ਉਲੰਪਿਕ ਖੇਡਾਂ ਨੇ ਲਈਆਂ 2500 ਜਾਨਾਂ •ਛਿੰਦਰਪਾਲ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਖੇਡਾਂ ਮਨੁੱਖੀ ਜੀਵਨ ਦਾ ਜਰੂਰੀ ਅੰਗ ਹਨ। ਤੰਦਰੁਸਤ ਰਹਿਣ ਤੇ ਮਨੋਰੰਜਨ ਲਈ ਖੇਡਾਂ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਨਿਭਾਉਂਦੀਆਂ ਹਨ। ਪਰ ਅਜੋਕੇ ਮੁਨਾਫਾਖੋਰ ਤੇ ਲੋਟੂ ਢਾਂਚੇ,  ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਖੇਡਾਂ ਮਹਿਜ ਇੱਕ ਵਪਾਰ, ਧੰਦਾ ਬਣ ਚੁੱਕੀਆਂ ਹਨ ਤੇ ਅੱਜ ਦੇ ਦੌਰ ਵਿੱਚ ਖੇਡਾਂ ਆਵਦਾ ਬੁਨਿਆਦੀ ਖਾਸਾ ਗਵਾਕੇ, ਪੈਸਾ ਕੁੱਟਣ ਦਾ ਸਾਧਨ ਬਣ ਚੁੱਕੀਆਂ ਹਨ। ਇਸ ਗੱਲ ਦੀ ਪੁਸ਼ਟੀ ਆਉਣ ਵਾਲੀਆਂ ਰੀਓ ਡੀ ਜਨੇਰਿਓ ਦੀਆਂ ਉਲੰਪਿਕ ਖੇਡਾਂ ਦੀਆਂ ਤਿਆਰੀਆਂ ਦੌਰਾਨ ਹੀ ਹੋ ਚੁੱਕੀ ਹੈ। 2014 ਵਿੱਚਲੇ ਫੁਟਬਾਲ ਵਿਸ਼ਵ ਕੱਪ ਤੋਂ ਮਗਰੋਂ ਬ੍ਰਾਜੀਲ ਵਿੱਚ ਉਲੰਪਿਕ ਖੇਡਾਂ ਦੇ ਨਾਂ ‘ਤੇ ਮਨੁੱਖੀ ਹੱਕਾਂ ਦਾ ਘਾਣ ਲਗਾਤਾਰ ਜਾਰੀ ਹੈ। 2009 ਤੋਂ ਲੈਕੇ ਹੁਣ ਤੱਕ, ਜਦੋਂ ਤੋਂ ਉਲੰਪਿਕ ਖੇਡਾਂ ਦਾ ਐਲਾਨ ਹੋਇਆ ਹੈ, ਬ੍ਰਾਜੀਲ ਪੁਲਸ ਦੁਆਰਾ ਸੁਰੱਖਿਆ ਦੇ ਨਾਂ ਹੇਠ 2500 ਦੇ ਨੇੜ-ਤੇੜ ਲੋਕਾਂ ਨੂੰ ਬਿਨਾਂ ਕਿਸੇ ਮੁਕੱਦਮੇ-ਕੇਸਾਂ ਤੋਂ ਮੌਕੇ ਤੇ ਜਾਨੋਂ ਮਾਰ ਦਿੱਤਾ ਗਿਆ ਹੈ। ਅੱਜ ਦੀ ਤਰੀਕ ‘ਚ ਰੀਓ ਡੀ ਜਨੇਰਿਓ ਮਨੁੱਖੀ ਹੱਕਾਂ ਦੇ ਮੱਦੇਨਜਰ ਧਰਤੀ ਦਾ ਸਭ ਤੋਂ ਘਨੌਣਾ ਸ਼ਹਿਰ ਬਣ ਚੁੱਕਿਆ ਹੈ, ਜਿੱਥੋਂ ਬਾਰੇ ਮਸ਼ਹੂਰ ਹੈ ਕਿ ਪੁਲਸ ਦੁਆਰਾ ਸੁਰੱਖਿਆ ਦੇ ਨਾਂ ਤੇ ਗੋਲੀ ਪਹਿਲਾਂ ਮਰੀ ਜਾਂਦੀ ਹੈ ਤੇ ਸਵਾਲ ਜਵਾਬ ਬਾਅਦ ਵਿੱਚ ਪੁੱਛੇ ਜਾਂਦੇ ਹਨ। ਖਿਡਾਰੀਆਂ ਜਾਂ ਖੇਡ ਮੈਦਾਨਾਂ ਨੂੰ ਸੁਰੱਖਿਅਤ ਕਰਨ ਲਈ 2014 ਦੇ ਵਿਸ਼ਵ ਕੱਪ ਦੌਰਾਨ ਵੀ ਦਰਜਨਾਂ ਲੋਕਾਂ ਨੂੰ ਆਵਦੀ ਜਾਨ ਗਵਾਉਣੀ ਪਈ। ਇਕੱਲੇ ਸਾਲ 2014 ਵਿੱਚ ਪੁਲੀਸ ਦੁਆਰਾ ਵਿਸ਼ਵ ਕੱਪ ਖੇਡਾਂ ਨੂੰ “ਸੁੱਖੀ-ਸਾਂਦੀ” ਨਬੇੜਨ ਲਈ 580 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ।

ਹੁੰਦਾ ਇਹ ਹੈ ਕਿ ਅਕਸਰ ਹੀ ਪੁਲਸ ਦੁਆਰਾ ਸਟੇਡੀਅਮਾਂ ਜਾਂ ਹੋਟਲਾਂ ਦੇ ਨੇੜੇ-ਤੇੜੇ ਘੁੰਮਦੇ ਲੋਕਾਂ ਜਾਂ ਧਰਨਾ-ਮੁਜ਼ਾਹਰਾ ਕਰਨ ਵਾਲਿਆਂ ਤੇ ਜਾਂ ਸਟੇਡੀਅਮਾਂ ਦੀ ਉਸਾਰੀ ਕਾਰਨ ਉਜੜੇ ਲੋਕ, ਜੋ ਇਹਨਾਂ ਸਟੇਡੀਅਮਾਂ ਦੀਆਂ ਪਾਰਕਿੰਗਾਂ ਜਾਂ ਕੰਧਾਂ ਨਾਲ਼ ਰਾਤਾਂ ਗੁਜਾਰਨ ਲਈ ਮਜਬੂਰ ਹਨ, ਨੂੰ ਬਿਨਾਂ ਕਿਸੇ ਅਗਾਂਓ ਚੇਤਾਵਨੀ ਦੇ ਖੇਡਾਂ ਦੀ “ਸੁਰੱਖਿਆ” ਬਰਕਰਾਰ ਰੱਖਣ ਲਈ ਗੋਲ਼ੀ ਮਾਰ ਦਿੱਤੀ ਜਾਂਦੀ ਹੈ। ਸਾਲ 2014 ਤੋਂ ਮਗਰੋਂ ਪੁਲਸ ਦੁਆਰਾ ਲੋਕਾਂ ਦੇ ਕਤਲੋਗਾਰਦ ਦੀ ਵਾਧਾ ਦਰ 40 ਫੀਸਦੀ ਹੈ। ਇਕੱਲ਼ੇ ਰੀਓ ਡੀ ਜਨੇਰੀਓ ਸ਼ਹਿਰ ਵਿੱਚ ਹੀ 675 ਲੋਕ ਪੁਲਸੀਆਂ ਗੋਲੀਆਂ ਦਾ ਸ਼ਿਕਾਰ ਹੋਏ ਹਨ। ਇਹਨਾਂ ਮਾਰੇ ਜਾਣ ਵਾਲੇ ਲੋਕਾਂ ‘ਚੋਂ ਬਹੁਤੇ ਲੋਕ ਕਾਲ਼ੇ ਹੁੰਦੇ ਹਨ। ਸਪੱਸ਼ਟ ਹੈ ਕਿ ਪੁਲਸ ਦੁਆਰਾ ਕੀਤੇ ਜਾਂਦੇ ਇਹਨਾਂ ਠੰਢੇ ਕਤਲਾਂ ਪਿੱਛੇ ਨਸਲੀ ਵਿਤਕਰੇ ਦੀ ਮਾਨਸਿਕਤਾ ਵੀ ਕਿਤੇ ਨਾ ਕਿਤੇ ਕੰਮ ਕਰਦੀ ਹੈ। ਬ੍ਰਾਜੀਲੀਅਨ ਹਕੂਮਤ ਨੇ ਇਸ ਸਾਲ ਉਲੰਪਿਕ ਖੇਡਾਂ ਦੀ ਸੁਰੱਖਿਆ ਲਈ 65,000 ਪੁਲਸ ਕਰਮਚਾਰੀਆਂ ਤੇ 20,000 ਫੌਜੀਆਂ ਦੀ ਤੈਨਾਤੀ ਕੀਤੀ ਹੈ, ਜੋ ਸਮੁੱਚੇ ਬ੍ਰਾਜੀਲ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸੁਰੱਖਿਆ ਫੌਜ ਹੈ।

