ਉਹ ਨਹੀਂ ਆਉਣਗੇ •ਸੁਖਵੰਤ ਕੌਰ ਮਾਨ (ਦਸਵੀਂ ਕਿਸ਼ਤ)

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਦਸਵੀਂ ਕਿਸ਼ਤ, ਲੜੀ ਜੋੜਨ ਲਈ ਦੇਖੋ- ‘ਲਲਕਾਰ’ ਅੰਕ 9, 1-15 ਜੂਨ, 2017)

ਡਰਾਇੰਗ ਰੂਮ ‘ਚੋਂ ਕਹਿਕਿਆਂ ਦੀ ਅਵਾਜ਼ ਆ ਰਹੀ ਸੀ। ਪਤਨੀ ਦੀਆਂ ਕੁਲੀਗਜ਼ ਸਨ। ਪਤਨੀ ਨੇ ਇੱਕ ਛੋਟੀ ਜਿਹੀ ਫੇਅਰਵੈੱਲ ਪਾਰਟੀ ਦੇ ਜੱਖੀ ਸੀ। ਇੱਕ ਕੁਲੀਗ ਜਾ ਰਹੀ ਸੀ। ਖਾਣ ਪੀਣ ਦਾ ਸੁਹਣਾ ਇੰਤਜ਼ਾਮ ਸੀ। ਪਤਨੀ ਨੇ ਮੈਨੂੰ ਕੁਝ ਜਲਦੀ ਆਉਣ ਲਈ ਕਿਹਾ ਹੋਇਆ ਸੀ।

“ਚੰਗਾ ਹੋਇਆ ਤੁਸੀਂ ਆ ਗਏ।” ਮੇਰੇ ਅੰਦਰ ਆਉਣ ਤੇ ਸਰਲਾ ਨੇ ਕਿਹਾ ਸੀ।

“ਇਹ ਤਾਂ ਮੇਰਾ ਫਰਜ਼ ਸੀ।” ਮੈਂ ਕਿਹਾ ਸੀ।

ਕੁਝ ਚਿਰ ਮੇਰੀ ਫਰਮ ਬਾਰੇ ਮੇਰੇ ਗਰੇਡ ਬਾਰੇ ਗੱਲਾਂ ਹੁੰਦੀਆਂ ਰਹੀਆਂ ਸਨ। ਫਿਰ ਸਾਡੇ ਨੇਵਂ ਲਿਆਂਦੇ ਫ਼ਰਿੱਜ ਤੋਂ ਤੁਰਦੀਆਂ ਹੋਈਆਂ ਗੱਲਾਂ ਸਾੜੀਆਂ ‘ਤੇ ਆਕੇ ਅਟਕ ਗਈਆਂ ਸਨ…।

ਆਪਣੇ ਕਮਰੇ ‘ਚੋਂ ਨਿਕਲਦੇ ਹੋਏ ਬਿਮਾਰ ਵਾਂਗ ਮਸਾਂ ਮਸਾਂ ਤੁਰਦੇ ਹੋਏ ਬੀਜੀ ਗੈਲ਼ਰੀ ‘ਚੋਂ ਦੀ ਬਾਥਰੂਮ ਨੂੰ ਜਾ ਰਹੇ ਸਨ।

ਸਭ ਔਰਤਾਂ ਅਜੀਬ ਜਿਹੀਆਂ ਨਜ਼ਰਾਂ ਨਾਲ਼ ਬੀਜੀ ਵੱਲ ਵਿਹੰਦਿਆਂ ਹੋਈਆਂ ਇੱਕਦਮ ਜਿਵੇਂ ਚੁੱਪ ਹੋ ਗਈਆਂ ਸਨ।

“ਇਹ ਇਹਨਾਂ ਦੇ ਬੀਜੀ ਨੇ…।” ਮੇਰੇ ਸਾਹਮਣੇ ਕਿਸੇ ਸਹੇਲੀ ਦੇ ਮੂੰਹੋਂ ਅਵੱਲੀ ਜਿਹੀ ਗੱਲ ਨਿਕਲ ਜਾਣ ਦੇ ਡਰੋਂ ਛੇਤੀ ਨਾਲ਼ ਬੀਜੀ ਵੱਲ ਇਸ਼ਾਰਾ ਕਰਦਿਆਂ ਮੇਰੀ ਪਤਨੀ ਨੇ ਕਿਹਾ ਸੀ।

ਸਭ ਔਰਤਾਂ ਨੇ ਇੱਕ ਵਾਰ ਫਿਰ ਬੀਜੀ ਵੱਲ ਵਿਹੰਦਿਆਂ ਹੋਇਆਂ ਇੱਕ ਦੂਜੀ ਵਲ ਵੇਖਿਆ ਸੀ। ਮੇਰੇ ਲਈ ਹੁਣ ਉੱਥੇ ਹੋਰ ਬੈਠਣਾ ਮੁਸ਼ਕਿਲ ਸੀ। ਉੱਠ ਕੇ ਆਪਣੇ ਕਮਰੇ ਵੱਲ ਤੁਰ ਪਿਆਂ ਸਾਂ। ਗੈਲਰੀ ‘ਚ ਬੈਠੀ ਪੜ ਰਹੀ ਡਿੰਪਲ ਨੇ ਮੇਰੇ ਕੋਲੋਂ ਦੀ ਲੰਘਣ ‘ਤੇ ਵੀ ਅੱਖਾਂ ਨਹੀਂ ਸਨ ਚੁੱਕੀਆਂ। ਘਰੋਂ ਨਿਕਲ ਮੈਂ ਕਿਸੇ ਦੋਸਤ ਦੇ ਘਰ ਚਲਾ ਗਿਆਂ ਸਾਂ।

***

ਬਾਹਰੋ ਆ ਕੇ ਅਜੇ ਕੱਪੜੇ ਬਦਲ ਕੇ ਬੈਠਾ ਹੀ ਸਾਂ ਕਿ ਪਤਨੀ ਆ ਗਈ ਸੀ।

“ਪਾਰਟੀ ਚੰਗੀ ਰਹਿ ਗਈ, ਕੁਝ ਚੀਜ਼ਾਂ ਬਜ਼ਾਰੋਂ ਮੰਗਵਾ ਲਈਆਂ ਸਨ, ਪਕੌੜੇ ਘਰੇ ਕੱਢ ਲਏ ਸਨ…।” ਉਹ ਖੁਸ਼ ਲੱਗ ਰਹੀ ਸੀ।

“ਕਦੀ ਕਦਾਈ ਮਿਲ ਬੈਠ ਕੇ ਖਾਣ ‘ਚ ਕਿੰਨਾ ਮਜ਼ਾ ਆਉਂਦਾ ਏ…।”

“ਹੂੰ।” ਮੇਰਾ ਸੰਖੇਪ ਜਿਹਾ ਉੱਤਰ ਸੀ।

“ਤੁਹਾਨੂੰ ਕਿਸ ਗੱਲ ਦਾ ਗੁੱਸਾ ਏ ਮੇਰੇ ਤੇ…।”

“ਬੋਲਦੇ ਕਿਉਂ ਨਹੀਂ?”

“ਬੋਲਾਂ ਕੀ?” ਵੇਖਦੀ ਨਹੀਂ ਬੀਜੀ ਦਾ ਹਾਲ ਕੀ ਬਣਿਆ ਹੋਇਆ ਏ?” ਕੁਝ ਨਾ ਕਹਿਣਾ ਚਹੁੰਦਿਆਂ ਵੀ ਮੇਰੇ ਮੂੰਹੋਂ ਨਿਕਲ ਗਿਆ ਸੀ।

ਖ਼ਲੀ ਖਲੋਤੀ ਪਤਨੀ ਜਿਵੇਂ ਥਾਏ ਜੰਮ ਗਈ ਸੀ। ਚੁੱਪ ਚਾਪ ਮੈਂ ਉੱਠਕੇ ਸਟੱਡੀ ਵੱਲ ਤੁਰ ਪਿਆ ਸਾਂ। ਗੈਲਰੀ ‘ਚ ਬੈਠੀ ਡਿੰਪਲ ਹਾਲੇ ਵੀ ਸਿਰ ਝੁਕਾਈ ਪੜ ਰਹੀ ਸੀ।

***
ਬੀਜੀ ਚੁੱਪ ਚਾਪ ਆਪਣੇ ਕਮਰੇ ‘ਚ ਬੈਠੇ ਮਾਲਾ ਫੇਰ ਰਹੇ ਸਨ। ਪਤਨੀ ਮੇਰੇ ਤੋਂ ਪਹਿਲਾਂ ਹੀ ਆ ਗਈ ਸੀ। ਸਟੱਡੀ ‘ਚ ਬੈਠਾ ਮੈਂ ਡਾਕ ਫ਼ੋਲ ਰਿਹਾ ਸਾਂ। ਗੈਲਰੀ ‘ਚ ਬੈਠੀ ਡਿੰਪਲ ਸੁੰਨ ਮੁੰਨ ਜਿਹੀ ਹੋਈ ਸਿਰ ਝੁਕਾਈ ਪੜ ਰਹੀ ਸੀ।

“ਇਸ ਘਰ ‘ਚ ਮੈਂ ਤੇਰੀ ਨਹੀਂ ਚੱਲਣ ਦਿਆਂਗੀ।” ਅਚਾਨਕ ਸਾਹਮਣੇ ਫਲੈਟ ‘ਚੋਂ ਇੱਕ ਤਿੱਖੀ ਤੇ ਚਿਲਕਵੀਂ ਅਵਾਜ਼ ਵਾਤਾਵਰਨ ਨੂੰ ਚੀਰਦੀ ਹੋਈ ਲੰਘ ਗਈ ਸੀ।

“ਇਹ ਘਰ ਤੂੰ ਪਿੱਛੋਂ ਨਹੀਂ ਲਿਆਂਦਾ…।” ਦੂਜੀ ਅਵਾਜ਼ ਓਦੋਂ ਵੀ ਉੱਚੀ ਪਰ ਥਿੜਕਵੀਂ ਸੀ।

“ਮੈਂ ਕਹਿਣੀ ਆਂ, ਇਸ ਘਰ ‘ਚ ਤੇਰੀ ਨਹੀਂ ਚੱਲ ਸਕਦੀ…।”

“ਮੇਰੇ ਪੁੱਤਰ ਦਾ ਘਰ ਏ…।”

“ਹੁਣ ਇਹ ਘਰ ਮੇਰਾ ਏ।”

“ਤੂੰ ਕੋਣ ਹੁੰਨੀ ਏ ਘਰ-ਵਾਲੀ?”

“ਨੀਂ ਮੈਂ ਤੇਰੇ ਖਸਮ ਦੀ ਮਾਂ…।”

“ਨਾ ਮਰਦੀ ਏ, ਨਾ ਮਗਰੋਂ ਲਹਿੰਦੀ ਏ…।”

“ਤੂੰ ਮਰ, ਮੌਤ ਤਈਨੂੰ ਨਹੀਂ ਆਉਂਦੀ।”

“ਤੂੰ ਮਰ…।”

“ਤੂੰ ਮਰ…।”

“ਤੂੰ ਮੈਨੂੰ ਕਾਸੇ ਜੋਗਾ ਨਹੀਂ ਛੱਡਿਆ ਚੁੜੇਲੇ…।” ਮਰਦ ਆਪਣੀ ਪਤਨੀ ‘ਤੇ ਚੀਕਿਆ ਸੀ।

“ਫਿਰ ਰੰਨ ਕਿਵੁਂ ਵਿਆਹੁਣੀ ਸੀ, ਮਾਂ ਈ ਬਥੇਰੀ ਸੀ…।”

ਸੁਣਕੇ ਕਲੇਜਾ ਲਰਜ਼ ਗਿਆ ਸੀ। ਕਮਰੇ ‘ਚੋਂ ਉੱਠਕੇ ਮੈਂ ਬਾਹਰ ਆ ਖਲੋਤਾ ਸਾਂ। ਵੇਖਿਆ ਪਤਨੀ ਬਾਹਰ ਖਲੋਤੀ ਸੀ…।

“ਮੈਂ ਤੇਰੀ ਜ਼ਬਾਨ ਵੱਢ ਸੁੱਟਣੀ ਏ…।” ਪਤੀ ਕੜਕਿਆ ਸੀ।

“ਏਸ ਕੁੱਤੀ ਦੀ ਵੱਢ…।” ਅੱਗੋਂ ਪਤਨੀ ਓਤੋਂ ਵੀ ਉੱਚੀ ਚੀਕੀ ਸੀ।

“ਖਲੋ ਜਾ ਤੈਨੂੰ ਤਾਂ ਮੈਂ ਦਵਾਂ ਮੱਤ…।”

ਧੜੈਂ ਧੜੈਂ ਦੀ ਅਵਾਜ਼ ਆ ਰਹੀ ਸੀ। ਔਰਤ ਬੋਲਣੋ ਨਹੀਂ ਸੀ ਹਟ ਰਹੀ ਮਰਦ ਮਾਰਨੋ ਨਹੀਂ ਸੀ ਹਟ ਰਿਹਾ।

ਹੱਥ ‘ਚ ਕਿਤਾਬਾਂ ਫੜੀ ਹੈਰਾਨ ਹੋਈ ਡਿੰਪਲ ਬਰਾਂਡੇ ‘ਚ ਖੜੀ ਸਾਹਮਣੇ ਤੱਕ ਰਹੀ ਸੀ।

“ਵੇ ਹੁਣ ਮਾਰ ਹੀ ਛੱਡਣਾ ਆਂ…।” ਕੋਲ ਖਲੋਤੀ ਬੁੱਢੀ ਹਫ ਰਹੀ ਸੀ।

“ਬੁੱਢੀਏ ਤੂੰ ਇਹਨੂੰ ਮਰਵਾ ਕੇ ਰਹੇਂਗੀ…।” ਪਤੀ ਪਤਨੀ ਨੂੰ ਕੁੱਟ-ਕੁੱਟ ਕੇ ਹੰਭ ਗਿਆ ਸੀ ਤੇ ਖਿਝ ਗਿਆ ਸੀ।

“ਨਾ ਵੇ ਬੀਬਾ, ਮੇਰੇ ਸਿਰ ਚੜਕੇ ਨਾ ਮਾਰ…।” ਮਾਂ ਪੁੱਤਰ ਅੱਗੇ ਲਿਲੱਕੜੀਆਂ ਕੱਖ ਰਹੀ ਸੀ।

“ਜਾਂ ਇਹ ਰਹੇਗੀ ਇਸ ਘਰ ‘ਚ ਜਾਂ ਮੈਂ…।” ਔਰਤ ਫਿਰ ਚੀਕੀ ਸੀ।

“ਤੂੰ ਕੋਣ ਹੁੰਨੀ ਏ ਇਹਨੂੰ ਕੱਢਣ ਵਾਲੀ?” ਪਤੀ ਕੜਕਿਆ ਸੀ।

“ਇਹ ਕੌਣ ਹੁੰਦੀ ਏ ਮੈਨੂੰ ਹਰ ਵੇਲੇ ਤੰਗ ਕਰਨ ਵਾਲੀ?”

“ਤੁਸਾਂ ਦੋਹਾਂ ਘਰ ਦਾ ਬੇੜਾ ਗਰਕ ਕਰੇ ਰਹਿਣਾ।”

“ਆਹ ਆਪਣੀ ਕੁਝ ਲੱਗਦੀ ਨੂੰ ਸਮਝਾ ਨਹੀਂ ਸਕਦਾ?”

“ਅੱਗ ਲੱਗੇ ਇਸ ਘਰ ਨੂੰ, ਬੇੜਾ ਗਰਕੇ ਤੁਹਾਡਾ… ਲਉ ਰੱਜ ਕੇ ਲੜ ਲਓ… ਲਾਹ ਲਓ ਰੀਝ ਮੈਂ ਚੱਲਿਆਂ…।” ਠੱਪ ਠੱਪ ਕਰਦਾ ਮਰਦ ਪੌੜੀਆਂ ਉੱਤਰ ਗਿਆ ਸੀ। ਏਨੇ ‘ਚ ਬੱਚਿਆਂ ਦੀ ਚੀ ਕੁਰਲਾਹਟ ਦੀ ਅਵਾਜ਼ ਆਉਣ ਲੱਗੀ ਸੀ। ਨੂੰਹ ਸੱਸ ਨੂੰ ਗਾਹਲਾਂ ਕੱਢਦੀ ਹੋਈ ਖ਼ਸਮ ਦੇ ਮਗਰੇ ਦੌੜ ਪਈ ਸੀ। ਸੱਸ ਉੱਚੀ ਉੱਚੀ ਨੂੰਹ ਦੇ ਪਿਛਲਿਆਂ ਦੇ ਕੀਰਨੇ ਪਾ ਰਹੀ ਸੀ।

ਪਰਤ ਕੇ ਵੇਖਿਆ ਤਾਂ ਬੀਜੀ ਆਪਣੇ ਕਮਰੇ ਦੀਆਂ ਦਲਜਾਂ ‘ਚ ਤਾਕ ਦਾ ਆਸਰਾ ਲਈ ਸਾਹਮਣੇ ਘਰ ਵੱਲ ਵੇਖ ਰਹੇ ਸਨ।

ਆਸ਼ੂ ਨੂੰ ਗੱਡੀ ‘ਚ ਸੈਰ ਕਰਵਾ ਕੇ ਵਾਪਸ ਆ ਰਹੀ ਆਇਆ ਕਦੀ ਸਾਹਮਣੇ ਫ਼ਲੈਟ ਵੱਲ ਤੇ ਕਦੀ ਸਾਡੇ ਵੱਲ ਵਿਹੰਦੀ ਹੈਰਾਨ ਜਿਹੀ ਹੋਈ, ਗੱਡੀ ਨੂੰ ਅੰਦਰਵਾਰ ਰੇਹੜੀ ਆ ਰਹੀ ਸੀ… ਵਿੱਚ ਬੈਠਾ, ਸਹਿਮਿਆਂ ਜਿਹਾ ਆਸ਼ੂ ਡੱਡੋਲਿਕਾ ਜਿਹਾ ਹੋ ਗਿਆ ਸੀ।

ਧੜੰਮ ਕਰਕੇ ਡਿਗਣ ਦੀ ਅਵਾਜ਼ ਆਈ ਸੀ। ਚੀਕ ਮਾਰ ਕੇ ਡਿੰਪਲ ਬੀਜੀ ਨਾਲ਼ ਜਾ ਚਿੰਬੜੀ ਸੀ। ਗੱਡੀ ਵਿੱਚੇ ਛੱਡ, ਆਇਆ ਅੰਦਰ ਨੂੰ ਦੌੜ ਪਈ ਸੀ। ਘਬਰਾਈ ਹੋਈ ਪਤਨੀ ਦੌੜਦੀ ਹੋਈ ਆਪਣੇ ਕਮਰੇ ‘ਚੋਂ ਨਿਕਲ ਬੀਜੀ ਦੇ ਸਿਰਹਾਣੇ ਖੜੀ ਸੀ।

ਮੂਧੜੇ ਮੂੰਹ ਡਿੱਗੇ ਪਏ ਬੀਜੀ ਦੇ ਮੱਥੇ ‘ਚੋਂ ਲਹੂ ਵੱਗ ਰਿਹਾ ਸੀ। ਸ਼ਾਇਦ ਘੁਮੇਰ ਆ ਗਈ ਸੀ। ਆਇਆ ਨੂੰ ਰੂੰ ਤੇ ਡਿਟੋਲ ਲਿਆਉਦ ਲਈ ਕਹਿੰਦੀ ਹੋਈ ਪਤਨੀ ਆਪਣੀ ਸਾੜ ਦੇ ਪੱਲੇ ਨਾਲ ਹੀ ਬੀਜੀ ਦਾ ਮੱਥਾ ਪੂੰਝੀ ਜਾ ਰਹੀ ਸੀ।

“ਕੱਪ ਕੋਸੇ ਦੁੱਧ ਦਾ ਲਿਆ ਛੇਤੀ…।” ਡਿਟੋਲ ਲੱਗੇ ਰੂੰ ਨਾਲ ਬੀਜੀ ਦਾ ਮੱਥਾ ਪੂੰਝਦੀ ਪਤਨੀ ਆਇਆ ਨੂੰ ਕਹਿ ਰਹੀ ਸੀ।

“ਬੀਜੀ, ਬੀਜੀ…।” ਪਤਨੀ ਨੇ ਬੁਲਾਇਆ ਸੀ।

“ਬੀਜੀ, ਬੀਜੀ ਕੁੰਦੇ ਕਿਉਂ ਨਹੀਂ…?” ਬੀਜੀ ਦੇ ਮੌਢੇ ਨੂੰ ਹਿਲਾਦਿਆਂ ਮੈਂ ਘਬਰਾ ਜਿਹਾ ਗਿਆ ਸਾਂ।

“ਹਾਏ ਬੀਜੀ…।” ਡਿੰਪਲ ਦੀ ਇੱਕ ਤਰਾਂ ਚੀਕ ਨਿਕਲ ਗਈ ਸੀ।

ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਬੀਜੀ ਬੇਹੋਸ਼ ਸਨ।

ਘਬਰਾਹਟ ਨਾਲ਼ ਕਾਰ ਦਾ ਸਟੇਅਰਿੰਗ ਮੇਰੇ ਵੱਸ ਨਹੀਂ ਸੀ ਆ ਰਿਹਾ। ਡਾਕਟਰ ਨੂੰ ਲੈ ਕੇ ਆਇਆ ਤਾਂ ਪਤਨੀ ਬੀਜੀ ਦੇ ਮੂੰਹ ਨਾਲ ਪਿਆਲੀ ਲਾਈ ਦੁੱਧ ਪਿਆ ਰਹੀ ਸੀ। ਮੇਰੇ ਜਾਣ ਬਾਅਦ ਉਹਨਾਂ ਨੂੰ ਹੋਸ਼ ਆ ਗਈ ਸੀ।

“ਅੱਗੇ ਵੀ ਕਦੇ ਐਸਾ ਦੌਰਾ ਪਿਆ ਏ?” ਮੁਆਇਨਾ ਕਰਨ ਉਪਰੰਤ ਯਾਦ ਆਇਆ ਸੀ ਕਿ ਪਿਤਾ ਜੀ ਦੀ ਮੌਤ ਤੋਂ ਬਾਅਦ ਇਹਨਾਂ ਨੂੰ ਦੰਦਲ ਪੈ ਜਾਇਆ ਕਰਦੀ ਸੀ।

“ਇਹਨਾਂ ਦੇ ਮਨ ‘ਤੇ ਕੋਹੀ ਬੋਝ ਏ।” ਡਾਕਟਰ ਨੇ ਕਿਹਾ ਸੀ।

“… ਮਨ ‘ਤੇ ਬੋਝ…।” ਮੈਂ ਮਨ ਹੀ ਮਨ ‘ਚ ਡਾਕਟਰ ਦੇ ਸ਼ਬਦ ਨੂੰ ਦੁਹਰਾਇਆ ਸੀ।

ਕੁਝ ਦਵਾਈਆਂ ਡਾਕਟਰ ਲਿਖ ਕੇ ਦੇ ਗਿਆ ਸੀ। ਪਰ ਨਾਲ ਹੀ ਉਹਨੇ ਦੱਸਿਆ ਸੀ, ਦਵਾਈਆਂ ਤਾਂ ਏਡਜ਼ ਹਨ, ਅਸਲੀ ਇਲਾਜ਼ ਤਾਂ ਵਾਤਾਵਰਨ ਦੀ ਤਬਦੀਲੀ ਏ ਤੇ ਇਹਨਾਂ ਨੂੰ ਖੁਸ਼ ਰੱਖਣਾ…।

ਬੀਜੀ ਦੀ ਸੈਟੀ ਕੋਲ ਕੁਰਸੀ ਡਾਹੀ ਮੈਂ ਉਹਨਾ ਦੀ ਬਾਂਹ ਘੁੱਟ ਰਿਹਾਂ ਸਾਂ। ਦਵਾਈ ਦਾ ਚਮਚਾ ਭਰਕੇ ਪਤਨੀ ਉਹਨਾਂ ਦੇ ਮੂੰਹ ‘ਚ ਲੁੱਦ ਰਹੀ ਸੀ।

ਬੂਹੇ ‘ਚੋਂ ਝਾਕਦੀ ਜਿਹੀ ਡਿੰਪਲ ਚਲੇ ਗਈ ਸੀ। ਉਹਦੇ ਹੱਥ ‘ਚ ਹਾਲੀ ਵੀ ਕਿਤਾਬ ਫੜੀ ਹੋਈ ਸੀ ਪਰ ਉਹਦਾ ਚਿਹਰਾ ਲੱਥਾ ਹੋਇਆ ਸੀ।

(ਅਗਲੇ ਅੰਕ ‘ਚ ਜਾਰੀ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements