ਉਹ ਨਹੀਂ ਆਉਣਗੇ •ਸੁਖਵੰਤ ਕੌਰ ਮਾਨ (ਗਿਆਰਵੀਂ ਕਿਸ਼ਤ)

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਗਿਆਰਵੀਂ ਕਿਸ਼ਤ, ਲੜੀ ਜੋੜਨ ਲਈ ਦੇਖੋ- ‘ਲਲਕਾਰ’ ਅੰਕ 9, 16-30 ਜੂਨ, 2017)

ਗੱਲ ਡਾਕਟਰ ਦੀ ਉਮੀਦ ਤੋਂ ਵੀ ਵੱਧ ਨਿਕਲੀ ਸੀ ਬੀਜੀ ਨੂੰ ਫੇਰ ਫਿੱਟ ਪੈ ਗਿਆ ਸੀ। ਪਤਨੀ ਤੇ ਮੈਂ ਕਦੇ ਉਹਨਾਂ ਦੀਆਂ ਪੈਰਾਂ ਦੀਆਂ ਤਲੀਆਂ ਝੱਸ ਰਹੇ ਸਾਂ ਤੇ ਕਦੇ ਹੱਥਾਂ ਦੀਆਂ। ਹੋਸ਼ ਆਉਣ ‘ਤੇ ਪਤਨੀ ਚਾਹ ਬਣਾ ਲਿਆਈ ਸੀ ਤੇ ਚਿਮਚਾ-ਚਿਮਚਾ ਕਰਕੇ ਉਹਨਾਂ ਦੇ ਮੂੰਹ ਵਿਚ ਪਾ ਰਹੀ ਸੀ।

ਰਾਤ ਮੇਰੇ ਕਹਿਣ ‘ਤੇ ਵੀ ਉਹਨੇ ਮੈਨੂੰ ਬੀਜੀ ਦੇ ਕਮਰੇ ਵਿੱਚ ਨਹੀਂ ਸੀ ਪੈਣ ਦਿੱਤਾ।

“ਤੁਸੀਂ ਜਾਕੇ ਆਰਾਮ ਕਰੋ, ਮੈਂ ਆਪੇ ਸਾਂਭ ਲਵਾਂਂਗੀ, ਬੀਜੀ ਨੂੰ” ਉਹਦੀ ਦਲੀਲ ਸੀ।

ਸਵੇਰੇ ਮੇਰੇ ਉੱਠਣ ਤੋਂ ਵੀ ਪਹਿਲਾਂ ਉਹ ਉੱਠੀ ਹੋਈ ਸੀ। ਉਹਦੀਆਂ ਅੱਖਾਂ ਵਿਚ ਉਨੀਂਦਰਾ ਜਾਗ ਰਿਹਾ ਸੀ। ਬੀਜੀ ਸੁੱਤੇ ਤਾਂ ਹੋਏ ਸਨ ਪਰ ਉਹਨਾਂ ਦੇ ਚਿਹਰੇ ਤੇ ਪਲਿੱਤਣ ਵਰਤੀ ਹੋਈ ਸੀ।

“ਰਾਤ ਫਿਰ ਦੌਰਾ ਪੈ ਗਿਆ ਸੀ।” ਉਹਨੇ ਦੱਸਿਆ ਸੀ।

“… ਮੈਨੂੰ ਕਿਉਂ ਨਾ ਜਗਾਇਆ?”

“ਸੋਚਿਆ ਤੁਸੀਂ ਬੇਆਰਾਮ ਹੋਵੋਗੇ”। ਉਹਦਾ ਸੰਖੇਪ ਜਿਹਾ ਉੱਤਰ ਸੀ।

“ਤੁਸੀਂ ਇਹਨਾਂ ਨੂੰ ਕਿਸੇ ਹੋਰ ਡਾਕਟਰ ਨੂੰ ਵਿਖਾਓ।” ਮੈਨੂੰ ਸੋਚ ਵਿਚ ਪਿਆ ਵੇਖ ਪਤਨੀ ਨੇ ਕਿਹਾ ਸੀ।

ਗੱਲ ਸੱਚ ਮੁੱਚ ਫਿਕਰ ਵਾਲੀ ਸੀ, ਸੋਚ ਰਿਹਾਂ ਸਾਂ ਕਿਧਰੇ ਡਾਕਟਰ ਦੀ ਤਸ਼ਖੀਸ਼ ਹੀ ਈ ਗਲਤ ਸਾਬਤ ਨਾਂ ਹੋਵੇ।

“ਫਿਰ ਅੱਜ ਤਾਂ ਸਾਡੇ ਚੋਂ ਕੋਈ ਘਰ ਰਹੇਗਾ ਤਾਂ ਏ।” ਮੈਂ ਕੁੱਝ ਝਿਜਕਦਿਆਂ ਹੋਇਆਂ ਕਿਹਾ ਸੀ।

“ਨਾ ਤੁਹਾਡਾ ਖਿਆਲ ਏ ਮੈਂ ਇਹਨਾਂ ਨੂੰ ਏਸ ਤਰ੍ਹਾਂ ਛੱਡ ਕੇ ਚਲੀ ਜਾਵਾਂਗੀ?” ਪਲ ਦੇ ਪਲ ਲਈ ਪਤਨੀ ਦੀਆਂ ਅੱਖਾਂ ਵਿਚ ਕੋਈ ਪਰਛਾਵਾਂ ਜਿਹਾ ਛਾ ਗਿਆ ਸੀ।

“ਇਹਨਾਂ ਨੂੰ ਕੀ ਹੋਇਆ ਏ? ਅਰਸ਼ੀ ਜੋ ਰਾਤ ਦੇਰ ਨਾਲ ਘਰ ਆਈ ਸੀ। ਗੈਲਰੀ ਚੋਂ ਲੰਘਦੀ ਹੋਈ ਕਮਰੇ ਵਿਚ ਆ ਗਈ ਸੀ।

ਇਸ ਤੋਂ ਪਹਿਲਾਂ ਕਿ ਮੈਂ ਕੁੱਝ ਦੱਸਦਾ, ਉਹ ਆਪਣੀ ਮੰਮੀ ਨੂੰ ਰਾਤੀ ਵੇਖੀ ਪਿਕਚਰ ਬਾਰੇ ਕੁੱਝ ਦੱਸਣ ਲੱਗ ਪਈ ਸੀ। ਫਿਰ ਸਰਸਰੀ

ਜਿਹਾ ਬੀਜੀ ਵੱਲ ਵੇਖਦੀ ਹੋਈ ਬਗੈਰ ਬੈਠੈ ਹੀ ਉਹ ਚਲੀ ਗਈ ਸੀ।

ਪਤਨੀ ਨੂੰ ਕੁੱਝ ਹਦਾਇਤਾਂ ਕਰਕੇ ਮੈਂ ਆਫਿਸ ਚਲਾ ਗਿਆ ਸਾਂ।

ਸਾਰਾ ਦਿਨ ਉਥੇ ਬੀਜੀ ਦਾ ਫਿਕਰ ਲੱਗਾ ਰਿਹਾ ਸੀ। ਦੋ ਵਾਰ ਘਰ ਫੋਨ ਵੀ ਕੀਤਾ ਸੀ ਪਤਨੀ ਦੇ ਤੱਸਲੀ ਦੁਆਉਣ ਤੇ ਵੀ ਮਨ ਨੂੰ ਚੈਨ ਨਹੀਂ ਸੀ ਆਇਆ।

ਦੋ ਘੰਟੇ ਪਹਿਲਾਂ ਹੀ ਛੁੱਟੀ ਲੈ ਕੇ ਘਰ ਨੂੰ ਤੁਰ ਪਿਆ ਸਾਂ। ਬੀਜੀ ਨੂੰ ਡਾਕਟਰ ਦੇ ਦਿਖਾਣਾ ਸੀ। ਕਾਫੀ ਸਪੀਡ ਤੇ ਕਾਰ ਚਲਾ ਕੇ ਘਰ ਪਹੁੰਚਿਆ ਤਾਂ ਬੀਜੀ ਢੋਹ ਵਾਲੀ ਕੁਰਸੀ ਤੇ ਬੈਠੈ ਸਨ।

ਮੈਂਨੂੰ ਵਿਹੰਦਿਆਂ ਸਾਰ ਇਕ ਕਮਜ਼ੋਰ ਜਿਹੀ ਮੁਸਕੁਰਾਹਟ ਉਹਨਾਂ ਦੇ ਹੋਠਾਂ ਤੇ ਫੈਲ ਗਈ ਸੀ।

“ਰਾਜ਼ੀ ਓ ਨਾ ਹੁਣ…?” ਉਹਨਾਂ ਨੂੰ ਬੈਠਿਆਂ ਵੇਖ ਮੈਂ ਸੁਖ ਦਾ ਸਾਹ ਭਰਿਆ ਸੀ।
ਉਹਨਾਂ ਦੀਆਂ ਅੱਖਾਂ ਇੱਕ ਛਿੱਣ ਲਈ ਲਿਛਕੀਆਂ ਤੇ ਉਹਨਾਂ ਵਿਚ ਮਮਤਾ ਦੀ ਚਮਕ ਘੁਲ ਮਿਲ ਗਈ।

ਪਤਨੀ ਇੱਕ ਹੱਥ ਨਾਲ ਉਹਨਾਂ ਦਾ ਸਿਰ ਥੰਮ੍ਹੀਂ ਤੇ ਦੂਜੇ ਨਾਲ ਗਿਲਾਸ ਫੜੀ ਉਹਨਾਂ ਨੂੰ ਜੂਸ ਪਿਆ ਰਹੀ ਸੀ। ਉਹਨੇ ਦੱਸਿਆ ਸੀ ਕਿ ਉਹ ਉਹਨਾਂ ਨੂੰ ਟੈਕਸੀ ਤੇ ਡਾਕਟਰ ਕੋਲ ਲੈ ਗਈ ਸੀ। ਡਾਕਟਰ ਨੇ ਕੁੱਝ ਦਵਾਈਆਂ ਬਦਲ ਦਿੱਤੀਆਂ ਸਨ।

ਪਤਨੀ ਨੇ ਹਫਤੇ ਭਰ ਲਈ ਛੁੱਟੀ ਲੈ ਲਈ ਸੀ। ਉਹਦੀ ਸੇਵਾ ਸਦਕਾ ਬੀਜੀ ਕਾਫੀ ਜਲਦੀ ਜਲਦੀ ਰਾਜ਼ੀ ਹੋ ਰਹੇ ਸਨ। ਉਹ ਕਦੀ ਬੀਜੀ ਨੂੰ ਸਪੰਜ ਕਰ ਰਹੀ ਹੁੰਦੀ ਤੇ ਕਦੇ ਦੁੱਧ ਦਾ ਕੱਪ ਆਪਣੀ ਹੱਥੀਂ ਤਿਆਰ ਕਰਕੇ ਲਿਆ ਰਹੀ ਹੁੰਦੀ। ਰੋਜ਼ ਸਵੇਰੇ ਉਹਨਾਂ ਲਈ ਸੰਤਰਿਆਂ ਦਾ ਜੂਸ ਤਿਆਰ ਕਰ ਰਹੀ ਹੁੰਦੀ, ਦਿਨ ਵਿਚ ਤਿੰਨ ਵਾਰ ਟੌਨਿਕ ਦੇਂਦੀ, ਚਾਰ ਵਾਰ ਦਵਾਈ ਦੇਂਦੀ, ਉਹ ਘੜੀ ਦੀ ਸੂਈ ਵਾਂਗ ਚੱਲ ਜਹੀ ਸੀ।

ਮੈਂ ਉਹਨੂੰ ਇਹ ਕੰਮ ਕਰਦਿਆਂ ਵੇਖਦਾ ਰਹਿੰਦਾ। ਮੇਰੇ ਮਨ ਨੂੰ ਖੁਸ਼ੀ ਜਿਹੀ ਮਿਲਦੀ।

“ਪ੍ਰੀਤ ਤੂੰ ਬਹੁਤ ਸੇਵਾ ਕੀਤੀ ਏ ਬੀਜੀ ਦੀ, ਤੇਰਾ ਦੇਣਾ ਮੈਂ ਕਿੱਥੇ ਦਿਆਂਗਾ?” ਮੈਂ ਕਹਿੰਦਾ

“ਉਹ ਮੇਰੇ ਕੁੱਝ ਨਹੀਂ ਲਗਦੇ?” ਉਹ ਫਟ ਮੈਨੂੰ ਅੱਗੋਂ ਵਾਲੀ ਵਲਦੀ ਕਹਿੰਦੀ।

ਉਹਦੀ ਅਣਥੱਕ ਸੇਵਾ ਸਦਕਾ ਬੀਜੀ ਹੁਣ ਅੱਗੇ ਨਾਲੋਂ ਕਾਫੀ ਠੀਕ ਸਨ।

“ਡਾਕਟਰ ਨੇ ਇਹਨਾਂ ਲਈ ਸੈਰ ਦੀ ਸੁਜੈਸ਼ਨ ਦਿੱਤੀ ਏ।” ਬੀਜੀ ਲਈ ਲਿਆਂਦੀ ਦਵਾਈ ਉਹਨੇ ਮੇਜ਼ ਤੇ ਧਰਦਿਆਂ ਕਿਹਾ ਸੀ। ਫੈਸਲਾ ਹੋ ਗਿਆ ਸੀ ਕਿ ਸ਼ਾਮ ਨੂੰ ਆਫਿਸ ਤੋਂ ਆਕੇ ਮੈਂ ਬੀਜੀ ਨੂੰ ਸੈਰ ਲੈ ਜਾਇਗਾ ਕਰਾਂਗਾ।

ਬੀਜੀ ਹੋਣ ਬਿਲਕੁਲ ਤੰਦਰੁਸਤ ਸਨ। ਪਤਨੀ ਬੀਜੀ ਦਾ ਖਿਆਲ ਅੱਵੇ ਨਾਲੋਂ ਵਧੇਰੇ ਰੱਖਦੀ ਸੀ। ਰੋਜ਼ ਸਵੇਰੇ ਸੰਤਰੇ ਦਾ ਜੂਸ ਉਸੇ ਤਰ੍ਹਾਂ ਦਿੱਤਾ ਜਾ ਰਿਹਾ ਸੀ। ਉਹ ਆਪ ਬਰੇਕਫਾਸਟ ਤਿਆਰ ਕਰਕੇ ਉਹਨਾਂ ਅੱਗੇ ਰੱਖਦੀ ਸੀ। ਸਭ ਕੁੱਝ ਠੀਕ ਠਾਕ ਚਲ ਰਿਹਾ ਸੀ।

ਮੈਂ ਆਫਿਸ ਤੋਂ ਆਉਂਦਿਆਂ ਹੀ ਚਾਹ ਦਾ ਕੱਪ ਲੈਂਦਾ ਤੇ ਬੀਜੀ ਨੂੰ ਕਾਰ ਤੇ ਘੁਮਾਉਣ ਤੁਰ ਪੈਂਦਾ। ਮੇਰਾ ਰੋਜ਼ ਦਾ ਇਹ ਰੁਟੀਨ ਬਣ ਗਿਆ ਸੀ। ਮੈਨੂੰ ਮਿਲਨ ਗਿਲਨ ਘੱਟ ਕਰਨਾ ਪਿਆ। ਪਿਕਚਰ ਆਦਿ ਦਾ ਪ੍ਰੋਗਰਾਮ ਪੂਰਟ ਤੌਰ ਤੇ ਕੱਟਣਾ ਪਿਆ ਸੀ।

ਕਈ ਵਾਰੀ ਮੈਨੂੰ ਜਾਪਦਾ ਜਿਂਵੇ ਪ੍ਰੀਤ ਬਹੁਤ ਥੱਕ ਗਈ ਹੋਵੇ। ਉਹਦੇ ਚਿਹਰੇ ਦੀ ਚਮਕ ਜਿਂਵੇ ਮਰ ਗਈ ਹੋਵੇ ਤੇ ਹੋਠਾਂ ਦਾ ਰੰਗ ਜਿਵੇਂ ਫਿੱਕਾ ਪੈ ਰਿਹਾ ਹੋਵੇ।

ਬੀਜੀ ਨੂੱ ਘੁਮਾਕੇ ਲਿਆਇਆ ਸਾਂ।

“ਪਤਾ ਨਹੀਂ ਕਿਉਂ ਕਦੀ ਕਦੀ ਸਿਰ ਦਰਦ ਸ਼ੁਰੂ ਹੋ ਜਾਂਦੀ ਏ…।” ਮੇਜ਼ ਤੇ ਖਾਣਾ ਲਗਾਂਦਿਆਂ ਪ੍ਰੀਤ ਨੇ ਕਿਹਾ ਸੀ।

“ਤੂੰ ਵੀ ਨਾਲ ਚੱਲਿਆ ਕਰ ਘੁਮੰਣ।”

“ਵਿਹਲ ਈ ਕਿੱਥੇ ਮਿਲਦਾ ਏ?” ਬੀਜੀ ਅੱਗੇ ਦਲਿਏ ਦੀ ਪਲੇਟ ਰੱਖਦਿਆਂ ਉਹਨੇ ਜੁਆਬ ਦਿੱਤਾ ਸੀ। ਕੁੱਝ ਚਿਰ ਬਾਠਦ ਡਕਦਿਆਂ ਡਕਦਿਆਂ ਵੀ ਇੱਕ ਹੌਂਕਾ ਉਹਦੇ ਅੰਦਰੋਂ ਨਿਕਲ ਗਿਆ ਸੀ।

ਕਾਰ ਸਟਾਰਟ ਕਰ ਰਿਹਾਂ ਸਾਂ। ਬੀਜੀ ਵਿਚ ਬੈਠ ਚੁੱਕੇ ਸਨ। ਫ਼ਰਾਂਡੇ ਵਿਚ ਖਲੋਤੀ ਪਤਨੀ ਕਾਫੀ ਥੱਕੀਆਂ ਥੱਕੀਆਂ ਨਾਲ ਸਾਡੇ ਵੱਲ ਵੇਖ ਰਹੀ ਸੀ।

“ਇਹਨੂੰ ਹੋਈ ਕੀ ਜਾਂਦਾ ਏ?” ਉੱਕਾ ਨਿਘਰਦੀ ਜਾਂਦੀ ਏ…।” ਸਾਰਾ ਰਸਤਾ ਮੈਂ ਪ੍ਰੀਤ ਬਾਰੇ ਸੋਚਦਾ ਰਿਹਾ ਸੀ।

ਬੀਜੀ ਦੀ ਕੰਡ ਤੋਂ ਬਾਂਹ ਵਲਾਅ ਕੇ ਅੰਦਰ ਵੱਲ ਲਈ ਆਉਂਦਿਆਂ ਅੱਗੋਂ ਮਿਲੀ ਪਤਨੀ ਦੇ ਹੋਠਾਂ ਤੇ ਇੱਕ ਫਿਕੀ ਜਿਹੀ ਮੁਸਕੁਰਾਹਟ ਫੈਲ ਕੇ ਰਹਿ ਗਈ ਸੀ।

ਖਾਣਾ ਖਾਂਦਿਆ ਮੈਂ ਨੋਟ ਕੀਤਾ ਸੀ ਉਹ ਕਾਫੀ ਘੱਟ ਖਾ ਰਹੀ ਸੀ। ਖਾਣਾ ਖਾ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਸੀ। ਡਿੰਪਲ ਤੇ ਅਰਸ਼ੀ ਖਾਣਾ ਖਾ ਕੇ ਉੱਠ ਬੇਠੀਆਂ ਸਨ।

ਬੀਜੀ ਦੇ ਕਮਰੇ ਵਿੱਚ ਜਾ ਕੇ ਬੈਠਾ ਹੀ ਸਾਂ (ਜਿੱਦਨ ਦੇ ਬੀਜੀ ਬਿਮਾਰ ਹੋਏ ਸਨ ਰਾਤ ਨੂੰ ਉਹਨਾਂ ਕੋਲ ਬੈਠਣ ਦਾ ਮੇਰਾ ਰੁਟੀਨ ਬਣ ਗਿਆ ਸੀ ਚਾਹੇ ੀੰਦਰਾਂ ਮਿਨਟ ਹੀ ਕਿਉਂ ਨਾ ਜਾ ਕੇ ਬੈਠਦਾ) ਬੀਜੀ ਦੇ ਦਰਵਾਜੇ ਅੱਗੋਂ ਅੰਦਰ ਨੂੰ ਝਾਕਦੀ ਹੋਈ ਕੁਝ ਅਝਕਦੀ ਅਝਕਦੀ ਜਿਹੀ ਡਿੰਪਲ ਲੰਘ ਗਈ ਸੀ।

“ਬੀਜੀ ਟੌਲਿਕ ਲੈ ਲਿਆ ਤੁਸੀਂ?” ਯਕਦਮ ਮੈਨੂੰ ਖਿਆਲ ਆਇਆ ਸੀ।

“ਮੇਰਾ ਤੇ ਜੀ ਅਕ ਗਿਆ ਏ ਸ਼ਰਬਤ ਜਿਹਾ ਪੀ ਪੀ ਕੇ।” ਬੀਜੀ ਨੇ ਭੈੜਾ ਜਿਹਾ ਮੂੰਹ ਬਣਾਉਂਦਿਆਂ ਕਿਹਾ ਸੀ।

“ਨਹੀਂ ਬੀਜੀ ਤੁਹਾਡੀ ਸਿਹਤ ਲਈ ਜ਼ਰੂਰੀ ਏ।” ਦਵਾਈ ਦਾ ਚਿਮਚਾ ਉਹਨਾਂ ਦੇ ਮੂੰਹ ਵਿਚ ਪਾਂਦਿਆ ਮੈਂ ਕਿਹਾ ਸੀ।

“ਤੁਸਾਂ ਮੈਨੂੰ ਮਰਦੀ ਮਰਦੀ ਨੂੰ ਬਚਾ ਲਿਆ ਏ।”

“ਇਹ ਤਾਂ ਸਾਡਾ ਫਰਜ਼ ਸੀ।”

ਬੀਜੀ ਦੀਆਂ ਅੱਖਾਂ ਵਿਚ ਸੰਤਸ਼ੁਟਤਾ ਤੇ ਸ਼ੁਕਰ ਗੁਜ਼ਾਰੀ ਦੀ ਨਮੀ ਸੀ।

ਡਿੰਪਲ ਫਿਰ ਦਰਵਾਜ਼ੇ ਵਿਚ ਆ ਖੜੀ ਸੀ। ਅੰਦਰ ਵਡਣ ਤੋਂ ਜਿਵੇਂ ਟਕ ਰਹੀ ਸੀ… ਫਿਰ ਸਹਿਮੀਆਂ ਜਿਹੀਆਂ ਨਜ਼ਰਾਂ ਨਾਲ ਆਪਣੀ ਮੰਮੀ ਦੇ ਕਮਰੇ ਵੱੱਲ ਵੇਚਦੀ ਹੋਈ ਉਹ ਅੰਦਰ ਨੂੰ ਖਿਸਕ ਆਈ ਸੀ।

ਅਸਲ ਵਿਚ ਉਹ ਅੱਜ ਦੇ ਐਨੂਅਲ ਫੇਅਰ ਦੇ ਹਿਸਟਰੌਨਿਕਸ ਦੇ ਪਾਰਟ ਵਿਚ ਫਸਟ ਰਹੀ ਸੀ। ਭਾਵੇਂ ਆਫਿਸ ਤੋਂ ਆਉਦਿਆ ਹੀ ਉਸ ਨੇ ਮੈਂਨੂੰ ਦੱਸਿਆ ਸੀ ਪਰ ਉਹਦੀ ਤੱਸਲੀ ਨਹੀਂ ਸੀ ਹੋਈ ਜਾਪਦੀ। ਡਿੰਪਲ ਨੇ ਮੈਂਨੂੰ ਇਹ ਫੰਕਸ਼ਨ ਅਟੈਂਡ ਕਰਨ ਲਈ ਕਿਹਾ ਸੀਪਰ ਕੰਮਾਂ ਦੀ ਝੰਝਟ ਕਰਕੇ ਜਾ ਨਹੀਂ ਸੀ ਸਕਿਆ।
“ਕਿਹੜੀ ਥੀਮ ਸੀ ਡਿੰਪਲ ?”
“ਕਰਕੇ ਵਿਖਾਵਾਂ?” ਕੁੜੀ ਝੱਟ ਆਪਣੇ ਆਪ ਵਿਚ ਆ ਗਈ।

ਬੜੀ ਦਿਲਚਸਪ ਥੀਮ ਸੀ। ਇੱਕ ਐਕਸਪਰਟ ਵਾਂਙ ਡਿੰਪਲ ਝੱਟ ਆਪਣੀ ਆਵਾਜ਼ ਰਦਲ ਲੈਂਦੀ। ਬੀਜੀ ਤੇ ਮੈਂ ਹੱਸ ਹੱਸ ਦੂਰੇ ਹੋ ਰਹੇ ਸਾਂ।

“ਨੀ ਤੂੰ ਕੌਣ ਹਸੰਨੀ ਏਂ ਮੈਨੂੰ ਇੰਝ ਆਖਣ ਵਾਲੀ ?” ਅਚਾਣਕ ਸਾਹਮਣੇ ਘਰ ਵਾਲੀ ਔਰਤ ਦੀ ਆਵਾਜ਼ ਗੂੰਜੀ ਸੀ।

“ਤੂੰ ਕੌਣ ਹੁੰਨੀਂ ਏਂ ਮਖਾਲੇ ਲਾਣ ਵਾਲੀ?”

“ਨੀਂ ਮੇਰਾ ਪੁਤਰ ਈ, ਜੋ ਮਰਜ਼ੀ ਮੈਂ ਆਖਾਂ।”

“ਬਣ ਜਾਣਾ ਸਾਈ ਫੇਰ ਰੰਨ ਉਹਦੀ…।”

“ਹਾਏ ਨੀ ਕੁਤੀਏ ਤੋਰਾ ਕੱਖ ਨਾ ਰਹੇ।”

“ਆਹੋ ਫੇਰ ਸਾਂਭ ਲੈਣਾ ਸਾਈ, ਫੇਰ ਪੁਆੜੇ ਤਾ ਨਾ ਪੈਂਦੇ।”

“ਵਾਹਿਗੂਰੁ। ਵਾਹਿਗੂਰੁ।…।” ਕਰਦਿਆਂ ਬੀਜੀ ਨੇ ਕੰਨਾਂ ਵਿਚ ਉਂਗਲੀਆਂ ਦੇ ਲਈਆਂ ਸਨ। ਨੀਵੀਆਂ ਨਜ਼ਰਾਂ ਕੀਤੀ ਮੈ ਮੇਜ਼ ਵੱਲ ਝਾਕੀ ਜਾ ਰਿਹਾ ਸਾਂ। ਡਿੰਪਲ ਭੱਜਕੇ ਕਮਰੇ ਵਿਚੋਂ ਬਾਹਰ ਨਿਕਲ ਗਈ ਸੀ।… …ਤੇ ਫੇਰ ਮੈਂ ਵੀ…।

ਮੂੰਹ ਸਿਰ ਬਲ੍ਹੇਟੀ ਪਤਨੀ ਬੈੱਡ ਤੇ ਮੂੱਧੀ ਪਈ ਹੋਈ ਸੀ…

“ਕੀ ਹੋਇਆ ਏ ਤੈਨੂੰ,,,?”ਉਹਦੇ ਬੈੱਡ ਦੀ ਬਾਹੀ ਤੇ ਬੈਠਦਿਆਂ ਮੈਂ ਪੁੱਛਿਆ ਸੀ।

“… …।”

“ਮੈਂ ਪੁੱਛਿਆ ਏ ਕੀਫ ਤਕਲੀਫ ਏ ਤੈਨੂੰ?” ਮੈਂ ਫਿਰ ਆਪਣੀ ਗੱਲ ਦਹੁਰਾਈ ਸੀ।

“ਮਖ ਦੱਸਦੀ ਕਿਉਂ ਨਹੀ? ਮੇਰੇ ਨਾਲ ਨਾਰਾਜ਼ ਏਂ?” ਹੋਰ ਨੇੜੇ ਹੁੰਦਿਆਂ ਮੈਂ ਕਿਹਾ ਸੀ।

“… …।”

“ਹਾਇਆ ਨੀਂ ਜਣਦਿਆਂ ਨੂੰ ਖਾਣੀਏਂ…।” ਗੁਆਢੋਂ ਫਿਰ ਆਵਾਜ਼ ਚੀਕੀ ਸੀ।

“ਨੀਂ ਮਰਨ ਤੇਰੇ ਅਗਲੇ ਪਿਛਲੇ…।”

“ਤੇਰੇ ਮਰਨ।”

“ਤੇਰੇ ਈ ਮਰਨ।”

“ਹਾਏ ਨੀ ਕਾਲੀ ਜੀਭ ਵਾਲੀਏ…।”

“ਯਕਦਮ ਮੈਨੂੰ ਜਾਪਿਆ ਜਿਵੇਂ ਪ੍ਰੀਤ ਹੁੱਬ੍ਹਕੀਆਂ ਭਰ ਰਹੀ ਸੀ। ਸਾਰਾ ਸਰੀਰ ਉਹਦਾ ਹਿੱਲ ਰਿਹਾ ਸੀ।”

“ਲਿਆ ਸਿਰ ਘੁੱਟ ਦਿਆਂ।” ਹੋਰ ਨੇੜੇ ਹੁੰਦਿਆਂ ਮੈਂ ਕਿਹਾ ਸੀ।

ਉਹ ਹਾਲੀ ਵੀ ਹੁੱਬ੍ਹਕੀਆਂ ਭਰੀ ਜਾ ਰਹੀ ਸੀ।

“ਤਕਲੀਫ ਜ਼ਿਆਦਾ ਏ?”

“… …।”

(ਅਗਲੇ ਅੰਕ ‘ਚ ਜਾਰੀ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements