ਪਾਠਕ ਮੰਚ

pathak manch

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਤਿਕਾਰਯੋਗ ਸੰਪਾਦਕ ਜੀ,

ਮੈਂ ਪਿਛਲੇ ਕੁਝ ਸਾਲਾਂ ਤੋਂ ‘ਲਲਕਾਰ ਦਾ ਨਿਯਮਿਤ ਪਾਠਕ ਰਿਹਾ ਹਾਂ। ਪੰਜਾਬ ਵਿੱਚ ‘ਲਲਕਾਰ’ ਜੋ ਭੂਮਿਕਾ ਅਦਾ ਕਰ ਰਹੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੀ ਹੈ। ਪਰ ‘ਲਲਕਾਰ’ ਦੇ ਕਾਰਜ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਇਸਦੀ ਗੁਣਵੱਤਾ ਨੂੰ ਲਗਾਤਾਰ ਬਿਹਤਰ ਕੀਤਾ ਜਾਵੇ ਅਤੇ ਘੱਟੋ-ਘੱਟ ਇਸਦੀ ਗੁਣਵੱਤਾ ਵਿੱਚ ਕਮੀ ਨਾ ਆਉਣ ਦਿੱਤੀ ਜਾਵੇ। ਮੈਂ ਤੁਹਾਡਾ ਧਿਆਨ, ‘ਲਲਕਾਰ’ ਦੇ ਹਾਲੀਆ ਅੰਕਾਂ ਵਿੱਚ ਵੱਡੀ ਮਾਤਰਾ ਵਿੱਚ ਪਰੂਫ਼ ਦੀਆਂ ਗਲਤੀਆਂ ਵੱਲ ਖਿੱਚ੍ਹਣਾ ਚਾਹੁੰਦਾ ਹਾਂ। ਹਾਲ ਦੇ ਅੰਕਾਂ ਵਿੱਚ (ਵਿਸ਼ੇਸ਼ ਤੌਰ ‘ਤੇ, ਜਦੋਂ ਤੋਂ ‘ਲਲਕਾਰ’ ਦਾ ਸਵਰੂਪ ਬਦਲਿਆ ਗਿਆ ਹੈ ਅਤੇ ਇਸਦੀ ਬਾਰਬਾਰਤਾ ਵਧਾਈ ਗਈ ਹੈ), ਪ੍ਰਕਾਸ਼ਿਤ ਕੀਤੇ ਗਏ ਲੇਖਾਂ ਵਿੱਚ ਪਰੂਫ਼ ਦੀਆਂ ਗਲਤੀਆਂ ਅਤੇ ਕਿਤੇ-ਕਿਤੇ ਗੰਭੀਰ ਗਲਤੀਆਂ (ਕੁਝ ਉਦਾਹਰਨਾਂ ਹੇਠਾਂ ਦਿੱਤੀਆਂ ਗਈਆਂ ਹਨ) ਵਿੱਚ ਵਿਚਾਰਨਯੋਗ ਵਾਧਾ ਹੋਇਆ ਹੈ। ਹੋ ਸਕਦਾ ਹੈ ਇਸ ਵਾਧੇ ਦਾ ਕਾਰਨ ਬਾਰਬਾਰਤਾ ਵਧਾਉਣਾ ਜਾਂ ਪਰੂਫ਼ ਵੱਲ ਧਿਆਨ ਨਾ ਦੇਣਾ ਰਿਹਾ ਹੋਵੇ, ਪਰ ਇੱਕ ਪਾਠਕ ਦੇ ਤੌਰ ‘ਤੇ ਦੇਖਦੇ ਹੋਏ ਅਤੇ ਅਨੁਭਵ ਕਰਦੇ ਹੋਏ ਮੈਨੂੰ ਇਹ ਇੱਕ ਗੰਭੀਰ ਸਮੱਸਿਆ ਲੱਗ ਰਹੀ ਹੈ।

ਮੇਰੀ ਤੁਹਾਨੂੰ ਇਹ ਨਿਮਰਤਾਪੂਰਵਕ ਬੇਨਤੀ ਹੈ ਕਿ ‘ਲਲਕਾਰ’ ਦੇ ਆਉਣ ਵਾਲੇ ਅੰਕਾਂ ਨੂੰ ਇਸ ਪੱਖ ਤੋਂ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਹੇਠਾਂ ਮੈਂ ਸਾਥੀ ਸੁਖਵਿੰਦਰ ਦੇ ਲੇਖ “ਨਾਟੋ ਦੀ ਵਾਰਸਾ ਸਿਖਰ ਵਾਰਤਾ : ਅਮਰੀਕੀ ਅਤੇ ਰੂਸੀ ਸਾਮਰਾਜ ਦਰਮਿਆਨ ਤਿੱਖਾ ਹੁੰਦਾ ਟਕਰਾਅ” ਵਿਚਲੀ ਗੰਭੀਰ ਗਲਤੀ ਦੀ ਉਦਾਹਰਨ ਦਿੱਤੀ ਹੈ। ਪਰੂਫ਼ ਸਬੰਧੀ ਗਲਤੀਆਂ ਦਾ ਹਵਾਲਾ ਦੇਣਾ ਮੈਂ ਮੁਨਾਸਬ ਨਹੀਂ ਸਮਝਿਆ ਕਿਉਂਕਿ ਲੇਖ ਪੜ੍ਹਣ ‘ਤੇ ਇਨ੍ਹਾਂ ਨੂੰ ਸਹਿਜੇ ਹੀ ਦੇਖਿਆ ਜਾ ਸਕਦਾ ਹੈ।

ਸਾਥੀ ਸੁਖਵਿੰਦਰ ਦੇ ਲੇਖ ਵਿਚਲੀ ਗਲਤੀ

– “ਨਾਟੋ ਅਮਰੀਕਾ ਦੀ ਰਾਜਧਾਨੀ ਵਾਸ਼ਿਗਟਨ ਡੀ.ਸੀ ‘ਚ 4 ਅਪ੍ਰੈਲ 1949 ਨੂੰ ਹੋਂਦ ‘ਚ ਆਈ ਸੀ। ਉਦੋਂ ਇਸ ਫੌਜੀ ਗੱਠਜੋੜ  ਮਕਸਦ ਦੂਜੀ ਸੰਸਾਰ ਜੰਗ ਤੋਂ ਜੇਤੂ ਹੋਕੇ ਨਿੱਕਲੇ ਸਾਮਰਾਜੀ ਸੋਵੀਅਤ ਯੂਨੀਅਨ ਦੀ ਘੇਰਾਬੰਦੀ ਸੀ” ਵਿੱਚ 1949 ਦੀ ਸੋਵੀਅਤ ਯੂਨੀਅਨ ਨੂੰ ਸਾਮਰਾਜੀ ਕਿਹਾ ਗਿਆ ਹੈ।

“1956 ‘ਚ ਖਰੁਸ਼ਚੇਵ ਦੀ ਅਗਵਾਈ ‘ਚ ਸੋਵੀਅਤ ਯੂਨੀਅਨ ‘ਚ ਸਰਮਾਏਦਾਰੀ ਦੀ ਮੁੜ ਬਹਾਲੀ ਹੋਣ ਤੋਂ ਬਾਅਦ ਜਦੋਂ ਸਾਮਰਾਜਵਾਦੀਆਂ ਸੋਵੀਅਤ ਯੂਨੀਅਨ, ਸਮਾਜਿਕ ਸਾਮਰਾਜੀ ਸੋਵੀਅਤ ਯੂਨੀਅਨ ‘ਚ ਵਟ ਗਿਆ” ਵਿੱਚ “ਸਮਾਜਵਾਦੀ ਸੋਵੀਅਤ ਯੂਨੀਅਨ” ਨੂੰ “ਸਾਮਰਾਜਵਾਦੀਆਂ ਸੋਵੀਅਤ ਯੂਨੀਅਨ” ਲਿਖਿਆ ਗਿਆ ਹੈ।
ਮੇਰਾ ਇਨਕਲਾਬੀ ਸਲਾਮ ਕਬੂਲ ਕਰੋ,

•ਅਖਿਲ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements