ਉਹਨਾਂ ਦੇ ਵਿਚਾਰਾਂ ਨੂੰ ਹੀ ਨਹੀਂ ਸਗੋਂ ਉਹਨਾਂ ਦੇ ਜਜਬਿਆਂ ਨੂੰ ਵੀ ਅਪਣਾਈਏ •ਗੁਰਪ੍ਰੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸ਼ਾਮ ਦਾ ਸਮਾਂ ਹੈ। ਲਹੌਰ ਸੈਂਟਰਲ ਜੇਲ ਵਿੱਚ ਇੱਕ ਸੰਨਾਟਾ ਪਸਰਿਆ ਹੋਇਆ ਹੈ। ਇਹ ਸੰਨਾਟਾ ਕਿਸੇ ਆਉਣ ਵਾਲ਼ੇ ਤੂਫ਼ਾਨ ਦਾ ਸੰਕੇਤ ਦੇ ਰਿਹਾ ਹੈ। ਇਸ ਸੰਨਾਟੇ ਦਰਮਿਆਨ ਜੇਲ ਦੀ ਇੱਕ ਕੋਠੜੀ ਵਿੱਚ ਇੱਕ ਨੌਜਵਾਨ ਕੈਦੀ ਲੈਨਿਨ ਬਾਰੇ ਕਿਤਾਬ ਪੜ ਰਿਹਾ ਹੈ। ਅਗਲੀ ਸਵੇਰ ਉਸਨੂੰ ਫਾਂਸੀ ਲਾਇਆ ਜਾਣਾ ਹੈ, ਪਰ ਉਸਦੇ ਚਿਹਰੇ ‘ਤੇ ਕੋਈ ਪ੍ਰੇਸ਼ਾਨੀ, ਡਰ ਜਾਂ ਸ਼ਿਕਨ ਨਹੀਂ ਹੈ। ਬੱਸ ਜਾਣ ਤੋਂ ਪਹਿਲਾਂ ਆਪਣੇ ਪਿਆਰੇ ਲੈਨਿਨ ਨਾਲ਼ ਇਹ ਮੁਲਾਕਾਤ ਪੂਰੀ ਕਰ ਲੈਣ ਦੀ ਸਿੱਕ ਜਰੂਰ ਹੈ। 

“ਜਾਣ ਦਾ ਵੇਲ਼ਾ ਹੋ ਗਿਆ ਹੈ,” ਇਹਨਾਂ ਸ਼ਬਦਾਂ ਨਾਲ਼ ਜੇਲ ਦਾ ਵਾਰਡਨ ਆ ਧਮਕਦਾ ਹੈ। ਇੱਕ ਵਿਅੰਗ ਤੇ ਅਰਥ ਭਰਪੂਰ ਮੁਸਕਾਨ ਨਾਲ਼ ਕੈਦੀ ਵਾਰਡਨ ਵੱਲ ਨਜ਼ਰ ਸੁੱਟਦਾ ਹੈ ਤੇ ਵਾਰਡਨ ਦੇ ਚਿਹਰੇ ‘ਤੇ ਖੌਫ ਤੇ ਉਦਾਸੀ ਦਾ ਪਰਛਾਵਾਂ ਵੇਖ ਕੇ ਉਹ ਕਹੇ ਗਏ ਇਹਨਾਂ ਸ਼ਬਦਾਂ ਦੇ ਅਸਲ ਅਰਥ ਸਮਝ ਲੈਂਦਾ ਹੈ ਤੇ ਫੇਰ ਕਿਤਾਬ ਦੀ ਜਿਲਦ ‘ਤੇ ਬਣੇ ਲੈਨਿਨ ਦੇ ਚਿੱਤਰ ਨੂੰ ਨਿਹਾਰਨ ਬੈਠ ਜਾਂਦਾ ਹੈ। ਕੁੱਝ ਪਲ ਸੋਚਣ ਮਗਰੋਂ ਕਿਸੇ ਖਿਆਲ ਸਦਕਾ ਕਿਤਾਬ ਵਿਚਲੇ ਪੜ ਰਹੇ ਪੰਨੇ ਨੂੰ ਮੋੜ ਦਿੰਦਾ ਹੈ ਤੇ ਲੰਮਾ ਸਾਹ ਅੰਦਰ ਖਿੱਚਦਾ ਹੋਇਆ ਕਿਤਾਬ ਪਾਸੇ ਰੱਖ ਦਿੰਦਾ ਹੈ ਤੇ ਉੱਠ ਵਾਰਡਨ ਦੇ ਪਿੱਛੇ ਤੁਰ ਪੈਂਦਾ ਹੈ। 

ਅੱਗੇ ਜਾ ਕੇ ਕੋਠੜੀ ਵਿੱਚੋਂ ਬਾਹਰ ਲਿਆਂਦੇ ਜਾ ਰਹੇ ਉਸਦੇ ਦੋ ਸਾਥੀ ਵੀ ਉਸਨੂੰ ਮਿਲ਼ ਜਾਂਦੇ ਹਨ। ਜਿੱਤ ਵਰਗੀ ਮੁਸਕਾਨ ਨਾਲ਼ ਉਹ ਆਪਸ ਵਿੱਚ ਨਜ਼ਰ ਮਿਲ਼ਾਉਂਦੇ ਹਨ ਤੇ ਕੁੱਝ ਨਹੀਂ ਬੋਲਦੇ, ਸਗੋਂ ਆਪਣੀ ਤੱਕਣੀ ਨਾਲ਼ ਹੀ ਇੰਨਾ ਕੁੱਝ ਕਹਿ ਲੈਂਦੇ ਹਨ ਕਿ ਸ਼ਬਦਾਂ ਦੀ ਲੋੜ ਨਹੀਂ ਪੈਂਦੀ। ਅਚਾਨਕ ਇੱਕ ਜੋਰਦਾਰ ਨਾਹਰਾ ਗੂੰਜਦਾ ਹੈ ਤੇ ਜੇਲ ਦੀਆਂ ਚਹੁੰ ਕੂਟਾਂ ਵਿੱਚ ਫੈਲ ਜਾਂਦਾ ਹੈ। ਨਾਹਰਿਆਂ ਦੀ ਗਰਜ ਹੇਠ ਉਹਨਾਂ ਕੈਦੀਆਂ ਨੂੰ ਫਾਸੀਂ ਦੇ ਤਖਤੇ ‘ਤੇ ਲਿਜਾਇਆ ਜਾਂਦਾ ਹੈ। ਤਿੰਨੇ ਦੋਸਤ ਆਖਰੀ ਵਾਰ ਗਲਵੱਕੜੀ ਪਾਉਂਦੇ ਹਨ। ਕਿਸੇ ਦੇ ਚਿਹਰੇ ਉੱਪਰ ਕੋਈ ਡਰ, ਪ੍ਰੇਸ਼ਾਨੀ, ਗਿਲਾ ਨਹੀਂ ਹੈ ਸਗੋਂ ਇੱਕ ਅਜਿੱਤ ਮੁਸਕਾਨ ਹੈ। ਉਹਨਾਂ ਦੇ ਸਾਹਾਂ ਦੀ ਡੋਰ ਉੱਪਰ ਹੱਥ ਰੱਖੀ ਬੈਠੇ ਜੱਲਾਦ ਨੇ ਕਦੇ ਵੀ ਫਾਂਸੀ ਦੇ ਤਖਤੇ ਤੋਂ ਅਜਿਹੀ ਮੁਸਕਾਨ ਨਹੀਂ ਤੱਕੀ ਤੇ ਇਸ ਮੁਸਕਾਨ ਅੱਗੇ ਅੱਜ ਉਹ ਪਹਿਲੀ ਵਾਰ ਖੁਦ ਨੂੰ ਹਾਰਿਆ ਹੋਇਆ ਮਹਿਸੂਸ ਕਰਦਾ ਹੈ। ਹਾਰ ਦੀ ਨਮੋਸ਼ੀ ਵਿੱਚ ਜੱਲਾਦ ਡੰਡਾ ਖਿੱਚਦਾ ਹੈ ਤੇ ਤਿੰਨ ਸੋਚਵਾਨ ਇਨਕਲਾਬੀ ਦਿਮਾਗ ਸੋਚਣਾ ਬੰਦ ਕਰ ਦਿੰਦੇ ਹਨ।

ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1931 ਦੀ ਸ਼ਾਮ ਨੂੰ ਫਾਂਸੀ ਦਿੱਤੇ ਜਾਣ ਦੇ ਇਹਨਾਂ ਆਖਰੀ ਪਲਾਂ ਨੇ ਮੇਰੀ ਕਲਪਨਾ ਨੂੰ ਅਕਸਰ ਹੈਰਾਨ ਤੇ ਪ੍ਰੇਸ਼ਾਨ ਕੀਤਾ ਹੈ। ਆਖਰ ਇੰਝ ਕਿਉਂ ਹੁੰਦਾ ਹੈ ਕਿ ਕੁੱਝ ਲੋਕ ਹੋਰਾਂ ਲਈ ਹੱਸਦੇ ਹੋਏ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਹਨ, ਅਜਿਹੇ ਲੋਕਾਂ ਲਈ ਵੀ ਜਿਨਾਂ ਨਾਲ਼ ਉਹਨਾਂ ਦਾ ਕਦੇ ਕੋਈ ਸਿੱਧਾ ਸਬੰਧ ਵੀ ਨਹੀਂ ਰਿਹਾ ਹੁੰਦਾ, ਜਿਹਨਾਂ ਨੂੰ ਕਦੇ ਉਹਨਾਂ ਦੇਖਿਆ ਵੀ ਨਹੀਂ ਹੁੰਦਾ। ਭਲਾਂ ਕਿਸੇ ਵਿਚਾਰ ਜਾਂ ਆਦਰਸ਼ ਦੀ ਤਾਕਤ ਕਿਸੇ ਮਨੁੱਖ ਨੂੰ ਆਪਾ ਵਾਰਨ ਲਈ ਮਜ਼ਬੂਰ ਕਰ ਦਿੰਦੀ ਹੈ ਜਾਂ ਕਿ ਉਸਨੂੰ ਇੰਨਾ ਉੱਚਾ ਉਠਾ ਦਿੰਦੀ ਹੈ ਕਿ ਉਸਦੇ ਵਿਚਾਰ, ਆਦਰਸ਼ ਅੱਗੇ ਉਸਨੂੰ ਆਪਣਾ ਬੇਸ਼ਕੀਮਤੀ ਮਨੁੱਖੀ ਜੀਵਨ ਵੀ ਬਹੁਤ ਛੋਟਾ ਪ੍ਰਤੀਤ ਹੁੰਦਾ ਹੈ। 

ਖਾਸ ਕਰਕੇ ਭਗਤ ਸਿੰਘ ਵਰਗੇ ਨਾਸਤਿਕ, ਪਦਾਰਥਵਾਦੀ ਇਨਸਾਨ ਲਈ ਇਹ ਗੱਲ ਹੋਰ ਵੀ ਅਜੀਬ ਲਗਦੀ ਹੈ, ਜਿਵੇਂ ਕਿ ਖੁਦ ਭਗਤ ਸਿੰਘ ਨੇ ਲਿਖਿਆ ਹੈ “ਕਿਸੇ ਆਸਤਕ ਹਿੰਦੂ ਨੂੰ ਤਾਂ ਦੂਜੇ ਜਨਮ ਵਿੱਚ ਬਾਦਸ਼ਾਹ ਬਣਨ ਦੀ ਆਸ ਹੋ ਸਕਦੀ ਹੈ, ਕੋਈ ਮੁਸਲਮਾਨ ਜਾਂ ਇਸਾਈ ਤਾਂ ਆਪਣੀਆਂ ਮੁਸ਼ਕਲਾਂ ਤੇ ਕੁਰਬਨੀਆਂ ਬਦਲੇ ਸਵਰਗ ਦੀਆਂ ਐਸ਼ੋ-ਇਸ਼ਰਤਾਂ ਦੀ ਕਲਪਨਾ ਕਰ ਸਕਦਾ ਹੈ। ਪਰ ਮੈਂ ਕਿਸ ਗੱਲ ਦੀ ਆਸ ਰੱਖਾਂ? ਮੈਨੂੰ ਪਤਾ ਹੈ ਜਿਸ ਪਲ ਮੇਰੇ ਗਲ ਵਿੱਚ ਫਾਂਸੀ ਦਾ ਫੰਦਾ ਪਾ ਦਿੱਤਾ ਜਾਏਗਾ ਤੇ ਮੇਰੇ ਪੈਰਾਂ ਹੇਠੋਂ ਤਖਤੇ ਖੋਲ ਦਿੱਤੇ ਗਏ ਤਾਂ ਉਹ ਮੇਰਾ ਆਖਰੀ ਪਲ ਹੋਵੇਗਾ।”

ਇਹ ਸਵਾਲ ਇਸ ਗੱਲ ਨਾਲ਼ ਜਾ ਜੁੜਦਾ ਹੈ ਕਿ ਮਨੁੱਖ ਕੀ ਹੈ, ਮਨੁੱਖ ਦੀਆਂ ਭਾਵਨਾਵਾਂ, ਜਜਬੇ ਕੀ ਹਨ? ਬਚਪਨ ਤੋਂ ਪੜਦੇ ਆਏ ਹਾਂ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉੱਪਰਲੇ ਸਵਾਲਾਂ ਦਾ ਜੁਆਬ ਇਸ ਸਿੱਧੀ-ਸਾਦੀ ਗੱਲ ਨਾਲ਼ ਜੁੜਿਆ ਹੋਇਆ ਹੈ। ਭਲਾਂ ਜੇ ਮਨੁੱਖ ਦਾ ਵਿਕਾਸ ਪਸ਼ੂ ਜਗਤ ਤੋਂ ਹੋਇਆ ਹੈ ਤੇ ਪਸ਼ੂਆਂ ਵਿੱਚ ਮਨੁੱਖਾਂ ਜਿਹੀਆਂ ਭਾਵਨਾਵਾਂ, ਜਜਬੇ ਨਹੀਂ ਹਨ ਤਾਂ ਲਾਜ਼ਮੀ ਹੀ ਇਹ ਜਜਬੇ ਇੱਕ ਵਿਕਾਸ ਦੀ ਪ੍ਰਕਿਰਿਆ ‘ਚ ਹੀ ਪੈਦਾ ਹੋਏ ਹੋਣਗੇ। ਅਸਲ ‘ਚ ਪਸ਼ੂ ਜਗਤ ਤੋਂ ਅਜ਼ਾਦ ਹੋਣ ਵੇਲ਼ੇ ਮਨੁੱਖ ਲਈ ਕੁਦਰਤ ਦੀਆਂ ਤਾਕਤਾਂ ਨਾਲ਼ ਟੱਕਰ ਲੈਣ ਲਈ ਸਮੂਹ ਵਿੱਚ ਰਹਿਣਾ ਲਾਜਮੀ ਸ਼ਰਤ ਸੀ ਤੇ ਇਹ ਸਮੂਹਿਕਤਾ ਹੀ ਉਸਦੇ ਜੀਵਨ ਤੇ ਵਿਕਾਸ ਦਾ ਅਧਾਰ ਬਣੀ ਤੇ ਇਸੇ ਸਮੂਹਿਕਤਾ ਚੋਂ ਹੀ ਮਨੁੱਖ ਦੀਆਂ ਭਾਵਨਾਵਾਂ, ਜਜਬੇ ਪੈਦਾ ਹੋਏ ਹਨ। ਮਤਲਬ ਸਮੂਹ ਨਾਲ਼ ਜੁੜਿਆ ਮਨੁੱਖ ਹੀ ਭਾਵਨਾਤਮਕ ਤੇ ਆਤਮਕ ਤੌਰ ‘ਤੇ ਮਨੁੱਖ ਹੋ ਸਕਦਾ ਹੈ ਤੇ ਇੰਝ ਮਨੁੱਖ ਦੇ ਜਜਬੇ, ਭਾਵਨਾਵਾਂ ਵੀ ਉਸਨੂੰ ਸਮੂਹ ਨਾਲ਼ ਜੁੜਨ ਲਈ ਪ੍ਰੇਰਿਤ ਕਰਦੇ ਹਨ ਤੇ ਸਮੂਹ ਵਿੱਚ ਹੀ ਖਿੜਦੇ ਹਨ। ਇਸ ਕਰਕੇ ਦੁਨੀਆਂ ਦੀ ਸਾਰੀ ਜਾਇਦਾਦ, ਐਸ਼ੋ-ਅਰਾਮ ਦੇ ਸਾਧਨ ਦੇ ਕੇ ਕਿਸੇ ਮਨੁੱਖ ਨੂੰ ਕਿਸੇ ਟਾਪੂ ‘ਤੇ ਇਕੱਲਾ ਛੱਡ ਦਿੱਤਾ ਜਾਵੇ ਤਾਂ ਇਹ ਸਭ ਉਸਨੂੰ ਖੁਸ਼ੀ ਨਹੀਂ ਦੇ ਸਕਦੇ ਕਿਉਂਕਿ ਖੁਸ਼ੀ ਸਾਧਨਾਂ ਚੋਂ ਨਹੀਂ ਮਨੁੱਖਾਂ ਚੋਂ ਪਣਪਦੀ ਹੈ। ਇਹ ਹੋਰਾਂ ਨਾਲ਼ ਸਾਂਝੀ ਕਰਨ ‘ਚ ਖਿੜਦੀ ਹੈ। 

ਮਨੁੱਖ ਦੀਆਂ ਭਾਵਨਾਵਾਂ ਧਰਤੀ ‘ਚੋਂ, ਜੀਵਨ ਦੇ ਤੱਤ ‘ਚੋਂ ਜਨਮਦੀਆਂ ਹਨ ਤੇ ਸਮਾਜ ਆਪਣੇ ਢੰਗ ਨਾਲ਼ ਮਨੁੱਖ ਦੀਆਂ ਭਾਵਨਾਵਾਂ ਨੂੰ ਮਾਸ ਅਤੇ ਲਹੂ ‘ਚ ਕੱਜਦਾ ਹੈ । ਅੱਜ ਦਾ ਸਮਾਜ ਇੱਕ ਜਮਾਤੀ ਸਮਾਜ ਹੈ ਜਿੱਥੇ ਅਮੀਰ ਤੇ ਗਰੀਬ ਦਾ ਜਾਂ ਕਹੀਏ ਕਿ ਲੁੱਟਣ ਵਾਲ਼ੇ ਤੇ ਦੱਬੇ-ਕੁਚਲਿਆਂ ਦਾ ਪਾੜਾ ਹੈ। ਇੱਥੇ ਮਨੁੱਖ ਦੀਆਂ ਸੰਵੇਦਨਾਵਾਂ ਤੇ ਜਜਬਿਆਂ ‘ਚ ਵੀ ਇੱਕ ਟੱਕਰ ਵਿਖਾਈ ਦਿੰਦੀ ਹੈ। ਲੁੱਟਣ ਵਾਲ਼ੀ ਜਮਾਤ ਸਮੂਹ ਦੀ ਵਿਰੋਧੀ ਹੈ ਤੇ ਕਿਰਤ ਦੀ ਲੁੱਟ ਅਤੇ ਹੋਰਨਾਂ ਲੋਕਾਂ ਦੇ ਦੁੱਖਾਂ ਤਕਲੀਫਾਂ ‘ਤੇ ਪਲਦੀ ਹੈ। ਇਸ ਲਈ ਇਹ ਲੋਟੂ ਜਮਾਤ ਮਨੁੱਖ ਦੀਆਂ ਭਾਵਨਾਵਾਂ ਨੂੰ ਖੋਰਾ ਲਾਉਣ ਉਹਨਾਂ ਨੂੰ ਪਸ਼ੂਪੁਣੇ ਵੱਲ਼ ਧੱਕਣ ਦਾ ਕੰਮ ਕਰਦਾ ਹੈ। ਇਹ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦਾ ਹੈ ਤੇ ਵਿਅਕਤੀਵਾਦ, ਆਤਮ-ਕੇਂਦਰਤਾ, ਸੰਵੇਦਨਹੀਣਾ, ਲਾਲਸਾ ਜਿਹੀਆਂ ਭਾਵਨਾਵਾਂ ਨੂੰ ਜਨਮ ਦਿੰਦਾ ਹੈ ਜੋ ਮਨੁੱਖ ਅਤੇ ਸਮਾਜ ਦੋਵਾਂ ਦੇ ਵਿਕਾਸ ਦੀਆਂ ਵਿਰੋਧੀ ਹਨ। ਦੂਜੇ ਪਾਸੇ ਕਰੋੜਾਂ ਦੀ ਗਿਣਤੀ ‘ਚ ਦੱਬੀ-ਕੁਚਲੀ ਕਿਰਤੀ, ਮਜ਼ਦੂਰ ਅਬਾਦੀ ਖੇਤਾਂ, ਕਾਰਖਾਨਿਆਂ ਆਦਿ ‘ਚ ਰਲ ਕੇ ਸਮਾਜ ਦੀਆਂ ਲੋੜਾਂ ਦੀਆਂ ਸਭ ਵਸਤਾਂ ਸਮੂਹ ਵਿੱਚ ਰਹਿ ਕੇ ਪੈਦਾ ਕਰਦੀ ਹੈ ਤੇ ਇਸ ਲਈ ਸਮਾਜ ਦੀ ਇਹ ਜਮਾਤ ਅੱਜ ਹਰ ਤਰਾਂ ਦੇ ਉੱਨਤ ਮਨੁੱਖੀ ਸੰਵੇਦਨਾਵਾਂ ਤੇ ਜਜਬਿਆਂ ਦੀ ਵਾਹਕ ਹੈ। ਸਮਾਜ ਦੇ ਇਸ ਤਬਕੇ ਨਾਲ਼ ਇੱਕਜੁੱਟਤਾ ਹੀ ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਵਾ ਸਕਦੀ ਹੈ। ਮਨੁੱਖ ਹੋਣ ਦਾ ਇਹ ਅਹਿਸਾਸ ਇਹ ਭਾਵਨਾਵਾਂ ਦੱਬੇ-ਕੁਚਲ਼ਿਆਂ ਦੀ ਏਕਤਾ ਤੇ ਉਹਨਾਂ ਨਾਲ਼ ਆਪਾ ਵਾਰਨ ਦੀ ਭਾਵਨਾ ਅਤੇ ਜਾਬਰਾਂ ਲਈ ਨਫ਼ਰਤ ਵਜੋਂ ਠੋਸ ਰੂਪ ਧਾਰਦਾ ਹੈ। ਇਹ ਭਾਵਨਾਵਾਂ ਸਮਾਜ ਦੀ ਬਣਤਰ ਤੇ ਵਿਕਾਸ ਦੇ ਨਿਯਮਾਂ ਨੂੰ ਸਮਝਣ ਤੇ ਇਸਨੂੰ ਬਦਲ ਕੇ ਇੱਕ ਲੁੱਟ, ਜਬਰ ਤੇ ਬੇਇਨਸਾਫੀ ਤੋਂ ਮੁਕਤ ਸਮਾਜ ਸਿਰਜਣ ਦੇ ਵਿਚਾਰਾਂ ਦੀ ਲੋੜ ਪੈਦਾ ਕਰਦੀਆਂ ਹਨ ਤੇ ਇਹ ਵਿਚਾਰ ਮੁੜ ਅਜਿਹਾ ਸਮਾਜ ਸਿਰਜਣ ਦੀ ਇਨਕਲਾਬੀ ਜੱਦੋ-ਜਹਿਦ ਦਾ ਹਿੱਸਾ ਬਣਦੇ ਹਨ ਤੇ ਇਹ ਜੱਦੋ-ਜਹਿਦ ਹੀ ਮਨੁੱਖ ਦੀਆਂ ਭਾਵਨਾਵਾਂ ਤੇ ਜਜਬਿਆਂ ਨੂੰ ਹੋਰ ਉਚੇਰੇ ਧਰਾਲਤ ‘ਤੇ ਲਿਜਾਂਦੀ ਹੈ ਜਿੱਥੇ ਜਾ ਕੇ ਮਨੁੱਖ ਆਪਣੇ ਨਾਲ਼ੋਂ ਵਧਕੇ ਹੋਰਾਂ ਲਈ ਜਿਉਣਾ ਸ਼ੁਰੂ ਕਰ ਦਿੰਦਾ ਹੈ। ਅੱਜ ਦੇ ਸਮਾਜ ਦੀ ਇਸ ਠੋਸ ਹਕੀਕਤ ਤੋਂ ਪਰੇ ਰਹਿ ਕੇ ਮਨੁੱਖ ਦੀਆਂ ਭਾਵਨਾਵਾਂ, ਜਜਬੇ ਮਨੁੱਖੀ ਰੂਪ ਚ ਬਹੁਤਾ ਚਿਰ ਬਚੇ ਰਹਿ ਨਹੀਂ ਸਕਦੇ। ਭਾਵਨਾਵਾਂ, ਵਿਚਾਰਾਂ ਤੇ ਇਨਕਲਾਬੀ ਜੱਦੋ-ਜਹਿਦ ਇਸ ਏਕਤਾ ਨੂੰ ਸਮਝਦੇ ਹੋਏ ਜਿਉਣਾ ਅੱਜ ਮਨੁੱਖ ਵਜੋਂ ਜਿਉਣ ਦੀ ਸ਼ਰਤ ਹੈ।

ਅੱਜ ਦੇ ਸਮੇਂ ਜਦੋਂ ਇੱਕ ਖਪਤਵਾਦੀ ਸੱਭਿਆਚਾਰ ਵਿੱਚ ਜ਼ਿੰਦਗੀ ਦੇ ਮਿਆਰਾਂ ਨੂੰ ਐਸ਼ੋ-ਇਸ਼ਰਤ ਦੇ ਸਾਧਨਾਂ ਜਾਂ ਬਾਹਰੀ ਦਿੱਖ ਨੂੰ ਲਿਸ਼ਕਾਉਣ ਤੱਕ ਸੀਮਤ ਕੀਤਾ ਜਾ ਰਿਹਾ ਹੈ, ਜਦੋਂ ਜ਼ਿੰਦਗੀ ਜਿਉਣ ਦੇ ਸਾਧਨਾਂ ਨੂੰ ਹੀ ਖੁਦ ਜ਼ਿੰਦਗੀ ਦੇ ਉਦੇਸ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਅਜਿਹੇ ਸਮੇਂ ਵਿੱਚ ਇਹ ਗੱਲ ਸਮਝਣੀ ਹੋਰ ਵੀ ਜਰੂਰੀ ਹੋ ਜਾਂਦੀ ਹੈ ਜਿਸਨੂੰ ਭਗਤ ਸਿੰਘ ਨੇ ਵੀ ਸਮਝਿਆ। ਅੱਜ ਭਗਤ ਸਿੰਘ ਕਿਵੇਂ ਸੋਚਦਾ ਸੀ ਇਹ ਸਮਝਣ, ਉਸ ਵਾਂਗ ਸੋਚਣਾ ਸਿੱਖਣ ਦੇ ਨਾਲ਼-ਨਾਲ਼ ਇਹ ਜਾਨਣਾ ਵੀ ਓਨਾ ਹੀ ਜਰੂਰੀ ਹੈ ਕਿ ਭਗਤ ਸਿੰਘ ਵਾਂਗ ਮਹਿਸੂਸ ਕਰਨਾ ਸਿੱਖਿਆ ਜਾਵੇ। ਕਿਉਂਕਿ ਉਸ ਵਾਂਗ ਮਹਿਸੂਸ ਕਰਨਾ ਹੀ ਉਸ ਵਾਂਗ ਸੋਚਣਾ ਸਿੱਖਣ ਦੀ ਪਹਿਲੀ ਸ਼ਰਤ ਹੈ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਅਜ਼ਾਦ ਵਰਗਿਆਂ ਦੀਆਂ ਉਹਨਾਂ ਦੇ ਸਾਥੀਆਂ ਵੱਲੋਂ ਲਿਖੀਆਂ ਯਾਦਾਂ ਵਿੱਚ ਉਹਨਾਂ ਦਾ ਇਹ ਮਨੁੱਖੀ ਪੱਖ, ਹੋਰਾਂ ਲੋਕਾਂ ਦੇ ਦੁੱਖ-ਦਰਦ ਨੂੰ ਮਹਿਸੂਸ ਕਰਨ, ਜਾਬਰਾਂ ਲਈ ਨਫ਼ਰਤ ਤੇ ਦੂਜਿਆਂ ਲਈ ਆਪਾ ਵਾਰਨ ਦਾ ਪੱਖ, ਬਹੁਤ ਉੱਘੜ ਕੇ ਸਾਹਮਣੇ ਆਉਂਦਾ ਹੈ। ਇਹਨਾਂ ਸ਼ਹੀਦਾਂ ਦੇ ਭਾਵਨਾਤਮਕ ਪੱਖ ਨਾਲ਼ ਕਿਸੇ ਸਾਂਝ ਤੋਂ ਬਿਨਾਂ ਇਹਨਾਂ ਦੇ ਵਿਚਾਰਾਂ ਨਾਲ਼ ਵੀ ਕੋਈ ਏਕਤਾ ਨਹੀਂ ਹੋ ਸਕਦੀ। ਇਹਨਾਂ ਭਾਵਨਾਵਾਂ ਦਾ ਵਿਚਾਰਕ ਰੂਪ ਹੀ ਸਮਾਜ ਨੂੰ ਬਦਲਣ ਦੀ ਇਨਕਲਾਬੀ ਜੱਦੋ-ਜਹਿਦ ਹੈ ਤੇ ਉਲਟੇ ਰੁਖ ਸਮਾਜ ਦੀ ਇਨਕਲਾਬੀ ਤਬਦੀਲੀ ਦੇ ਵਿਗਿਆਨ ਦਾ ਮਨੁੱਖੀ ਰੂਪ ਕਿਰਤੀ ਲੋਕਾਂ ਨਾਲ਼ ਪਿਆਰ, ਉਹਨਾਂ ਲਈ ਆਪਾ ਵਾਰਨ ਦੀ ਭਾਵਨਾ ਤੇ ਜਾਬਰਾਂ ਲਈ ਨਫਰਤ ਹੈ। ਇਹਨਾਂ ਦੋਵਾਂ ਰੂਪਾਂ ਨੂੰ ਆਪਸ ਵਿੱਚ ਨਿਖੇੜਿਆ ਨਹੀਂ ਜਾ ਸਕਦਾ, ਇੱਕ ਤੋਂ ਬਿਨਾ ਦੂਜਾ ਨਹੀਂ ਹੋ ਸਕਦਾ। ਜਿੱਥੇ ਸਿਰਫ ਇੱਕ ਹੈ ਜਾਂ ਤਾਂ ਉਸਨੂੰ ਦੂਜੇ ਰੂਪ ਵੱਲ ਵਧਣਾ ਪਵੇਗਾ ਨਹੀਂ ਤਾਂ ਫੇਰ ਪਹਿਲਾ ਰੂਪ ਵੀ ਨਹੀਂ ਰਹੇਗਾ। ਇਸੇ ਕਾਰਨ ਅਸੀਂ ਅੱਜ ਅਜਿਹੀਆਂ ਅਨੇਕਾਂ ਮਿਸਾਲਾਂ ਵੇਖ ਸਕਦੇ ਹਾਂ ਜਦੋਂ ਬਹੁਤ ਸੰਵੇਦਨਸ਼ੀਲ ਨੌਜਵਾਨ ਇੱਕ ਸਮੇਂ ਬਾਅਦ ਆਪਣੇ ਉਲਟ ਵਿੱਚ ਬਦਲ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਅੱਜ ਦੇ ਸਮੇਂ ਮਨੁੱਖੀ ਭਾਵਨਾਵਾਂ ਦੇ ਅਨੁਕੂਲ ਇਨਕਲਾਬੀ ਤਬਦੀਲੀ ਦਾ ਵਿਗਿਆਨ ਹਾਸਲ ਨਹੀਂ ਹੁੰਦਾ। 

ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਬਾਰੇ ਉਪਰੋਕਤ ਚਰਚ ਤੋਂ ਅਸੀਂ ਇਹ ਨਤੀਜਾ ਕੱਢ ਸਕਦੇ ਹਾਂ ਕਿ ਅੱਜ ਦੁਨੀਆਂ ਨੂੰ ਚਲਾਉਣ ਵਾਲ਼ੇ ਕਿਰਤੀ ਲੋਕਾਂ ਨਾਲ਼ ਹਮਦਰਦੀ, ਸਨੇਹ ਅਤੇ ਜਾਬਰਾਂ ਖਿਲਾਫ ਨਫ਼ਰਤ ਮਨੁੱਖ ਬਣੇ ਰਹਿਣ ਦੀ ਲਾਜ਼ਮੀ ਸ਼ਰਤ ਹੈ। ਅੱਜ ਸਾਡੇ ਸਾਹਮਣੇ ਜਿਉਣ ਦੇ ਦੋ ਹੀ ਰਾਹ ਹਨ। ਪਹਿਲਾ, ਆਪਣੇ ਸਾਹਮਣੇ ਲੁੱਟ, ਜਬਰ, ਬੇਇਨਸਾਫੀ, ਗੁਰਬਤ, ਭੁੱਖਮਰੀ ਜਿਹੀਆਂ ਸਮੱਸਿਆਵਾਂ ਨੂੰ ਅਣਗੌਲਿਆਂ ਕਰਕੇ ਜਾਂ ਉਹਨਾਂ ਅੱਗੇ ਨਿਰਾਸ਼ ਹੋਕੇ ਰੀਂਗਦੇ ਕੀੜਿਆਂ ਵਾਂਗ ਲੱਤਾਂ ਘੜੀਸਦੇ ਜ਼ਿੰਦਗੀ ਜਿਉਣਾ, ਮਤਲਬ ਆਪਣੇ ਮਨੁੱਖੀ ਸਾਰਤੱਤ, ਜਜਬਿਆਂ ਤੇ ਭਾਵਨਾਵਾਂ ਨੂੰ ਮਾਰਦੇ ਹੋਏ ਪਸ਼ੂਆਂ ਵਾਂਗ ਜਿਉਣਾ। ਦੂਜਾ ਢੰਗਾ ਹੈ ਕਿ ਸਮਾਜ ਦੀਆਂ ਚੁਣੌਤੀਆਂ ਨੂੰ ਕਬੂਲਣਾ ਤੇ ਉਹਨਾਂ ਨੂੰ ਸਰ ਕਰਨ ਲਈ ਆਪਣੀ ਪੂਰੀ ਵਾਹ ਲਾ ਦੇਣਾ ਤਾਂ ਜੋ ਹਰ ਇੱਕ ਲਈ ਅਜ਼ਾਦੀ, ਇਨਸਾਫ ਤੇ ਖੁਸ਼ਹਾਲੀ ਦੇ ਆਦਰਸ਼ ਵਾਲ਼ਾ ਸਮਾਜ ਸਿਰਜਿਆ ਜਾ ਸਕੇ, ਮਤਲਬ ਦਿਨੋਂ-ਦਿਨ ਹੋਰ ਵਧੇਰੇ ਮਨੁੱਖ ਬਣਨ ਵੱਲ਼ ਵਧਦੇ ਹੋਏ ਜਿਉਣਾ। ਜਿਵੇਂ ਕਿ ਭਗਤ ਸਿੰਘ ਨੇ ਲਿਖਿਆ ਸੀ, “ਮੈਂ ਆਪਣੀ ਜ਼ਿੰਦਗੀ ਆਦਰਸ਼ ਖਾਤਰ ਕੁਰਬਾਨ ਕਰ ਦੇਣੀ ਹੈ, ਇਸ ਵਿਚਾਰ ਤੋਂ ਬਿਨਾਂ ਮੇਰਾ ਹੋਰ ਕਿਹੜਾ ਧਰਵਾਸ ਹੈ?… ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਝਾਗ ਰਹੀ ਮਨੁੱਖਤਾ ਦੀ ਨਿਜਾਤ ਦੀ ਭਾਵਨਾ ਨਾਲ਼ ਪ੍ਰੇਰਿਤ ਬਹੁਤ ਸਾਰੇ ਮਰਦ-ਔਰਤਾਂ ਅੱਗੇ ਆ ਗਏ, ਜਿਹੜੇ ਇਸ ਬਗੈਰ ਹੋਰ ਕਿਸੇ ਚੀਜ ਤੇ ਜੀਵਨ ਨਹੀਂ ਲਗਾ ਸਕਦੇ, ਉਸ ਦਿਨ ਤੋਂ ਮੁਕਤੀ ਦਾ ਯੁੱਧ ਸ਼ੁਰੂ ਹੋਵੇਗਾ। ਉਹ ਜਾਬਰਾਂ, ਲੋਟੂਆਂ ਤੇ ਜਾਲਮਾਂ ਨੂੰ ਇਸ ਗੱਲੋਂ ਨਹੀਂ ਵੰਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿੱਚ ਮੌਤ ਮਗਰੋਂ ਬਹਿਸ਼ਤ ਵਿੱਚ ਬਾਦਸ਼ਾਹ ਬਣ ਜਾਣਗੇ ਜਾਂ ਉਹਨਾਂ ਨੂੰ ਕੋਈ ਇਨਾਮ ਮਿਲ਼ ਜਾਵੇਗਾ, ਸਗੋਂ ਮਨੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਅਤੇ ਅਜ਼ਾਦੀ ਤੇ ਅਮਨ ਕਾਇਮ ਕਰਨ ਲਈ ਹੀ ਉਹ ਇਸ ਬਿਖੜੇ ਪਰ ਇੱਕੋ-ਇੱਕ ਸ਼ਾਨਦਾਰ ਮਾਰਗ ਉੱਪਰ ਚੱਲਣਗੇ।”

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements