋਲ ਜੱੜ੍ਹਤਾ ਹੁੰਦੀ ਹੈ ਪਰ ਨਵੇਂ ਵਿਚਾਰਾਂ ਕੋਲ ਬਿਹਤਰ ਸਮਾਜ ਦੀ ਉਮੀਦ ਹੁੰਦੀ ਹੈ। ਇਹ ਟੱਕਰ ਪੁਰਾਣੇ ਅਤੇ ਨਵੇਂ ਵਿੱਚ ਹੈ। ਜਿਸ ਵਿੱਚ ਜਿੱਤ ਲਾਜ਼ਮੀ ਨਵੇਂ ਦੀ ਹੁੰਦੀ ਹੈ। ਅੱਜ ਜ਼ਰੂਰਤ ਹੈ ਇਸ ਖੋਖਲੇ ਇੱਜ਼ਤ ਦੇ ਨਾਲ ਜੁੜੇ ਹੋਏ ਵਿਚਾਰਾਂ ਨੂੰ ਤੋੜ੍ਹਿਆ ਜਾਵੇ ਅਤੇ ਨੌਜਵਾਨਾਂ ਦੀ ਜਮਹੂਰੀਅਤ ਲਈ, ਜਿੰਦਗੀ ਦੇ ਫੈਸਲੇ ਲੈਣ ਦੇ ਹੱਕ, ਨਿੱਕੇ ਤੋਂ ਨਿੱਕਾ ਫੈਸਲਾ ਵੀ, ਵੱਡੇ ਤੋਂ ਵੱਡਾ  ਸਘੰਰਸ ਲੜਿਆ ਜਾਵੇ, ਕਿਉਂਕਿ ਇਹ ਸਿਰਫ ਨੌਜਵਾਨ ਪੀੜ੍ਹੀ ਦੀ ਆਜਾਦੀ ਦਾ ਸਵਾਲ ਨਹੀਂ,ਸਗੋਂ ਸਮੁੱਚੇ ਸਮਾਜ ਦੀ ਬਿਹਤਰੀ ਦਾ ਸਵਾਲ ਹੈ।    

•ਰਵਿੰਦਰ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements