ਪੱਖੋਵਾਲ ਵਿਖੇ ‘ਭਾਰਤ ਦੀ ਅਜ਼ਾਦੀ ਦਾ ਸੰਘਰਸ਼’ ਵਿਸ਼ੇ ‘ਤੇ ਵਿਚਾਰ ਗੋਸ਼ਟੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿੰਡ ਪੱਖੋਵਾਲ ਵਿਖੇ ‘ਸਮਾਜ ਵਿਗਿਆਨ ਦਾ ਸਕੂਲ'(ਨੌ.ਭਾ.ਸ) ਵਲੋਂ ‘ਭਾਰਤ ਦੀ ਅਜ਼ਾਦੀ ਦਾ ਸੰਘਰਸ਼’ ਵਿਸ਼ੇ ‘ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਜਿੱਸ ਵਿੱਚ ਇਲਾਕ ਦੇ ਨੌਜਵਾਨ ਵਿਦਿਆਰਥੀਆਂ ਅਤੇ ਸੂਝਵਾਨ ਲੋਕਾਂ ਨੇ ਭਰਵੀਂ ਗਿਣਤੀ ਵਿੱਚ ਹਿੱਸਾ ਲਿਆ। ਗੋਸ਼ਟੀ ਵਿੱਚ ਮੁੱਖ ਬੁਲਾਰੇ ਵਜੋਂ ਬੋਲਦੇ ਹੋਏ ਸਾਥੀ ਸੁਖਵਿੰਦਰ ਨੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਦੇ ਇਤਿਹਾਸ ਦੇ ਵੱਖ-ਵੱਖ ਪੱਖਾਂ ‘ਤੇ ਗੱਲ ਰੱਖਦੇ ਹੋਏ ਕਿਹਾ ਕਿ ਬਰਤਾਨਵੀ ਬਸਤੀਵਾਦੀ ਗੁਲਾਮੀ ਤੋਂ ਅਜ਼ਾਦੀ ਦੀ ਲਹਿਰ ਵਿੱਚ ਭਾਰਤ ਵਿੱਚ ਵੱਖੋ-ਵੱਖਰੀਆਂ ਧਾਰਾਵਾਂ ਸਨ। ਇਹਨਾਂ ਵਿੱਚੋਂ ਇੱਕ ਧਾਰਾ ਗਾਂਧੀ-ਕਾਂਗਰਸ ਦੀ ਅਗਵਾਈ ਵਾਲ਼ੀ ਸੀ ਜੋ ਭਾਰਤ ਦੇ ਸਰਮਾਏਦਾਰਾਂ, ਧਨਾਢਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀ ਸੀ। ਦੂਜੀ ਧਾਰਾ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਹਿੰਦੁਸਤਾਨ ਸੋਸ਼ਲਿਸਟ ਰਿਪਲਿਕਨ ਐਸੋਸ਼ੀਏਨ ਤੇ ਫਿਰ ਕਮਿਊਨਿਸਟ ਪਾਰਟੀ ਦੀ ਅਗਵਾਈ ਵਾਲ਼ੀ ਸੀ ਜੋ ਉਸ ਵੇਲੇ ਦੇਸ਼ ਦੇ ਆਮ ਕਿਰਤੀ ਲੋਕਾਂ ਦੇ ਅਜ਼ਾਦੀ ਲਈ ਜੂਝ ਰਹੀ ਸੀ। ਅਜ਼ਾਦੀ ਦੇ ਇਸ ਸੰਘਰਸ਼ ਦੀ ਵਾਗਡੋਰ ਕਾਂਗਰਸ ਦੇ ਹੱਥ ਵਿੱਚ ਆ ਗਈ ਜਿਸ ਨਾਲ਼ ਭਾਰਤ ਦੀ ਅਜ਼ਾਦੀ ਭਾਰਤ ਦੇ ਸਰਮਾਏਦਾਰਾਂ, ਅਮੀਰਾਂ ਦੀ ਅਜ਼ਾਦੀ ਬਣ ਕੇ ਰਹਿ ਗਈ ਤੇ ਬਹੁਗਿਣਤੀ ਕਿਰਤੀ ਅਬਾਦੀ ਦੀ ਹਾਲਤ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਆਈ। ਇਸ ਲਈ 15 ਅਗਸਤ 1947 ਦੀ ਅਜ਼ਾਦੀ ਦੇਸ਼ ਦੇ ਹਾਕਮਾਂ ਵੱਲੋਂ ਕਿਰਤੀ ਲੋਕਾਂ ਨੂੰ ਲੁੱਟਣ ਤੇ ਕੁੱਟਣ ਦੀ ਅਜ਼ਾਦੀ ਹੈ। ਇਹ ਅਜ਼ਾਦੀ ਦੇ ਨਾਮ ‘ਤੇ ਬਹੁਗਿਣਤੀ ਅਬਾਦੀ ਨਾਲ਼ ਹੋਇਆ ਧੋਖਾ ਹੈ।

ਇਸ ਮਗਰੋਂ ਉਹਨਾਂ ਨੇ 1947 ਤੋਂ ਲੈ ਕੇ ਅੱਜ ਤੱਕ ਦੇ ਹਾਲਤਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਹਨਾਂ 68 ਸਾਲਾਂ ਵਿੱਚ ਦੇਸ਼ ਦੀ ਕਿਰਤੀ ਅਬਾਦੀ ਦੀ ਹਾਲਤ ਦਿਨੋ-ਦਿਨ ਨਿੱਘਰੀ ਹੈ ਤੇ ਦੂਜੇ ਪਾਸੇ ਸਰਮਾਏਦਾਰ ਜਮਾਤ ਦੀ ਦੌਲਤ ਵਿੱਚ ਅਥਾਹ ਵਾਧਾ ਹੋਇਆ ਹੈ। ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਅੱਜ ਮੁੜ ਤੋਂ ਭਗਤ ਸਿੰਘ ਹੋਰਾਂ ਦੀ ਵਿਰਾਸਤ ਨੂੰ ਮੁੜ-ਸੁਰਜੀਤ ਕਰਕੇ ਇੱਕ ਨਵੇਂ ਇਨਕਲਾਬ ਦੀ ਮਸ਼ਾਲ ਜਗਾਉਣ ਦੀ ਲੋੜ ਹੈ। ਅਜਿਹਾ ਇਨਕਲਾਬ ਜੋ ਭਗਤ ਸਿੰਘ ਦੇ ਸ਼ਬਦਾਂ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਕੇ ਕਿਰਤੀ ਲੋਕਾਂ ਦਾ ਸਵਰਾਜ ਲਿਆਵੇਗਾ।

ਇਸ ਵਿੱਚ ਹਾਜ਼ਰ ਸ੍ਰੋਤਿਆਂ ਨੇ ਵੀ ਆਪਣੇ ਵਿਚਾਰ ਰੱਖੇ ਤੇ ਸਵਾਲ-ਜਵਾਬ ਦਾ ਦੌਰ ਵੀ ਚੱਲਿਆ। ਇਸ ਵਿਚਾਰ-ਗੋਸ਼ਟੀ ਵਿੱਚ 100 ਦੇ ਕਰੀਬ ਨੌਜਾਵਾਨਾਂ, ਵਿਦਿਆਰਥੀਆਂ ਤੇ ਆਮ ਨਾਗਰਿਕਾਂ ਨੇ ਸ਼ਮੂਲੀਅਤ ਕੀਤੀ।

•ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements