ਪਾਠਕ ਮੰਚ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਪਾਦਕ ਸਾਹਿਬ, ਲਲਕਾਰ 16-31 ਮਈ 2017 ਦੇ ਅੰਕ ਵਿੱਚ ਸਾਥੀ ਕੁਲਦੀਪ ਦਾ ਲੇਖ ‘ਬਾਲੀਵੁੱਡ ਫਿਲਮਾਂ ‘ਚ ਵਧਦਾ ਅੰਨਾ-ਕੌਮਵਾਦ ਅਤੇ ਸੰਘ ਪੱਖੀ ਰੁਝਾਨ’ ਪੜਿਆ, ਇਸ ਵਿੱਚ ਕੁੱਝ ਗੱਲਾਂ ਨਾਲ਼ ਸਹਿਮਤੀ ਨਹੀਂ ਬਣ ਰਹੀ। ਸਾਥੀ ਲਿਖਦੇ ਹਨ ”ਦੰਗਲ (2016) ਫਿਲਮ ਵਿੱਚ ਕੁਸ਼ਤੀ ਵਰਗੀ ਭਾਰਤੀ ਖੇਡ ਨਾਲ਼ ਜੁੜੀਆਂ ਲੋਕ-ਭਾਵਨਾਵਾਂ ਨੂੰ ਵਰਤ ਕੇ ਗੀਤਾ ਫੋਗਾਟ ਦੀ ਕਹਾਣੀ ਰਾਹੀਂ ਭਾਰਤੀ ਸਰਮਾਏਦਾਰ ਜਮਾਤ ਦੀ ਉੱਤਮਤਾ ਦੀ ਕਹਾਣੀ ਬਿਆਨ ਕੀਤੀ ਹੈ। ਪਰ ਅਖੀਰ ‘ਚ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਵਾ ਕੇ ਸੰਘੀ ਵਿਚਾਰਧਾਰਾ ਲੋਕਾਂ ਨੂੰ ਹਜ਼ਮ ਕਰਾਉਂਦੀ ਹੈ।” ਦੰਗਲ ਦਾ ਇਹ ਵਿਸ਼ਲੇਸ਼ਣ ਸਹੀ ਨਹੀਂ ਹੈ। ਇਹ ਭਾਰਤੀ ਸਰਮਾਏਦਾਰ ਜਮਾਤ ਦੀ ਉੱਤਮਤਾ ਦੀ ਕਹਾਣੀ ਨਹੀਂ ਬਿਆਨ ਕਰਦੀ ਅਤੇ ਨਾ ਹੀ ‘ਭਾਰਤ ਮਾਤਾ ਦੀ ਜੈ’ ਨਾਲ਼ ਇਹ ਫਿਲਮ ਸੰਘੀ ਵਿਚਾਰਧਾਰਾ ਦੀ ਹੋ ਜਾਂਦੀ ਹੈ। ਸਰਮਾਏਦਾਰ ਜਮਾਤ ਦੀ ਨਹੀਂ ਇਹ ‘ਭਾਰਤੀ ਕੌਮ’ ਦੀ ਗੱਲ ਕਰਦੀ ਹੈ ਤੇ ਇਹ ਸੰਦੇਸ਼ ਦਿੰਦੀ ਹੈ ਕਿ ਜਦ ਤਕ ‘ਭਾਰਤੀ ਕੌਮ’ ਆਪਣੇ ਅਖੌਤੀ ਸੰਘੀ, ਰਾਮ-ਰਾਜੀ ਇਤਿਹਾਸ ਨਾਲ਼ ਨਹੀਂ ਜੁੜਦੀ, ਉਸਤੋਂ ਨਹੀਂ ਸਿੱਖਦੀ ਇਹਦੀ ਸਫਲਤਾ ਸੰਭਵ ਨਹੀਂ ਹੈ। ਸਿਰਫ਼ ਇੱਕ ਨਾਅਰੇ ਨੂੰ ਅਧਾਰ ਬਣਾ ਕੇ ਇਸ ਫਿਲਮ ਨੂੰ ਸੰਘੀ ਵਿਚਾਰਧਾਰਾ ਦੀ ਕਹਿਣਾ ਸਾਡਾ ਪੱਖ ਕਮਜ਼ੋਰ ਰੂਪ ਵਿੱਚ ਪੇਸ਼ ਕਰਦਾ ਹੈ। ਅਸਲ ਵਿੱਚ ਇਸ ਪੂਰੀ ਫਿਲਮ ਦਾ ਕਥਾਨਕ ਅਤੇ ਖਾਸ ਕਰ ਦੋ ਰੂਪਕ ਮਹਾਂਵੀਰ ਸਿੰਘ ਫੋਗਾਟ (ਭਾਰਤ ਦੇ ਅਖੌਤੀ ਮਹਾਨ ਇਤਿਹਾਸ ਦਾ ਰੂਪਕ) ਅਤੇ ਗੀਤਾ ਕੁਮਾਰੀ ਫੋਗਾਟ (ਭਾਰਤੀ ਕੌਮ ਦਾ ਰੂਪਕ) ਮਿਲਕੇ ਸਗਵੇਂ ਰੂਪ ਵਿੱਚ ਇੱਕ ਸੰਘੀ ਫਿਲਮ ਬਣਦੀ ਹੈ। ਇਸੇ ਤਰਾਂ ਸਲਮਾਨ ਖਾਨ ਦੀ ‘ਸੁਲਤਾਨ’ ਬਾਰੇ ਲਿਖਦੇ ਹਨ, ”ਸੁਲਤਾਨ (2016) ਫਿਲਮ ਵੀ ਕੁਸ਼ਤੀ ਦੀ ਖੇਡ ਨੂੰ ਅਧਾਰ ਬਣਾ ਕੇ ਬਣੀ ਹੈ ਪਰ ਇਸ ‘ਚ ਵੀ ਇੱਕ ਛੋਟਾ ਜਿਹਾ ਦ੍ਰਿਸ਼ ਆਉਂਦਾ ਹੈ ਜਿਸ ‘ਚ ਸੁਲਤਾਨ ਹਾਰਨ ਤੋਂ ਬਾਅਦ ਦੁਬਾਰਾ ਰਿੰਗ ‘ਚ ਜਾਂਦਾ ਹੋਇਆ ਕਾਹਲ਼ੀ ਨਾਲ਼ ‘ਭਾਰਤ ਮਾਤਾ ਦੀ ਜੈ’ ਕਹਿ ਜਾਂਦਾ ਹੈ, ਤਾਂ ਇਸ ਵਾਰ ਉਹ ਜਿੱਤ ਜਾਂਦਾ ਹੈ।” ਇਸ ਫਿਲਮ ਨੂੰ ਸਮਝਣ ਵਿੱਚ ਵੀ ਲੇਖਕ ‘ਦੰਗਲ’ ਵਾਲ਼ੀ ਗ਼ਲਤੀ ਕਰਦੇ ਹਨ। ਇੱਕ ਛੋਟੇ ਜਿਹੇ ਦ੍ਰਿਸ਼ ਤੋਂ ਨਹੀਂ ਤੈਅ ਹੁੰਦਾ ਕਿ ਫਿਲਮ ਕੀ ਕਹਿਣਾ ਚਾਹੁੰਦੀ ਹੈ। ‘ਸੁਲਤਾਨ’ ਦਾ ਸਾਰਾ ਕਥਾਨਕ ਕੁਸ਼ਤੀ ਦੀ ਪੁਰਾਣੀ ਭਾਰਤੀ ਪੰ੍ਰਪਰਾ ਨੂੰ ਸਹੀ ਦਰਸਾਉਂਦਾ ਹੋਇਆ ਕੌਮੀ ਗੌਰਵ ਅਤੇ ਮਹਾਨ ਭਾਰਤੀ ਇਤਿਹਾਸ ਨੂੰ ਦੁਹਾਰਾਉਣ ਦੀ ਗੱਲ ਕਰਦਾ ਹੈ। ਇਸ ਰੂਪ ਵਿੱਚ ਇਹ ਫਿਲਮ ਇੱਕ ਪਿਛਾਖੜੀ ਫਿਲਮ ਹੋ ਨਿੱਬੜਦੀ ਹੈ। ਸਾਥੀ ਨੇ ਇਹਨਾਂ ਦੋਹਾਂ ਫਿਲਮਾਂ ਦੇ ਵਿਸ਼ਲੇਸ਼ਣ ਵਿੱਚ ਹੀ ਅੰਸ਼ ਨੂੰ ਸਮੁੱਚ ਬਣਾਉਣ ਦੀ ਗਲਤੀ ਕੀਤੀ ਹੈ। ਉਹਨਾਂ ਦੀ ਇਹ ਗੱਲ ਸਹੀ ਹੈ ਕਿ ਇਹ ਦੋਵੇਂ ਫਿਲਮਾਂ ਸੰਘੀ ਪਿਛਾਖੜ ਦਾ ਪੱਖ ਪੂਰਦੀਆਂ ਹਨ ਪਰ ਉਹ ਇਹਨਾਂ ਦਾ ਵਿਸ਼ਲੇਸ਼ਣ ਗਲਤ ਕਰ ਰਹੇ ਹਨ।

– ਬਲਵਿੰਦਰ ਸਿੰਘ, ਕੋਟਕਪੁਰਾ।

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements