ਉਹ ਨਹੀਂ ਆਉਣਗੇ •ਸੁਖਵੰਤ ਕੌਰ ਮਾਨ ਦਾ ਲਘੂ ਨਾਵਲ (ਤੀਸਰੀ ਕਿਸ਼ਤ)

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬਰਾਂਡੇ ‘ਚ ਬੈਠਾ ਹਲਵਾਈ ਬੂੰਦੀ ਤਲ਼ ਰਿਹਾ ਸੀ। ਹਵੇਲੀ ‘ਚ ਬਾਲਣ ਪਾੜਿਆ ਜਾ ਰਿਹਾ ਸੀ। ਚੌਂਕੇ ‘ਚ ਬੈਠੀ ਕਹਿਰੀ ਭਾਂਡੇ ਮਾਂਜ ਰਹੀ ਸੀ। ਚੁਬਾਰੇ ‘ਚੋਂ ਪਾਠ ਦੀ ਅਵਾਜ਼ ਆ ਰਹੀ ਸੀ। ਵਿਹੜੇ ‘ਚ ਅੰਞਣੇ ਛੂਹਣ ਛਪਾਈ ਖੇਡ ਰਹੇ ਸਨ। ਦੂਰੋਂ ਪਾਰੋਂ ਕਾਫ਼ੀ ਰਿਸ਼ਦਾਰ ਆ ਚੁੱਕੇ ਸਨ।

“ਸਾਰੇ ਪਿੰਡ ਦੀ ਰੋਟੀ ਵਰਜੀ ਹੋਈ ਏ ਭਾ, ਸਵਰਨ ਕੌਰ ਦੀ ਰੀਝ ਸੀ ਕੋਈ ਕਾਰਜ ਹੋਵੇ ਤਾਂ ਮੈਂ ਸਾਰਿਆਂ ਨੂੰ ਸੱਦਾਂ।” ਵਿਹੜੇ ‘ਚ ਖਲੋਤਾ ਦੀਪ ਕਹਿ ਰਿਹਾ ਸੀ।

“ਮਹਾਰਾਜ ਮੋਤੀਆਂ ਵਾਲ਼ਿਓ ਖੁਸ਼ੀ ਦਾ ਦਿਨ ਆਇਆ ਏ, ਲਾਹ ਲਓ ਰੀਝਾਂ…।” ਪੈਂਚਣੀ ਕੋਲ਼ ਬੈਠਾ ਭਾਂਡੇ ਧੋਦਾ ਪੈਂਚ ਕਹਿ ਰਿਹਾ ਸੀ।

“ਮੈਂ ਤਾਂ ਜੀ ਸਾਰੇ ਘਰੀਂ ਸੱਦਾ ਦੇ ਆਈ ਆਂ…।” ਹਫ਼ਦੀ ਹੋਈ ਮੋਟੀ ਦਾਦੀ, ਚੌਂਕੇ ਦੀ ਬੰਨੀ ਨਾਲ਼ ਢੋਅ ਲਾਈ ਦੀਪ ਦੀ ਵਹੁਟੀ ਨੂੰ ਦੱਸ ਰਹੀ ਸੀ।

“ਬੀਬੀ ਜੀ ਲੱਡੂਆਂ ਦੀ ਪਰਾਤ ਤਾਂ ਤਿਆਰ ਹੋ ਗਈ ਏ, ਹੋਰ ਹੁਕਮ?” ਚੌਂਕੇ ਲੱਡੂਆਂ ਦੀ ਪਰਾਤ ਧਰਦਾ ਹਲਵਾਈ ਪੁੱਛ ਰਿਹਾ ਸੀ।

“ਲਓ ਭਾਬੀ ਜੀ ਸੁਆਦ ਵੇਖੋ ਖਾਂ…।” ਇੱਕ ਲੱਡੂ ਚੁੱਕ ਕੇ ਆਪਣੀ ਭਰਜਾਈ ਦੀ ਤਲੀ ‘ਤੇ ਧਰਦਿਆਂ ਸਵਰਨ ਕਹਿ ਰਹੀ ਸੀ।  ਫੇਰ ਕੋਈ ਗੱਲ ਕਰਕੇ ਖ਼ਿੜ ਖ਼ਿੜ ਕਰਕੇ ਦਰਾਣੀ ਜਠਾਣੀ ਹੱਸ ਪਈਆਂ ਸਨ।

“ਪੱਪੂ ਬੀਜੀ ਕਿੱਥੇ ਨੇ?” ਬੀਜੀ ਨੂੰ ਕਿਧਰੇ ਨਾ ਵੇਖਕੇ ਵਿਹੜੇ ‘ਚ ਖੇਡਦੇ ਦੀਪ ਦੇ ਵੱਡੇ ਮੁੰਡੇ ਤੋਂ ਮੈਂ ਪੁੱਛਿਆ ਤਾਂ ਬਿਨਾ ਕੋਈ ਜਵਾਬ ਦਿੱਤੇ ਛੂਹਣ ਛਪਾਈ ਖੇਡਦਾ ਉਹ ਅੱਗੇ ਦੌੜ ਗਿਆ ਸੀ।

“ਲਓ ਭੁਆ ਜੀ ਵੀ ਆ ਗਏ ਜੇ…।” ਬੂਹੇ ਅੱਗੇ ਕਾਰ ਦਾ ਹਾਰਨ ਵੱਜਿਆ, ਦੀਪ ਡਿਓੜ੍ਹੀ ਵੱਲ ਨੂੰ ਅਹੁਦਿਆ।

“ਅਸੀਂ ਤਾਂ ਤੁਹਾਨੂੰ ਕੱਲ ਦੇ ਪਏ ਉਡੀਕਦੇ ਸਾਂ…।” ਅੱਗੋਂ ਵਾਲੀ ਉੱਠਕੇ ਮੱਥਾ ਟੇਕਦੀ ਸਵਰਨ ਨੇ ਕਿਹਾ।

“ਸਵਰਨ ਸ਼ਕੰਜਵੀ ਕਰੀਂ ਭੂਆ ਜੀ ਲਈ, ਪੈਂਚ ਜੀ ਭੱਜ ਕੇ ਬਰਫ ਲਿਆਇਓ ਹੱਟੀ ਤੋਂ…।” ਜੱਫੀ ਪਾਈ ਭੂਆ ਜੀ ਨੂੰ ਨਾਲ਼ ਲਈ ਆਉਂਦੇ ਦੀਪ ਨੇ ਕਿਹਾ।

“ਜੇ ਤੁਸੀਂ ਐਤਕੀ ਨਾ ਆਉਂਦਿਓ ਭੁਆ ਜੀ, ਮੈਂ ਉਮਰ ਭਰ ਨਹੀਂ ਸੀ ਵੜਨਾ ਤੁਹਾਡੇ ਘਰ।” ਦੀਪ ਨੇ ਨਿਹੋਰਾ ਜਿਹਾ ਸੁੱਟਿਆ।

ਹੁਣ ਤੱਕ ਸਭੇ ਭੂਆ ਜੀ ਦੁਆਲੇ ਆ ਬੈਠੇ ਸਨ। ਸਵਰਨ ਤਾਂ ਉਹਨਾਂ ਦੇ ਅੱਗੇ ਪਿੱਛੇ ਰਿਫ ਰਹੀ ਸੀ। ਇਥੋਂ ਤੱਕ ਕਿ ਛੂਹਣ ਛਪਾਈ ਖੇਡਦੇ ਬੱਚੇ ਵੀ ਘੜੀ ਪਲ ਲਈਂ ਠਿਠਕ ਕੇ ਖਲੋ ਗਏ ਸਨ।

“ਬੱਲੇ! ਆ ਤੇ ਸਾਡਾ ਅਫਸਰ ਵੀ ਆਇਆ ਹੋਇਆ ਏ।” ਮੈਂਨੂੰ ਆਪਣੇ ਵੱਲ ਆਉਂਦਿਆਂ ਵੇਖ ਖੁਸ਼ੀ ਭਰੀ ਮੁਸਕਰਾਹਟ ਉਹਨਾ ਦੇ ਚਿਹਰੇ ‘ਤੇ ਫੈਲ ਗਈ ਸੀ।

ਹਲਵਾਈ ਨੇ ਖੋਏ ਦਾ ਥਾਲ ਚੌਂਕੇ ਦੀ ਬੰਨੀ ‘ਤੇ ਲਿਆ ਰੱਖਿਆ ਸੀ।

“ਸਵਰਨ ਲਿਆਈਂ ਪਲੇਟ…। ਪਹਿਲਾਂ ਭੁਆ ਜੀ ਦੇ ਮੂੰਹ ਲੁਆਈਏ।” ਏਨੇ ‘ਚ ਬੈਠਕ ‘ਚੋਂ ਹੋ-ਹੱਲੇ ਦੀ ਅਵਾਜ਼ ਆਉਣ ਲੱਗੀ ਸੀ। ਦੀਪ ਦੇ ਸਾਲੇ ਤੇ ਸਾਂਢੂ ਸੇਵਰ ਦੇ ਬੈਠਕ ‘ਚ ਬੈਠੇ ਪੀ ਰਹੇ ਸਨ ਤੇ ਹੁਣ ਇੱਕ ਦੂਜੇ ਨੂੰ ਗਾਹਲੀਂ ਕੱਢ ਰਹੇ ਸਨ।

ਪਰਾਲੇ ਖ਼ੋਲੇ ‘ਚੋਂ ਕੁੱਕੜਾਂ ਦੀ ‘ਕੈਂ ਕੈਂ’ ਕਰਨ ਦੇ ਖੰਭ ਫੜਕਣ ਦੀ ਅਵਾਜ਼ ਆ ਰਹੀ ਸੀ। ਸ਼ਾਇਦ ਪੈਂਚ ਮੀਟ ਲਈ ਕੁੱਕੜ ਮਰੋੜ ਰਿਹਾ ਸੀ।

ਵਿਹੜੇ ‘ਚ ਬੈਠੀਆਂ ਸਬਜ਼ੀ ਚੀਰ ਰਹੀਆਂ ਜ਼ਨਾਨੀਆਂ ਦੀ ਗਿਰਬਲ੍ਹਾ ਕਿਧਰੋਂ ਕੰਨੀ ਪਈ ਵਾਜ ਨਹੀ ਸੀ ਸੁਣਨ ਦੇਂਦੀ।

“ਹਾਏ! ਨੀ ਭੈਣਾਂ ਮੇਰੀ ਭਰਜਾਈ ਕਿੱਥੇ ਜੇ?” ਮੇਰੀ ਪਤਨੀ ਨਾਲ਼ ਗੱਲਾਂ ਕਰਦਿਆਂ ਕਰਦਿਆਂ ਭੂਆ ਜੀ ਨੂੰ ਅਚਾਨਕ ਜਿਵੇਂ ਕੁਝ ਯਾਦ ਆ ਗਿਆ ਸੀ।

“ਏਥੇ ਈ ਹੋਣੇ ਨੇ ਕਿਤੇ…।” ਚੌਂਕੇ ‘ਚ ਬੈਠੀ ਸਵਰਨ ਨੇ ਕਿਹਾ ਸੀ।

“ਕਦੇ ਦੇ ਗਏ ਹੋਏ ਨੇ ਕਿਤੇ।” ਭਾਂਡਿਆਂ ਦੇ ਢੇਰ ਕੋਲ ਬੈਠੀ ਪੈਂਚਣੀ ਨੇ ਦੱਸਿਆ ਸੀ।

ਭੂਆ ਜੀ ਲਈ ਸਪੈਸ਼ਲ ਬਰਫ਼ੀ, ਰਸਗੁੱਲੇ ਅਦਿ ਉਚੇਚੇ ਪਲੇਟ ‘ਚ ਪਾ ਕੇ ਰੱਖੇ ਗਏ ਸਨ। ਨਾਲ਼ ਹੀ ਮੈਨੂੰ ਤੇ ਮੇਰੀ ਪਤਨੀ ਨੂੰ ਵੀ ਬਿਠਾਇਆ ਗਿਆ ਸੀ। ਵਿਹੜੇ ‘ਚ ਬੈਠੀਆਂ ਸਵਰਨ ਦੀਆਂ ਭਰਜਾਈਆਂ ਤੇ ਭੈਣਾਂ ਤੋਂ ਭਰੇ ਹੋਏ ਮੂੰਹਾਂ ਨਾਲ਼ ਗੱਲ ਨਹੀਂ ਸੀ ਕੀਤੀ ਜਾ ਰਹੀ।

“ਸੱਚ ਬੀਜੀ ਕਿੱਥੇ ਗਏ ਨੇ?” ਮੈਂ ਸੋਚ ਰਿਹਾ ਸਾਂ ਸਵੇਰ ਦੇ ਹੀ ਉਹ ਕਿਧਰੇ ਨਜ਼ਰੀ ਨਹੀਂ ਸਨ ਪੈ ਰਹੇ।

ਮੂੰਹਾਂ ‘ਚ ਲੱਡੂ ਘਸੋੜੀ ਹੁਣ ਬੱਚੇ ਸ਼ਟਾਪੂ ਖੇਡ ਰਹੇ ਸਨ।

“ਮਖ਼ ਮਾਂ ਕਿਹੜੇ ਭੜੋਲੇ ਪਾਈ ਹੋਈ ਜੇ? ਦੋ ਘੱਟੇ ਮੈਨੂੰ ਆਈ ਨੂੰ ਹੋ ਗਏ ਨੇ, ਕਿੱਧਰੇ ਡਿੱਠੀ ਨਹੀਂ।” ਭੂਆ ਜੀ ਨੇ ਕੁਝ ਕਾਹਲ਼ਿਆਂ ਪੈਂਦਿਆਂ ਪੁੱਛਿਆ ਸੀ।

“ਬੀਜੀ ਤੇ ਔਸ ਵਿਹੜੇ ਨੇ ਕੱਟੀ ਕੋਲ…।” ਡਿੰਪਲ ਨੇ ਮੈਨੂੰ ਦੱਸਿਆ।

“ਬੱਸ ਇਹਨਾਂ ਦੀ ਇਹ ਹੀ ਕੰਮ ਰਿਹਾ, ਸਾਰੇ ਚਾਹ ਵਰਤ ਗਈ ਏ, ਉਹ ਕੱਟੀ ਸਰ੍ਹਾਨੇ ਬੈਠੇ ਹੋਏ ਨੇ।” ਸਵਰਨ ਨੇ ਕਾਹਲੀ ਜਿਹੀ ਪੈਂਦੀ ਨੇ ਦੱਸਿਆ।

“ਵੇ, ਕੋਈ ਜਾਕੇ ਸੱਦ ਈ ਲਿਆਓ ਸੂ…।” ਭੂਆ ਜੀ ਨੇ ਆਖਿਆ।

“ਧਿਆਣੀ, ਉਹ ਆਪਣੀ ਮਰਜ਼ੀ ਦੇ ਮਾਲਕ ਨੇ…?” ਪੈਂਚ ਨੇ ਕਿਹਾ।

“ਨਾ, ਜੀ ਮਜਾਲ ਏ ਜੇ ਸੂਈ ਵੀ ਏਧਰ ਓਧਰ ਹੋਣ ਦੇਣ” ਪੈਂਚਣੀ ਨੇ ਮਿੰਨ੍ਹਾ ਮਿੰਨ੍ਹਾ ਹੱਸਦੀ ਨੇ ਟਿਚਕਰ ਕੀਤੀ।

ਬੀਜੀ ਆ ਰਹੇ ਹਨ, ਰਾਹ ‘ਚ ਖ਼ਿੱਲਰੀਆਂ ਇੱਟਾਂ ਨਾਲ਼ ਠੇਡਾ ਖਾਂਦੇ ਉਹ ਮਸਾਂ ਬਚੇ ਸਨ। ਅੱਗੋਂ ਵਾਲੀ ਉੱਠ ਕੇ ਮੈਂ ਉਹਨਾਂ ਦਾ ਹੱਥ ਥੰਮ੍ਹ ਲਿਆ ਸੀ। ਉਹ ਹਾਲੀ ਵੀ ਕੰਬ ਰਹੇ ਸਨ ਤੇ ਉਹਨਾਂ ਦਾ ਦਿਲ ਧੱਕ ਧੱਕ ਕਰ ਰਿਹਾ ਸੀ।

“ਸੱਟ ਬਹੁਤੀ ਤਾਂ ਨਹੀਂ ਲੱਗੀ?” ਭੂਆ ਜੀ ਵਾਲ਼ੀ ਮੰਜੀ ‘ਤੇ ਬਿਠਾਉਂਦਿਆਂ ਮੈਂ ਉਹਨਾਂ ਤੋਂ ਪੁੱਛਿਆ ਸੀ।

“ਅਣਭਾਉਂਦੇ ਕੰਮ ਕੋਈ ਇਹਨਾਂ ਨੂੰ ਦੇਵੇ।” ਬਰੂਹਾਂ ਟੱਪ ਕੇ ਅੰਦਰ ਨੂੰ ਆਉਂਦਿਆਂ ਦੀਪ ਨੇ ਕਿਹਾ।

“ਕਦੇ ਦੀ ਸੱਦਦੀ ਸਾਂ ਪਈ ਕਿ ਆ ਕੇ ਚਾਹ ਪੀ ਲਓ।”

“ਓਧਰ ਕੱਟੀ ਕੋਲ਼ ਕਿਹਨੂੰ ਬਹਾਇਆ ਹੋਇਆ ਸਾਜੇ?”

“ਫਾਹੇ ਦੇ ਮਿਲ਼ਦੀ ਕੱਟੀ…।” ਦੀਪ ਨੇ ਤੈਸ਼ ‘ਚ ਆਉਂਦਿਆਂ ਕਿਹਾ।

“ਕਾਂ, ਕੁੱਤੇ ਖ਼ਲੋਣ ਨਹੀਂ ਸਨ ਦੇਂਦੇ ਪਏ, ਕਾਂ ਖ਼ੁਰ ਵੱਢ ਕੇ ਖਾਈ ਜਾਂਦੇ ਸਨ।”

“ਤਾਰਾ ਜੁ ਸੀ ਓਥੇ।”

“ਇਹਨੂੰ ਕਿਤੇ ਟਿਕਾਅ ਏ ਇੱਕ ਥਾਂ, ਮਾਲਕ ਜਿੱਥੇ ਜੁ ਬਹਾਏ ਬਹਿਣਾ ਚਾਹੀਦਾ ਏ…।” ਬੀਜੀ ਦਾ ਸਾਰਾ ਗੁੱਸਾ ਤਾਰੇ ‘ਤੇ ਨਿੱਕਲ਼ ਰਿਹਾ ਸੀ।

“ਕਿਓਂ ਬਈ ਤਾਰਿਆ ਕੱਟੀ ਕੋਲ਼ ਕਿਸ ਬਹਿਣ ਸੀ?… ਓਸ ਤੇਰੀ ਲੱਗਦੀ ਨੇ ਜਿਓਰ ਵੀ ਸੁੱਟਣੀ ਏਂ ਹਾਲੀ…।” ਦੀਪ ਨੇ ਤਾਰੇ ਵੱਲ ਅੱਖਾਂ ਕੱਢ ਕੇ ਵੇਖਦਿਆਂ ਕਿਹਾ।

“ਆਪੇ ਤਾਂ ਸਰਦਾਰ ਜੀ ਤੁਸਾਂ ਮੁਰਗੇ ਲੈਣ ਤੋਰ ਦਿੱਤਾ ਸੀ।” ਤਾਰਾ ਤਲਖ਼ੀ ‘ਚ ਆ ਗਿਆ ਸੀ।

“ਭਰਜਾਈ ਕੁਝ ਖਾਧਾ ਵੀ ਆ ਕਿ ਕਾਂ ਕੁੱਤੇ ਈ ਮੋੜਦੀ ਰਹੀ ਹੈਂ…।”

“ਖਾਣਾ ਏਂ ਇਹਨਾਂ, ਕਾਂ ਕੁੱਤੇ ਮੋੜ ਲੈਣ ਥੋੜ੍ਹਾ ਹੈ…।” ਖਿਝਦਿਆਂ ਹੋਇਆ ਦੀਪ ਨੇ ਕਿਹਾ ਸੀ।

“ਘਰ ਆਇਆਂ ਨੂੰ ਮਿਲਣਾ ਤੇ ਚਾਹੀਦਾ ਏ ਨਾ।”

“ਮਿਲਣਾ ਕਿਉਂ ਨਹੀਂ ਬੀਬੀ ਜੀ, ਮੈਨੂੰ ਕਿਸੇ ਦੱਸਿਆ ਵੀ ਹੋਵੇ।”

ਇੱਕ ਕੌਲੀ ‘ਚ ਦੋ ਲੱਡੂ ਤੇ ਗਿਲਾਸ ‘ਚ ਪਹਿਲਾਂ ਦੀ ਬਣੀ ਹੋਈ ਚਾਹ ਪੈਂਚਣੀ ਨੇ ਬੀਜੀ ਅੱਗੇ ਲਿਆ ਰੱਖੀ ਸੀ। ਚਾਹ ਦਾ ਰੰਗ ਕਾਲ਼ਾ ਪੈ ਗਿਆ ਸੀ। “ਪਈ ਪਈ ਏਸਰਾ ਹੋ ਜਾਂਦੀ ਏ।” ਸਵਰਨ ਨੇ ਦਲੀਲ ਦਿੱਤੀ ਸੀ।

“ਸਵਰਨ ਧਰ ਚਾਹ ਇਹਨਾਂ ਲਈ ਤਾਜ਼ੀ।” ਦੀਪ ਨੇ ਹੁਕਮਣ ਲਹਿਜ਼ੇ ‘ਚ ਪਤਨੀ ਨੂੰ ਕਿਹਾ ਸੀ। ਉਹਨੇ ਮੂੰਹ ‘ਚ ਕੁਝ ਬੁੜ ਬੁੜ ਕੀਤੀ ਸੀ। ਦੀਪ ਨੇ ਘੂਰ ਕੇ ਉਹਦੇ ਵੱਲ ਵੇਖਿਆ ਸੀ, ਫ਼ਿਰ ਸਾਰਿਆਂ ਨੇ ਦੀਪ ਵੱਲ ਵੇਖਦਿਆਂ ਇੱਕ ਦੂਜੇ ਦੇ ਮੂੰਹਾਂ ਵੱਲ ਵੇਖਿਆ ਸੀ।

“ਮੈਂ ਦੇ ਲਈ ਲਈਨਾ ਤਈਨੂੰ ਮੱਤ…।” ਲਾਲ ਲਾਲ ਡੇਲੇ ਕੱਢਦਿਆਂ ਦੀਪ ਨੇ ਪਤਨੀ ਨੂੰ ਘੂਰਿਆ ਸੀ।

“ਮੈਂ ਕੀ ਆਖਿਆ ਏ ਤੁਹਾਨੂੰ?” ਐਵੇਂ ਗਲ ਪਏ ਪਈਂਦੇ ਓ…।” ਤੀਊੜ੍ਹੀ ਵੱਟ ਕੇ ਪਤੀ ਵੱਲ ਵੇਂਹਦੀ ਸਵਰਨ ਨੇ ਫਿਰ ਬੁੜ ਬੁੜ ਕੀਤੀ ਸੀ।

“ਬੁੜ ਬੁੜ ਕਰਨੋਂ ਬਾਜ ਆਉਣਾ ਕਿ ਨਹੀਂ… ਮਾਂ… ਕਿੱਥੋਂ ਵਿਹੰਦਾ ਸੀ ਕੁੱਤਾ ਖ਼ਣਵਾਦਾ।”

“ਚਲ ਛੱਡ ਪਰ੍ਹਾਂ ਦੀਪ।” ਗੱਲ ਨੂੰ ਸਮੇਟਣ ਖ਼ਾਤਰ ਮੈਂ ਕਿਹਾ ਸੀ।

“ਵੇ ਆਈਨਾ ਨਹੀਂ ਵੇ ਤੈਸ਼ ‘ਚ ਆਈ ਦਾ ਮੁੰਡਿਆ।” ਭੂਆ ਨੇ ਮੱਤ ਦੇਂਦੀ ਨੇ ਕਿਹਾ ਸੀ। ਘੁੱਟੀ ਵੱਟੀ ਸਵਰਨ ਨੇ ਬੀਜੀ ਅੱਗੇ ਤ੍ਰਿਪਾਈ ਲਿਆ ਧਰੀ ਸੀ। ਗੜਵੀ ‘ਚੋਂ ਗਿਲਾਸ ‘ਚ ਚਾਹ ਉਲਦੱਦੀ ਹੋਈ ਉਹ ਫਿਰ ਚੌਂਕੇ ‘ਚ ਜਾ ਬੈਠੀ ਸੀ।

“ਚਾਹ ਕਿਓਂ ਨਹੀਂ ਪਏ ਪੀਂਦੇ ਤੁਸੀ?”

ਤ੍ਰਭਕ ਕੇ ਉਹਨਾਂ ਮੇਰੇ ਵੱਲ ਵੇਖਿਆ ਤੇ ਬੇ-ਦਿਲੀ ਜਿਹੀ ਨਾਲ਼ ਕੌਲੀ ‘ਚ ਚਾਹ ਲੁੱਦ, ਉਹ ਫ਼ਿਰ ਠਿਠਕ ਜਿਹੇ ਗਏ… ਦੋ ਕੁ ਘੁੱਟ ਚਾਹ ਦੇ ਪੀਂਦਿਆਂ ਉਹਨਾਂ ਕੌਲੀ ਫਿਰ ਗੜਵੀ ‘ਤੇ ਰੱਖ਼ ਦਿੱਤੀ ਤੇ ਕੰਧ ਨਾਲ਼ ਢਾਸਣਾ ਲਾਈ ਉਹਨਾਂ ਅੱਖਾਂ ਮੀਟ ਲਈਆਂ।

“ਚਾਹ ਤੇ ਵਿੱਚੇ ਪਈ ਹੋਈ ਹੈ ਸਾਰੀ…।” ਭਾਂਡੇ ਚੁੱਕਣ ਆਈ ਪੈਂਚਣੀ ਨੇ ਗੜਵੀ ਤੋਂ ਕੌਲੀ ਚੁੱਕਦਿਆਂ ਦੱਸਿਆ।

“ਆਹ ਲੱਡੂ ਵੀ ਉਂਜੇ ਪਏ ਹੋਏ ਨੇ…।”

ਕੌਲੀ ਚੁੱਕ ਬੀਜੀ ਨੇ ਦੋਵੇਂ ਲੱਡੂ ਪੈਂਚਣੀ ਦੀ ਝੋਲੀ ‘ਚ ਪਾ ਦਿੱਤੇ।

“ਸਾਡੇ ਨਾਲ਼ ਖ਼ੁਸ਼ ਖ਼ੁਸ਼ ਰਿਹਾ ਕਰੋ ਬੀਬੀ ਜੀ, ਤੁਹਾਡਾ ਈ ਸਾਰਾ ਪਰਤਾਪ ਏ…।” ਪੈਂਚਣੀ ਨੇ ਲੱਡੂ ਦੁਪੱਟੇ ‘ਚ ਲੜ ਬੰਨ੍ਹਦੀ ਨੇ ਕਿਹਾ।

ਵਿਹੜੇ ‘ਚ ਬੈਠੀਆਂ ਮੇਲਣਾ ਹੁਣ ਆਪੋ ‘ਚ ਮੂੰਹ ਜੋੜੀ ਘੁਰ-ਘੁਰ ਕਰ ਰਹੀਆਂ ਸਨ। ਬੈਠਕ ‘ਚੋਂ ਮਰਦ ਉੱਠਕੇ ਬਾਹਰ ਚਲੇ ਗਏ ਸਨ। ਮੀਟ ਲਈ ਵੱਢੇ ਗਏ ਕੁੱਕੜਾਂ ਦੇ ਖੰਭ ਹਵਾ ‘ਚ ਉੱਡ-ਉੱਡ ਕੇ ਏਧਰ-ਓਧਰ ਖਿੱਲਰ ਰਹੇ ਸਨ। ਉਂਞ ਦੇ ਉਂਞ ਊਂਧੀ ਪਾਈ ਬੀਜੀ ਬੈਠੇ ਹੋਏ ਸਨ। ਉਂਞ ਦੀ ਉਂਞ ਮੂੰਹ ਸੁਜਾਈ ਸਵਰਨ ਚੌਂਕੇ ‘ਚ ਬੈਠੀ ਹੋਈ ਸੀ। ਹੈਰਾਨ ਪ੍ਰੇਸ਼ਾਨ ਭੂਆ ਜੀ, ਕਦੀ ਸਵਰਨ ਵੱਲ ਵਿੰਹਦੇ ਤੇ ਕਦੇ ਬੀਜੀ ਵੱਲ…।

“ਨੀ ਮੈਂ ਘਰ-ਬਾਹਰ ਵਾਲ਼ੀ ਸਭ ਕਾਸੇ ਵਾਲ਼ੀ, ਨੀ ਅੱਜ ਮੈਂ ਕੱਖੋਂ ਹੌਲੀ ਹੋ ਗਈ…।” ਇੱਕ ਦਮ ਫ਼ਫ਼ਕ ਫ਼ਫ਼ਕ ਕੇ ਬੀਜੀ ਰੋਣ ਲੱਗੇ ਸਨ।

ਭਾਂਡੇ ਮਾਂਜਦੀ ਪੈਂਚਣੀ ਦਾ ਹੱਥ ਓਥੇ ਦਾ ਓਥੇ ਰੁਕ ਗਿਆ ਸੀ। ਵਿਹੜੇ ‘ਚ ਸ਼ਟਾਪੂ ਖੇਡਦੇ ਬੱਚੇ ਉੱਥੇ ਦੇ ਉੱਥੇ ਅਟਕ ਗਏ ਸਨ, ਵਿਹੜੇ ‘ਚ ਬੈਠੀਆਂ ਜ਼ਨਾਨੀਆਂ ਦੀ ਗੱਲ ਬਾਤ ਉੱਥੇ ਦੀ ਉੱਥੇ ਰਹਿ ਗਈ ਸੀ ਤੇ ਕੋਲ ਖਲੋਤੀ ਡਿੰਪਲ ਬੀਜੀ ਨਾਲ਼ ਆ ਲਿਪਟੀ ਸੀ ਲਾਲ ਪੀਲੀ ਹੁੰਦੀ ਸਵਰਨ ਕੁਝ ਕਹਿੰਦੀ-ਕਹਿੰਦੀ ਰਹਿ ਗਈ ਸੀ…।

“ਹਾਇਆ ਕੀ ਹੋਇਆ ਭਰਜਾਈਏ, ਹੋਸ਼ ਕਰ ਕੋਈ…?”

“ਬੀਬੀ ਜੀ, ਸੁਖ ਸੁਖਾਂ ਦਾ ਦਿਨ ਏਂ…।” ਅੱਗੋਂ ਕੁਝ ਕਹਿੰਦੀ ਕਹਿੰਦੀ ਪੈਂਚਣੀ ਅਟਕ ਗਈ ਸੀ।

“ਆਂਹਦੇ ਨੇ ਬੁੱਤ ਬਣ ਕੇ ਬਹਿ ਜਾਹ, ਬੁੱਲ੍ਹ ਸਿਓਂ ਛੱਡ…ਹਾਇਆ ਮੈਂ ਕਿੱਥੇ ਛਪਣ ਹੋ ਜਾਂ? ਇਹਨਾਂ ਦੇ ਮੱਥੇ ਨਾ ਲੱਗਾਂ…ਕਿੱਥੇ ਟੁਰ ਜਾਂ ਮੈਂ…?” ਬੀਜੀ ਦੀ ਅਵਾਜ਼ ਭਰੜਾ ਗਈ ਸੀ…ਜਿਵੇਂ ਕੋਈ ਵੈਣ ਪਾ ਰਿਹਾ ਹੋਵੇ।

“ਤੂੰ ਤੇ ਸਿਆਣੀ ਬਿਆਣੀ ਸਾਏਂ ਭਰਜਾਈਏ, ਕੀ ਹੋਇਆ ਤੈਨੂੰ…!”

“ਛੱੜੋ ਪਰ੍ਹਾਂ ਬੀਬੀ ਜੀ ਕੀ ਕਰਦੇ ਓ…?” ਉੱਠ ਕੇ ਬੀਜੀ ਦੇ ਨੇੜੇ ਆਉਂਦਿਆਂ ਪੈਂਚਣੀ ਨੇ ਕਿਹਾ।

“ਜਜਮਾਨਣੀ ਤੁਹਾਡੇ ਵੇਲ਼ੇ ਹੋਰ ਸਨ…ਤੁਸਾਂ ਕੀਤੇ ਹੋਏ ਨੇ ਰਾਜ… ਉੱਠੋ ਮੰਜੀ ਕਰ ਦਿਆਂ ਜੇ ਛਾਵੇਂ…ਤੁਹਾਨੂੰ ਤੇ ਧੁੱਪ ਆਈ ਹੋਈ ਏ…।” ਭਾਂਡਿਆਂ ਦਾ ਟੋਕਰਾ ਚੌਂਕੇ ‘ਚ ਧਰਦਿਆਂ ਪੈਂਚਣੀ ਨੇ ਬੀਜੀ ਦੀ ਮੰਜੀ ਚੁੱਕ ਕੇ ਛਾਵੇਂ ਕਰਦਿਆਂ ਕਿਹਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements