ਪਾਠਕ ਮੰਚ

pathak manch

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਪਾਦਕ ਜੀ,

ਮੈਂ ਕਾਫ਼ੀ ਸਮੇਂ ਤੋਂ ਲਲਕਾਰ ਪੜ੍ਹਦੀ ਆ ਰਹੀ ਹਾਂ। ਵੈਸੇ ਤਾਂ ਲਲਕਾਰ ਬਾਕੀ ਮੈਗਜ਼ੀਨਾਂ ਨਾਲੋਂ ਸਿਆਸੀ ਪੱਖੋਂ ਬਿਲਕੁਲ ਵੱਖਰਾ ਹੈ ਕਿਉਂਕਿ ਇਸ ਵਿੱਚ ਕਈ ਵਿਸ਼ਿਆਂ ‘ਤੇ ਜਾਣਕਾਰੀ ਸਮੋਈ ਹੋਈ ਮਿਲਦੀ ਹੈ। ਘਟਨਾਵਾਂ ਦਾ ਸਹੀ ਮੁਲਾਂਕਣ ਪੇਸ਼ ਕੀਤਾ ਹੁੰਦਾ ਹੈ। ਮੈਨੂੰ ਖ਼ਾਸ ਤੌਰ ਪੁਸਤਕ ਸਮੀਖਿਆ ਦਾ ਕਾਲਮ ਬਹੁਤ ਵਧੀਆ ਲੱਗਦਾ ਏ। ਪਰ ਮੈਨੂੰ ਬੜੇ ਅਫ਼ੋਸਸ ਨਾਲ਼ ਕਹਿਣਾ ਪੈ ਰਿਹਾ ਹੈ ਕਿ ਲਲਕਾਰ ਜਿੰਨਾਂ ਤੱਤ ਪੱਖੋਂ ਅਮੀਰ ਹੋ ਰਿਹਾ ਹੈ ਓਨਾਂ ਹੀ ਰੂਪ ਪੱਖੋਂ ਗ਼ਰੀਬ ਹੋ ਰਿਹਾ ਹੈ। ਪਹਿਲੀ ਗੱਲ ਇਹ ਜੋ ਮੈਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਲਲਕਾਰ ਦੀ ਕੀਮਤ 10 ਰੁਪਏ ਸੀ ਉਦੋਂ ਤਾਂ ਲਲਕਾਰ ਦਾ ਅੰਦਰਲਾ ਕਾਗ਼ਜ਼ ਵਧੀਆ ਹੁੰਦਾ ਸੀ ਪਰ ਹੁਣ ਇਸ ਦੀ ਕੀਮਤ 20 ਰੁਪਏ ਹੈ ਤਾਂ ਵਿਚਲਾ ਕਾਗ਼ਜ਼ ਘਟੀਆ ਹੁੰਦਾ ਹੈ। ਪਰ ਹੋਣਾ ਇਸ ਤੋਂ ਉਲਟ ਚਾਹੀਦਾ ਸੀ। ਹੁਣ ਜੋ ਕਾਗ਼ਜ ਲੱਗਿਆ ਹੁੰਦਾ ਹੈ ਇਹ ਦੇਖਣ ਨੂੰ ਵੀ ਬਹੁਤ ਭੈੜਾ ਲੱਗਦਾ ਹੈ। ਲਲਕਾਰ ਖੋਲਦਿਆਂ ਹੁਣ ਇਸ ਤਰ੍ਹਾਂ ਲੱਗਦਾ ਜਿਵੇਂ ”ਇਨਕਲਾਬੀ ਸਾਡਾ ਰਾਹ” ਖੋਲ ਲਿਆ ਹੁੰਦਾ। ਇਸ ਨਾਲੋਂ ਤਾਂ ਪਹਿਲਾਂ ਵਾਲ਼ਾ ਕਾਗ਼ਜ ਠੀਕ ਸੀ।

ਦੂਸਰੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਚਿੱਠੀ ਰਾਹੀਂ ਜਾਣੂ ਕਰਵਾਇਆ ਸੀ ਕਿ ਪਰੂਫ਼ ਦੀਆਂ ਗ਼ਲਤੀਆਂ ਬਹੁਤ ਹੁੰਦੀਆਂ ਹਨ ਪਤਾ ਨਹੀਂ ਤੁਹਾਡੇ ਯਾਦ ਹੈ ਕਿ ਨਹੀਂ ਪਰ ਮੈਨੂੰ ਤਾਂ ਅਜਿਹਾ ਲੱਗਦਾ ਜਿਵੇਂ ਤੁਹਾਡੇ ਯਾਦ ਹੀ ਨਹੀਂ ਰਿਹਾ। ਕਿਉਂਕਿ ਜੇ ਯਾਦ ਹੁੰਦਾ ਤਾਂ ਸ਼ਾਇਦ ਤੁਸੀਂ ਧਿਆਨ ਜ਼ਰੂਰ ਦਿੰਦੇ। ਤੁਹਾਡੇ ਕੰਨ ‘ਤੇ ਜੂੰ ਕਿਉਂ ਨਹੀਂ ਸਰਕ ਰਹੀ ਇਸ ਦਾ ਜੁਆਬ ਤਾਂ ਤੁਸੀਂ ਹੀ ਦੇ ਸਕਦੇ ਹੋ। ਸਤੰਬਰ 2015 ਅੰਕ ਦੀ ਗੱਲ ਕਰੀਏੇ ਤਾਂ ਤਤਕਰੇ ਵਾਲ਼ੇ ਪੰਨੇ ‘ਤੇ ਲੇਖਾਂ ਦੇ ਪੰਨੇ ਨੰਬਰ ਹੀ ਗ਼ਲਤ ਦਿੱਤੇ ਹੋਏ ਸਨ। ਕਵਰ ਪੰਨਾ ਨੰ. 1 ‘ਤੇ ਅੰਕ 5 ਲਿਖਿਆ ਹੋਇਆ ਹੈ ਅੰਦਰ ਤਤਕਰੇ ਵਾਲ਼ੇ ਪੰਨੇ ‘ਤੇ  ਅੰਕ 7 ਲਿਖਿਆ ਹੋਇਆ ਹੈ। ਇਸ ਵਾਰ ਤੁਸੀਂ ਅੰਕ 9 ਲਿਖਿਆ ਹੋਇਆ ਹੈ। ”ਮਗਰੋਂ” ਦੀ ਜਗ੍ਹਾ ‘ਤੇ ਮਰਗੋਂ ”ਭਗਵੇਂਕਰਨ” ਦੀ ਜਗ੍ਹਾ ‘ਤੇ ਭਗਵੇਂਰਕਨ ਲਿਖਿਆ ਹੋਇਆ ਹੈ। ਹੋਰ ਵੀ ਬਹੁਤ ਸਾਰੀਆਂ ਗ਼ਲਤੀਆਂ ਹਨ।  

ਹੁਣ ਮੈਂ ਅਕਤੂਬਰ 2015 ਅੰਕ ਦੀ ਗੱਲ ਕਰਦੀ ਹਾਂ ਇਸ ਵਿੱਚ ਇੰਨੀਆਂ ਜ਼ਿਆਦਾ ਗ਼ਲਤੀਆਂ ਹਨ ਕਿ ਜੇ ਮੈਂ ਲਿਖਾ ਤਾਂ ਮੈਨੂੰ ਡਰ ਹੈ ਕਿ ਇਹ ਚਿੱਠੀ ਅੱਧੇ ਲਲਕਾਰ ਜਿੱਡੀ ਨਾ ਹੋ ਜਾਵੇ। ਤੁਹਾਡੀ ਜਾਣਕਾਰੀ ਲਈ ਕੁਝ ਗ਼ਲਤੀਆਂ ਦੱਸ ਰਹੀ ਹਾਂ ਜਿਵੇਂ ”ਬਿਮਾਰੀਆਂ” ਸ਼ਬਦ ਹੈ ਉਸ ਦੀ ਜਗ੍ਹਾ ਬਿਆਰੀਆਂ ਲਿਖਿਆ ਹੋਇਆ ਹੈ। ”ਉਪਲੱਬਧ” ਸ਼ਬਦ ਹੈ ਉਸ ਦੀ ਜਗ੍ਹਾ ਉਪਲੱਬਦ ਕਿਤੇ ਉਪਲੱਭਦ ਲਿਖਿਆ ਹੋਇਆ ਹੈ। ”ਤਕਲੀਫ਼” ਦੀ ਜਗ਼੍ਹਾ ਤਖਲੀਫ ਹੈ। ”ਮਾਰਕਸਵਾਦ” ਦੀ ਜਗ੍ਹਾ ਮਾਰਕਸਕਸਵਾਦ ਲਿਖਿਆ ਹੋਇਆ ਹੈ। ਕਿਤੇ-ਕਿਤੇ ਤਾਂ ਜਿੱਥੇ ਲਾਇਨ ਖ਼ਤਮ ਹੋ ਜਾਂਦੀ ਹੈ ਉਸ ਤੋਂ ਅੱਗੇ ਕੁਝ ਹੋਰ ਹੀ ਲਿਖਿਆ ਹੋਇਆ ਹੈ। ਜਿਸ ਦਾ ਕੋਈ ਮਤਲਬ ਨਹੀਂ ਬਣਦਾ।  ਜਿੱਥੇ ਮੈਨੂੰ ਇਹ ਗ਼ਲਤੀਆਂ ਦੇਖ ਕੇ ਅਫ਼ਸੋਸ ਹੋ ਰਿਹਾ ਹੈ ਉੱਥੇ ਪੁਰਾਣੇ ਪਾਠਕਾਂ ਨੂੰ ਤਾਂ ਅਫ਼ਸੋਸ ਹੁੰਦਾ ਹੀ ਹੋਵੇਗਾ। ਜਿਹੜੇ ਨਵੇਂ ਪਾਠਕ ਲਲਕਾਰ ਪੜ੍ਹਦੇ ਹੋਣਗੇ ਉਹਨਾਂ ‘ਤੇ ਕਿੰਨਾ ਮਾੜਾ ਪ੍ਰਭਾਵ ਪਂੈਦਾ ਹੋਵੇਗਾ? ਇਹ ਸਮੱਸਿਆ ਕੋਈ ਹੁਣ ਦੀ ਨਹੀਂ ਹੈ। ਕਾਫ਼ੀ ਸਮੇਂ ਤੋਂ ਆ ਰਹੀ ਹੈ। ਇਸ ਵਿੱਚ ਤੁਸੀਂ ਸੁਧਾਰ ਕਿਉਂ ਨਹੀਂ ਕਰ ਰਹੇ। ਇਸ ਦਾ ਜਵਾਬ ਤਾਂ ਤੁਸੀਂ ਹੀ ਦੇ ਸਕਦੇ ਹੋ।  ਜਿਹੜੇ ਵੀ ਵਾਲੰਟੀਅਰ ਪਰੂਫ਼ ਰੀਡਿੰਗ ਉੱਪਰ ਕੰਮ ਕਰਦੇ ਹਨ, ਉਹਨਾਂ ਨੂੰ ”ਚਾਹ-ਚੂ” ਪੀ ਕੇ ਅੱਖਾਂ ਖੋਲ੍ਹ ਕੇ ਕੰਮ ਕਰਨਾ ਚਾਹੀਦਾ। ਮੰਨਦੀ ਹਾਂ ਕਿ ਗ਼ਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਹਨ, ਪਰ ਇੰਨੀਆਂ ਵੀ ਗ਼ਲਤੀਆਂ ਨਾ ਕਰੋ ਕਿ ਪਾਠਕਾਂ ਨੂੰ ਨਿਰਾਸ਼ ਹੋਣਾ ਪਵੇ। ਆਸ ਕਰਦੀ ਹਾਂ ਕਿ ਤੁਸੀਂ ਮੇਰੀ ਕਹੀ ਗੱਲ ‘ਤੇ ਧਿਆਨ ਜ਼ਰੂਰ ਦੇਵੋਗੇ ਤੇ ਗ਼ਲਤੀਆਂ ਵਿੱਚ ਸੁਧਾਰ ਕਰੋਗੇ।

ਅਕਤੂਬਰ 2015 ਅੰਕ ਵਿੱਚ ਤਾਂ ਸਾਰੀ ਸੇਟਿੰਗ ਹੀ ਬਹੁਤ ਬੇਢੰਗੇ ਢੰਗ ਨਾਲ਼ ਕੀਤੀ ਹੋਈ ਹੈ। ਜਿਵੇਂ ਕਿ ਲੇਖਾਂ ਦੇ ਫੌਂਟ ਕਿਤੇ ਵੱਡੇ ਨੇ ਕਿਤੇ ਛੋਟੇ ਨੇ ਤੇ ਉਹਨਾਂ ਦੁਆਲ਼ੇ ਫਾਲਤੂ ਦੀ ਜਗ੍ਹਾ ਛੱਡੀ ਹੋਈ ਹੈ। ਕਈ ਥਾਂਵਾਂ ‘ਤੇ ਕਾਲਮ ਬਣਾਏ ਹੀ ਨਹੀਂ ਹੋਏ। ਜੋ ਕਿ ਬਹੁਤ ਭੈੜਾ ਲੱਗਦਾ ਹੈ।  

ਸੰਪਾਦਕ ਜੀ ਲਲਕਾਰ ਨੂੰ ਬਿਹਤਰ ਬਣਾ ਕੇ ਅੱਗੇ ਵੱਲ ਲੈ ਕੇ ਜਾਓ ਨਾ ਕਿ ਗ਼ਲਤੀਆਂ ਕਰਕੇ ਪਿੱਛੇ ਵੱਲ। ਕਿਉਂਕਿ ਲਲਕਾਰ ਗਿਆਨ ਭਰਪੂਰ ਸਾਧਨ ਹੈ। ਵੈਸੇ ਤਾਂ ਤੁਸੀਂ ਭੁੱਲ ਮੰਨ ਲੈਂਦੇ ਹੋ। ਪਰ ਸਿਰਫ਼ ਮੰਨਣ ਨਾਲ਼ ਕੁਝ ਨਹੀਂ ਹੁੰਦਾ ਉਸ ‘ਤੇ ਅਮਲ ਵੀ ਕਰਨਾ ਚਾਹੀਦਾ।

– ਜੈਸਮੀਨ (ਲੁਧਿਆਣਾ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements