ਪਾਠਕ ਮੰਚ

pathak manch

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੈਂ ਇੱਕ ਮਜ਼ਦੂਰ ਪਰਿਵਾਰ ਦਾ ਹਿੱਸਾ ਹਾਂ। ਉਂਝ ਤਾਂ ਮੇਰਾ ਪਿੰਡ ਯੂਪੀ ਦੇ ਇੱਕ ਜ਼ਿਲ੍ਹੇ ਵਿੱਚ ਹੈ। ਮੇਰਾ ਪਿਛੋਕੜ ਉੱਥੋਂ ਦਾ ਹੈ। ਉੱਥੇ ਪਰਿਵਾਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਮੇਰੇ ਪਰਿਵਾਰ ਨੂੰ ਲੁਧਿਆਣਾ ਸ਼ਹਿਰ ਵਿੱਚ ਆਉਣਾ ਪਿਆ ਤਾਂ ਕਿ ਪਰਿਵਾਰ ਦਾ ਗੁਜ਼ਾਰਾ ਠੀਕ ਤਰ੍ਹਾਂ ਚਲਾਇਆ ਜਾ ਸਕੇ। ਮੇਰੇ ਪਰਿਵਾਰ ਦਾ ਸੁਪਨਾ ਸੀ ਕਿ ਪਿੰਡ ਵਿੱਚ ਆਪਣਾ ਈ ਇੱਕ ਵਧੀਆ ਘਰ ਹੋਵੇ। ਪਰ ਘਰ ਦੀ ਗੱਲ ਤਾਂ ਬਾਅਦ ਵਿੱਚ ਆਉਂਦੀ ਹੈ, ਪਹਿਲਾਂ ਇੱਥੇ ਰੋਟੀ ਦੀ ਗੱਲ ਹੈ, ਉਹ ਵੀ ਮੁਸ਼ਕਿਲਾਂ ਨਾਲ਼ ਜੁੱਟ ਪਾਉਂਦੀ ਹੈ। ਮੈਂ ਬਚਪਨ ਤੋਂ ਹੀ ਪਰਿਵਾਰ ਵਿੱਚ ਆਉਂਦੀਆਂ ਇਸ ਤਰ੍ਹਾਂ ਦੀਆਂ ਮੁਸ਼ਕਿਲਾ ਦਾ ਸਾਹਮਣਾ ਕੀਤਾ। ਸਾਡੇ ਪਰਿਵਾਰ ਦੇ ਹਾਲਾਤ ਸੁਧਰਨ ਦੀ ਬਜਾਏ ਹੋਰ ਵੀ ਵਿਗੜਦੇ ਗਏ। ਅੱਜ ਸਾਰੇ ਮਜ਼ਦੂਰ ਪਰਿਵਾਰਾਂ ਦੇ ਇਹੀ ਹਾਲਾਤ ਹਨ ਪਰ ਉਹਨਾਂ ਵਿੱਚ ਵੀ ਔਰਤਾਂ ਦੇ ਹਾਲਾਤ ਸੁਧਰਨ ਦੀ ਬਜਾਏ ਹੋਰ ਵੀ ਵਿਗੜਦੇ ਗਏ ਹਨ। ਉਨ੍ਹਾਂ ਨੂੰ ਘਰਾਂ ਦੇ ਕੰਮਾਂ ਤੋਂ ਇਲਾਵਾ ਘਰ ਦਾ ਗੁਜ਼ਾਰਾ ਚਲਾਉਣ ਲਈ ਬਾਹਰ ਫੈਕਟਰੀਆਂ ਵਿੱਚ ਵੀ ਕੰਮ ਕਰਨਾ ਪੈਂਦਾ ਹੈ। ਉਹ ਉੱਥੇ ਵੀ ਮਰਦਾਂ ਜਿੰਨਾ ਕੰਮ ਕਰਕੇ ਓਵਰਟਾਈਮ ਵੀ ਕਰਦੀਆਂ ਹਨ। ਪਰ ਫਿਰ ਵੀ ਉਹਨਾਂ ਦੀ ਤਨਖਾਹ ਆਮ ਮਰਦਾਂ ਦੀ ਤਨਖਾਹ ਨਾਲ਼ੋਂ ਵੀ ਘੱਟ ਹੁੰਦੀ ਹੈ। ਉਹਨਾਂ ਤੋਂ ਉੱਥੇ ਸਰੀਰਕ ਮਿਹਨਤ ਵਾਲ਼ਾ ਜਾਂ ਜ਼ਿਆਦਾਤਰ ਬਾਰੀਕੀ ਵਾਲ਼ਾ ਕੰਮ ਕਰਾਇਆ ਜਾਂਦਾ ਹੈ। ਇੰਨਾ ਸਭ ਕੁਝ ਕਰਨ ਤੋਂ ਬਾਅਦ ਵੀ ਉਹ ਹਰ ਪਾਸਿਓਂ ਉਤਪੀੜਤ ਕੀਤੀਆਂ ਜਾਂਦੀਆਂ ਹਨ। ਫੈਕਟਰੀ ਵਿੱਚ ਮਾਲਕ ਤੋਂ ਮਜ਼ਦੂਰ ਤੱਕ ਸਾਰੇ ਉਸ ਵੱਲ ਗਲਤ ਨਿਗਾਹ ਨਾਲ਼ ਦੇਖਦੇ ਤੇ ਛੇੜਖਾਨੀ ਕਰਦੇ ਹਨ। ਮੈ ਇਹ ਗੱਲਾਂ ਦਾਅਵੇ ਨਾਲ਼ ਇਸ ਲਈ ਕਹਿ ਰਹੀ ਹਾਂ ਕਿਉਂਕਿ ਮੈਂ ਆਪ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚੋਂ ਲੰਘੀ ਹੋਈ ਹਾਂ ਜਿਵੇਂ ਮੈਂ ਦੱਸਿਆ ਸੀ ਕਿ ਮੈਂ ਮਜ਼ਦੂਰ ਪਰਿਵਾਰ ‘ਚੋਂ ਹਾਂ, ਸਾਡੇ ਪਰਿਵਾਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਮੇਰਾ ਪਰਿਵਾਰ ਮੈਨੂੰ ਯੂ ਪੀ ਭੇਜਣਾ ਚਾਹੁੰਦਾ ਸੀ ਤਾਂ ਕਿ ਉੱਥੇ ਲਿਜਾ ਕੇ ਮੇਰਾ ਵਿਆਹ ਕਰ ਦਿੱਤਾ ਜਾਏ ਤੇ ਇਕ ਬੋਝ ਹਲਕਾ ਕਰ ਲਿਆ ਜਾਵੇ। ਪਰ ਮੈਂ ਜਾਣ ਤੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਹਾਲੇ ਮੈਂ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ ਸੀ। ਪਰ ਫਿਰ ਵੀ ਉਹਨਾਂ ਨੇ ਧੱਕੇ ਨਾਲ਼ ਮੇਰੀ ਪੜ੍ਹਾਈ ਲਈ ਮੇਰਾ ਦਾਖਲਾ ਯੂ ਪੀ ਵਿੱਚ ਕਰਵਾ ਦਿੱਤਾ, ਜਿਸ ਕਰਕੇ ਮੈਨੂੰ ਉੱਥੇ ਜਾਣਾ ਪਿਆ। ਜਦੋਂ ਮੈਂ ਗਈ ਤਾਂ ਉੱਥੇ ਮੇਰੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸਨ ਪਰ ਮੈਂ ਇਸ ਗੱਲ ‘ਤੇ ਵਿਰੋਧ ਕੀਤਾ ਤੇ ਕਿਹਾ ਕਿ ਮੈਂ ਸਿਰਫ ਇੱਥੇ ਪੇਪਰ ਦੇਣ ਆਈ ਹਾਂ ਉਸ ਤੋਂ ਬਾਅਦ ਮੈਂ ਇੱਥੋਂ ਚਲੀ ਜਾਣਾ ਕਿਉਂਕਿ ਵਿਆਹ ਕਰਨ ਤੋਂ ਬਾਅਦ ਮੇਰੀ ਵੀ ਉਹੀ ਹਾਲਤ ਹੋਣੀ ਆ ਜੋ ਅੱਜ ਮੇਰੀ ਮਾਂ ਦੀ ਹੈ। ਜਦੋਂ ਮੈਂ ਉੱਥੋਂ ਵਾਪਿਸ ਲੁਧਿਆਣਾ ਆਈ ਤਾਂ ਮੈਂ ਸੋਚਿਆ ਕਿ ਜੇ ਮੈਂ ਘਰੇ ਬੈਠੀ ਰਹੀ ਤਾਂ ਇਹਨਾਂ ਨੇ ਮੈਨੂੰ ਫਿਰ ਉੱਥੇ ਹੀ ਭੇਜ ਦੇਣਾ ਏ, ਜਿਸ ਕਰਕੇ ਮੈਂ ਨੌਕਰੀ ਕਰਨ ਲੱਗ ਪਈ। ਉੱਥੇ ਮੈਨੂੰ ਵੀ ਮਾਲਕ ਦੀਆਂ ਗਾਲ੍ਹਾਂ ਸੁਣਨੀਆਂ ਪੈਂਦੀਆਂ ਸਨ ਤੇ ਘੱਟ ਤਨਖਾਹ ‘ਤੇ ਵੱਧ ਕੰਮ ਕਰਨਾ ਪੈਂਦਾ ਸੀ। ਪਰ ਘਰ ਬੈਠਣ ਨਾਲ਼ੋਂ ਤਾਂ ਚੰਗਾ ਸੀ, ਇਹੀ ਸੋਚ ਕੇ ਕੰਮ ਕਰੀ ਗਈ। ਘਰ ਦਾ ਕੰਮ, ਬਾਹਰ ਦਾ ਕੰਮ ਕਰਨ ਦੇ ਬਾਵਜੂਦ ਮੇਰੀ ਕੋਈ ਅਹਿਮੀਅਤ ਨਹੀਂ ਸੀ ਪਰਿਵਾਰ ਵਿੱਚ। ਹੁਣ ਜਦੋਂ ਉਹ ਭੇਜਣ ਨੂੰ ਕਹਿੰਦੇ ਤਾਂ ਮੈਂ ਕਹਿ ਦਿੰਦੀ ਕਿ ਹੁਣ ਤਾਂ ਮੈਂ ਆਪ ਕਮਾਉਂਦੀ ਹਾਂ, ਆਪਣਾ ਨਾਲ਼ੇ ਪਰਿਵਾਰ ਦਾ ਖਰਚਾ ਚਲਾਉਂਦੀ ਹਾਂ ਫਿਰ ਮੈਂ ਕਿਉਂ ਉੱਥੇ ਜਾਊਂਗੀ। ਮੇਰੀ ਮਾਂ ਵੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਮੇਰੇ ਇਸ ਤਰ੍ਹਾਂ ਕੰਮ ਕਰਦੇ ਹੋਏ ਕੁਝ ਕੁ ਮਹੀਨਿਆਂ ਤੋਂ ਮੇਰੇ ਪਿਉ ਵਲੋਂ ਮੇਰਾ ਸਰੀਰਕ ਸ਼ੋਸ਼ਣ ਸ਼ੁਰੂ ਹੋ ਗਿਆ। ਇਹ ਲਗਾਤਾਰ ਹੀ ਚੱਲਦਾ ਰਿਹਾ। ਇਹ ਗੱਲ ਮੈਂ ਆਪਣੀ ਮਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਉਸਨੇ ਮੇਰੇ ਉੱਤੇ ਵਿਸ਼ਵਾਸ ਨਾ ਕੀਤਾ ਕਿਉਂਕਿ ਔਰਤਾ ਨੂੰ ਇਹੀ ਹੁੰਦਾ ਏ ਕਿ ਮੇਰਾ ਪਤੀ ਇਹੋ ਜਿਹਾ ਕੁਝ ਨਹੀਂ ਕਰ ਸਕਦਾ। ਉਹ ਪਤੀ ਨੂੰ ਪਰਮਾਤਮਾ ਮੰਨਦੀਆਂ ਨੇ। ਉਸ ਸਮੇਂ ਮੈਂ ਮਾਨਸਿਕ ਤੌਰ ‘ਤੇ ਵੀ ਪੂਰੀ ਤਰ੍ਹਾਂ ਪ੍ਰੇਸ਼ਾਨ ਰਹਿਣ ਲੱਗੀ। ਮੈਨੂੰ ਸਾਰਿਆਂ ਤੋਂ ਨਫਰਤ ਹੁੰਦੀ ਜਾ ਰਹੀ ਸੀ। ਮੇਰੇ ਦਿਮਾਗ ਵਿੱਚ ਹਮੇਸ਼ਾ ਇਹੀ ਖਿਆਲ ਆਉਂਦਾ ਸੀ ਕਿ ਇੰਨਾ ਸਭ ਕੁਝ ਝੱਲਣ ਨਾਲ਼ੋਂ ਆਪਣੇ ਆਪ ਨੂੰ ਖਤਮ ਕਰ ਲੈਣਾ ਚੰਗਾ। ਪਰ ਮੇਰੇ ਮਰ ਜਾਣ ਨਾਲ਼ ਮੇਰੇ ਵਰਗੀਆਂ ਬਾਕੀ ਕੁੜੀਆਂ ਨੂੰ ਮੈਂ ਇਨਸਾਫ ਕਿਵੇਂ ਦਿਵਾ ਪਾਉਂਗੀ, ਇਹ ਸੋਚ ਕੇ ਰੁਕ ਜਾਂਦੀ। ਸਾਡੇ ਇਲਾਕੇ ਵਿੱਚ ਮਜ਼ਦੂਰ ਯੂਨੀਅਨ ਕੰਮ ਕਰਦੀ ਹੈ। ਕੰਮ ਕਰਨ ਦੇ ਨਾਲ਼ ਹੀ ਮੈਂ ਯੂਨੀਅਨ ਦੇ ਸਾਥੀਆਂ ਦੇ ਸੰਪਰਕ ਵਿੱਚ ਆ ਗਈ। ਉੱਥੇ ਉਹ ਜੋ ਗੱਲਾਂ ਕਰਦੇ ਉਹ ਸਾਰੀਆਂ ਸਹੀ ਹੁੰਦੀਆਂ, ਮੈਨੂੰ ਉਹਨਾਂ ਨਾਲ਼ ਕੰਮ ਕਰਨਾ ਚੰਗਾ ਲੱਗਦਾ, ਉਹਨਾਂ ਦੇ ਵਿਚਾਰ ਚੰਗੇ ਲੱਗਦੇ। ਮੈਂ ਆਪਣੀ ਪ੍ਰੇਸ਼ਾਨੀ ਕਿਸੇ ਨੂੰ ਨਹੀਂ ਦੱਸ ਸਕੀ ਸੀ ਪਰ ਯੂਨੀਅਨ ਦੇ ਇੱਕ ਸਾਥੀ ਸਨ ਜਿਹਨਾਂ ਨਾਲ਼ ਮੈਂ ਆਪਣੀਆਂ ਸਾਰੀਆਂ ਗੱਲਾਂ ਕਰਦੀ ਸੀ। ਇਸ ਲਈ ਇਹ ਗੱਲ ਵੀ ਮੈਂ ਉਹਨਾਂ ਨੂੰ ਦੱਸੀ ਤਾਂ ਕਿ ਉਹ ਮੈਨੂੰ ਇੱਕ ਚੰਗਾ ਰਾਹ ਦੇ ਸਕਣ, ਮੈਨੂੰ ਇਸ ਪ੍ਰੇਸ਼ਾਨੀ ਵਿੱਚੋਂ ਬਾਹਰ ਕੱਢ ਸਕਣ। ਉਹਨਾਂ ਨਾਲ਼ ਗੱਲ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਮਰਨ ਨਾਲ਼ ਕਿਸੇ ਸਮੱਸਿਆ ਦਾ ਹੱਲ ਨਹੀਂ ਨਿੱਕਲ਼ਦਾ ਉਹਨਾਂ ਨੇ ਮੈਨੂੰ ਇਸ ਦਾ ਹੱਲ ਦਿੱਤਾ ਕਿ ਲੋਕਾਂ ਲਈ ਕੰਮ ਕਰਿਆ ਜਾਵੇ, ਹੋਰਨਾਂ ਕੁੜੀਆਂ ਨੂੰ ਵੀ ਅਜ਼ਾਦ ਕਰਵਾਇਆ ਜਾਵੇ ਉਹਨਾਂ ਦੇ ਹੱਕਾਂ ਲਈ ਲੜਿਆ ਜਾਵੇ, ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ, ਇੱਕ ਅਲੱਗ ਤਰ੍ਹਾਂ ਦਾ ਜੀਵਨ ਬਿਤਾਇਆ ਜਾਵੇ। ਮੇਰੇ ਇਸ ਤਰ੍ਹਾਂ ਕਰਨ ਤੋਂ ਬਾਅਦ ਮੇਰੇ ਪਰਿਵਾਰ ਵਾਲ਼ਿਆਂ ਨੇ ਉਹਨਾਂ ਨੂੰ ਵੀ ਬਹੁਤ ਤੰਗ ਕੀਤਾ।  ਉਹ ਉਹਨਾਂ ‘ਤੇ ਗਲਤ ਇਲਜਾਮ ਲਾ ਰਹੇ ਸੀ ਤੇ ਯੂਨੀਅਨ ਦੇ ਖਿਲਾਫ ਬੋਲ ਰਹੇ ਸੀ। ਪਰ ਅੱਜ ਉਹਨਾਂ ਦੀ ਬਦੌਲਤ ਹੀ ਮੈਨੂੰ ਇੱਕ ਨਵੀਂ ਤੇ ਵਧੀਆ ਜ਼ਿੰਦਗੀ ਮਿਲ਼ੀ। ਮੈਨੂੰ ਤਾਂ ਇਸਦਾ ਹੱਲ ਮਿਲ਼ ਗਿਆ ਪਰ ਅੱਜ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਕੁੜੀਆਂ ਹਨ ਜਿਹਨਾਂ ਨੂੰ ਇਸ ਦਾ ਹੱਲ ਨਹੀਂ ਮਿਲ਼ ਪਾਉਂਦਾ ਤੇ ਜਾਂ ਉਹ ਆਪਣੇ ਆਪ ਨੂੰ ਖੁਦ ਹੀ ਖਤਮ ਕਰ ਲੈਦੀਆਂ ਹਨ ਜਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਮੈਂ ਬਚਪਨ ਤੋਂ ਹੀ ਇਹ ਸਭ ਕੁਝ ਦੇਖਿਆ ਹੈ ਇਸ ਤਰ੍ਹਾਂ ਦੀਆਂ ਕਈ ਉਦਾਹਰਣਾਂ ਮਿਲ਼ ਜਾਣਗੀਆਂ ਜਿਹਨਾਂ ਨੂੰ ਹੱਲ ਨਹੀਂ ਮਿਲ਼ਿਆ, ਜਿਵੇਂ ਮੈਂ ਬਹੁਤ ਛੋਟੀ ਸੀ ਜਦੋਂ ਮੈਂ ਆਪਣੀ ਆਂਟੀ ਨਾਲ਼ ਕੰਮ ਤੇ ਜਾਂਦੀ ਉਹ ਜਿੱਥੇ ਕੰਮ ਕਰਦੇ ਸੀ ਉਹ ਓਸਵਾਲ ਨਾਂ ਦੀ ਫੈਕਟਰੀ ਸੀ ਉੱਥੇ ਅੱਗੇ ਦੇ ਵੱਡੇ-ਵੱਡੇ ਚੈਂਬਰ ਹਨ ਤੇ ਫਾਲਤੂ ਮਾਲ ਉਸ ‘ਚ ਸਾੜਿਆ ਜਾਂਦਾ ਹੈ। ਉੱਥੇ ਹੀ ਮੈਨੂੰ ਇੱਕ ਦਿਨ ਪਤਾ ਲੱਗਿਆ ਕਿ ਮੇਰੀ ਆਂਟੀ ਦੇ ਨਾਲ਼ ਵਾਲ਼ੀ ਮਸ਼ੀਨ ‘ਤੇ ਜਿਹੜੀ ਔਰਤ ਕੰਮ ਕਰਦੀ ਸੀ ਉਹ ਮਰ ਗਈ। ਪਹਿਲਾਂ ਤਾਂ ਪੂਰੀ ਗੱਲ ਦਾ ਪਤਾ ਨਾ ਲੱਗਿਆ, ਬਾਅਦ ‘ਚ ਇਹ ਗੱਲ ਸਾਹਮਣੇ ਆਈ ਕਿ ਉਸ ਨਾਲ਼ ਫੈਕਟਰੀ ਮੈਨੇਜਰ ਨੇ ਦੋ ਹੈਲਪਰਾਂ ਨਾਲ਼ ਮਿਲ਼ਕੇ ਜਬਰ ਜਨਾਹ ਕੀਤਾ ਤੇ ਗੱਲ ਬਾਹਰ ਨਾ ਨਿੱਕਲ਼ੇ ਇਸ ਗੱਲ ‘ਤੇ ਮਾਲਕ ਦੀ ਸਹਿਮਤੀ ਨਾਲ਼ ਉਸ ਔਰਤ ਨੂੰ ਉਸੇ ਅੱਗ ਦੇ ਚੈਂਬਰ ਵਿੱਚ ਸੁੱਟ ਦਿੱਤਾ ਗਿਆ। ਇਹ ਘਟਨਾ ਤਾਂ ਸੱਚੀ ਦਿਲ ਦਹਿਲਾ ਦੇਣ ਵਾਲੀ ਸੀ, ਉਹਨਾਂ ਦੇ ਪਰਿਵਾਰ ਨੇ ਵਿਰੋਧ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ।

ਇਵੇਂ ਹੀ ਇੱਕ ਹੋਰ ਘਟਨਾ, ਮੇਰੀਆਂ ਜੋ ਸਹੇਲੀਆਂ ਮੇਰੇ ਨਾਲ਼ ਪੜ੍ਹਦੀਆਂ ਸਨ ਉਹਨਾਂ ਦੇ ਵੀ ਪਰਿਵਾਰਾਂ ਵਿੱਚ ਬਹੁਤ ਤੰਗੀ ਸੀ। ਮੇਰੀ ਇੱਕ ਸਹੇਲੀ ਜੋ ਪੜ੍ਹਦੇ ਹੋਏ ਹੀ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਫੈਕਟਰੀ ਵਿੱਚ ਕੰਮ ਕਰਨ ਲੱਗ ਪਈ। ਉੱਥੇ ਉਸ ਦੇ ਨਾਲ਼ ਮਾਲਕ ਵੱਲੋਂ ਛੇੜਛਾੜ ਕੀਤੀ ਜਾਂਦੀ ਸੀ, ਇਹ ਗੱਲ ਉਸ ਨੇ ਆਪਣੀ ਮਾਂ ਨੂੰ ਦੱਸੀ। ਉਸ ਦਾ ਪਿਉ ਨਸ਼ੇੜੀ ਸੀ, ਜਦੋਂ ਉਹ ਮਾਲਕ ਕੋਲ਼ ਗਏ ਤਾਂ ਉਸ ਨੇ ਉਸ ਦੇ ਪਿਉ ਨੂੰ ਪੈਸੇ ਦਾ ਲਾਲਚ ਦੇਕੇ ਵਾਪਸ ਤੋਰ ਦਿੱਤਾ।  ਉਸ ਨੇ ਘਰ ਆਕੇ ਸਾਰਿਆਂ ਨੂੰ ਮਨਾ ਲਿਆ ਤੇ ਕਿਹਾ ਹੁਣ ਕੰਮ ‘ਤੇ ਜਾਣ ਦੀ ਲੋੜ ਨਹੀਂ। ਕੁਝ ਦਿਨਾਂ ਬਾਅਦ ਉਸਦਾ ਵਿਆਹ ਵੀ ਇੱਕ ਨਸ਼ੇੜੀ ਨਾਲ਼ ਕਰ ਦਿੱਤਾ ਗਿਆ। ਉਹ ਉੱਥੇ ਵੀ ਓਨੀ ਹੀ ਦੁਖੀ ਰਹਿੰਦੀ ਸੀ ਜਿੰਨੀ ਇੱਥੇ ਸੀ। ਇੱਕ ਦਿਨ ਪਤਾ ਲੱਗਿਆ ਕਿ ਉਸਦੀ ਮੌਤ ਹੋ ਗਈ, ਉਸ ਦੇ ਸਹੁਰਿਆਂ ਨੇ ਉਸਨੂੰ ਮਾਰ ਕੇ ਫਾਹੇ ਟੰਗ ਦਿੱਤਾ। ਉਸ ਦੇ ਪਰਿਵਾਰ ਵੱਲੋਂ ਵਿਰੋਧ ਕਰਨ ‘ਤੇ ਉਸ ਦੇ ਸਹੁਰੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਜ ਇਹੋ ਜਿਹੀਆਂ ਲੱਖਾਂ ਹੀ ਉਦਾਹਰਣਾਂ ਮਿਲ਼ ਜਾਣਗੀਆਂ। ਇਹੋ ਜਿਹੀਆਂ ਕੁੜੀਆਂ ਨੂੰ ਇਨਸਾਫ ਦਿਵਾਉਣ ਦੀ ਲੋੜ ਹੈ ,ਇਹ ਹਲਾਤ ਸਾਡੇ ਚੁੱਪ-ਚਾਪ ਬੈਠਣ ਨਾਲ਼ ਨਹੀਂ ਖਤਮ ਹੋਣ ਲੱਗੀ, ਉਹ ਇੱਕਜੁਟ ਹੋਣ, ਆਪਣੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਅੱਗੇ ਆਉਣ ਤੇ ਲੜਨ। ਕਿਉਂਕਿ ਅੱਜ ਤੱਕ ਜੇ ਕਿਸੇ ਨੇ ਕੋਈ ਹੱਕ ਹਾਸਲ ਕੀਤੇ ਹਨ ਤਾਂ ਉਹ ਆਪ ਲੜ ਕੇ ਹੀ ਕੀਤੇ ਹਨ। ਔਰਤਾਂ ਨੂੰ ਵੀ ਪਹਿਲਾਂ ਕੋਈ ਹੱਕ ਹਾਸਲ ਨਹੀਂ ਸਨ। ਪਰ ਸਮੇਂ ਦੇ ਦੌਰਾਨ ਉਹ ਜਾਗਰੂਕ ਹੋਈਆਂ, ਆਪਣੇ ਹੱਕਾਂ ਲਈ ਲੜੀਆਂ ਤਾਂ ਕਿਤੇ ਜਾ ਕੇ ਉਹਨਾਂ ਨੂੰ ਹੱਕ ਪ੍ਰਾਪਤ ਹੋਏ। ਇਸ ਲਈ ਅੱਜ ਦੀ ਸਭ ਤੋਂ ਅਹਿਮ ਲੋੜ ਔਰਤਾਂ ਤੇ ਕੁੜੀਆਂ ਨੂੰ ਜਥੇਬੰਦ ਹੋ ਕੇ ਲੜਨ ਦੀ ਹੈ।

•ਰਚਨਾ    

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Advertisements