ਇਸਤੋਂ ਇਲਾਵਾ 10 ਮਈ , 2016 ਨੂੰ ਬ੍ਰਾਜੀਲ ਦੀ ਫੈਡਰਲ ਸਰਕਾਰ ਨੇ ‘ਉਲੰਪਿਕ ਲਈ ਆਮ ਕਨੂੰਨ’ ਨਾਂ ਹੇਠ ਕੁੱਝ ਕਨੂੰਨ ਪਾਸ ਕੀਤੇ ਹਨ, ਜੋ ਪੂਰੀ ਤਰਾਂ ਗੈਰ-ਜਮਹੂਰੀ ਤੇ ਗੈਰ-ਮਨੁੱਖੀ ਹਨ। ਇਹਨਾਂ ਕਨੂੰਨਾਂ ਨੇ ਮਨੁੱਖੀ ਹੱਕਾਂ ਲਈ ਪ੍ਰਗਟਾਵੇ ਦੇ ਕਿਸੇ ਵੀ ਤਰ੍ਹਾਂ ਦੇ ਢੰਗ ਤੇ ਪੂਰੀ ਤਰ੍ਹਾਂ ਪਬੰਦੀ ਲਗਾ ਦਿੱਤੀ ਹੈ ਅਤੇ ਕਈ ਇਲਾਕਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਲੀ ਕਰਨ, ਮੁਜ਼ਾਹਰਾ ਕਰਨ, ਧਰਨਾ ਜਾਂ ਹੜਤਾਲ ਕਰਨ, ਸੰਬੋਧਨ ਕਰਨ, ਭਾਵੇਂ ਉਹ ਸ਼ਾਂਤੀਪੂਰਨ ਹੀ ਕਿਉਂ ਨਾ ਹੋਵੇ, ਉੱਤੇ ਪੂਰੀ ਤਰ੍ਹਾਂ ਪਬੰਦੀ ਲਗਾ ਦਿੱਤੀ ਹੈ।

ਅਸਲ ਵਿੱਚ ਉਲੰਪਿਕ ਖੇਡਾਂ ਦੀ ਮਹਿਮਾਨ ਨਵਾਜੀ ਲਈ ਬ੍ਰਾਜੀਲ ਨੇ ਮਨੁੱਖੀ ਹੱਕਾਂ ਨੂੰ ਛਿੱਕੇ ਤੇ ਟੰਗ ਦਿੱਤਾ। ਜਾਣਕਾਰੀ ਮੁਤਾਬਕ ਬ੍ਰਾਜੀਲ ਸਰਕਾਰ ਨੇ ਖੇਡ ਮੈਦਾਨਾਂ ਤੇ ਖਿਡਾਰੀਆਂ ਦੇ ਰਹਿਣ ਲਈ  ਮਹਿੰਗੇ ਹੋਟਲਾਂ ਦੀ ਉਸਾਰੀ ਲਈ ਲੱਖਾਂ ਵਸਦੇ ਲੋਕਾਂ ਨੂੰ ਉਹਨਾਂ ਦੀਆਂ ਰਿਹਾਇਸ਼ਾਂ ਤੋਂ ਉਜਾੜ ਦਿੱਤਾ। ਅੰਕੜਿਆਂ ਮੁਤਾਬਕ ਬ੍ਰਾਜੀਲ ਵਿੱਚ 2014 ਦੀਆਂ ਫੁਟਬਾਲ ਵਿਸ਼ਵ ਕੱਪ ਤੋਂ ਲੈ ਕੇ ਉਲੰਪਿਕ ਦੀਆਂ ਤਿਆਰੀਆਂ ਨੇ ਤਕਰੀਬਨ 2,50,000 ਲੋਕਾਂ ਨੂੰ ਬੇਘਰੇ ਕਰ ਦਿੱਤਾ ਹੈ। ਇਹਨਾਂ ਬੇਘਰ ਕੀਤੇ ਲੋਕਾਂ ਵਾਸਤੇ ਸਰਕਾਰ ਦੁਆਰਾ ਕੋਈ ਵੀ ਢੁਕਵਾਂ ਇੰਤਜਾਮ ਨਹੀਂ ਕੀਤਾ ਗਿਆ। ਉਜੜੇ ਹੋਏ ਇਹ ਲੋਕ ਫੁਟਪਾਥਾਂ, ਪੁਲਾਂ ਥੱਲੇ ਜਾਂ ਸੜਕਾਂ ‘ਤੇ ਸੌਣ ਵਾਸਤੇ ਮਜ਼ਬੂਰ ਹਨ। ਪਰ ਉਲੰਪਿਕ ਖੇਡਾਂ ਦੇ ਨੇੜੇ ਢੁਕਣ ਕਰਕੇ ਬ੍ਰਾਜੀਲ ਸਰਕਾਰ ਨੇ ਇਹਨਾਂ ਨੂੰ ਰੀਓ ਤੋਂ ਚਲੇ ਜਾਣ ਦੇ ਅਦੇਸ਼ ਦੇ ਦਿੱਤੇ ਹਨ, ਕਿਉਂਕਿ ਹਾਕਮਾਂ ਦਾ ਕਹਿਣ  ਹੈ ਕਿ ਉਲੰਪਿਕ ਖੇਡਾਂ ਵਿੱਚ ਸੰਸਾਰ ਭਰ ਤੋਂ ਵੱਡੇ-ਵੱਡੇ ਲੋਕੀਂ ਆਉਣਗੇ ਤੇ ਲੋਕਾਂ ਨੂੰ ਐਸੀਆਂ ਹਾਲਤਾਂ ‘ਚ ਰਹਿੰਦੇ ਵੇਖਕੇ ਮੁਲਕ ਦੇ “ਵੱਕਾਰ” ਨੂੰ ਠੇਸ ਪਹੁੰਚਦੀ ਹੈ। ਇਸ ਕਰਕੇ ਸਰਕਾਰ ਨੇ ਗਰੀਬੀ ਹਟਾਉਣ ਦੀ ਬਜਾਏ ਗਰੀਬਾਂ ਨੂੰ ਹਟਾਉਣ ਤੇ ਲੱਕ ਬੰਨ ਲਿਆ ਹੈ।

ਅਤੇ ਜਿਹੜੇ ਵੀ ਲੋਕੀਂ ਸਰਕਾਰ ਦੇ ਇਸ ਜ਼ਾਬਰ ਫੈਸਲੇ ਦੇ ਵਿਰੁੱਧ ਅੜੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਾਂ ਧਰਨੇ ਮੁਜ਼ਾਹਰੇ ਕਰਨ ਦੀ ਕੋਸ਼ਿਸ ਕਰਦੇ ਹਨ, ਉਹਨਾਂ ਨੂੰ ਫੌਜੀ ਸੰਗੀਨਾਂ, ਪੁਲਸੀਆ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਦਾ ਸਿੱਟਾ ਹੈ ਕਿ ਉਲੰਪਿਕ ਖੇਡਾਂ ਨੇ ਹੁਣ ਤੱਕ 2500 ਆਮ ਨਾਗਰਿਕਾਂ ਦੀ ਜਾਨ ਲੈ ਲਈ ਹੈ। ਮਾਮਲਾ ਸਪੱਸ਼ਟ ਹੈ ਕਿ ਕਿਵੇਂ ਇੱਕ ਪਾਸੇ ਉਲੰਪਿਕ ਖੇਡਾਂ ਦੇ ਨਾਂ ਤੇ ਲੋਕਾਂ ਨੂੰ ਮਨੋਰੰਜਨ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤੇ ਦੂਜੇ ਪਾਸੇ ਇਸੇ ਦੀ ਆੜ ‘ਚ ਮਨੁੱਖੀ ਜਿੰਦਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਹੁਣ ਜਦੋਂ ਅਸੀਂ ਆਪਣੇ ਟੀਵੀ ਤੇ ਉਲੰਪਿਕ ਦੀਆਂ ਖੇਡਾਂ ਦੇ ਨਜ਼ਾਰੇ ਲੈ ਰਹੇ ਹੋਵਾਂਗੇ ਤਾਂ ਇਹ ਯਾਦ ਰਹੇ ਕਿ ਕਿੰਨੇ ਹਜ਼ਾਰਾਂ ਲੋਕ ਇਸ ਮਨੋਰੰਜਨ ਸਰਗਰਮੀ ਦੀ ਭੇਂਟ ਚੜੇ ਹਨ, ਮੌਤ ਦੇ ਮੂੰਹ ‘ਚ ਗਏ ਹਨ, ਬੇਘਰੇ ਹੋਏ ਹਨ ਤੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Advertisements