ਉੱਪਰਲੇ, ਹੇਠਲੇ ਅਤੇ ਵਿਚਕਾਰਲੇ •ਏਦੁਆਰਦੋ ਗਾਲਿਆਨ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਚਾਰੇ ਪਾਸੇ ਫ਼ੈਲੇ ਕੰਗਾਲੀ ਦੇ ਅਥਾਹ ਸਮੁੰਦਰ ਵਿੱਚ ਸੁੱਖ-ਸਹੂਲਤਾਂ ਦੇ ਟਾਪੂ ਉਸਾਰੇ ਜਾ ਰਹੇ ਹਨ। ਇਹ ਐਸ਼ੋ-ਅਰਾਮ ਦੇ ਸਾਧਨਾਂ ਨਾਲ਼ ਭਰਪੂਰ ਕਿਸੇ ਜੇਲਖਾਨੇ ਦੀ ਨਿਗਰਾਨੀ ਅਤੇ ਚੁੱਪੀ ਲੈਂਦੀਆਂ ਥਾਂਵਾਂ ਹਨ। ਇੱਥੇ ਪੈਸੇ ਅਤੇ ਤਾਕਤ ਦੇ ਮਹਾਂਰਥੀ, ਜੋ ਆਪਣੀ ਤਾਕਤ ਦੇ ਅਹਿਸਾਸ ਨੂੰ ਇੱਕ ਪਲ ਵੀ ਛੱਡ ਨਹੀਂ ਸਕਦੇ, ਸਿਰਫ਼ ਆਪਣੇ ਵਰਗੇ ਲੋਕਾਂ ਨਾਲ਼ ਘੁਲ਼ਦੇ-ਮਿਲ਼ਦੇ ਹਨ। ਲਾਤੀਨੀ ਅਮਰੀਕਾ ਦੇ ਕੁੱਝ ਵੱਡੇ ਸ਼ਹਿਰਾਂ ਵਿੱਚ ਅਗਵਾ ਕੀਤੇ ਜਾਣਾ ਰੋਜ ਦੀ ਗੱਲ਼ ਹੋ ਗਈ ਹੈ। ਅਜਿਹੇ ਮਹੌਲ ਵਿੱਚ ਇੱਥੇ ਅਮੀਰ ਬੱਚੇ ਲਗਾਤਾਰ ਫ਼ੈਲਦੀ ਦਹਿਸ਼ਤ ਦੀ ਛਾਂ ਵਿੱਚ ਹੀ ਵੱਡੇ ਹੁੰਦੇ ਹਨ। ਕੰਧਾਂ ਵਾਲ਼ੀਆਂ ਕੋਠੀਆਂ ਅਤੇ ਬਿਜਲੀ ਦੀਆਂ ਵਾੜਾਂ ਨਾਲ਼ ਘਿਰੇ ਬੰਗਲੇ ਇਨ੍ਹਾਂ ਦਾ ਠਿਕਾਣਾ ਹੁੰਦੇ ਹਨ। ਇੱਥੇ ਸੁਰੱਖਿਆ ਕਰਮਚਾਰੀ ਅਤੇ ਕਲੋਜ ਸਰਕਿਟ ਕੈਮਰੇ ਪੈਸੇ ਦੀਆਂ ਇਹਨਾਂ ਔਲਾਦਾਂ ਦੀ ਦਿਨ-ਰਾਤ ਰਾਖੀ ਕਰਦੇ ਹਨ। ਇਹ ਬਾਹਰ ਨਿਕਲਦੇ ਵੀ ਹਨ ਤਾਂ ਰੁਪਏ-ਪੈਸਿਆਂ ਵਾਂਗ ਹਥਿਆਰਾਂ ਨਾਲ਼ ਲੈਸ ਗੱਡੀਆਂ ਵਿੱਚ ਬੰਦ ਹੁੰਦੇ ਹਨ। ਸਿਰਫ਼ ਦੂਰੋਂ ਵੇਖਦੇ ਰਹਿਣ ਤੋਂ ਬਿਨਾਂ, ਆਪਣੇ ਸ਼ਹਿਰ ਨੂੰ ਇਹ ਜਿਆਦਾ ਨਹੀਂ ਜਾਣਦੇ। ਪੈਰਿਸ ਜਾਂ ਨਿਊਯਾਰਕ ਦੀਆਂ ਭੂਮੀਗਤ ਸਹੂਲਤਾਂ ਦਾ ਤਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ, ਪਰ ਸੈਂਟ ਪਾਓਲੋ [1] ਜਾਂ ਮੈਕਸਿਕੋ [2] ਦੀ ਰਾਜਧਾਨੀ ਦੀਆਂ ਅਜਿਹੀਆਂ ਹੀ ਚੀਜ਼ਾਂ ਦੀ ਇਹ ਕਦੇ ਵਰਤੋਂ ਨਹੀਂ ਕਰਦੇ।

ਵੇਖਿਆ ਜਾਵੇ ਤਾਂ ਇਹ ਬੱਚੇ ਉਸ ਸ਼ਹਿਰ ਵਿੱਚ ਰਹਿੰਦੇ ਹੀ ਨਹੀਂ, ਜਿੱਥੋਂ ਦੇ ਉਹ ਵਸਨੀਕ ਹਨ। ਆਪਣੇ ਛੋਟੇ ਜਿਹੇ ਸਵਰਗ ਦੇ ਚਾਰੇ ਪਾਸੇ ਪਸਰੀਆਂ ਭਿਆਨਕ ਸੱਚਾਈਆਂ ਤੋਂ ਇਹ ਬਿਲਕੁਲ ਦੂਰ ਖੜੇ ਹੁੰਦੇ ਹਨ। ਆਖ਼ਰ ਇਸ ਸਵਰਗ ਦੇ ਬਾਹਰ ਹੀ ਉਹ ਭਿਆਨਕ ਦੁਨੀਆਂ ਸ਼ੁਰੂ ਹੁੰਦੀ ਹੈ, ਜਿੱਥੇ ਲੋਕ ਬਹੁਤ ਜਿਆਦਾ, ਬਦਸੂਰਤ, ਗੰਦੇ ਅਤੇ ਉਨ੍ਹਾਂ ਦੀ ਖੁਸ਼ੀਆਂ ਤੋਂ ਸੜਨ ਵਾਲ਼ੇ ਹਨ। ਜਦੋਂ ਪੂਰੀ ਦੁਨੀਆਂ ਦੇ ਇੱਕ ਪਿੰਡ ਬਣਦੇ ਜਾਣ ਦੀ ਗੱਲ ਬੜੇ ਜੋਰ- ਸ਼ੋਰ ਨਾਲ਼ ਫੈਲਾਈ ਜਾ ਰਹੀ ਹੈ, ਬੱਚੇ ਕਿਸੇ ਇੱਕ ਜਗ੍ਹਾ ਦੇ ਨਹੀਂ ਰਹਿ ਗਏ ਹਨ। ਪਰ ਜਿਨ੍ਹਾਂ ਦੀ ਆਪਣੀ ਦੁਨੀਆ ਛੋਟੀ ਤੋਂ ਛੋਟੀ ਹੁੰਦੀ ਗਈ ਹੈ, ਉਨ੍ਹਾਂ ਦੀਆਂ ਆਲਮਾਰੀਆਂ ਸਾਮਾਨ ਨਾਲ਼ ਭਰੀਆਂ ਵੀ ਹੋਈਆਂ ਹਨ। ਇਹ ਉਹ ਬੱਚੇ ਹਨ, ਜੋ ਜੜਾਂ ਤੋਂ ਟੁੱਟੇ ਅਤੇ ਬਿਨਾਂ ਕਿਸੇ ਸੱਭਿਆਚਾਰਕ ਪਛਾਣ ਦੇ ਹੀ ਵੱਡੇ ਹੁੰਦੇ ਹਨ। ਇਨ੍ਹਾਂ ਲਈ ਸਮਾਜ ਦਾ ਕੁੱਲ ਮਤਲਬ ਇਹੋ ਯਕੀਨ ਹੁੰਦਾ ਹੈ ਕਿ ਬਾਹਰੀ ਦੁਨੀਆਂ ਦੀਆਂ ਸੱਚਾਈਆਂ ਖ਼ਤਰਨਾਕ ਹਨ। ਪੂਰੀ ਦੁਨੀਆ ਉੱਤੇ ਛਾਏ ਬਰਾਂਡ ਹੀ ਹੁਣ ਇਹਨਾਂ ਬੱਚਿਆਂ ਦਾ ਦੇਸ਼ ਬਣ ਗਏ ਹਨ, ਜਿੱਥੇ ਇਹ ਆਪਣੇ ਕੱਪੜਿਆਂ ਅਤੇ ਬਾਕੀ ਚੀਜ਼ਾਂ ਨੂੰ ਵੱਖੋ-ਵੱਖਰੀਆਂ ਵਿਖਾਉਣ ਦੀ ਜੁਗਤ ਵਿੱਚ ਲੱਗੇ ਰਹਿੰਦੇ ਹਨ। ਭਾਸ਼ਾ ਦੇ ਨਾਮ ਉੱਤੇ ਇਨ੍ਹਾਂ ਲਈ ਕੌਮਾਂਤਰੀ ਇਲੈਕਟ੍ਰਾਨਿਕ ਸੰਕੇਤ ਹੀ ਸਭ ਕੁੱਝ ਹਨ। ਇੱਕ-ਦੂਜੇ ਤੋਂ ਜੁਦਾ ਸ਼ਹਿਰਾਂ ਅਤੇ ਮੀਲਾਂ ਦੂਰ ਵਸੀਆਂ ਥਾਵਾਂ ਵਿੱਚ ਪਲ਼ਦੀਆਂ-ਵਧਦੀਆਂ ਦੌਲਤ ਦੀਆਂ ਇਹ ਔਲਾਦਾਂ ਆਪਣੀਆਂ ਆਦਤਾਂ ਅਤੇ ਰੁਝਾਨਾਂ ਵਿੱਚ ਇੱਕੋ ਵਰਗੀਆਂ ਵਿਖਾਈ ਦੇਣ ਲੱਗੀਆਂ ਹਨ। ਬਿਲਕੁਲ ਆਪਣੇ ਸਮੇਂ ਅਤੇ ਸਥਾਨ ਦੇ ਸਰੋਕਾਰਾਂ ਤੋਂ ਦੂਰ ਖੜ੍ਹੇ, ਇੱਕ-ਦੂਜੇ ਦੀ ਨਕਲ ਕਰਦੇ ਮਾਲਾਂ ਅਤੇ ਹਵਾਈ ਅੱਡਿਆਂ ਵਾਂਗ। ਸਿਰਫ਼ ਵਿਖਾਈ ਦੇਣ ਵਾਲ਼ੇ ਸੱਚ ਦਾ ਪਾਠ ਪੜ੍ਹੇ ਇਹ ਬੱਚੇ ਜ਼ਮੀਨੀ ਹਕੀਕਤਾਂ ਤੋਂ ਬਿਲਕੁਲ ਬੇਖ਼ਬਰ ਹੁੰਦੇ ਹਨ। ਉਹੀ ਹਕੀਕਤ ਜੋ ਉਨ੍ਹਾਂ ਲਈ ਸਿਰਫ਼ ਡਰਾਉਣ ਵਾਲ਼ੀ ਜਾਂ ਫ਼ਿਰ ਪੈਸੇ ਦੇ ਜੋਰ ‘ਤੇ ਜਿੱਤ ਲਈ ਜਾਣ ਵਾਲ਼ੀ ਚੀਜ ਹੁੰਦੀ ਹੈ।

ਫ਼ਾਸਟ ਫੂਡ, ਤੇਜ਼ ਕਾਰਾਂ, ਤੇਜ਼ ਜ਼ਿੰਦਗੀ : ਇਸ ਦੁਨੀਆ ਵਿੱਚ ਆਉਂਦੇ ਹੀ ਧਨੀ ਬੱਚਆਿਂ ਨੂੰ ਇਹ ਸਿਖਾਇਆ ਜਾਣ ਲਗਦਾ ਹੈ ਕਿ ਸਭ ਚੀਜ਼ਾਂ ਸਿਰਫ਼ ਕੁੱਝ ਪਲਾਂ ਲਈ ਅਤੇ ਇਸ ਲਈ ਖ਼ਰਚਣ ਲਈ ਹੁੰਦੀਆਂ ਹਨ। ਇਨ੍ਹਾਂ ਦਾ ਬਚਪਨ ਇਹੀ ਵੇਖਦੇ-ਵਿਖਾਂਦੇ ਗੁਜ਼ਰਦਾ ਹੈ ਕਿ ਮਸ਼ੀਨਾਂ ਮਨੁੱਖਾਂ ਨਾਲ਼ੋਂ ਜ਼ਿਆਦਾ ਭਰੋਸੇਮੰਦ ਹਨ ਅਤੇ ਜਦੋਂ ਇਹ ਵੱਡੇ ਹੋਣਗੇ ਤਦ ਬਾਹਰ ਦੀ “ਖ਼ਤਰਨਾਕ” ਦੁਨੀਆਂ ਤੋਂ ਹਿਫ਼ਾਜਤ ਲਈ ਇਨ੍ਹਾਂ ਨੂੰ ਪੂਰੀ ਧਰਤੀ ਨਾਪਣ ਨੂੰ ਤਿਆਰ ਚਾਰ ਪਹੀਆ ਸੌਂਪੀ ਜਾਵੇਗੀ ! ਜਵਾਨੀ ਵੱਲ ਕਦਮ ਵਧਾਉਂਦੇ-ਵਧਾਉਂਦੇ ਇਹ ਬੱਚੇ ਸਾਇਬਰ ਦੁਨੀਆਂ ਦੀਆਂ ਸਰਪਟ ਸੜਕਾਂ ਉੱਤੇ ਫ਼ਰਾਟੇ ਛੱਡਣ ਲੱਗ ਜਾਂਦੇ ਹਨ। ਆਪਣੇ ਕੁੱਝ ਹੋਣ ਦਾ ਅਹਿਸਾਸ ਇਹ ਤਸਵੀਰ ਅਤੇ ਸਮਾਨ ਨਿਗਲਦੇ, ਟੀ. ਵੀ. ਦੇ ਚੈਨਲ ਬਦਲਦੇ ਅਤੇ ਵੱਡੀਆਂ-ਵੱਡੀਆਂ ਖ਼ਰੀਦਦਾਰੀਆਂ ਕਰਦੇ ਹੋਏ ਕਰਦੇ ਹਨ। ਸਾਇਬਰ ਦੁਨੀਆਂ ਵਿੱਚ ਘੁੰਮਦੇ ਇਹਨਾਂ ਸਾਇਬਰੀ ਬੱਚਿਆਂ ਦੀ ਇਕੱਲਤਾ ਸ਼ਹਿਰਾਂ ਦੀਆਂ ਗਲੀਆਂ ਵਿੱਚ ਭਟਕਦੇ ਬੇਸਹਾਰਾ ਬੱਚਿਆਂ ਦੀ ਤਰ੍ਹਾਂ ਹੀ ਹੁੰਦਾ ਹੈ।

ਧਨੀ ਬੱਚੇ ਜਵਾਨ ਹੋਕੇ ਇਕੱਲਤਾ ਖ਼ਤਮ ਕਰਨ ਅਤੇ ਸਭ ਡਰ ਭੁਲਾਉਣ ਲਈ ਨਸ਼ੀਲੀਆਂ ਦਵਾਈਆਂ ਲੱਭਦੇ ਹਨ, ਇਸ ਤੋਂ ਬਹੁਤ ਪਹਿਲਾਂ ਹੀ ਗਰੀਬ ਬੱਚੇ ਪਟਰੌਲ ਅਤੇ ਗੂੰਦ ਵਿੱਚ ਲੁਕਿਆ ਨਸ਼ਾ ਲੈ ਰਹੇ ਹੁੰਦੇ ਹਨ। ਜਦੋਂ ਧਨੀ ਬੱਚੇ ਲੇਜ਼ਰ ਬੰਦੂਕਾਂ ਨਾਲ਼ ਲੜਾਈ ਦੀ ਖੇਡ ਖੇਡਦੇ ਹਨ, ਗਲੀ ਦੇ ਬੱਚਿਆਂ ਨੂੰ ਅਸਲੀ ਗੋਲੀਆਂ ਨਿਸ਼ਾਨਾ ਬਣਾ ਰਹੀਆਂ ਹੁੰਦੀਆਂ ਹਨ।

ਲਾਤੀਨੀ ਅਮਰੀਕਾ ਦੀ ਅਬਾਦੀ ਦਾ ਲੱਗਭੱਗ ਅੱਧਾ ਹਿੱਸਾ ਬੱਚਿਆਂ ਅਤੇ ਜਵਾਨ ਹੁੰਦੇ ਮੁੰਡੇ-ਕੁੜੀਆਂ ਦਾ ਹੈ। ਇਸ ਅੱਧੇ ਹਿੱਸੇ ਦਾ ਅੱਧਾ ਬਹੁਤ ਭੈੜੇ ਹਾਲ ਵਿੱਚ ਜਿਉਂ ਰਿਹਾ ਹੈ। ਇਸ ਭੈੜੇ ਹਾਲ ਤੋਂ ਉਹੀ ਸੌ ਬੱਚੇ ਬਚਦੇ ਹਨ, ਜੋ ਹਰ ਘੰਟੇ ਇੱਥੇ ਭੁੱਖ ਜਾਂ ਠੀਕ ਹੋ ਸਕਣ ਵਾਲ਼ੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ। ਫ਼ਿਰ ਵੀ, ਗਲੀਆਂ ਅਤੇ ਖੇਤਾਂ[3] ਵਿੱਚ ਗਰੀਬ ਬੱਚਿਆਂ ਦੀ ਨਫ਼ਰੀ ਵਧਦੀ ਹੀ ਜਾ ਰਹੀ ਹੈ। ਇਹ ਦੁਨੀਆਂ ਦੇ ਉਸ ਹਿੱਸੇ ਦੀ ਗੱਲ ਹੈ, ਜੋ ਦਿਨ-ਰਾਤ ਗਰੀਬ ਪੈਦਾ ਕਰਦਾ ਹੈ ਅਤੇ ਗ਼ਰੀਬੀ ਨੂੰ ਗੁਨਾਹ ਵੀ ਮੰਨਦਾ ਹੈ। ਇੱਥੇ ਗਰੀਬਾਂ ਵਿੱਚੋਂ ਜਿਆਦਾਤਰ ਬੱਚੇ ਹਨ ਅਤੇ ਬੱਚਿਆਂ ਵਿੱਚੋਂ ਜਿਆਦਾਤਰ ਗਰੀਬ ਹਨ। ਢਾਂਚੇ ਨਾਲ਼ ਬੰਨ੍ਹ ਦਿੱਤੀਆਂ ਗਈਆਂ ਜ਼ਿੰਦਗੀਆਂ ਵਿੱਚੋਂ ਗ਼ਰੀਬੀ ਦੀ ਸਭ ਤੋਂ ਜਿਆਦਾ ਮਾਰ ਇਨ੍ਹਾਂ ਬੱਚਿਆਂ ਉੱਤੇ ਪੈਂਦੀ ਹੈ। ਇਨ੍ਹਾਂ ਨੂੰ ਨਚੋੜ ਕੇ ਰੱਖ ਦੇਣ ਵਾਲ਼ਾ ਸਮਾਜ ਇਨ੍ਹਾਂ ਨੂੰ ਹਮੇਸ਼ਾ ਸ਼ੱਕ ਦੇ ਘੇਰੇ ਵਿੱਚ ਰੱਖਦਾ ਹੈ। ਇੰਨਾ ਹੀ ਨਹੀਂ, ਇੱਥੇ ਗ਼ਰੀਬੀ ਦੇ ਇਨ੍ਹਾਂ ਦੇ ‘ਜੁਰਮ’ ਦੀ ਸਜਾ ਵੀ ਸੁਣਾਈ ਜਾਂਦੀ ਹੈ, ਜੋ ਕਦੇ-ਕਦੇ ਮੌਤ ਹੁੰਦੀ ਹੈ। ਉਹ ਕੀ ਸੋਚਦੇ ਅਤੇ ਮਹਿਸੂਸ ਕਰਦੇ ਹਨ, ਇਹ ਕੋਈ ਨਹੀਂ ਸੁਣਦਾ, ਉਨ੍ਹਾਂ ਨੂੰ ਸਮਝਣ ਦੀ ਗੱਲ ਤਾਂ ਫ਼ਿਰ ਬਹੁਤ ਦੂਰ ਹੈ।

ਇਹ ਬੱਚੇ, ਜਿਨ੍ਹਾਂ ਦੇ ਮਾਪੇ ਜਾਂ ਤਾਂ ਕੰਮ ਦੀ ਤਲਾਸ਼ ਵਿੱਚ ਭਟਕਦੇ ਰਹਿੰਦੇ ਹਨ ਜਾਂ ਫ਼ਿਰ ਬਿਨਾਂ ਕਿਸੇ ਕੰਮ ਅਤੇ ਠਿਕਾਣੇ ਦੇ ਹੀ ਰਹਿ ਜਾਂਦੇ ਹਨ, ਬਹੁਤ ਛੋਟੀ ਉਮਰ ਤੋਂ ਹੀ ਕੋਈ ਵੀ ਛੋਟਾ-ਮੋਟਾ ਕੰਮ ਕਰਕੇ ਜੀਣ ਨੂੰ ਮਜ਼ਬੂਰ ਹੁੰਦੇ ਹਨ। ਸਿਰਫ ਢਿੱਡ ਭਰਨ ਜਾਂ ਉਸ ਤੋਂ ਥੋੜ੍ਹਾ ਜਿਆਦਾ ਹਾਸਲ ਕਰ ਲੈਣ ਬਦਲੇ ਇਹ ਪੂਰੀ ਦੁਨੀਆਂ ਵਿੱਚ ਕਿਤੇ ਵੀ ਹੱਡ-ਭੰਨਵੀਂ ਮਿਹਨਤ ਕਰਦੇ ਹੋਏ ਮਿਲ਼ ਜਾਣਗੇ। ਚੱਲਣਾ ਸਿੱਖਣ ਤੋਂ ਬਾਅਦ ਇਹ ਇਹੋ ਸਿੱਖਦੇ ਹਨ ਕਿ ਆਪਣਾ ਕੰਮ “ਚੰਗੀ” ਤਰ੍ਹਾਂ ਕਰਨ ਵਾਲ਼ੇ ਗਰੀਬਾਂ ਨੂੰ ਕੀ-ਕੀ ਇਨਾਮ ਮਿਲ਼ਦੇ ਹਨ। ਇਹਨਾਂ ਮੁੰਡੇ-ਕੁੜੀਆਂ ਦੀ “ਚੰਗੇ” ਮਜ਼ਦੂਰ ਬਨਣ ਦੀ ਸ਼ੁਰੂਆਤ ਗੈਰਾਜ਼ਾਂ, ਦੁਕਾਨਾਂ ਅਤੇ ਛੋਟੇ-ਮੋਟੇ, ਘਰ ਰਾਹੀਂ ਚਲਾਏ ਜਾਣ ਵਾਲ਼ੇ ਢਾਬਿਆਂ ਤੋਂ ਹੁੰਦੀ ਹੈ, ਜਿੱਥੇ ਇਨ੍ਹਾਂ ਤੋਂ ਮੁਫਤ ਕੰਮ ਲਿਆ ਜਾਂਦਾ ਹੈ। ਜਾਂ ਫ਼ਿਰ ਵੱਡੀ ਬਹੁਕੌਮੀ ਕੰਪਨੀਆਂ ਲਈ ਖੇਡਾਂ ਦੇ ਕੱਪੜੇ ਬਣਾਉਣ ਵਾਲ਼ੇ ਕਾਰਖਾਨਿਆਂ ਰਾਹੀਂ, ਜਿੱਥੇ ਇਹਨਾਂ ਦੀ ਮਜ਼ਦੂਰੀ ਕੌਡੀਆਂ ਦੇ ਭਾਅ ਖ਼ਰੀਦੀ ਜਾਂਦੀ ਹੈ। ਖੇਤਾਂ ਜਾਂ ਲੋਕਾਂ ਨਾਲ਼ ਤੂੜੇ ਸ਼ਹਿਰਾਂ ਜਾਂ ਫ਼ਿਰ ਘਰਾਂ ਵਿੱਚ ਕੰਮ ਕਰਦਿਆਂ ਇਹ ਆਪਣੇ ਮਾਲਕਾਂ ਦੀ ਮਰਜੀ ਨਾਲ਼ ਬੰਨ੍ਹੇ ਰਹਿੰਦੇ ਹਨ। ਕੁੱਲ ਮਿਲ਼ਾ ਕੇ ਇਹਨਾਂ ਦੀ ਹਾਲਤ ਘਰੇਲੂ ਜਾਂ ਸੰਸਾਰੀਕ੍ਰਿਤ ਆਰਥਚਾਰੇ ਦੇ ‘ਗੈਰ-ਜਥੇਬੰਦ’ ਕਹੇ ਜਾਣ ਵਾਲ਼ੇ ਖੇਤਰ ਦੇ ਗੁਲਾਮਾਂ ਵਰਗੀ ਹੈ। ਪੂਰੀ ਦੁਨੀਆਂ ਵਿੱਚ ਫ਼ੈਲਦੀਆਂ ਮੰਡੀਆਂ ਦੀ ਚਾਕਰੀ ਕਰਦੇ ਇਹ ਬੱਚੇ ਉਸਦੇ ਸਭ ਤੋਂ ਵੱਧ ਲੁੱਟੇ ਜਾਂਦੇ ਮਜ਼ਦੂਰ ਵੀ ਹਨ।

ਨੋਟਸ
1 . ਲਾਤੀਨੀ ਅਮਰੀਕੀ ਦੇਸ਼ ਬਰਾਜੀਲ ਦਾ ਇੱਕ ਮਹਾਂਨਗਰ
2 . ਲਾਤੀਨੀ ਅਮਰੀਕੀ ਦੇਸ਼
3 . ਮੂਲ ਸ਼ਬਦ “campo” ਹੈ ਜਿਸਦੇ ਮਾਅਨੇ ਪਿੰਡ ਜਾਂ ਖੇਤ ਦੋਵੇਂ ਹੀ ਹੁੰਦੇ ਹਨ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements