ਪਾਸ਼ ਤੇ ਪੱਡਾ •ਪ੍ਰੇਮ ਅਮਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੋਕਾਂ ਦੇ ਸਨ

ਲੋਕ ਜਿਨਾਂ ਦੇ ਪਿਆਰੇ

ਲੋਕ ਸਾਹਿਤ ਦੇ ਅੰਬਰ ਦੇ

ਦੋ ਝਿਲਮਿਲ ਕਰਦੇ ਤਾਰੇ

ਜਿਹਨਾਂ ਸੂਹੀਆਂ ਰਿਸ਼ਮਾਂ ਵੰਡੀਆਂ

ਰਿਸ਼ਮਾਂ ਜੋ ਚੰਗਿਆੜੀ ਬਣਕੇ

ਲੋਕਾਂ ਦੇ ਦਿਲ ਵਿੱਚ ਜਾ ਵੜੀਆਂ

ਕਾਲੇ ਨੇਰੇ ਦੇ ਦਿਲ ਨੂੰ ਜੋ

ਫਨੀਅਰ ਸੱਪਾਂ ਵਾਂਗੂ ਲੜੀਆਂ

ਕਾਲਾ ਨੇਰਾ ਲਹੂ ਤਿਹਾਇਆ

ਤਾਰਿਆ ਵੰਨੀ ਧਾ ਕੇ ਆਇਆ

ਤਾਰੇ ਤੋੜੇ ਢਿੱਡ ਵਿੱਚ ਪਾ ਕੇ

ਵਿੱਚ ਹੰਕਾਰ ਦੇ ਆ ਰਾਖ਼ਸ਼ ਨੇ

ਜੋਰਦਾਰ ਠਹਾਕਾ ਲਾਇਆ

ਮਾਰ ਖਘੂਰਾ ਫੇਰ ਹਨੇਰੇ

ਜਦ ਅੰਬਰ ਤੋਂ ਇਹ ਪੁੱਛਿਆ

ਕਿੱਥੇ ਨੇ ਉਹ ਤਾਰੇ ਤੇਰੇ?

ਤੈਨੂੰ ਸੀ ਜੋ ਬੜੇ ਪਿਆਰੇ

ਮੇਰੀ ਤਾਕਤ ਦੇਖ ਲਈ ਏ?

ਹੁਣ ਮੈਂਨੂੰ ਪਹਿਚਾਣ ਲਿਆ ਤੂੰ?

ਮੇਰਾ ਨਾਂ ਏ ਕਾਲਾ ਨੇਰਾ

ਹੁਣ ਤੇ ਮੈਨੂੰ ਜਾਣ ਲਿਆ ਤੂੰ?

ਸੁਣ ਤਾਨਾ ਕਾਲੇ ਨੇਰੇ ਦਾ

ਫਿਰ ਰੋਹ ਭਰਿਆ ਅੰਬਰ ਗੱਜਿਆ

ਗੱਲ ਸੁਣ ਉਹ ਫਾਸ਼ੀ ਹਤਿਆਰੇ

ਕਿੱਥੇ ਗਏ ਜੋ ਸੀ ਹੰਕਾਰੇ

ਬਾਬਰ, ਮੁਸੋਲੀਨੀ, ਹਿਟਲਰ

ਮੰਨੂੰ ਅਤੇ ਵਜ਼ੀਦਾ ਕਿੱਥੇ

ਕਿੱਥੇ ਗਏ ਔਰੰਗੇ ਨਾਦਿਰ?

ਮੇਰੀ ਝੋਲ ਕਰੇ ਤੂੰ ਖਾਲੀ

ਤੇਰੀ ਕੀ ਔਕਾਤ ਕਮੀਨੇ?

ਲੱਖਾਂ ਤਾਰੇ ਝਿਲਮਿਲ ਕਰਦੇ

ਮੈਂ ਲਾਏ ਨੇ ਆਪਣੇ ਸੀਨੇ

ਮੇਰਿਆਂ ਤਾਰਿਆਂ ਦੀਆਂ ਰਿਸ਼ਮਾਂ ਨੇ

ਇੱਕ ਦਿਨ ਹੈ ਚੰਗਿਆੜੇ ਬਣਨਾ

ਇਸ ਧਰਤੀ ਦੀ ਹਰ ਨੁੱਕਰ ‘ਤੇ

ਇੱਕ ਦਿਨ ਲਟ ਲਟ ਭਾਂਬੜ ਬਲਣਾ

ਇੱਕ ਦਿਨ ਸੱਚ ਦਾ ਸੂਰਜ ਚੜਨਾ

ਆਪਣਾ ਕਾਲਾ ਮੂੰਹ ਕਮੀਨੇ

ਕਿੱਥੇ ਜਾ ਛੁਪਾਏਗਾ ਫਿਰ?

ਕਿੱਥੇ ਬਚਕੇ ਜਾਏਗਾ ਫਿਰ

***

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

 

Advertisements