ਪ੍ਰਦੇਸੀਆਂ ਦਾ ਦੇਸ਼ ਕੋਈ ਨਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਮੈਂ ਇੱਥੇ ਬਹੁਤ ਸਾਰੇ ਸੁਪਨੇ ਲੈ ਕੇ ਆਇਆ ਸੀ ਕਿ ਮੇਰੀ ਜ਼ਿੰਦਗੀ (ਭਾਰਤ ਨਾਲ਼ੋਂ) ਬਿਹਤਰ ਹੋ ਜਾਵੇਗੀ, ਪਰ ਜਦ ਮੈਂ ਆਪਣੀ ਪੜ੍ਹਾਈ ਖਤਮ ਕੀਤੀ ਤਾਂ ਨਿਊਜੀਲੈਂਡ ਇਮੀਗ੍ਰੇਸ਼ਨ ਵੱਲੋਂ ਨਵੀਂ ਕਹਾਣੀ ਦੱਸੀ ਗਈ ਕਿ ਮੈਂ ਜਾਅਲੀ ਫੰਡ (ਜੋ ਭਾਰਤ ਤੋਂ ਨਿਊਜ਼ੀਲੈਂਡ ਰਹਿਣ ਜਾਂ ਹੋਰ ਖਰਚੇ ਲਈ ਦਿਖਾਏ ਜਾਂਦੇ ਹਨ) ਦਿਖਾ ਕੇ ਆਇਆ ਹਾਂ। ਹੁਣ ਉਹ ਮੈਨੂੰ ਡਿਪੋਰਟ ਕਰਨਾ ਚਾਹੁੰਦੇ ਹਨ। ਮੈਂ ਨਿਊਜ਼ੀਲੈਂਡ ਦੀ ਸਰਕਾਰ ਨੂੰ ਇਸ ਮਾਮਲੇ ਵਿੱਚ ਪੈਣ ਲਈ ਬੇਨਤੀ ਕਰਦਾ ਹਾਂ ਕਿਉਂਕਿ ਜਦ ਮੈਂ ਭਾਰਤ ਜਾਵਾਂਗਾਂ ਤਾਂ ਸਾਰੇ ਮੈਨੂੰ ਇੱਕ ਦੋਸ਼ੀ ਦੀ ਨਿਗ੍ਹਾ ਨਾਲ਼ ਦੇਖਣਗੇ। ਮੈਂ ਉਹਨਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਾਂਗਾ।” ਅਫੀਸ (ਡਿਪੋਰਟ ਹੋਣ ਵਾਲ਼ੇ ਵਿਦਿਆਰਥੀਆਂ ਚੋਂ ਇੱਕ) ਮਸਲਾ ਨਿਊਜ਼ੀਲੈਂਡ ਚ 150 ਦੇ ਕਰੀਬ ਭਾਰਤੀ ਵਿਦਿਆਰਥੀਆਂ (ਜ਼ਿਆਦਾਤਰ ਹੈਦਾਰਾਬਾਦ ਤੇ ਕੁੱਝ ਪੰਜਾਬ ਤੋਂ) ਨੂੰ ਡਿਪੋਰਟ ਕਰਨ ਦਾ ਹੈ। ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਪ੍ਰਦੇਸ਼ਾਂ ਵੱਲ ਨੂੰ ਪੁੱਟੇ ਹੋਏ ਕਦਮਾਂ ਕਾਰਨ ਕਿਸੇ ਮੰਡੀ ਦੀ ਲੋੜ ਪੂਰਤੀ ਲਈ ਜਾਂ ਵਸਤੂ ਵਾਂਗ ਵਰਤੇ ਜਾਵਾਂਗੇ, ਇਹ ਕਦੇ ਸੋਚਿਆ ਹੀ ਨਹੀਂ ਸੀ।

ਜਦੋਂ ਵਿਦਿਆਰਥੀਆਂ ਨੇ ਨਿਊਜ਼ੀਲੈਂਡ ਆਉਣ ਲਈ ਫਾਈਲ ਲਾਈ ਤਾਂ ਉਹਨਾਂ ਦੇ ਏਜੰਟਾਂ ਦੁਆਰਾ ਪਹਿਲਾਂ ਹੀ ਬਿਨਾਂ ਅਰਜ਼ੀ ਭਰੇ ਦਸਤਖਤ ਲੈ ਲਏ ਗਏ, ਕੁੱਝ ਕੋਲੋਂ ਤਾਂ ਖਾਲੀ ਕਾਗਜ਼ਾਂ ‘ਤੇ ਵੀ ਦਸਤਖਤ ਲਏ ਗਏ। ਜਦੋਂ ਇਹਨਾਂ ਵਿਦਿਆਰਥੀਆਂ ਦੁਆਰਾ ਪੈਸੇ ਵਿਖਾਉਣ ਲਈ ਆਪਣੇ ਮਾਤਾ ਪਿਤਾ ਦੇ ਬੈਂਕ ਖਾਤੇ ਵਰਤਣ ਲਈ ਏਜੰਟ ਨੂੰ ਕਿਹਾ ਗਿਆ ਤਾਂ ਉਸਨੇ ਸਾਫ ਮਨ੍ਹਾ ਕਰਕੇ ਸਭ ਕੁੱਝ ਖੁਦ ਕਰਨ ਦਾ ਦਾਅਵਾ ਕੀਤਾ। ਬਹੁਤ ਸਾਰੇ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਦੀਆਂ ਵਿਧੀਆਂ ਦੀ ਬਹੁਤੀ ਜਾਣਕਾਰੀ ਹੀ ਨਹੀਂ ਹੁੰਦੀ।

“ਮੈਂ ਆਂਧਰਾ ਪ੍ਰਦੇਸ਼ ਦੇ ਕਿਸਾਨੀ ਪਰਿਵਾਰ ਨਾਲ਼ ਸਬੰਧ ਰੱਖਦਾ ਹਾਂ। ਪਰ 2001 ਤੋਂ ਲੈ ਕੇ ਅਸੀਂ ਬਹੁਤ ਘਾਟੇ ਵਿੱਚ ਜਾ ਰਹੇ ਸੀ। ਕੋਈ ਮੁਨਾਫਾ ਨਹੀਂ ਸੀ ਹੋ ਰਿਹਾ, ਸਰਕਾਰ ਵੀ ਧਿਆਨ ਨਹੀਂ ਦੇ ਰਹੀ ਸੀ। ਉਹ ਵੱਧ ਤੋਂ ਵੱਧ ਕੰਪਨੀਆਂ ਲਾਉਣ ਤੇ ਹੋਈ ਸੀ। ਸਾਡੀ ਜ਼ਮੀਨ ਹੌਲੀ-ਹੌਲੀ ਘਟਦੀ ਗਈ। ਹੋਰ ਅੱਗਿਓਂ ਕੋਈ ਵਧੀਆ ਮੌਕੇ ਪੈਦਾ ਹੁੰਦੇ ਨਹੀਂ ਦਿਸੇ ਇਸ ਕਰਕੇ ਮੈਂ ਆਪਣੀ ਬੀ.ਟੈੱਕ ਦੀ ਪੜ੍ਹਾਈ ਪੂਰੀ ਕਰਕੇ ਨਿਊਜੀਲੈਂਡ ਆਉਣ ਬਾਰੇ ਸੋਚਿਆ।” ਸੁਨੀਲ (ਡਿਪੋਰਟ ਹੋਣ ਵਾਲ਼ੇ ਵਿਦਿਆਰਥੀਆਂ ਚੋਂ ਇੱਕ)

ਸ਼ਾਇਦ ਉਹਨਾਂ ਦੀਆਂ ਇਹ ਗੱਲਾਂ ਏਜੰਟਾਂ ‘ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨ ਲਈ ਕਾਫੀ ਸਨ ਕਿਉਂਕਿ ਉਹ ਖੁਦ ਮਜਬੂਰ ਹਨ। ਸਮਾਜਿਕ ਢਾਂਚਾ ਵਿਗੜ ਰਿਹਾ ਹੈ। ਪੜ੍ਹ-ਲਿਖ ਕੇ ਵਿਹਲੇ ਬੈਠਣ ਦੇ ਡਰ ਨਾਲ਼ੋਂ ਵਿਦੇਸ਼ ਜਾਣ ਵਿੱਚ ਜਿਆਦਾ ਭਲਾਈ ਲੱਗ ਰਹੀ ਹੈ। ਪਰ ਨਿਊਜ਼ੀਲੈਂਡ ਦੀ ਅੱਡੀ ਹੋਈ ਇਹ ਪੈਸਿਆਂ ਦੀ ਭੁੱਖ ਵਾਲ਼ੀ ਗਲਵੱਕੜੀ ਸੁਨੀਲ ਦੇ ਸੁਪਨੇ ਤੋੜ ਗਈ। ਇਹ ਡਾਲਰਾਂ ਵਾਲ਼ੀ ਮਿੱਟੀ ਹੌਲੀ-ਹੌਲੀ ਪੈਸਿਆਂ ਵਾਲ਼ੀ ਮਿੱਟੀ ਨੂੰ ਖਾ ਰਹੀ ਹੈ।

ਮਸਲਾ ਪੜ੍ਹਾਈ ਦੇ ਨਾਮ ‘ਤੇ ਵਿਦਿਆਰਥੀਆਂ ਨੂੰ ਮੰਗਵਾ ਕੇ ਉਹਨਾਂ ਤੋਂ ਫੀਸ ਦੇ ਨਾਮ ‘ਤੇ ਮੁਨਾਫਾ ਖੱਟਣ ਅਤੇ ਵਿਦਿਆਰਥੀਆਂ ਨੂੰ ਮਜ਼ਦੂਰ ਦੇ ਤੌਰ ‘ਤੇ ਵਰਤ ਕੇ ਵਾਪਸ ਭੇਜਣ ਦਾ ਸਾਫ ਤੌਰ ‘ਤੇ ਜ਼ਾਹਿਰ ਹੋ ਰਿਹਾ ਹੈ। ਵਿੱਦਿਆ ਦਾ ਵਪਾਰ ਨਿਊਜ਼ੀਲੈਂਡ ਦੇ “ਐਕਸਪਰਟ” ਵਪਾਰਾਂ ਵਿੱਚੋਂ ਪੰਜਵੇਂ ਸਥਾਨ ‘ਤੇ ਆਉਂਦਾ ਹੈ ਤੇ 2015 ਦੀ ਛਪੀ ਰਿਪੋਰਟ ਮੁਤਾਬਕ 3.1 ਬਿਲੀਅਨ ਡਾਲਰ (150 ਅਰਬ ਰੁਪਏ) ਨਿਊਜ਼ੀਲੈਂਡ ਨੇ ਕੌਮਾਂਤਰੀ ਵਿਦਿਆਰਥੀਆਂ ਤੋਂ ਕਮਾਏ ਹਨ ਤੇ ਇਹ ਰਾਸ਼ੀ 2025 ਤੱਕ 5 ਬਿਲੀਅਨ ਕਮਾਉਣੀ ਨਿਰਧਾਰਤ ਕੀਤੀ ਗਈ ਹੈ। ਵਿੱਦਿਆ ਮਨੁੱਖੀ ਵਿਕਾਸ ਦਾ ਇੱਕ ਮਹੱਤਵਪੂਰਨ ਅੰਗ ਹੈ ਤੇ ਹਰ ਇੱਕ ਦਾ ਹੱਕ ਵੀ, ਪਰ ਕੋਈ ਪੈਸਾ ਬਣਾਉਣ ਵਾਲ਼ਾ ਸਾਧਨ ਬਿਲਕੁਲ ਨਹੀਂ।

“ਗਲਤੀ ਇਕੱਲੀ ਸਾਡੀ ਨਹੀਂ ਹੈ, ਜਦੋਂ ਮੈਂ ਫਾਈਲ ਲਾਈ ਤਾਂ 27 ਦਿਨਾਂ ਲਈ ਮੇਰੀ ਫਾਈਲ ‘ਤੇ ਇਮੀਗ੍ਰੇਸ਼ਨ ਵੱਲੋਂ ਪੜਤਾਲ ਕੀਤੀ ਗਈ। ਉਸ ਵੇਲ਼ੇ ਇਹਨਾਂ ਨੂੰ ਫਰਜ਼ੀ ਫੰਡ ਕਿਉਂ ਨਹੀਂ ਦਿਸੇ? ਮੈਨੂੰ ਇੱਥੇ ਉੱਤਰਦੇ ਨੂੰ ਵਾਪਸ ਭੇਜ ਦਿੰਦੇ ਤਾਂ ਮੈਂ ਖੁਸ਼ ਸੀ। ਪਰ ਹੁਣ ਮੇਰੀ ਫੀਸ ਲੈਣ ਤੋਂ ਬਾਅਦ, ਮੇਰੀ ਜ਼ਿੰਦਗੀ ਦਾ ਸਮਾਂ ਲੈਣ ਤੋਂ ਬਾਅਦ ਮੈਨੂੰ ਕਹਿ ਰਹੇ ਨੇ ਵਾਪਸ ਚਲੇ ਜਾਓ। ਮੈਨੂੰ ਦੱਸੋ ਕੀ ਇਹ ਇਨਸਾਫ ਹੈ? ਮੈਨੂੰ ਹੁਣ ਇਨਸਾਫ ਚਾਹੀਦਾ ਹੈ।” ਮੁਹੰਮਦ (ਡਿਪੋਰਟ ਹੋਣ ਵਾਲ਼ੇ ਵਿਦਿਆਰਥੀਆਂ ਚੋਂ ਇੱਕ)

ਦੂਜੇ ਪਾਸੇ ਪੂਰੇ ਨਿਊਜ਼ੀਲੈਂਡ ਵਿੱਚ ਪ੍ਰਵਾਸੀਆਂ ਵਿਰੋਧੀ ਮਹੌਲ ਤਿਆਰ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਦੱਸਿਆ ਜਾ ਰਿਹਾ  ਹੈ ਕਿ ਵਿਦਿਆਰਥੀ ਜੁਰਮ ਕਰਦੇ ਹਨ। ਇਹਨਾਂ ਵੱਲੋਂ ਵੇਸਵਾਗਮਨੀ ਵਰਗੇ ਕੰਮ ਕੀਤੇ ਜਾਂਦੇ ਹਨ, ਪ੍ਰਵਾਸੀਆਂ ਵੱਲੋਂ ਨਿਊਜ਼ੀਲੈਂਡ ਆ ਕੇ ਘਰਾਂ ਦੇ ਭਾਅ ਵਧਾ ਦਿੱਤੇ ਗਏ ਹਨ। ਇਹ ਬਿਆਨ ਕੋਈ ਠੋਸ ਤੱਥ ਦਿੱਤੇ ਬਿਨਾਂ ਛਾਪੇ ਜਾ ਰਹੇ ਹਨ। ਇੱਥੇ ਸਵਾਲ ਉੱਠਦਾ ਹੈ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ਼-ਨਾਲ਼ ਦੋ-ਦੋ ਥਾਂ ‘ਤੇ ਕੰਮ ਕਰਦੇ ਹਨ ਤੇ ਉਸ ਦੇ ਨਾਲ਼-ਨਾਲ਼ ਆਪਣੀ ਲੁੱਟ ਵੀ ਕਰਵਾ ਰਹੇ ਹਨ, ਇਹ ਕਿੱਥੋਂ ਦਾ ਜੁਰਮ ਹੈ? ਜ਼ਮੀਨਾਂ ਜਾਂ ਘਰਾਂ ਦੇ ਭਾਅ ਸਰਕਾਰ ਦੀਆਂ ਨੀਤੀਆਂ ਵਧਾਉਂਦੀਆਂ ਹਨ ਜਾਂ ਪ੍ਰਵਾਸੀ? ਹਾਕਮ ਪਾਰਟੀ ਦੇ ਪਾਰਲੀਮੈਂਟ ਮੈਂਬਰ ਦੇ ਬਿਆਨ ਆ ਰਹੇ ਹਨ ਕਿ ਜਿਵੇਂ ਅਸੀਂ ਚੀਨ ਤੋਂ ਫਰਿੱਜਾਂ ਮੰਗਵਾਉਂਦੇ ਹਾਂ ਤੇ ਜੇ ਉਹ ਖਰਾਬ ਨਿੱਕਲਣ ਤਾਂ ਅਸੀਂ ਵਾਪਸ ਭੇਜ ਦਿੰਦੇ ਹਾਂ। ਹੁਣ ਅਸੀਂ ਵਿਦਿਆਰਥੀਆਂ ਨਾਲ਼ ਵੀ ਇਸ ਤਰ੍ਹਾਂ ਕਰਾਂਗੇ। ਮਨੁੱਖਾਂ ਨੂੰ ਇਸ ਤਰ੍ਹਾਂ ਮਸ਼ੀਨਾਂ ਨਾਲ਼ ਮੇਲ ਕੇ ਦੇਖਣਾ ਕਿੱਥੋਂ ਤੱਕ ਠੀਕ ਹੈ?

ਪਾਰਲੀਮੈਂਟ ਵਿੱਚ ਭਾਰਤੀ ਮੂਲ ਦੇ ਬਾਸ਼ਿੰਦੇ ਇਹਨਾਂ ਵਿਦਿਆਰਥੀਆਂ ਦੀ ਗੱਲ ਸੁਣਨ ਨੂੰ ਬਿਲਕੁਲ ਵੀ ਤਿਆਰ ਨਹੀਂ। ਜਦ ਉਹਨਾਂ ਦੀਆਂ ਜਨਤਕ ਮੀਟਿੰਗਾਂ ਵਿੱਚ ਇਹ ਵਿਦਿਆਰਥੀ ਸਵਾਲ ਖੜੇ ਕਰਨ ਜਾਂਦੇ ਹਨ ਤਾਂ ਦਫਤਰ ਅੰਦਰੋੰ ਬੰਦ ਕਰਕੇ ਬਾਹਰ ਪੁਲਿਸ ਦੇ ਪਹਿਰੇ ਲਾ ਦਿੱਤੇ ਜਾਂਦੇ ਹਨ। ਉਹਨਾਂ ਦੇ ਦਫਤਰਾਂ ਅੱਗੇ ‘ਮਾਈਗ੍ਰੈਂਟ ਵਰਕਰਜ ਐਸੋਸ਼ੀਏਸ਼ਨ’ ਤੇ ‘ਯੂਨਾਈਟ ਯੂਨੀਅਨ’ ਅਤੇ ਵਿਦਿਆਰਥੀਆਂ ਵੱਲੋਂ ਧਰਨੇ ਵੀ ਦਿੱਤੇ ਜਾ ਰਹੇ ਹਨ।

ਬਿਹਤਰ ਜ਼ਿੰਦਗੀ ਲਈ ਸਭ ਵਿਦਿਆਰਥੀਆਂ ਨੇ ਦੇਸ਼ ਛੱਡ ਦਿੱਤਾ ਪਰ ਉਹਨਾਂ ਨੂੰ ਇੱਥੇ ਬਿਹਤਰ ਜਿੰਦਗੀ ਮਿਲਦੀ ਨਹੀਂ ਦਿਸਦੀ, ਇੱਥੇ ਵੀ ਉਹ ਕਿਰਤ ਦੀ ਲੁੱਟ, ਪੜ੍ਹ-ਲਿਖ ਕੇ ਨੌਕਰੀਆਂ ਲਈ ਉਸੇ ਤਰ੍ਹਾਂ ਧੱਕੇ ਅਤੇ ਨਸ਼ਿਆਂ ਪੱਖੋਂ ਵੀ ਕਿਸੇ ਤਰ੍ਹਾਂ ਘੱਟ ਨਹੀਂ ਹਨ (ਭਾਵੇਂ ਭਾਰਤ ਜਿੰਨੇ ਨਹੀਂ, ਪਰ ਨਸ਼ਾ ਮੁਕਤ ਵੀ ਨਹੀਂ)। ਸਭ ਵਿਦਿਆਰਥੀਆਂ ਨੂੰ ਮਿਲ ਕੇ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਅੱਗੇ ਆਉਣਾ ਪਵੇਗਾ। ਭਾਰਤ ਵਸਦੇ ਵੀਰ, ਭੈਣ ਜੋ ਵਿਦੇਸ਼ਾਂ ਵਿੱਚ ਰੋਜ਼ੀ-ਰੋਟੀ ਲਈ ਆਉਂਦੇ ਹਨ ਉਹਨਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਸਭ ਹਾਲਤਾਂ ਨੂੰ ਸਮਝ ਕੇ, ਚੰਗੀ ਪੜ੍ਹਾਈ ਦੀ ਚੋਣ ਕਰਕੇ ਤੇ ਅੱਗੇ ਦੀ ਜਿੰਦਗੀ ਬਾਰੇ ਸੁਚੇਤ ਹੋ ਕੇ ਆਉਣ। ਕਿਉਂਕਿ ਇਕੱਲਾ ਵਿਦੇਸ਼ ਆਉਣਾ ਜ਼ਿੰਦਗੀ ਦਾ ਮਕਸਦ ਨਹੀਂ ਹੋਣਾ ਚਾਹੀਦਾ। ਦੇਸ਼ ਹੋਈਏ ਜਾਂ ਵਿਦੇਸ਼, ਜ਼ਿੰਦਗੀ ਜਿਉਣ ਲਈ ਜ਼ਿੰਦਗੀ ਲਈ ਲੜਨਾ ਪਵੇਗਾ।

ਮਨਦੀਪ ਸਿੰਘ
ਅਜਾਦ ਰੰਗ ਮੰਚ, ਨਿਊਜੀਲੈਂਡ
9964212367431

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements