ਪ੍ਰਦੂਸ਼ਤ ਹਵਾ ਵਿੱਚ ਸਾਹ ਲੈਣ ਲਈ ਮਜ਼ਬੂਰ ਲੋਕ •ਸਿਕੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਅੰਦਰ ਪ੍ਰਦੂਸ਼ਣ ਦੀ ਸਮੱਸਿਆ ਐਨੀ ਗੰਭੀਰ ਹੋ ਚੁੱਕੀ ਹੈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸੰਸਾਰ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 13 ਭਾਰਤ ਦੇ ਸ਼ਹਿਰ ਹਨ। ਦਿੱਲੀ ਨੂੰ ਸੰਸਾਰ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਦਿੱਲੀ ਦੀ ਹਵਾ ਵਿੱਚ ਸਾਹ ਲੈਣ ਨੂੰ ਖ਼ਤਰਨਾਕ ਐਲਾਨ ਦਿੱਤਾ ਗਿਆ ਹੈ। ਸਭ ਤੋਂ ਮਾਰੂ ਅਤੇ ਖ਼ਤਰਨਾਕ ਹਵਾ ਪ੍ਰਦੂਸ਼ਣਾਂ ਵਿੱਚੋਂ ਇੱਕ ਪੀ.ਐੱਮ 2.5 (2.5 ਮਾਈਕ੍ਰੋਮੀਟਰ ਵਿਆਸ ਦਾ ਸੂਖ਼ਮ ਪਦਾਰਥ) ਦੀ ਮਾਤਰਾ 400 ਮਾਈਕਰੋਗ੍ਰਾਮ ਤੋਂ ਵੀ ਜ਼ਿਆਦਾ ਪਾਈ ਗਈ ਹੈ। ਇਹ ਮਾਤਰਾ ਸੰਸਾਰ ਸਿਹਤ ਸੰਗਠਨ ਵੱਲੋਂ ਨਿਰਧਾਰਿਤ ਕੀਤੀ ਗਏ ਸੁਰੱਖਿਅਤ ਪੱਧਰ ਤੋਂ 40 ਗੁਣਾ ਜ਼ਿਆਦਾ ਹੈ। ਦਿੱਲੀ ਵਿੱਚ 4,000 ਸਕੂਲਾਂ ਨੂੰ ਬੰਦ ਕਰਨਾ ਪਿਆ ਹੈ ਅਤੇ ਲਖਨਊ ਵਿੱਚ ਵੀ 2 ਦਿਨਾਂ ਲਈ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਡਾਕਟਰਾਂ ਵੱਲੋਂ ਬਾਹਰੀ ਸਰਗਰਮੀਆਂ, ਜਿਵੇਂ ਕਿ ਖੇਡਣਾ, ਸਾਈਕਲ ਚਲਾਉਣਾ, ਦੌੜਨਾ ਆਦਿ ਨੂੰ ਵੀ ਕੁੱਝ ਦਿਨਾਂ ਲਈ ਬੰਦ ਕਰਨ ਲਈ ਕਿਹਾ ਗਿਆ ਹੈ। ਦਿੱਲੀ ਵਿੱਚ ਹਰ ਸਾਲ 10,000 ਲੋਕ ਸਿੱਧੇ ਰੂਪ ਵਿੱਚ ਹਵਾ ਪ੍ਰਦੂਸ਼ਣ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ।

ਹਵਾ ਪ੍ਰਦੂਸ਼ਣ (ਜਾਂ ਕਿਸੇ ਵੀ ਕਿਸਮ ਦਾ ਪ੍ਰਦੂਸ਼ਣ) ਇੱਕ ਗੰਭੀਰ ਮਸਲਾ ਉਦੋਂ ਤੋਂ ਹੀ ਬਣਿਆ ਹੈ ਜਦੋਂ ਤੋਂ ਸਰਮਾਏਦਾਰਾ ਪ੍ਰਬੰਧ ਹੋਂਦ ਵਿੱਚ ਆਇਆ ਹੈ। ਜਿੱਥੇ ਇੱਕ ਪਾਸੇ ਸਰਮਾਏਦਾਰਾ ਨਿਜ਼ਾਮ ਨੇ ਬਹੁਤ ਤੇਜ਼ੀ ਨਾਲ਼ ਪੈਦਾਵਾਰੀ ਤਾਕਤਾਂ ਅਤੇ ਮਨੁੱਖੀ ਸਮਰੱਥਾ ਦਾ ਵਿਕਾਸ ਕੀਤਾ ਉੱਥੇ ਹੀ ਨਿੱਜੀ ਮਾਲਕੀ ਕਾਰਨ ਇਹ ਫ਼ੈਕਟਰੀਆਂ, ਕਾਰਖ਼ਾਨੇ, ਊਰਜਾ ਪਲਾਂਟ ਆਦਿ ਹਰ ਕਨੂੰਨ ਨੂੰ ਛਿੱਕੇ ਟੰਗ ਕੇ ਹਵਾ ਵਿੱਚ ਜ਼ਹਿਰ ਉਗਲ਼ ਰਹੇ ਹਨ। ਪਰ ਅਜਿਹਾ ਵੀ ਨਹੀਂ ਹੈ ਕਿ ਇਹ ਸਭ ਕੁੱਝ ਚੋਰੀ-ਛਿਪੇ ਹੋ ਰਿਹਾ ਹੈ। ਸਰਕਾਰਾਂ ਦੀ ਮਿਲ਼ੀ-ਭੁਗਤ ਬਿਨਾਂ ਇਹਨਾਂ ਸਰਮਾਏਦਾਰਾਂ ਵੱਲੋਂ ਅਜਿਹਾ ਕਰਨਾ ਅਸੰਭਵ ਹੈ। ਪ੍ਰਦੂਸ਼ਣ ਦਾ ਦੂਜਾ ਕਾਰਨ ਪਿਛਲੇ ਸਮਿਆਂ ਵਿੱਚ ਨਿੱਜੀ ਵਾਹਨਾਂ ਦੀ ਗਿਣਤੀ ਵਿੱਚ ਹੋਇਆ ਭਾਰੀ ਵਾਧਾ ਹੈ। ਸਾਲ 2002 ਤੋਂ ਲੈ ਕੇ 2012 ਤੱਕ ਨਿੱਜੀ ਵਾਹਨਾਂ ਦੀ ਗਿਣਤੀ 97% ਤੱਕ ਵਧੀ ਹੈ। ਇੱਕ ਤਾਂ ਭਾਰਤ ਵਿੱਚ ਹੋ ਰਹੇ ਸਰਮਾਏਦਾਰਾ ਵਿਕਾਸ ਕਾਰਨ ਇੱਕ ਨਵਾਂ ਧਨਾਢ ਵਰਗ ਪੈਦਾ ਹੋਇਆ ਹੈ ਜੋ ਇੱਕ-ਇੱਕ ਪਰਿਵਾਰ ਵਿੱਚ ਕਈ-ਕਈ ਗੱਡੀਆਂ ਰੱਖਣਾ ਆਪਣੀ ਸ਼ਾਨ ਸਮਝਦਾ ਹੈ ਅਤੇ ਦੂਜਾ ਇਹ ਕਿ ਸਰਕਾਰਾਂ ਵੱਲੋਂ ਸਰਕਾਰੀ ਟਰਾਂਸਪੋਰਟ ਦਾ ਪੂਰੀ ਤਰ੍ਹਾਂ ਭੱਠਾ ਬਿਠਾਇਆ ਜਾ ਰਿਹਾ ਹੈ ਜਿਸ ਕਰਕੇ ਵੀ ਲੋਕ ਨਿੱਜੀ ਵਾਹਨਾਂ ਨੂੰ ਤਰਜੀਹ ਦੇ ਰਹੇ ਹਨ। ਪੰਜਾਬ ਵਿੱਚ ਪੰਜਾਬ ਰੋਡਵੇਜ ਤੇ ਪੈਪਸੂ ਰੋਡਵੇਜ ਨੂੰ ਕੁੱਲ 7,42,000 ਕਿਲੋਮੀਟਰ ਅਲਾਟ ਹਨ ਜਦਕਿ ਪ੍ਰਾਈਵੇਟ ਬੱਸਾਂ ਨੂੰ 9,00,000 ਕਿਲੋਮੀਟਰ। ਸਰਕਾਰੀ ਬੱਸਾਂ ਦੇ ਮੁਸਾਫ਼ਰ ਦਸ ਲੱਖ ਰੋਜ਼ਾਨਾ ਤੋਂ ਘਟ ਕੇ ਸਾਢੇ ਚਾਰ ਲੱਖ ਰੋਜ਼ਾਨਾ ਰਹਿ ਗਏ ਹਨ। ਮੁੱਖ ਤੌਰ ‘ਤੇ ਫ਼ੈਕਟਰੀਆਂ, ਨਿੱਜੀ ਵਾਹਨਾਂ ਆਦਿ ਵੱਲੋਂ ਪ੍ਰਦੂਸ਼ਤ ਕੀਤੇ ਜਾ ਰਹੇ ਵਾਤਾਵਰਨ ਦਾ ਸਭ ਤੋਂ ਮਾਰੂ ਪ੍ਰਭਾਵ ਆਮ ਲੋਕਾਈ ‘ਤੇ ਪੈ ਰਿਹਾ ਹੈ ਜੋ ਆਪਣੇ ਬਿਨਾਂ ਕਿਸੇ ਦੋਸ਼ ਦੇ ਬਾਵਜੂਦ ਵੀ ਇਸ ਜ਼ਹਿਰੀਲੀ ਹਵਾ ਵਿੱਚ ਸਾਹ ਲੈਣ ਨੂੰ ਮਜਬੂਰ ਹਨ। ਇਹਨਾਂ ਫ਼ੈਕਟਰੀਆਂ ਦੇ ਅੰਦਰ ਵੀ ਕੰਮ ਦੀਆਂ ਹਾਲਤਾਂ ਬੇਹੱਦ ਮਾੜੀਆਂ ਹੁੰਦੀਆਂ ਹਨ ਅਤੇ ਬਾਹਰ ਦੀ ਹਵਾ ਵੀ ਦਿਨੋ-ਦਿਨ ਜ਼ਹਿਰੀਲੀ ਹੋ ਹੀ ਰਹੀ ਹੈ। ਇਸ ਸਭ ਨੂੰ ਕੰਟਰੋਲ ਕਰਨ ਦੇ ਨਾਂ ‘ਤੇ ਮੋਦੀ ਸਰਕਾਰ ਗੰਗਾ ਨੂੰ ਪਵਿੱਤਰ ਕਰਨ ਆਦਿ ਦੇ ਫੋਕੇ ਨਾਅਰੇ ਦੇ ਰਹੀ ਹੈ ਅਤੇ ਇਸ ਪ੍ਰਦੂਸ਼ਣ ਲਈ ਵੀ ਆਮ ਲੋਕਾਂ ਨੂੰ ਹੀ ਜ਼ੁੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਹ ਨਹੀਂ ਦੱਸਿਆ ਜਾ ਰਿਹਾ ਕਿ ਗੰਗਾ-ਜਮਨਾ ਆਦਿ ਵਿੱਚ ਸਭ ਤੋਂ ਮਾਰੂ ਰਸਾਇਣ ਤਾਂ ਇਹ ਸਨਅਤਾਂ ਸੁੱਟਦੀਆਂ ਹਨ ਜਿਨ੍ਹਾਂ ਉੱਤੇ ਇਹ ਸਰਕਾਰਾਂ ਕਦੇ ਕੋਈ ਕਾਰਵਾਈ ਨਹੀਂ ਕਰਦੀਆਂ। ਦੂਜਾ, ਇਸ ਪ੍ਰਦੂਸ਼ਣ ਕਾਰਨ ਅੱਜਕੱਲ੍ਹ ਹਵਾ ਨਕਾਬ ਚੱਲੇ ਹਨ ਜੋ ਕਿ ਲੋਕਾਂ ਨੂੰ ਚੂਨਾ ਲਾਉਣ ਦਾ ਇੱਕ ਵਧੀਆ ਜ਼ਰੀਆ ਸਾਬਤ ਹੋ ਰਹੇ ਹਨ। ਇਹਨਾਂ ਨਾਕਾਬਾਂ ਨੂੰ ਮਹਿੰਗੇ ਮੁੱਲ ਵੇਚ ਕੇ ਕੰਪਨੀਆਂ ਚੰਗੀ ਕਮਾਈ ਕਰ ਰਹੀਆਂ ਹਨ। ਜ਼ਾਹਰ ਹੈ ਕਿ ਇਹਨਾਂ ਸ਼ੋਸ਼ਿਆਂ ਨਾਲ਼ ਇਹ ਪ੍ਰਦੂਸ਼ਣ ਰੁਕਣ ਵਾਲ਼ਾ ਨਹੀਂ। ਇਸ ਪ੍ਰਦੂਸ਼ਣ ਦੀ ਜੜ੍ਹ ਇਹ ਮੁਨਾਫ਼ਾਖ਼ੋਰ ਢਾਂਚਾ ਹੈ ਅਤੇ ਇਸ ਨੂੰ ਬਦਲੇ ਬਿਨਾਂ ਲੋਕਾਂ ਨੂੰ ਚੰਗੀ ਹਵਾ ਦੇ ਸਕਣਾ ਸੰਭਵ ਹੀ ਨਹੀਂ ਹੈ।    

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements