ਪਾਣੀ ਦੀ ਮਾੜੀ ਸਪਲਾਈ ਲਈ ਨਗਰ ਨਿਗਮ ਖਿਲਾਫ਼ ਰੋਸ ਮੁਜਾਹਰਾ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

20 ਮਈ ਨੂੰ ਐਲ.ਆਈ.ਜੀ. ਕਲੋਨੀ, ਜਮਾਲਪੁਰ, ਫੋਕਲ ਪੁਆਇੰਟ, ਲੁਧਿਆਣਾ ਇਲਾਕੇ ਵਿੱਚ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਪਾਣੀ ਦੀ ਸਪਲਾਈ ਦੀ ਮਾੜੀ ਹਾਲਤ ਕਾਰਨ ਇਲਾਕੇ ਦੇ ਲੋਕਾਂ ਨੇ ਅੱਜ ਨਗਰ ਨਿਗਮ ਦਫਤਰ, ਸ਼ੇਰਪੁਰ ਵਿਖੇ ਖਾਲੀ ਬਾਲਟੀਆਂ ਨਾਲ਼ ਰੋਸ ਮੁਜਾਹਰਾ ਕੀਤਾ ਅਤੇ ਨਗਰ ਨਿਗਮ ਨੂੰ ਮੰਗ-ਪੱਤਰ ਦਿੱਤਾ। ਪਿਛਲੇ ਤਿੰਨ ਦਿਨਾਂ ਤੋਂ ਕਲੋਨੀ ਵਿੱਚ ਬਿਲਕੁਲ ਵੀ ਪਾਣੀ ਨਹੀਂ ਆ ਰਿਹਾ ਸੀ ਅਤੇ ਪਹਿਲਾਂ ਵੀ ਇਲਾਕੇ ਵਿੱਚ ਕਦੇ ਵੀ ਪਾਣੀ ਸਮੇਂ ਸਿਰ ਨਹੀਂ ਸੀ ਆਉਂਦਾ, ਦਿਹਾੜੀ ਦੇ ਤਿੰਨੋ ਸਮੇਂ ਪਾਣੀ ਮਿਲਿਆ ਤਾਂ ਕਈ ਮਹੀਨੇ ਹੋ ਗਏ ਸਨ। ਪਿਛਲੇ ਕਾਫ਼ੀ ਸਮੇਂ ਤੋਂ ਪਾਣੀ ਆਉਣ ਦਾ ਕੋਈ ਪੱਕਾ ਟਾਈਮ ਨਹੀਂ ਹੈ, ਸਵੇਰ ਸਮੇਂ ਕਦੇ ਪਾਣੀ 1 ਘੰਟਾ ਜਾਂ ਅੱਧਾ ਘੰਟਾ ਹੀ ਆਉਂਦਾ ਹੈ। ਦੁਪਹਿਰ ਵੇਲੇ ਤਾਂ ਪਾਣੀ ਆਉਂਦਾ ਹੀ ਨਹੀਂ। ਇਸੇ ਤਰ੍ਹਾਂ ਰਾਤ ਨੂੰ ਵੀ ਪਾਣੀ ਜੇਕਰ ਆਉਂਦਾ ਹੈ ਤਾਂ ਰਾਤੀਂ 12-1 ਵਜੇ ਹੀ ਆਉਂਦਾ ਹੈ। ਕਈ ਵਾਰ ਤਾਂ ਪਾਣੀ ਲਗਾਤਾਰ ਇੱਕ ਜਾਂ ਦੋ ਦਿਨ ਆਉਂਦਾ ਹੀ ਨਹੀਂ।

ਸਖ਼ਤ ਗਰਮੀ ਦੇ ਇਸ ਮੌਸਮ ਵਿੱਚ ਲੋਕਾਂ ਦਾ ਪਹਿਲਾਂ ਹੀ ਬੁਰਾ ਹਾਲ ਹੈ। ਉੁਪਰੋਂ ਸਹੀ ਢੰਗ ਨਾਲ਼ ਪਾਣੀ ਨਾ ਮਿਲਣ ਕਾਰਨ ਲੋਕਾਂ ਦੀ ਹਾਲਤ ਹੋਰ ਵੀ ਖਰਾਬ ਹੋ ਚੁੱਕੀ ਹੈ। ਲੋਕਾਂ ਨੇ ਕਿਹਾ ਕਿ ਇਸ ਕਲੋਨੀ ਵਿੱਚ ਗਰੀਬ ਤਬਕੇ ਨਾਲ਼ ਸਬੰਧਤ ਲੋਕ ਰਹਿੰਦੇ ਹਨ ਇਸ ਲਈ ਨਗਰ ਨਿਗਮ ਨੂੰ ਉਹਨਾਂ ਦੀਆਂ ਸਮੱਸਿਆਵਾਂ ਦੀ ਕੋਈ ਪਰਵਾਹ ਨਹੀਂ ਹੈ। ਨਾਲ਼ ਦੇ ਅਮੀਰ ਤਬਕਿਆਂ ਨਾਲ਼ ਸਬੰਧਤ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ, ਸਾਫ਼-ਸਫਾਈ, ਸੀਵਰੇਜ ਆਦਿ ਨਾਲ਼ ਸਬੰਧਤ ਕਦੇ ਕੋਈ ਸਮੱਸਿਆ ਨਹੀਂ ਆਉਂਦੀ ਅਤੇ ਜੇਕਰ ਆਉਂਦੀ ਵੀ ਹੈ ਤਾਂ ਤੁਰੰਤ ਠੀਕ ਕਰ ਦਿੱਤੀ ਜਾਂਦੀ ਹੈ।  ਨਗਰ ਨਿਗਮ ਦਾ ਸਾਰਾ ਜ਼ੋਰ ਅਮੀਰ ਤਬਕਿਆਂ ਨਾਲ਼ ਸਬੰਧਤ ਸਮੱਸਿਆਵਾਂ ਦੇ ਹੱਲ ਵਿੱਚ ਹੀ ਲੱਗਿਆ ਹੋਇਆ ਹੈ। ਗਰੀਬ ਤਬਕਿਆਂ ਦੀਆਂ ਸਮੱਸਿਆਵਾਂ ਸੁਣਨ ਤੇ ਹੱਲ ਕਰਨ ਲਈ ਇਸ ਕੋਲ ਸਮਾਂ ਨਹੀਂ ਹੈ। ਮੰਗ- ਪੱਤਰ ਲੈਣ ਤੋਂ ਬਾਅਦ ਅਧਿਕਾਰੀਆਂ ਨੇ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਜੇਕਰ ਸਮੱਸਿਆ ਦਾ ਜਲਦੀ ਤੋਂ ਜਲਦੀ ਪੱਕਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਨਗਰ ਨਿਗਮ ਸ਼ੇਰਪੁਰ ਵਿਖੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕਰਨਗੇ। ਮੁਜ਼ਾਹਰੇ ਦੀ ਅਗਵਾਈ ਨੌਜਵਾਨ ਭਾਰਤ ਸਭਾ ਵੱਲੋਂ ਸਮਰ ਆਦਿ ਨੇ ਕੀਤੀ।

•ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

 

Advertisements