ਉਹ ਨਹੀਂ ਆਉਂਣਗੇ •ਸੁਖਵੰਤ ਕੌਰ ਮਾਨ ਦਾ ਲਘੂ ਨਾਵਲ (ਦੂਸਰੀ ਕਿਸ਼ਤ)

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਵੇਲੀ ਵੱਲੋਂ ਦੀਪ ਦੀਆਂ ਗਾਲਾਂ ਤੇ ਮੱਝ ਨੂੰ ਕੁੱਟਣ ਦੀ ਅਵਾਜ਼ ਆ ਰਹੀ ਸੀ। ਉੱਭੜਵਾਹਿਆ ਉੱਠ ਗਿਆਂ ਸਾਂ।

“ਨਹੀਂ ਮਿਲੀ ਮਾਂ…।” ਦੀਪ ਨੇ ਇੱਕ ਤਰ੍ਹਾਂ ਬਾਲਟੀ ਚੌਂਕੇ ‘ਚ ਸੁੱਟਦਿਆਂ ਕਿਹਾ ਸੀ।

“ਰਾਤ ਮੱਝ ਅੱਗੇ ਪੱਠੇ ਨਹੀਓਂ ਪਾਏ ਹੋਣੇ ਤੇਰੇ ਏਸ ਨੌਕਰ ਨੇ…।” ਕੰਦ ਵੱਲ ਖਲੋਤੇ ਤਾਰੇ ਵੱਲ ਇਸ਼ਾਰਾ ਕਰਦਿਆਂ ਬੀਜੀ ਨੇ ਸ਼ਕਾਇਤ ਲਾਈ ਸੀ।

“ਤੁਸਾਂ ਕੀ ਲੈਣਾ?” ਖਿਝਦਾ ਜਿਹਾ ਦੀਪ ਬੋਲਿਆ ਸੀ।

“ਮੈਂ ਕੀ ਲੈਣਾ, ਦੁੱਧ ਦੀ ਲੱਪ ਜਿਹੜੀ ਦੇਂਦੀ ਏ…।”

“ਫਿਰ ਮੈਂ ਕਿਧਰ-ਕਿਧਰ ਫਾਹੇ ਮਿਲਾਂ…? ਆਂਹਦੇ ਓ ਤਾਂ ਹੁਣੇ ਜੂੜਿਓਂ ਫੜ ਕੇ ਬਾਹਰ ਕਢ ਦੇਨਾ….।” ਦੀਪ ਖਾਸਾ ਖਿਝ ਗਿਆ ਸੀ।

“ਆਹ ਵੇਖੋ ਜੀ ਮੇਰਾ ਹਾਲ ਕੀ ਹੋ ਗਿਆ ਏ ਫੂਕਾਂ ਮਾਰ-ਮਾਰ… ਔਤਰਾਂ ਧੂੰਆਂ ਅੱਖਾਂ ਨੂੰ ਪਿਆ ਲੜਦਾ ਏ…।”

“ਕੱਲ੍ਹ ਆਖ ਤੇ ਆਇਆ ਸਾਂ, ਕੀ ਕਰਾਂ ਨਾਂ ਆਵੇ ਤਾਂ…।”

“ਜਾਹ ਓਏ ਤਾਰਿਆ ਗੇਲੂ ਨੂੰ ਬੁਲਾ ਲਿਆ, ਰੋਜ ਲਾਰੇ ਲਾਈ ਜਾਂਦਾ ਏ….।”

“ਤੁਸੀ ਬੀਜੀ ਮੁੰਡੇ ਨੂੰ ਹਰ ਵੇਲੇ ਕੋਸੀ ਨਾ ਜਾਇਆ ਕਰੋ, ਸੌਆਂ ਨਾਲੋਂ ਚੰਗਾ ਏ….।”

“ਭੈਡੀ ਤੇ ਫਿਰ ਮਹੀਓ ਹੋਈ।”

“ਫਿਰ ਕੰਜਰ ਤੇ ਮਹੀਊਂ ਹੋਇਆ….।” ਗੁੱਸੇ ‘ਚ ਪੈਰ ਪਟਕਦਾ ਦੀਪ ਬਾਹਰ ਨੂੰ ਹੋ ਲਿਆ ਸੀ।

ਵਿਹੜੇ ‘ਚ ਖਿੱਲਰੇ ਧੂੰਏ ਨਾਲ਼ ਜਿਵੇਂ ਸਾਹ ਗੁੰਮ ਹੋ ਰਿਹਾ ਸੀ। ਬਨੇਰੇ ਤੋਂ ਦੀ ਪੈਰ ਰੱਖ ਕੇ ਲੰਘਣ ਲੱਗਿਆ ਇੱਟ ਉੱਖੜੀ ਹੋਈ ਹੋਣ ਕਰਕੇ ਮਸਾਂ ਡਿੱਗਣੋਂ ਬਚਿਆ ਸਾਂ। ਬਨੇਰੇ ਦੀਆਂ ਬਹੁਤ ਸਾਰੀਆਂ ਇੱਟਾਂ ਉੱਖੜੀਆਂ ਪਈਆਂ ਸਨ ਜਿਵੇਂ ਕਦੀ ਕਿਸੇ ਬਨੇਰਾ ਲਿੰਬਿਆਂ ਹੀ ਨਾਂ ਹੋਵੇ। ਕੋਠੇ ‘ਤੇ ਥਾਂ-ਥਾਂ ਘਾਹ ਦੀਆਂ ਤ੍ਰਿੜਾਂ ਫ਼ੁੱਟ ਆਈਆਂ ਸਨ। ਸੋਚ ਰਿਹਾ ਸਾਂ ਬੀਜੀ ਕਿਵੇਂ ਲਿੰਬ ਪੋਚ ਕੇ ਰੱਖਿਆ ਕਰਦੇ ਸਨ ਥਾਂ-ਥਾਂ ਤੋਂ ਟਾਹਣੀਆਂ ਟੁੱਟੀਆਂ ਪਈਆਂ ਸਨ… ਬੀਜੀ ਦੇ ਵੇਲਿਆਂ ‘ਚ ਕਿੰਨੀ ਸੰਘਣੀ ਇਹਦੀ ਛਾਂ ਹੋਇਆ ਕਰਦੀ ਸੀ…।

ਦੀਪ ਦਾ ਕਾਕਾ ਉੱਭੜ ਵਾਹਿਆ ਉੱਠਕੇ ਰੋਣ ਲੱਗਾ ਸੀ।

“ਮਾਂ ਸਦਕੇ, ਮਾਂ ਵਾਰੀ, ਮੇਰਾ ਪੁੱਤਰ…।” ਬੀਜੀ ਮੁੰਡੇ  ਕੁੱਛੜ ਲੈ ਕੇ ਵਿਰਾਉਣ ਲੱਗੇ।

“ਪੱਕ ਜਾਣਗੀਆਂ ਰੋਟੀਆਂ ਤੂੰ ਮੁੰਡਾ ਸੰਭਾਲ…।” ਮੁੰਡੇ ਨੂੰ ਮਾਂ ਕੋਲ ਖਲ੍ਹਾਰਦਿਆਂ ਬੀਜੀ ਨੇ ਕਿਹਾ।

“…ਆਹ ਲਾਹ ਲਵਾਂ ਚਾਰ ਪ੍ਰਾਉਂਠੀਆਂ…।”

ਮੁੰਡਾ ਰੋਈ ਜਾ ਰਿਹਾ ਸੀ।

“… ਚੁੱਪ ਕਰਨਾ ਈ ਕਿ ਨਹੀਂ, ਕੁਲੱਖਣਾ ਔਂਤਰਾ…।” ਚਪੇੜ ਖਾ ਕੇ ਮੁੰਡਾ ਹੋਰ ਕੁਰਲਾ ਉੱਠਿਆ ਸੀ।

ਸਵਰਨ ਗੱਚ ਜਿਹਾ ਖਾਕੇ ਉੱਠੀ ਤੇ ਮੁੰਡੇ ਨੂੰ ਲੈ ਕੇ ਹਵੇਲੀ ਚਲੀ ਗਈ। ਚੁੱਲ੍ਹ ਅੱਗੇ ਬੈਠੇ ਬੀਜੀ ਫ਼ੂਕ ਮਾਰਦੇ ਤਾਂ ਵਾਲ ਉੱਡਕੇ ਅੱਗੇ ਆ ਜਾਂਦੇ,

ਚੁੱਲ੍ਹ ‘ਚੋਂ ਸਵਾਹ ਉੱਡ-ਉੱਡ ਉਹਨਾਂ ਦੇ ਸਿਰ ‘ਚ ਪੈ ਰਹੀ ਸੀ ਤੇ ਉਹ ਹਫ਼ ਰਹੇ ਸਨ….।

“ਇਹ ਤੇ ਰੁੱੜ੍ਹ ਜਾਣਾ ਕੁੱਛੜੋਂ ਈ ਨਹੀਂ ਪਿਆ ਉੱਤਰਦਾ…।” ਚੌਕੇਂ ਦੀ ਬੰਨੀ ਕੋਲ ਖੜੀ ਸਵਰਨ ਨੇ ਕਿਹਾ।

“ਹਾਲੀ ਤਾਈਂ ਮਹਿਰੀ ਵੀ ਨਹੀਂ ਆਨ ਵੜੀ।” ਬੀਜੀ ਨੇ ਤਵੇ ‘ਤੇ ਰੋਟੀ ਪਾਂਦਿਆਂ ਕਿਹਾ।

“ਆਪ ਤੇ ਤੁਸਾਂ ਕੱਢੀ ਸੀ…।”

“ਨਾ ਹੁਣ ਮੈਂ ਜਾਕੇ ਉਹਦੇ ਪੈਰੀਂ ਪਵਾਂ…।”

“ਆ, ਓਸ ਜਾਣਾ ਏ, ਕੱਢਣੋ ਤੁਸਾਂ ਰਹਿਣਾ ਨਹੀਂ।”

“ਨੀ, ਮੈਂ ਕੀ ਉਹਨੂੰ ਆਹਣੀ ਆਂ…?” ਬੀਜੀ ਤਮਕ ਕੇ ਬੋਲੇ ਸਨ।

“ਤੁਸੀਂ ਤੇ ਹਰ ਵੇਲੇ ਉਹਦੇ…।” ਮੈਨੂੰ ਗੁਸਲਖਾਨੇ ‘ਚੋਂ ਨਿਕਲਦਿਆਂ ਵੇਖ ਸਵਰਨ ਅੱਗੋਂ ਕੁਝ ਬੋਲਦੀ ਰਹਿ ਗਈ ਸੀ।

“ਉੱਠੋ ਤੁਸੀਂ ਚੁੱਲ੍ਹੇ ਅੱਗੋਂ, ਪਕਾਅ ਲੈਣੀ ਆਂ ਮੈਂ…।” ਮੁੰਡੇ ਨੂੰ ਚੌਕੇ ਕੋਲ਼ ਡੱਠੀ ਮੰਜੀ ‘ਤੇ ਬਿਠਾ ਹੱਥ ‘ਚ ਰੋਟੀ ਦੀ ਬੁਰਕੀ ਦੇਂਦਿਆਂ ਸਵਰਨ ਨੇ ਕਿਹਾ। ਅੱਖਾਂ ਪੂੰਝਦੇ ਤੇ ਲੜਖ਼ੜਾਉਂਦੇ ਜਿਹੇ ਬੀਜੀ ਚੁੱਲ੍ਹੇ ਅੱਗੋਂ ਉੱਠੇ ਤੇ ਮੁੰਡੇ ਵਾਲ਼ੀ ਮੰਜੀ ‘ਤੇ ਜਾ ਡਿੱਗੇ।

“… ਹਾਇਆ ਨੀ ਮੈਂ ਜੁੱਗੋ ਭੈੜੀ ਹੋ ਗਈ… ਨੀਂ ਮੈਂ ਕੁਪੱਤੀ ਤੇ ਕੁਚੱਜੀ, ਮਹਿਰੀਆਂ ਤੇ ਚੂਹੜੀਆਂ ਮਈਥੋਂ ਚੰਗੀਆਂ… ਆਂਹਦੇ ਨੇ ਬੋਲਦੀ ਕਿਓਂ ਏਂ, ਦਖ਼ਲ ਕਿਓਂ ਦੇਣੀ ਏ…?” ਬੀਜੀ ਦੀ ਵੈਣਾਂ ਵਰਗੀ ਅਵਾਜ਼ ਸੁਣਕੇ ਲਾਂਅ ‘ਤੇ ਕੱਛਾ ਪਾਉਂਦਿਆਂ ਮੇਰੇ ਹੱਥ ਜਿਵੇਂ ਉੱਥੇ ਦੇ ਉੱਥੇ ਹੀ ਠਿਠਕ ਗਏ ਸਨ। ਕੋਠੇ ‘ਤੇ ਸੁੱਤੀ ਡਿੰਪਲ ਉੱਭੜਵਾਹੇ ਉੱਠ ਕੇ ਬਨੇਰੇ ‘ਤੇ ਆ ਖਲੋਤੀ ਸੀ। ਬਾਹਰੋਂ ਹੋਕੇ ਆਈ ਮੇਰੀ ਪਤਨੀ ਤੇ ਆਇਆ ਬੂਹੇ ‘ਚ ਠਿਠਕ ਕੇ ਰਹਿ ਗਈਆਂ ਸਨ। ਚੁਬਾਰੇ ‘ਚ ਪਾਠ ਕਰਦੇ ਭਾਈ ਦੀ ਸੁਰ ਮੱਧਮ ਪੈ ਗਈ ਸੀ। ਨਿੱਕਾ ਅਸ਼ੂ ਜਾਗ ਪਿਆ ਸੀ ਤੇ ਡਰਕੇ ਉੱਚੀ-ਉੱਚੀ ਰੋਣ ਲੱਗਾ ਸੀ। ਵਿਹੜੇ ‘ਚ ਕੁੱਤਾ ਉੱਛਲ-ਉੱਛਲ ਕੇ ਹਵਾ ਨੂੰ ਭੌਂਕੀ ਜਾ ਰਿਹਾ ਸੀ। ਦੀਪ ਦੇ ਪਿੱਛੇ-ਪਿੱਛੇ ਮੋਢੇ ‘ਤੇ ਕੁਹਾੜਾ ਚੁੱਕੀ ਆਉਂਦਾ ਤਰਖ਼ਾਣ ਜਿਵੇਂ ਬਰੂਹਾਂ ‘ਚ ਹੀ ਗੱਡਿਆ ਗਿਆ ਸੀ।

“ਇਹ ਸਿਆਪਾ ਨਾਂ ਮੁੱਕਣਾ ਏ ਨਾਂ ਮਗਰੋਂ ਲਹਿਣਾ ਏਂ…।” ਦੀਪ ਨੇ ਮੇਰੇ ਵੱਲ ਵਿੰਹਦਿਆਂ ਕਿਹਾ ਸੀ।

“ਕੋਈ ਹੈ ਤੁਹਾਨੂੰ ਵਿਚਾਰ… ਕੀ ਆਖਣਗੇ ਭਾ ਜੀ…?” ਕਹਿਣ ਨੂੰ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ।

***  

ਚੁੱਪ-ਚਾਪ ਸਵਰਨ ਮੇਜ਼ ‘ਤੇ ਸਭ ਚੀਜ਼ਾਂ ਰੱਖ ਗਈ ਸੀ।

“ਸੋਚਾਂ ‘ਚ ਕੀ ਪਏ ਹੋ ਭਾ ਜੀ, ਲਓ ਖਾਓ…।” ਮੇਰੀ ਪਲੇਟ ‘ਚ ਚੋਖ਼ਾ ਸਾਰਾ ਮੱਖਣ ਤੇ ਆਮਲੇਟ ਰੱਖਦਿਆਂ ਦੀਪ ਨੇ ਕਿਹਾ ਸੀ।

ਚਾਹ ਦੀਆਂ ਘੁੱਟਾਂ ਮੇਰੇ ਸੰਘ ‘ਚ ਅੜ-ਅੜ ਜਾ ਰਹੀਆਂ ਸਨ। ਹਵੇਲੀ ‘ਚੋਂ ਠੱਕ-ਠੱਕ ਕੁਹਾੜੇ ਦੀ ਅਵਾਜ਼ ਆ ਰਹੀ ਸੀ। ਚੌਂਕੇ ‘ਚ ਬੀਜੀ ਊਂਦੀ ਪਾਈ ਬੈਠੇ ਸਨ।

“ਭਾ ਜੀ ਤੁਸਾ ਤਾਂ ਕੁਝ ਵੀ ਨਹੀਂ ਖਾਧਾ…।” ਮੇਰੀ ਪਲੇਟ ‘ਚ ਸਭ ਕੁਝ ਉਂਝ ਦਾ ਉਂਝ ਪਿਆ ਵੇਖ ਦੀਪ ਨੇ ਕਿਹਾ ਸੀ। ਕੋਸ਼ਿਸ਼ ਕਰਨ ‘ਤੇ ਵੀ ਮੇਰੇ ਸੰਘੋਂ ਬੁਰਕੀ ਨਹੀਂ ਸੀ ਉੱਤਰ ਰਹੀ। ਦੀਪ ਤਸੱਲੀ ਨਾਲ਼ ਖਾ ਰਿਹਾ ਸੀ। ਅੱਧੀ ਪ੍ਰਾਉਂਠੀ ਜਿਵੇਂ ਕਿਵੇਂ ਖਾਕੇ ਉੱਠਿਆਂ ਸਾਂ ਤਾਂ ਭਰਾ ਨੇ ਕਿਹਾ ਸੀ :-

“ਸਵਰਨ ਆਪਾਂ ਨੂੰ ਇਹਨਾਂ ਲਈ ਬਰੈੱਡ ਮੰਗਵਾ ਕੇ ਰੱਖਣੀ ਚਾਹੀਦੀ ਸੀ।”

“ਨਹੀਂ-ਨਹੀਂ ਐਸੀ ਕੋਈ ਗੱਲ ਨਹੀਂ… ਭਲਾ ਅਖ਼ਬਾਰ ਮਿਲ਼ ਜਾਏਗੀ ਏਥੇ ਕੋਈ?” ਅਖ਼ਬਾਰ ਪੜ੍ਹਨ ਲਈ ਡਾਡੀ ਤਤਪਰਤਾ ਜਤਾਦਿਆਂ ਮੈਂ ਦੀਪ ਨੂੰ ਪੁੱਛਿਆ ਸੀ।”

“ਮੈਂ ਹੁਣੇ ਜ਼ੈਲਦਾਰਾਂ ਦਿਓਂ ਅੰਗਰੇਜ਼ੀ ਦਾ ਅਖ਼ਬਾਰ ਲਈ ਆਉਣਾ…।” ਕਹਿੰਦਾ ਹੋਇਆ ਦੀਪ ਬੂਹਿਓਂ ਬਾਹਰ ਹੋ ਗਿਆ ਸੀ।

ਬੀਜੀ ਕੋਲ ਪਈ ਚਾਹ ਤੇ ਪ੍ਰਾਉਂਠੀ ਉਂਝ ਦੀ ਉਂਝ ਅਣਛੋਹੀ ਪਈ ਸੀ…। ਬੀਜੀ ਦੀ ਮੰਜੀ ‘ਤੇ ਬੈਠੀ ਮੇਰੀ ਪਤਨੀ ਮੰਜੀ ਦੀ ਨਿਕਲੀ ਹੋਈ ਰੱਸੀ ਨੂੰ ਅਪਣੀ ਉਂਗਲ ਤੇ ਲਵ੍ਹੇਟਦੀ ਤੇ ਫਿਰ ਉਦੇੜ ਲੈਂਦੀ… ਪਰ੍ਹਾਂ ਖਲੋਤੀ ਡਿੰਪਲ ਇੱਕ ਟੱਕ ਬੀਜੀ ਵੱਲ ਤੱਕੀ ਜਾ ਰਹੀ ਸੀ… ਪਾਠ ਸੁਣਨ ਦਾ ਬਹਾਨਾ ਕਰਕੇ ਮੈਂ ਉੱਪਰ ਚੁਬਾਰੇ ‘ਚ ਚਲਾ ਗਿਆ ਸਾਂ।

“ਭਾ ਜੀ ਕਿੱਥੇ ਨੇ ਆ ਅਖ਼ਬਾਰ ਲਿਆਂਦਾ ਏ…।” ਦੀਪ ਕਾਫ਼ੀ ਦੇਰ ਲਾ ਕੇ ਆਇਆ ਸੀ ਜ਼ੈਲਦਾਰਾਂ ਦੇ ਘਰੋਂ ਉਹਨੂੰ ਅਖ਼ਬਾਰ ਮਿਲ਼ੀ ਹੀ ਨਹੀਂ ਸੀ, ਉਹ ਨਾਲ਼ ਦੇ ਕਸਬੇ ਤੋਂ ਲੈਣ ਚਲਾ ਗਿਆ ਸੀ।

“ਚਲੋ ਖੇਤਾਂ ਨੂੰ ਚੱਲੀਏ” ਦੀਪ ਨੇ ਮੈਂਨੂੰ ਨਾਲ਼ ਚੱਲਣ ਲਈ ਕਿਹਾ ਸੀ। ਘਰ ‘ਚ ਮੈਂਨੂੰ ਘੁਟਣ ਮਹਿਸੂਸ ਹੋ ਰਹੀ ਸੀ। ਘਰੋਂ ਬਾਹਰ ਜਾਣਾ ਮੈਂਨੂੰ ਚੰਗਾ ਲੱਗਿਆ।

“ਮੁਰਗਾ ਮੰਗਵਾ ਲਈ ਸਵਰਨ ਪੈਂਚ ਤੋਂ।” ਦੀਪ ਨੇ ਪਤਨੀ ਦੀ ਤਾਕੀਦ ਕੀਤੀ ਸੀ।

“ਆਹ ਨਰਮਾ ਏ ਭਾ ਚਾਰ ਪੈਲੀਆਂ ਅਹੁ ਕਮਾਦ ਏ…।” ਦੀਪ ਪੈਲ਼ੀਓ ਪੈਲ਼ੀ ਫਿਰਕੇ ਆਪਣੀ ਫ਼ਸਲ ਵਿਖਾ ਰਿਹਾ ਸੀ। ਅੱਗੜ-ਪਿੱਛੜ ਅਸੀਂ ਤੂਤਾਂ ਵਾਲ਼ੇ ਵੱਲ ਹੋ ਤੁਰੇ ਸਾਂ। ਟਿਯੂਬਵੈੱਲ ਤੋਂ ਤਾਜ਼ਾ ਪਾਣੀ ਪੀ ਕੇ ਮੈਂ ਤੂਤਾਂ ਦੀ ਛਵੇਂ ਡੱਠੀ ਮੰਜੀ ਤੇ ਜਾ ਲੇਟਿਆ ਸਾਂ।

ਜਦੋਂ ਦੀ ਹੋਸ਼ ਸੰਭਾਲੀ ਸੀ ਬੀਜੀ ਹੀ ਸਾਡੀ ਦੁਨੀਆਂ ‘ਚ ਸਭ ਕੁਝ ਸਨ। ਕਾਮੇ ਰੱਖਕੇ ਉਹ ਖ਼ੇਤੀ ਕਰਵਾਉਂਦੇ। ਸਾਨੂੰ ਦੋਹਾਂ ਨੂੰ ਨਾਲ਼ ਲਈ ਉਹ ਖ਼ੇਤ ‘ਚ ਹੁੰਦੇ। ਆਪਣੀ ਇੱਕ-ਇੱਕ ਪੈਲ਼ੀ, ਇੱਕ-ਇੱਕ ਬੰਨੇ ਦਾ ਉਹਨਾਂ ਨੂੰ ਖ਼ਿਆਲ ਹੁੰਦਾ। ਪਿੰਡੋਂ ਚੰਗੀ ਉਹਨਾਂ ਦੀ ਫ਼ਸਲ ਹੁੰਦੀ, ਇਲਾਕਿਓਂ ਬਹੁਤੀ ਉਹਨਾਂ ਦੀ ਜਿਣਸ ਹੁੰਦੀ। ਘਰ ਦਾ ਕੰਮ ਸਭ ਆਪ ਹੀ ਕਰਦੇ… ਪਿਓ ਦੀ ਘਾਟ ਦਾ ਉਹ ਸਾਨੂੰ ਕਦੀ ਅਹਿਸਾਸ ਨਾਂ ਹੋਣ ਦਿੰਦੇ… ਇਹ ਸਭ ਸੋਚਦਾ-ਸੋਚਦਾ ਮੈਂ ਸ਼ਾਇਦ ਸੌਂ ਗਿਆ ਸਾਂ।

“ਚੱਲ ਭਾ ਚਲੀਏ…।” ਦੀਪ ਦੀ ਅਵਾਜ਼ ਨਾਲ਼ ਉੱਭੜਵਾਹੇ ਮੈਂ ਉੱਠ ਬੈਠਾਂ ਸਾਂ।

“ਭਾ ਫ਼ਸਲ ਕਿਹੋ ਜਿਹੀ ਲੱਗੀ?” ਕੋਈ ਚਾਰ ਪੈਲੀਆਂ ਦੀ ਵਾਟ ਟੁਰਨ ਤੋਂ ਬਾਅਦ ਉਹਨੇ ਪੁੱਛਿਆ ਸੀ।

“ਚੰਗੀ ਏ।” ਬਗੈਰ ਉਹਦੇ ਵੱਲ ਵੇਖਿਆਂ ਮੈਂ ਸਰਸਰੀ ਜਿਹਾ ਉੱਤਰ ਦਿੱਤਾ ਸੀ।

“ਭਾ ਐਤਕੀ ਰੇਹ ਸੀ ਘਰ ਦੀ, ਮੁੱਲ ਦੀ ਤੇ ਵਾਰਾ ਨਹੀਂ ਖਾਂਦੀ। ਫ਼ਸਲ ਮੈਂ ਐਂਤਕੀ ਰੀਝ ਨਾਲ਼ ਬੀਜੀ ਏ ਪੂਰਾ ਟਿੱਲ ਲਾ ਕੇ, ਬੀਅ ਮੈਂ ਐਤਕੀਂ ਸੀਡ ਕਾਰਪੋਰੇਸ਼ਨ ਵਾਲ਼ਿਆਂ ਕੋਲ਼ੋ ਲਿਆ ਏ …।” ਉਹ ਬੋਲੀ ਜਾ ਰਿਹਾ ਸੀ।

“ਇੱਕ ਝੋਟੀ ਸਾਉਣ ‘ਚ ਸੂਈ ਸੀ। ਅੱਸੂ ‘ਚ ਦੂਜੀ ਵੀ ਸੂ ਪੈਣੀ ਏ, ਇੱਕ ਸੱਜਰ ਸੂ ਮਰ ਗਈ ਸੀ, ਸਾਰਾ ਸਾਲ ਫਾਕੇ ਕੱਟਣਾ ਪਿਆ…।”

ਮੂੰਹ ਧਿਆਨੇ ਬਿਨਾਂ ਹੂੰ ਹਾਂ ਕੀਤਿਆਂ ਮੈਂ ਉਹਦੇ ਨਾਲ਼ ਤੁਰਿਆ ਆ ਰਿਹਾਂ ਸਾਂ।

“ਭਾ ਰਾਜੀ ਤਾਂ ਹੈ ਮਖ਼…?” ਹੈਰਾਨੀ ਨਾਲ਼ ਮੇਰੇ ਮੂੰਹ ਵੱਲ ਤੱਕਦਿਆਂ ਉਹਨੇ ਪੁੱਛਿਆ।

“ਨਹੀਂ ਕੁਝ ਨਹੀਂ ਹੋਇਆ ਮੈਂਨੂੰ…।” ਇੱਕ ਦਮ ਸੁਖ਼ੜ ਹੁੰਦਿਆਂ ਮੈਂ ਕਿਹਾ।

“ਆਹ ‘ਖ਼ਬਾਰ ਤਾਂ ਤੁਸਾਂ ਖੋਲ੍ਹੀ ਵੀ ਨਹੀਂ।” ਹੱਥ ‘ਚ ਤਹਿ ਕੀਤੀ ਅਖ਼ਬਾਰ ਵੱਲ਼ ਮੇਰਾ ਧਿਆਨ ਦੁਆਦਿਆਂ ਉਹਨੇ ਕਿਹਾ।

“ਨੀਂਦ ਜਿਹੀ ਆ ਗਈ ਸੀ ਤੂਤਾਂ ਥੱਲੇ।” ਮੈਂ ਝੂਠ ਬੋਲਿਆ। ਫਿਰ ਤੋੜ ਤੱਕ ਦੀਪ ਕੁਝ ਨਾ ਬੋਲਿਆ।

“ਤੁਹਾਨੂੰ ਕਿੰਨੀ ਵਾਰ ਕਿਹਾ ਵੇ, ਅਰਾਮ ਨਾਲ਼ ਬਿਹਾ ਕਰੋ…।” ਅੰਦਰ ਵੜਦਿਆਂ ਹੀ ਬੀਜੀ ਨੂੰ ਡਿਉੜ੍ਹੀ ‘ਚ ਪੋਚਾ ਫ਼ੇਰਦਿਆਂ ਵੇਖ ਮੈਂ ਹੈਰਾਨ ਜਿਹਾ ਰਹਿ ਗਿਆ।

“ਬੀਜੀ ਕੁਝ ਤਾਂ ਆਪਣਾ ਖਿਆਲ ਰੱਖਿਆ ਕਰੋ, ਏਸ ਤਰ੍ਹਾਂ ਤਾਂ ਤੁਸੀਂ ਬਿਮਾਰ ਹੋ ਜਾਓਗੇ…।” ਕੁਝ ਨਾਂ ਕਹਿਣਾ ਚਾਹੁੰਦਿਆਂ ਵੀ ਮੇਰੇ ਮੂੰਹੋਂ ਨਿਕਲ ਗਿਆ।

“ਏਹੋ ਤਾਂ ਮੈਂ ਆਹਨਾਂ… ਹੋਰ ਮੇਰੀ ਇਹਨਾਂ ਨਾਲ਼ ਲੜ੍ਹਾਈ ਕੀ ਏ?”..

“ਇਹਨਾਂ ਨੂੰ ਈ ਪੁੱਛ ਲਓ, ਕਿੰਨੇ ਤਰਲੇ ਮੈਂ ਕੱਢੇ ਨੇ ਇਹਨਾਂ ਦੇ ਪਈ ਛੱਡੋ ਪੋਚਾ  ਤੇ ਰੋਟੀ ਖਾਓ…।” ਸਵਰਨ ਨੇ ਕਿਹਾ।

“ਮੈਂ ਤੁਹਾਡਾ ਕੀ ਵਿਗਾੜਿਆ ਏ? ਕਿਉਂ ਕੀਕਣਾਂ ਵਾਂਗ ਹੋ ਗਏ ਓ ਮੇਰੇ ਦੁਆਲੇ?”

“ਜਦੋਂ ਤੁਹਾਨੂੰ ਜੁ ਆਖਿਆ ਏ ਪਈ ਜਨਾਨੀ ਲਾ ਲਈਏ…।”

“ਮੈਂ ਕੋਈ ਮੋੜ ‘ਤੇ ਨਹੀਂ ਘੱਲੀ ਤੇਰੀ ਲਾਈ ਹੋਈ ਜਨਾਨੀ।”

“… ਤੁਸੀਂ ਬਾਬਾ ਸੱਚੇ ਤੇ ਅਸੀਂ ਝੂਠੇ…।” ਦੀਪ ਨੇ ਆਪਣੇ ਮਨੋਂ ਹਾਰ ਮੰਨਦਿਆਂ ਕਿਹਾ।

“ਭਾ, ਮੁੜਦੇ ਨਹੀਂ ਆਪਣੀ ਆਈ ਤੋਂ ਭਾਵੇਂ ਕੀ ਹੋ ਜਾਏ…।”

“ਆਇਆਂ ਗਿਆਂ ਇਹਨਾਂ ਸਾਡੇ ਸਿਰ ਸੁਆਹ ਜੁ ਪੁਆਉਣੀ ਹੋਈ…।” ਮੀਟ ਵਾਲ਼ਾ ਡੋਂਗਾ ਮੇਜ਼ ‘ਤੇ ਰੱਖਦਿਆਂ ਸਵਰਨ ਬੋਲੀ।

“ਏਨੀ ਖੇਚਲ ਕਾਹਨੂੰ ਕਰਨੀ ਸੀ”, ਮੁਰਗੇ ਦਾ ਮੀਟ ਵੇਖਦਿਆਂ ਮੈਂ ਕਿਹਾ।

“ਭਾ ਤੈਨੂੰ ਹੋਈ ਕੀ ਜਾਂਦਾ ਏ? ਕੇਹੀਆਂ ਓਪਰਿਆਂ ਵਾਂਗ ਗੱਲਾਂ ਕਰਨਾ ਏਂ…।” ਡੂੰਘੀ ਨੀਝ ਨਾਲ਼ ਮੇਰੇ ਵੱਲ ਵੇਖਦਿਆਂ ਦੀਪ ਨੇ ਕਿਹਾ।

“ਨਹੀਂ, ਨਹੀਂ, ਮੇਰਾ ਕੋਈ ਇਹੋ ਜਿਹਾ ਭਾਵ ਨਹੀਂ।” ਕਾਹਲ਼ੀ-ਕਾਹਲ਼ੀ ਇੰਝ ਕਹਿੰਦਿਆਂ ਮੈਂ ਗੱਲ ਨੂੰ ਟਾਲ਼ਨਾ ਚਾਹਿਆ।

ਮੁਰਗੇ ਦੀਆਂ ਸੈਂਖੀਆਂ ਚੂਸਦਿਆਂ ਦੀਪ ਕਾਫ਼ੀ ਮੂਡ ‘ਚ ਸੀ। ਉਹ ਉੱਚੀ-ਉੱਚੀ ਕਹਿਕੇ ਲਗਾ ਰਿਹਾ ਸੀ। ਕਿਵੇਂ ਸਕੂਲ ਜਾਣ ਦੀ ਬਜਾਏ ਮੁਨਸ਼ੀ ਜੀ ਦੇ ਤ੍ਹਾਹੇ ਹੋਏ ਅਸੀਂ ਝਾਡੀਆਂ ‘ਚ ਲੁੱਕ ਗਏ ਸਾਂ… ਕਿਵੇਂ ਬੀਜੀ ਨੂੰ ਆਲੇ-ਟਾਲੇ ਲਾ ਕੇ ਬੇਲੀਆਂ ਨਾਲ਼ ਮਲ੍ਹਿਆਂ ਦੇ ਬੇਰ ਚੁਗਣ ਚਲੇ ਜਾਇਆ ਕਰਦੇ ਸਾਂ।

ਬੱਚੇ ਸੁਣ-ਸੁਣ ਕੇ ਲੋਟ ਪੋਟ ਹੋ ਰਹੇ ਸਨ। ਪਤਨੀ ਤੇ ਸਵਰਨ ਵੀ ਮੁਸਕਰਾ ਰਹੀਆਂ ਸਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements