ਉਹ ਨਹੀਂ ਆਉਂਣਗੇ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(16 ਮਾਰਚ 2017, ਪੰਜਵੀਂ ਕਿਸ਼ਤ)

ਬਰਾਂਡੇ ‘ਚ ਬੈਠੇ ਜਿਪਸੀ ਨੇ ਉੱਠਕੇ ਆਕੜ ਭੰਨੀ ਤੇ ਪੂਛ ਹਿਲਾਂਦਾ ਗੇਟ ਵੱਲ਼ ਦੋੜਿਆ, ਨੇੜੇ ਆਇਆ, ਠਿਠਕਿਆ ਤੇ ਹਵਾ ‘ਚੋਂ ਕੁਝ ਸੁੰਘ ਬੀਜੀ ਨੂੰ ਭੋਂਕਣ ਲੱਗਾ। ਕਿਚਨ ‘ਚੋਂ ਨਿੱਕਲ ਕੇ ਗੇਟ ਖੋਲਣ ਆਏ ਮੁੰਡੂ ਨੇ ਅਜੀਬ ਜਿਹੀਆਂ ਓਪਰੀਆਂ ਨਜ਼ਰਾਂ ਨਾਲ਼ ਬੀਜੀ ਵੱਲ਼ ਵੇਖਿਆ ਤੇ ਪਤਨੀ ਦੀਆਂ ਅੱਖਾਂ ਓਨਾਂ ਚਿਰ ਆਲਾ-ਦੁਆਲਾ ਤਾੜਦੀਆਂ ਰਹੀਆਂ ਜਿੰਨਾਂ ਚਿਰ ਬੀਜੀ ਨੂੰ ਮੋਢੇ ਤੋਂ ਦੀ ਹੱਥ ਪਾਈ ਮੈਂ ਅੰਦਰ ਨਾ ਲੈ ਗਿਆ ।

ਅੰਦਰ ਵੜਦਿਆਂ ਹੀ ਬੀਜੀ ਨੇ ਕਮਰੇ ਦਾ ਸਰਸਰੀ ਜਿਹਾ ਜਾਇਜ਼ਾ ਲਿਆ। ਸਜੇ ਸਜਾਏ ਡਰਾਇੰਗ ਰੂਮ ਦੇ ਵਧੀਆ ਸੋਫ਼ੇ ‘ਤੇ ਬੈਠਦਿਆ ਉਹ ਕੁਝ ਝਿਜਕੇ। ਸਾਹਮਣੀ ਦਿਵਾਰ ਤੋਂ ਹੁੰਦੀ ਹੋਈ ਉਹਨਾਂ ਦੀ ਨਜ਼ਰ ਸਾਹਮਣੀ ਸ਼ੈਲਫ ‘ਤੇ ਪਈ ਤੇ ਪਿਤਾ ਜੀ ਦੀ ਤਸਵੀਰ ‘ਤੇ ਆ ਕੇ ਠਿਠਕ ਗਈ ਸੀ। ਕੱਪੜੇ ਬਦਲ ਕੇ ਆਇਆ ਤਾਂ ਬੀਜੀ ਉਂਝ ਦੇ ਉਂਝ ਪਿਤਾ ਜੀ ਦੀ ਤਸਵੀਰ ਵੱਲ਼ ਵੇਖੀ ਜਾ ਰਹੇ ਸਨ। ਹੱਥਾਂ ‘ਚ ਫੜੇ ਚਾਹ ਦੇ ਪਿਆਲਿਆਂ ‘ਚੋਂ ਨਿੱਕਲਦੀ ਸੋਂਧੀ ਸੋਂਧੀ ਭਾਫ਼ ਪਲੇਟ ‘ਚ ਪਏ ਬਰੀਟੈਨਿਕਾ ਦੇ ਬਿਸਕੁਟ, ਕਲਕੱਤੇ ਦੇ ਰਸਗੁੱਲਿਆਂ ਦਾ ਭਰਿਆ ਡੋਂਗਾ…ਦੀਵਾਰਾਂ ‘ਤੇ ਲੱਗੇ ਚਿੱਤਰ ਕਾਰਨਰ ‘ਚ ਪਿਆ ਕਲੇਅ ਮਾਡਲਿੰਗ ਦਾ ਸ਼ਾਹਕਾਰ, ਸ਼ੈਲਫਾਂ ‘ਤੇ ਪਈਆਂ  ਤਸਵੀਰਾਂ……ਪਤਨੀ ਤੇ ਡਿੰਪਲ ਦੇ ਕੁਝ ਮਾਯੂਸ ਤੇ ਹੈਰਾਨ ਚਿਹਰੇ…ਬੀਜੀ ਦਾ ਸੋਚਵਾਣ, ਮਮਤਾ-ਮਈ, ਪਿਆਰ ‘ਤੇ ਪਛਤਾਵੇ ਭਰਿਆ ਚਿਹਰਾ…ਸਭ ਕੁਝ ਇੱਕਦਮ ਅਹਿਲ…!

ਆਇਸਤਾ ਆਇਸਤਾ ਬੀਜੀ ਦੀਆਂ ਨਜ਼ਰਾਂ, ਤਸਵੀਰਾਂ ਫ਼ਰਸ਼ ਕੰਧਾਂ ‘ਤੇ ਛੱਤ ਤੋਂ ਹੁੰਦੀਆਂ ਹੋਈਆਂ, ਡਿੰਪਲ ਤੇ ਪ੍ਰੀਤ ਦੇ ਚਿਹਰਿਆਂ ‘ਤੋਂ ਦੀ ਖਿਸਕਦੀਆਂ ਹੋਈਆਂ ਮੇਰੇ ਤੇ ਆ ਟਿਕੀਆਂ ਸਨ।

ਟਰੇਅ ‘ਚੋਂ ਚਾਹ ਦਾ ਕੱਪ ਬੀਜੀ ਦੇ ਹੱਥ ‘ਚ ਥਮਉਂਦਿਆਂ ਆਪਣਾ ਕੱਪ ਲਈ ਮੈਂ ਉਹਨਾਂ ਕੋਲ ਸੋਫ਼ੇ ਤੇ ਬੈਠ ਗਿਆ ਸਾਂ। ਚਾਹ ਦੀਆਂ ਨਿੱਕੀਆਂ ਨਿੱਕੀਆਂ ਚੁਸਕੀਆਂ ਭਰਦਿਆਂ ਸਾਰੇ ਕੇਵਲ ਚੁੱਪ ਨੂੰ ਹੋਰ ਸੰਘਣਾ ਕਰ ਰਹੇ ਸਨ।

”ਬੀਜੀ ਬਿਸਕੁਟ ਤਾਂ ਤੁਸਾਂ ਲਏ ਈ ਨਹੀਂ ।” ਅਚਾਨਕ ਡਿੰਪਲ, ਬਿਸਕੁਟਾਂ ਦੀ ਪਲੇਟ ਚੁੱਕ ਬੀਜੀ ਅੱਗੇ ਕਰਦੀ ਹੋਈ ਨੇ ਚੁੱਪ ਤੋੜੀ।

”ਲਓ ਬੀਜੀ ਰਸਗੁੱਲਾ ਵੀ ਲਵੋ ਨਾ…।” ਰਸਗੁੱਲਿਆਂ ਵਾਲਾ ਡੋਂਗਾ ਬੀਜੀ ਦੇ ਅੱਗੇ ਕਰਦਿਆ ਮੈਂ ਕਿਹਾ।

”ਮਾਈ ਸਵੀਟ ਬੀਜੀ!” ਚਹਿਕ ਕੇ ਆਪਣੀ ਜਗਾ ਤੋਂ ਉੱਠਕੇ ਬੀਜੀ ਨੂੰ ਜੱਫ਼ੀ ਪਾਉਂਦੀ ਡਿੰਪਲ ਨੇ ਕਿਹਾ।

”ਬੇਟਾ ਉਹਨਾਂ ਨੂੰ ਚਾਹ ਤਾਂ ਪੀ ਲੈਣ ਦੇ…।” ਪ੍ਰੀਤ ਨੇ ਡਿੰਪਲ ਨੂੰ ਘੁਰਕਿਆ।

”ਸਰਦਾਰ ਜੀ ਯੇਹ ਡਾਕ…।” ਮੁੰਡੇ ਨੇ ਮੇਜ਼ ‘ਤੇ ਥੱਬਾ ਕੁ ਕਾਗਜ਼ਾ ਦਾ ਰਖਦਿਆਂ ਕਿਹਾ।

ਟਰਨ, ਟਰਨ, ਟਰਨ। ਫੋਨ ਦੀ ਘੰਟੀ ਵੱਜਦਿਆਂ ਹੀ ਮੈਂ ਚਾਹ ਵਿੱਚੇ ਰੱਖ ਮੇਜ਼ ਵੱਲ਼ ਲਪਕਿਆ।

”ਬੀਜੀ ਪਾਣੀ ਗਰਮ ਹੋ ਗਿਆ।” ਭਾਂਡੇ ਚੁੱਕਣ ਆਏ ਮੁੰਡੇ ਨੇ ਪ੍ਰੀਤ ਨੂੰ ਕਿਹਾ।

”ਸ਼ਰਮਾ ਏਂ, ਮੇਰਾ ਸੀਨੀਅਰ, ਘਰ ਬੁਲਾ ਰਿਹਾ ਏ…।” ਪਤਨੀ ਤੋਂ ਜਾਣ ਦੀ ਇਜਾਜ਼ਤ ਲੈਂਦਿਆਂ ਮੈਂ ਦੱਸਿਆ।

”ਅਸ਼ੂ ਨੂੰ ਟੱਟੀਆਂ ਲੱਗੀਆਂ ਹੋਈਆਂ ਨੇ…ਡਾਕਟਰ ਕੋਲ ਜਾਣਾ ਪੈਣਾ ਏਂ…।” ਪਤਨੀ ਮੈਥੋਂ ਵੀ ਪਹਿਲਾਂ ਤਿਆਰ ਸੀ।

ਮੈਂ ਜਾਣ ਲਈ ਤਿਆਰ ਹੋ ਰਿਹਾ ਸਾਂ…ਡਿੰਪਲ ਆਪਣੀ ਐਲਬਮ ਖੋਹਲੀ ਬੀਜੀ ਨੂੰ ਤਸਵੀਰਾਂ ਵਿਖਾ ਰਹੀ ਸੀ।

”ਬੇਟਾ ਉਹਨਾਂ ਨੂੰ ਨਹਾ ਧੋ ਲੈਣ ਦੇ, ਸਫਰ ਤੋਂ ਥੱਕੇ ਹੋਏ ਆਏ ਨੇ…।” ਬੀਜੀ ਦਾ ਥੱਕਿਆ, ਮੁਰਝਾਇਆ ਚਿਹਰਾ ਦੇਖਕੇ ਮੈਂ ਸਮਝਾਇਆ।

”ਡਿੰਪਲ ਅੱਗੇ ਐਨੇ ਦਿਨ ਤੇਰੀ ਪੜਾਈ ਖ਼ਰਾਬ ਹੋਈ ਏ, ਨਹਾ ਕੇ ਹੁਣ ਪੜ•ਨ ਬੈਠ ਜਾ ਛੇਤੀ, ਮੇਰੇ ਪਿੱਛੇ ਆਉਂਦੀ ਪ੍ਰੀਤ ਨੇ ਧੀ ਨੂੰ ਹਦਾਇਤ ਕਰਦਿਆਂ ਕਿਹਾ।

”ਗਰਮ ਪਾਣੀ ਬਾਥ ਰੂਮ ਮੇਂ ਰਖ ਦੇ ਬੀਜੀ ਕੇ ਲੀਏ…” ਪਰਤ ਕੇ ਮੈਂ ਮੁੰਡੂ ਨੂੰ ਕਿਹਾ।

ਘੰਟੇ ਕੁ ਬਾਅਦ ਅਸੀਂ ਪਰਤੇ ਤਾਂ ਬੀਜੀ ਉਵੇਂ ਦੇ ਉਵੇਂ ਊਂਧੀ ਪਾਈ ਬੈਠੇ ਸਨ…ਪਰ ਬੈਠੀ ਡਿੰਪਲ ਐਲਬਮ ਫੋਲ਼ਦੀ ਹੋਈ ਆਪਣੇ ਬਚਪਨ ਦੀਆਂ ਤਸਵੀਰਾਂ ਵੇਖੀ ਜਾ ਰਹੀ ਸੀ।

”ਕਿਉਂ ਬਈ ਪਾਣੀ ਰਖ਼ ਦੀਆਂ ਬੀਜੀ ਕੇ ਲੀਏ?”

”ਕਭੀ ਕਾ ਰਖ ਦੀਆ, ਕਈ ਵਾਰ ਬੋਲਾ ਭੀ…।” ਊਂਧੀ ਪਾਈ ਬੈਠੇ ਬੀਜੀ ਵੱਲ਼ ਗਹੁ ਨਾਲ਼ ਵਿਹੰਦਿਆਂ  ਉਹਨੇ ਕਿਹਾ।

”ਬੀਜੀ ਉਠਕੇ ਨਹਾ ਲਵੋ, ਐਨੀ ਗਰਮੀ ਚੋਂ ਆਏ ਓ” ਕਹਿੰਦਿਆਂ ਮੈਂ ਸਟੱਡੀ ‘ਚ ਜਾ ਕੇ ਕਈਆਂ ਦਿਨਾਂ ਦੀ ਜਮਾ ਪਈ ਡਾਕ ਫ਼ੋਲਣ ਲੱਗਾ।

”ਬੀਜੀ ਦਾ ਕਮਰਾ ਤਿਆਰ ਕਰ ਦਿੱਤਾ?” ਹੱਥ ‘ਚ ਖ਼ਤ ਲਈ ਪੜ•ਦਾ ਪੜਦਾ ਮੈਂ ਅਸ਼ੂ ਨੂੰ ਦਵਾਈ ਦੇ ਰਹੀ ਪਤਨੀ ਕੋਲ ਆ ਖਲੋਤਾ।

”ਤੁਹਾਡੇ ਨਾਲ਼ ਹੀ ਤੇ ਆਈ ਆਂ, ਅਸ਼ੂ ਨੂੰ ਦਵਾਈ ਦੇ ਲਵਾਂ…?” ਥੋੜਾ ਹੈਰਾਨ ਹੁੰਦੀ ਪਤਨੀ ਨੇ ਮੇਰੇ ਵੱਲ਼ ਵੇਖਿਆ।

”ਪੁਲਾਅ ਬਣਾ ਲੈਣਾ ਮਿੱਠਾ, ਮੇਵੇ, ਮਗਜ਼ ਪਾ ਕੇ।” ਪਤਨੀ ਨੂੰ ਕਹਿੰਦਿਆਂ ਮੈਂ ਫ਼ਿਰ ਸਟੱਡੀ ਵੱਲ਼ ਚਲਿਆ ਗਿਆ।

”ਏਥੋਂ ਦਾ ਮੋਸਮ ਨਾ ਬਹੁਤਾ ਗਰਮ ਏਂ ਨਾਂ ਸਰਦ, ਤੁਹਾਡੇ ਲਈ ਠੀਕ ਰਹੇਗਾ…।” ਨਹਾਂ ਕੇ ਆਏ ਬੀਜੀ ਕੋਲ ਬੈਠਦਿਆਂ ਗੱਲ ਕਰਨ ਖ਼ਾਤਰ ਮੈਂ ਕਿਹਾ।

”ਕਿਹੜਾ ਕਮਰਾ ਠੀਕ ਰਹੇਗਾ ਬੀਜੀ ਲਈ?” ਹੱਥ ‘ਚ ਨਵੀਂ ਆਈ ਇਲਅਸਟ੍ਰੇਟਿਡ ਵੀਕਲੀ ਲਈ ਮੈਂ ਪਤਨੀ ਨਾਲ਼ ਸਲਾਹ ਕਰਨ ਖ਼ਾਤਰ, ਉਹਦੇ ਕਮਰੇ ‘ਚ ਆਉਂਦਿਆਂ ਕਿਹਾ।

”ਉਹਨਾਂ ਦੀ ਹਰ ਸਹੂਲਤ ਦਾ ਖ਼ਿਆਲ ਰੱਖਣਾ ਸਾਡਾ ਫਰਜ਼ ਏ।” ਪਤਨੀ ਦੇ ਕੁਝ ਵੀ ਕਹਿਣ ਤੋਂ ਪਹਿਲਾਂ ਮੈਂ ਫ਼ਿਰ ਕਿਹਾ।

”ਮੇਰੇ ਖਿਆਲ ‘ਚ ਅਟੈਚਡ ਬਾਥ ਰੂਮ ਵਾਲ਼ਾ ਕਮਰਾ ਹੀ ਉਹਨਾਂ ਲਈ ਠੀਕ ਰਹੇਗਾ।” ਪਤਨੀ ਨਾਲ਼ ਸਲਾਹ ਕਰਨ ਵਾਂਗਰ ਮੈਂ ਕਿਹਾ।

”ਉਹ ਤੇ ਡਿੰਪਲ ਕੋਲ ਏ।”

”ਡਿੰਪਲ ਨੂੰ ਕੋਈ ਹੋਰ ਕਮਰਾ ਦਿੱਤਾ ਜਾ ਸਕਦੈ।” ਪਤਨੀ ਚੁੱਪ ਕਰਕੇ ਉੱਠੀ ਤੇ ਅਸ਼ੂ ਨੂੰ ਆਇਆ ਨੂੰ ਫੜਾਉਂਦੀ ਹੋਈ ਕਿਚਨ ‘ਚ ਚਲੀ ਗਈ ਵੀਕਲੀ ਮੇਜ਼ ‘ਤੇ ਰੱਖਦਿਆਂ ‘ਰੀਡਰਜ਼ ਡਾਈਜੈਸਟ’ ਲਈ ਮੈਂ ਬੀਜੀ ਕੋਲ ਬੈਠਾ ਸਫ਼ੇ ਫ਼ੋਲਨ ਲੱਗਾ। ਬੀਜੀ ਨਾਲ਼ ਦੀਪ ਤੇ ਉਹਦੀ ਪਤਨੀ ਬਾਰੇ, ਬੀਜੀ ਦੇ ਚਿਹਰੇ ਦਾ ਅਜੀਬ ਜਿਹਾ ਪ੍ਰਭਾਵ ਵੇਖ ਕੇ ਮੈਂ ਗੱਲ ਕਰਦਾ ਕਰਦਾ ਰਹਿ ਗਿਆ।

”ਕੀ ਕੀ ਬਣਾਇਆ ਜਾ ਰਿਹਾ ਏ?” ਮੈਂ ਬੀਜੀ ਕੋਲੋਂ ਉੱਠਕੇ ਕਿਚਨ ‘ਚ ਭਿੰਡੀਆਂ ਨੂੰ ਤੜਕਾ ਲਾ ਰਹੀ ਆਪਣੀ ਪਤਨੀ ਕੋਲ ਜਾ ਖਲੋਤਾ…।”

”ਫਿਰ ਕਮਰੇ ਬਾਰੇ ਕੀ ਸੋਚਿਆ ਜੇ?”

”ਡਿੰਪਲ ਵੀ ਬੀਜੀ ਵਾਲ਼ੇ ਕਮਰੇ ਵਿੱਚ ਸੌਂ ਜਾਇਆ ਕਰੇਗੀ।” ਪਤਨੀ ਦੇ  ਕੁਝ  ਕਹਿਣ ਤੋਂ ਵੀ ਪਹਿਲਾਂ ਮੈਂ ਆਪਣਾ ਫੈਸਲਾ ਦੇਂਦਿਆਂ ਕਿਹਾ।

”ਚਲੋ ਜਿਵੇਂ ਤੁਸੀਂ ਠੀਕ ਸਮਝਦੇ ਓ।” ਕੁਝ ਲਮਕਵੀਂ ਜਿਹੀ ਅਵਾਜ਼ ‘ਚ ਕਹਿੰਦੀ ਹੋਈ ਪਤਨੀ ਪੁਲਾਅ ਲਈ ਸੌਗ਼ੀ ਚੁਣਨ ਲੱਗੀ…।

ਸਟੱਡੀ ਵੱਲ਼ ਜਾਂਦਿਆ ਮੈਂ ਵੇਖਿਆ, ਬੀਜੀ ਬਰਾਂਡੇ ‘ਚ ਖਲੋਤੇ ਲਗਾਤਾਰ ਸਾਹਮਣੇ ਸੜਕ ਵੱਲ਼ ਤੱਕੀ ਜਾ ਰਹੇ ਸਨ।

”ਡਿੰਪਲ ਫਿਰਾ ਤੁਰਾ ਲਿਆ ਇਹਨਾਂ ਨੂੰ ਜ਼ਰਾ…ਬੜੇ ਥੱਕੇ ਥੱਕੇ ਜਾਪਦੇ ਨੇ…।”

”ਰਾਮੂ ਕੁਰਸੀ ਲਾ ਭਈ ਬੀਜੀ ਕੇ ਲੀਏ…।” ਉਹਨਾਂ ਦੇ ਕੁਝ ਵੀ ਕਹਿਣ ਤੋਂ ਪਹਿਲਾਂ ਮੈਂ ਮੁੰਡੂ ਨੂੰ ਆਵਾਜ਼ ਦੇਂਦਿਆਂ ਕਿਹਾ।

ਚੁੱਪਚਾਪ ਲਾਅਨ ‘ਚ ਡੱਠੀ ਕੁਰਸੀ ‘ਤੇ ਬੈਠੇ ਬੀਜੀ ਸੜਕ ਤੇ ਫਿਰ ਰਹੇ ਲੋਕਾਂ, ਬੱਸਾਂ, ਮੋਟਰਾਂ ਤੇ ਟਰਾਮਾਂ ਵੱਲ਼ ਓਪਰੀਆਂ ਜਿਹੀਆਂ ਨਜ਼ਰਾਂ ਨਾਲ਼ ਬੇਖੀ ਜਾ ਰਹੇ ਸਨ, ਪਰ ਰਾਤ ਨੂੰ ਖਾਣੇ ਦੀ ਮੇਜ਼ ‘ਤੇ ਬੈਠਦਿਆਂ ਹੀ ਉਹ ਆਮ ਵਾਂਗ ਹੋ ਗਏ…।

”ਓ! ਬੀਜੀ ਆਏ ਹੋਏ ਨੇ…।” ਕਾਲਜੋ ਕਿਸੇ ਫ਼ਰੈਂਡ ਦੇ ਘਰ ਤੇ ਫਿਰ ਓਧਰੋਂ ਸਿੱਧੀ ਪਿਕਚਰ ਵੇਖ ਕੇ ਆਉਂਦਿਆਂ, ਅਰਸ਼ੀ ਉਹਨਾਂ ਦੀ ਵੱਡੀ ਪੋਤਰੀ ਨੇ ਬੀਜੀ ਨੂੰ ਜੱਫੀ ‘ਚ ਲੈਂਦਿਆਂ ਕਿਹਾ।

”ਹੋਰ ਲਵੋ ਚੋਲ…।” ਮੈਂ ਮਗ਼ਜ਼ ਮੇਵੇ ਪਾ ਕੇ ਬਣਾਏ ਪੁਲਾਅ ਦਾ ਵੱਡਾ ਚਮਚਾ ਭਰਕੇ ਬੀਜੀ ਦੀ ਪਲੇਟ ‘ਚ ਪਾਂਦਿਆਂ ਕਿਹਾ।  ”ਬੀਜੀ ਆਹ ਭਿੰਡੀ ਹੋਰ ਲਵੋ ਨਾਂ…।” ਸਬਜ਼ੀ ਵਾਲਾ ਡੌਂਗਾ ਬੀਜੀ ਅੱਗੇ ਕਰਦਿਆਂ ਪਤਨੀ ਨੇ ਕਿਹਾ।

”ਬੀਜੀ ਆਹ ਸੇਬ ਤਾਂ ਤੁਸਾਂ ਲਿਆ ਹੀ ਨਹੀਂ…।” ਡਿੰਪਲ ਨੇ ਸੇਬ ਦੇ ਟੁਕੜੇ ਤੋਂ ਛਿੱਲੜ ਲਾਹ ਕੇ ਉਹਨਾਂ ਦੀ ਪਲੇਟ ‘ਚ ਰਖਦਿਆਂ ਕਿਹਾ। ਕੋਲ ਖੜੀ ਆਇਆ ਦੇ ਕੁੱਛੜ ਚੁੱਕਿਆ ਅਸ਼ੂ ਸੇਬ ਦੇ ਟੁਕੜੇ ਵੱਲ਼ ਉੱਲਰ ਪਿਆ।

“…ਨਾ ਨਾ ਬੀਜੀ ਇਹਨੇ ਨਹੀਂ ਖਾਣਾ…।” ਸੇਬ ਦੇ ਟੁਕੜੇ ਵਾਲ਼ਾ ਅਸ਼ੂ ਵੱਲ ਵਧਿਆ ਬੀਜੀ ਦਾ ਹੱਥ ਉੱਥੇ ਦਾ ਉੱਥੇ ਅਟਕ ਗਿਆ ਸੀ।

”ਬਾਬਾ ਰੋਟੀ, ਬਾਬਾ ਰੋਟੀ…।”  ਰੋਣੀ ਜਿਹੀ ਅਵਾਜ਼ ‘ਚ, ਸੜਕ ਤੇ ਜਾਂਦਾ ਮੰਗਤਾ ਚਿਲਾਅ ਉੱਠਿਆ ਸੀ।

”ਹਾਇਆ! ਕੀਕੁਰ ਤਰਲੇ ਪਿਆ ਕਰਦਾ ਏ…।” ਤਰਸ ਨਾਲ਼ ਪੰਘਰਦਿਆਂ ਬੀਜੀ ਨੇ ਕਿਹਾ।

”ਉੱਫ! ਅਰਾਮ ਨਾਲ਼ ਰੋਟੀ ਵੀ ਨਹੀਂ ਖਾਣ ਦੇਂਦੇ ਇਹ ਲੋਕ।” ਪਤਨੀ  ਦੇ ਚਿਹਰੇ ‘ਤੇ ਸ਼ਿਕਨ ਉਭਰੀ। ਮੁੰਡੂ ਨੂੰ ਬੁਲਾਕੇ ਫ਼ਕੀਰ ਲਈ ਕੁਝ ਘੱਲਣ ਲਈ ਮੇਰੀ ਆਵਾਜ਼ ਜਿਵੇਂ ਸੰਘ ‘ਚ ਅੜਕੇ ਰਹਿ ਗਈ।

ਬੀਜੀ ਨੇ ਨਾ ਕੋਈ ਹੋਰ ਗਰਾਹੀ ਤੋੜੀ ਤੇ ਨਾ ਖਾਧੀ। ਮੇਜ਼ ‘ਤੇ ਇੱਕ ਬੋਝਲ ਜਿਹੀ ਚੁੱਪ ਛਾ ਗਈ, ਬੁਰਕੀ ਤੋੜਨ, ਗਰਾਹੀਂ ਚਿੱਥਣ ਤੇ ਪਾਣੀ ਪੀਣ ਤੱਕ ਦੀ ਅਵਾਜ਼ ਆਉਣ ਲੱਗੀ…।

”ਬਾਬਾ ਰੋਟੀ, ਬਾਬਾ ਰੋਟੀ…।” ਫ਼ਕੀਰ ਦੀ ਮੱਧਮ ਪਰ ਸੋਗ-ਮਈ ਆਵਾਜ਼ ਜਿਵੇਂ ਦੂਰੋਂ ਕਿਸੇ ਡੂੰਘੀ ਘਾਟੀ ‘ਚੋਂ ਆਉਂਦੀ, ਸੰਘਣੀ ਚੁੱਪ ਨੂੰ ਹੋਰ ਸੰਘਣਿਆਂ ਕਰ ਗਈ।

***

ਬਾਥ-ਰੂਮ ਜਾਂਦਿਆਂ ਗੈਲਰੀ ‘ਚੋਂ ਲੰਘਿਆ ਤਾਂ ਬੀਜੀ ਉੱਠ ਕੇ ਬੈਠੇ  ਹੋਏ ਸਨ। ਡਿੰਪਲ ਸੁੱਤੀ ਪਈ ਸੀ।

ਸੋਚਿਆ ਬੀਜੀ ਨੂੰ ਨੀਂਦ ਨਹੀਂ ਆਈ ਹੋਣੀ… ਸ਼ਾਇਦ ਓਪਰੀ ਥਾਂ ਹੋਣ ਕਰਕੇ… ਸੋਚਿਆ ਜਾ ਕੇ ਪੁੱਛਾਂ… ਪਤਾ ਨਹੀਂ ਕਿਹੜੀਆਂ ਡੂੰਘੀਆਂ ਸੋਚਾਂ ‘ਚ ਡੁੱਬੇ ਪਏ ਸਨ… ਬੁਲਾਉਣ ‘ਤੇ ਵੀ ਉਹਨਾਂ ਸਿਰ ਨਹੀਂ ਸੀ ਚੁੱਕਿਆ।… ਅਡੋਲ ਮੈਂ ਗ਼ੈਲਰੀ ਪਾਰ ਕਰ ਗਿਆ।

ਸਵੇਰੇ ਉੱਠਦਿਆ ਹੀ ਚਾਹ ਦਾ ਪਿਆਲਾ ਹੱਥ ‘ਚ ਲਈ ਮੈਂ ਬੀਜੀ ਦੇ ਕਮਰੇ ‘ਚ ਜਾ ਬੈਠਾ। ਏਨੇ ‘ਚ ਮੁੰਡੂ ਟ੍ਰੇਅ ‘ਚ ਮਿੰਨੀ ਚਾਹਦਾਨੀ ਟਿਕਾਈ ਬੀਜੀ ਦੇ ਕਮਰੇ ‘ਚ ਦਾਖਲ ਹੋ ਗਿਆ।

”ਭਾਈ ਮੈਂ ਨਹੀਂ ਕਦੀ ਨਹਾਉਣ ਤੋਂ ਪਹਿਲਾਂ ਚਾਹ ਪੀਤੀ।” ”ਚਾਏ ਵਾਪਸ ਲੇ ਜਾ ਔਰ ਪਾਣੀ ਰੱਖ ਦੇ ਗਰਮ ਬੀਜੀ ਕੇ ਲੀਏ… ।” ਮੈਂ ਮੁੰਡੂ ਨਾਲ਼ ਥੋੜੀ ਸਖ਼ਤੀ ਦਾ ਵਿਖਾਵਾ ਕੀਤਾ।

”ਪਾਣੀ ਰੱਖ ਦੀਆ ਬੀਜੀ ਕੇ ਲੀਏ ਗਰਮ?” ਕੁਝ ਦੇਰ ਬਾਅਦ ਕਿਚਨ ਅੱਗੋ ਲੰਘਦਿਆਂ ਮੈਂ ਮੁੰਡੂ ਤੋਂ ਪੁੱਛਿਆ।

ਫਿਰ ਸਵੇਰ ਦਾ ਅਖ਼ਬਾਰ ਪੜਨ ‘ਚ ਰੁੱਝ ਗਿਆ ਸਾਂ। ਘੜੀ ਕੁ ਪਿੱਛੋਂ ਜਪੁਜੀ ਸਾਹਿਬ ਦੇ ਪਾਠ ਦੀ ਉਹ ਚਿਰ ਪੁਰਾਣੀ ਲੈਅ ਮੇਰੇ ਕੰਨਾਂ ‘ਚ ਗੂੰਜੀ… ਘਰ ‘ਚ ਇਹ ਧਾਰਮਿਕ ਹੋਂਦ ਮੈਨੂੰ ਚੰਗੀ ਲੱਗੀ। ਛੋਟੇ ਹੁੰਦਿਆਂ ਬੀਜੀ ਨੇ ਸਾਨੂੰ ਪਾਠ ਯਾਦ ਕਰਾਇਆ ਸੀ। ਕੁਝ ਚਿਰ ਪਾਠ ਦਾ ਸਿਲਸਿਲਾ ਚੱਲਦਾ ਵੀ ਰਿਹਾ ਸੀ। ਪਰ ਫਿਰ ਕੰਮਾਂ ਕਾਰਾਂ ‘ਚ ਰੁੱਝ ਕੇ ਸਭ ਭੁੱਲ ਭੁੱਲਾ ਗਿਆ ਸੀ।

ਪਤਨੀ ਡਿੰਪਲ ਦੇ ਲੇਟ ਉੱਠਣ ‘ਤੇ ਖਿਝ ਰਹੀ ਸੀ। ਬੀਜੀ ਦੇ ਕਮਰੇ ‘ਚੋਂ ਉੱਠਕੇ ਡਿੰਪਲ ਸਿੰਟਿੰਗ ਰੂਮ ਵਿੱਚ ਸੈਟੀ ‘ਤੇ ਲੇਟ ਗਈ ਸੀ। ਪਤਨੀ ਉਹਨੂੰ ਜਲਦੀ ਤਿਆਰ ਹੋਣ ਲਈ ਕਹਿ ਰਹੀ ਸੀ।

ਮੈਂ ਤਿਆਰ ਹੋ ਕੇ ਬਰੇਕਫ਼ਾਸਟ ਦੀ ਇੰਤਜ਼ਾਰ ‘ਚ ਬੈਠਾ ਲੇਟ ਹੋ ਰਿਹਾ ਸਾਂ। ਅਰਸ਼ੀ ਹਾਲੀ ਸੁੱਤੀ ਨਹੀਂ ਸੀ ਉੱਠੀ।

ਪੰਜ ਮਿੰਟ, ਦਸ ਮਿੰਟ, ਪੰਦਰਾਂ ਮਿੰਟ… ਬ੍ਰੇਕ ਫ਼ਾਸਟ ਨਹੀਂ ਸੀ ਆਇਆ। ਤੰਗ ਆ ਕੇ ਮੈਂ ਆਪ ਕਿਚਨ ਵੱਲ਼ ਤੁਰ ਪਿਆ ਸਾਂ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements