ਉਹ ਨਹੀਂ ਆਉਣਗੇ •ਸੁਖਵੰਤ ਕੌਰ ਮਾਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਸੱਤਵੀਂ ਕਿਸ਼ਤ, ਲੜੀ ਜੋੜਨ ਲਈ ਦੇਖੋ – ਲਲਕਾਰਅੰਕ 4-5,1-5ਅਤੇ 16-30 ਅਪ੍ਰੈਲ 2017)

ਪਤਨੀ ਹਾਲੀ ਨਹੀਂ ਸੀ ਜਾਗੀ, ਸ਼ਾਇਦ ਬੱਚੇ ਦੀ ਬਿਮਾਰੀ ਕਰਕੇ ਰਾਤ ਭਰ ਜਾਗਦੀ ਰਹੀ ਸੀ। ਬੱਚੇ ਦੀਆਂ ਨਿੱਕੀਆਂ-ਨਿੱਕੀਆਂ ਕਮਜ਼ੋਰ ਹੂੰਘਰਾ ਦੀ ਅਵਾਜ਼ ਲਗਾਤਾਰ ਮੇਰੇ ਕਮਰੇ ‘ਚ ਆਉਂਦੀ ਰਹੀ ਸੀ। ਪਤਨੀ ਦੇ ਕਮਰੇ ਵੱਲ਼ ਜਾਂਦਿਆਂ ਮੈਂ ਦਰਵਾਜ਼ੇ ‘ਚ ਹੀ ਠਿਠਕ ਕੇ ਖਲੋਅ ਗਿਆ ਸਾਂ। ਬੀਜੀ ਸੁੱਤੇ ਪਏ ਬੱਚੇ ਤੇ ਪਤਨੀ ਦੇ ਸਿਰਹਾਣੇ ਖ਼ੜੇ ਹੱਥ ਜੋੜੀ ਮੂੰਹ ‘ਚ ਅਰਦਾਸ ਕਰ ਰਹੇ ਸਨ। ਪੋਲੇ ਪੈਰੀਂ ਬੀਜੀ, ਪਰਤ ਗਏ ਸਨ। ਅਡੋਲ ਕਦਮ ਰੱਖਦਾ ਮੈਂ ਉਹਦੇ ਕਮਰੇ ‘ਚ ਸਾਂ। ਸੁੱਤੀ ਪਤਨੀ ਦੇ ਮੂੰਹ ‘ਤੇ ਥਕੇਵਾਂ ਝਲਕ ਰਿਹਾ ਸੀ।

ਨਾਂ ਹੀ ਹਾਲੀ ਡਿੰਪਲ ਜਾਗੀ ਸੀ ਤੇ ਨਾ ਹੀ ਅਰਸ਼ੀ। ਕਿਚਨ ‘ਚ ਮੁੰਡੂ ਚਾਹ ਬਣਾ ਰਿਹਾ ਸੀ। ਗੈਲਰੀ ‘ਚ ਇੱਕ ਦੋ ਚੱਕਰ ਮਾਰਕੇ ਬੀਜੀ ਕਿਚਨ ਦੇ ਦਰਵਾਜ਼ੇ ‘ਚ ਆ ਖਲੋਤੇ ਸਨ। ਓਥੋਂ ਆਕੇ ਪਤਨੀ ਦੇ ਕਮਰੇ ‘ਚ ਝਾਤੀ ਮਾਰਦੇ ਹੋਏ ਉਹ ਆਪਣੇ ਕਮਰੇ ‘ਚ ਚਲੇ ਗਏ ਸਨ।

ਨਹਾਉਣ ਲਈ ਗਰਮ ਪਾਣੀ ਦੀ ਲੋੜ ਨਾਂ ਹੋਵੇ, ਸੋਚਦਿਆਂ ਮੈਂ ਕਿਚਨ ‘ਚ ਚਲਾ ਗਿਆ ਸਾਂ। ਪਰ ਹਾਲਾਂ ਤਾਂ ਬੈੱਡ ਟੀ ਵੀ ਤਿਆਰ ਨਹੀਂ ਸੀ ਹੋਈ ਤੇ ਬਰੇਕਫਾਸਟ ਵੀ ਤਿਆਰ ਹੋਣਾ ਸੀ। ਪਤਨੀ ਨੂੰ ਉਂਞ ਰਾਤ ਦਾ ਜਗਰਾਤਾ ਸੀ।

“ਇਹ ਕੀ ਕਰ ਰਹੇ ਓ?” ਕਿਚਨ ਦੇ ਦਰਵਾਜ਼ੇ ‘ਚ ਖੜੀ ਪਤਨੀ ਨੇ ਮੈਂਨੂੰ ਸਟੋਵ ‘ਚ ਤੇਲ ਪਾਂਦਿਆਂ ਵੇਖ ਕਿਹਾ ਸੀ। 

“ਪਾਣੀ ਦਾ ਪਤੀਲਾ ਸਟੋਵ ਪਰ ਰਖ ਦੋ।” ਮੁੰਡੂ ਨੂੰ ਕਹਿੰਦਿਆਂ ਮੈਂ ਪਤਨੀ ਵੱਲ਼ ਵੇਖਿਆ ਸੀ। ਉਹਦੀਆਂ ਅੱਖ਼ੀਆਂ ‘ਚ ਉਨੀਂਦਰਾ ਰੜਕ ਰਿਹਾ ਸੀ।

“ਮੁੰਡੂ ਵੀ ਤਾਂ ਵਿਹਲਾ ਨਹੀਂ…।” ਗੈਲਰੀ ‘ਚ ਜਾਂਦਿਆਂ ਮੈਂ ਪਤਨੀ ਨੂੰ ਕਿਹਾ ਸੀ।

“ਮੇਰਾ ਤਾਂ ਆਪ ਜਿਸਮ ਪਿਆ ਟੁੱਟਦਾ ਏ… ਛੁੱਟੀ ਲਵਾਂ ਕੇ ਨਾ… ਉਂਞ ਆਇਆ ਨੇ ਤਾਂ ਆ ਹੀ ਜਾਣਾ ਏ…।” ਉਹ ਸ਼ਾਇਦ ਮੈਥੋ ਸਲਾਹ ਪੁੱਛ ਰਹੀ ਸੀ। 

“ਬੀਜੀ ਵੀ ਤਾਂ ਕੋਲ ਹੋਣਗੇ…।” ਮੈਂ ਆਪਣੀ ਰਾਏ ਦੱਸੀ ਸੀ।

ਪਤਨੀ ਮੂੰਹ ‘ਤੇ ਪਾਣੀ ਪਾਂਦੀ ਹੋਈ ਜਲਦੀ ਸ਼ੀਸ਼ੇ ਅੱਗੇ ਜਾ ਖਲੋਤੀ ਸੀ।

“ਕੰਘੀ ਵੀ ਤਾਂ ਨਹੀਂ ਲੱਭ ਰਹੀ।” ਸ਼ੈਲਫ ‘ਤੇ ਹੱਥ ਮਾਰਦੀ ਹੋਈ ਉਹ ਖਿਝ ਰਹੀ ਸੀ। 

“ਕਮਬਖ਼ਤ ਚਿਮਚਾ ਖੌਰੇ ਕਿੱਥੇ ਰੱਖ ਗਿਆ ਏ?” ਹੱਥ ‘ਚ ਦਵਾਈ ਦੀ ਸ਼ੀਸ਼ੀ ਫ਼ੜੀ ਆਸ਼ੂ ਦੇ ਸ੍ਰਿਹਾਣੇ ਖੜੀ ਉਹ ਕਾਹਲੀ ਜਿਹੀ ਪੈ ਰਹੀ ਸੀ।

“ਅਭੀ ਤੱਕ ਬਰੇਕਫਾਸਟ ਵੀ ਤਿਆਰ ਨਹੀਂ ਹੁਆ, ਕਰਤਾ ਕਿਆ ਹੈ…?” ਕਿਚਨ ਦੇ ਦਰਵਾਜ਼ੇ ‘ਚ ਖੜੀ ਛੇਤੀ-ਛੇਤੀ ਸਾੜੀ ਦੇ ਵਲਾਂ ਨੂੰ ਠੀਕ ਕਰਦੀ ਹੋਈ ਪਤਨੀ ਮੁੰਡੂ ‘ਤੇ ਖਫਾ ਹੋ ਰਹੀ ਸੀ।

“ਆਇਆ ਵੀ ਤਾਂ ਨਹੀਂ ਆ ਵੜੀ ਹਾਲੀ ਤਾਈ।” ਪਤਨੀ ਕਦੀ ਆਸ਼ੂ ਦਾ ਮੱਥਾ ਟੋਹ ਰਹੀ ਸੀ ਤੇ ਕਦੀ ਢਿੱਡ…।
ਖਾਣੇ ਦੀ ਮੇਜ਼ ‘ਤੇ ਬੈਠੀ ਹੋਈ ਵੀ ਉਹ ਬੇਚੈਨ ਜਿਹੀ ਲੱਗ ਰਹੀ ਸੀ।

“ਬੀਜੀ ਦਾ ਬਰੇਕਫਾਸਟ?” ਬੀਜੀ ਨੂੰ ਆਪਣੇ ‘ਚ ਨਾ ਬੈਠਿਆਂ ਵੇਖ ਮੈਂ ਪੁੱਛਿਆ ਸੀ।

“ਮੁੰਡੂ ਨੂੰ ਕਿਹਾ ਤਾਂ ਸੀ।”

“ਬੀਜੀ ਕਾ ਟੋਸਟ ਕਿਓਂ ਨਹੀਂ ਤਿਆਰ ਕੀਆ?” ਨੇੜੇ ਆਏ ਮੁੰਡੂ ਤੋਂ ਮੈਂ ਪੁੱਛਿਆ ਸੀ।

“ਅਕੇਲਾ ਕਿਆ ਕਿਆ ਕਰਤਾ?”

“ਕਾਹਲੇ ਕਿਓਂ ਪੈਂਦੇ ਓ ਹੁਣੇ ਕਰ ਦੇਂਦਾ ਏ, ਚੰਗੇ ਭਲੇ ਜਾਣਦੇ ਹੋ ਬੱਚਾ ਬਿਮਾਰ ਏ।”

“ਵੇ ਮੁੰਡਿਆਂ ਆਂਡਿਆਂ ਵਾਲਾ ਤਵਾ ਮਾਂਜ ਕੇ ਟੋਸਟ ਸੇਕੀ…।” ਬੀਜੀ ਨੇ ਕਿਹਾ। ਮੁੰਡੂ ਮੂੰਹ ਜਿਹਾ ਬਣਾਈ ਕਿਚਨ ‘ਚ ਚਲਾ ਗਿਆ ਸੀ।

ਅਰਸ਼ੀ ਆਈ ਤੇ ਕੁਰਸੀ ‘ਤੇ ਬੈਠ ਗਈ। ਪਹਿਲਾ ਪੀਰੀਅਡ ਲੱਗਣਾ ਸੀ। ਅੱਜ ਉਹ ਛੇਤੀ ਤਿਆਰ ਹੋ ਗਈ ਸੀ। ਫਰੈਸ਼ ਲੱਗ ਰਹੀ ਸੀ। ਵਾਲਾਂ ਦੀਆਂ ਕੰਨਾਂ ਤੋਂ  ਉਰਾਂ ਕੱਢੀਆਂ ਹੋਈਆਂ ਕਾਲੀਆ ਸਿਆਹ ਲਿਟਾ ਗੋਰੇ ਰੰਗ ‘ਤੇ ਹੋਰ ਵੀ ਫ਼ੱਬ ਰਹੀਆਂ ਸਨ। ਉਹ ਜਲਦੀ ਜਲਦੀ ਖਾ ਵੀ ਰਹੀ ਸੀ ਤੇ ਅਮਿੱਤ, ਆਪਣੇ ਦੋਸਤ ਬਾਰੇ ਗੱਲਾਂ ਵੀ ਕਰਦੀ ਜਾ ਰਹੀ ਸੀ ਕਿ ਅਮਿੱਤ ਤੇ ਉਹਨੇ ਫਲਾਨੀ ਪਿਕਚਰ ਵੇਖੀ ਸੀ ਤੇ ਫਿਰ ਫਲਾਨੇ ਰੈਸਟੋਰੈਂਟ ਤੋਂ ਚਾਹ ਪੀਤੀ ਸੀ। ਇੱਕ ਖਾਸ ਅੰਦਾਜ਼ ‘ਚ ਮੋਢਿਆਂ ‘ਤੇ ਸੁੱਟੇ ਹੋਏ ਵਾਲ ਹਿਲਾਂਦੀ ਹੋਈ ਉਹ ਉੱਠੀ ‘ਤੇ ਕਾਲਜ ਨੂੰ ਤੁਰ ਪਈ ਸੀ।

ਜਾਂਦੀ ਅਰਸ਼ੀ ਵੱਲ ਬੀਜੀ ਨੇ ਇੱਕ ਓਪਰੀ ਜਿਹੀ ਨਿਗਾ ਮਾਰੀ ਸੀ।

ਆਇਆ ਦੇ ਆਓਦਿਆਂ ਹੀ ਪਤਨੀ ਦਵਾਈਆਂ ਬਾਰੇ ਸਮਝਾ ਰਹੀ ਸੀ, ਤਾਕੀਦਾਂ ਕਰ ਰਹੀ ਸੀ। ਕਾਟ ‘ਚ ਪਏ ਆਸ਼ੂ ਦੀ ਗੱਲ ਨੂੰ ਚੁੰਮਕੇ ਉਹ ਬਾਹਰ ਨੂੰ ਹੋ ਗਈ ਸੀ। ਉਹਦੀਆਂ ਅੱਖਾਂ ਸਲਾਬੀਆਂ ਹੋਈਆਂ ਸਨ।

ਆਸ਼ੂ ਦੇ ਸ੍ਰਿਹਾਣੇ ਬੈਠੇ ਬੀਜੀ ਗਮਗੀਨ ਜਿਹੀਆਂ ਨਜ਼ਰਾਂ ਨਾਲ਼ ਜਾਂਦੀ ਪਤਨੀ ਵੱਲ਼ ਵੇਖ ਰਹੇ ਸਨ।  

***

ਆਸ਼ੂ ਅੱਗੇ ਨਾਲੋਂ ਸੁਰਤ ‘ਚ ਸੀ। ਉਹਦੇ ‘ਤੇ ਝੁਕੇ ਹੋਏ ਬੀਜੀ ਉਹਦੇ ਨਾਲ਼ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਸਨ। ਨਿੱਕਾ ਨਿੱਕਾ ਉਹ ਅੱਗੋਂ ਹੱਸ ਰਿਹਾ ਸੀ… ਆਇਆ ਜ਼ਰਾ ਪਰਾਂ ਵੱਟੀ ਵੱਟੀ ਫਿਰ ਰਹੀ ਸੀ।

ਆਸ਼ੂ ਦੀ ਗਲ ‘ਤੇ ਹੱਥ ਫੇਰਦਿਆਂ ਮੈਂ ਕੋਲ ਡੱਠੀ ਕੁਰਸੀ ‘ਤੇ ਬਹਿ ਗਿਆਂ ਸਾਂ।

“ਆਹ ਜਿਹੜੀ ਰੱਖੀ ਜੇ ਕੌਡੀਓਂ ਖੋਟੀ ਏ, ਮੁੰਡੇ ਦਾ ਧਿਆਨ ਏਸ ਕੀ ਰੱਖਣਾ ਸੀ, ਆਪਣੀ ਕੰਘੀ ਪੱਟੀ ‘ਚ ਹੀ ਲੱਗੀ ਰਹੀ ਏ… ਆਖ ਆਖ ਕੇ ਦਵਾਈ ਦੁਆਂਦੀ ਰਹੀ ਆਂ…।” ਆਇਆ ਦੇ ਕਿਚਨ ‘ਚ ਜਾਣ ‘ਤੇ ਉਹਨਾਂ ਕਿਹਾ ਸੀ।

“ਮੈਂ ਤਾਂ ਅੱਜ ਪਿੰਡੇ ਪਾਣੀ ਵੀ ਨਹੀਂ ਪਾਇਆ, ਵੇਖਾਂ ਮੇਰਾ ਹਾਲ ਕੀ ਬਣਿਆ ਪਿਆ ਏ… ਭਲਾ ਇਹ ਸੰਭਾਲ ਲੈਂਦੀ ਜਿਦੇ ਸਿਰ ਤੇ ਛੱਡ ਕੇ ਗਏ ਸਾਓ।”

“ਇਹ ਕਿਹੜਾ ਘੱਟ ਸ਼ੈਤਾਣ ਏ, ਸਾਰਾ ਦਿਨ ਕੋਲੋਂ ਨਹੀਂ ਉੱਠਣ ਦਿੱਤਾ ਇਹਨੇ…।” ਉਹ ਲਾਡ ਨਾਲ਼ ਆਸ਼ੂ ਦੀ ਗੱਲ ਪਲੋਸਦੇ ਕਹਿ ਰਹੇ ਸਨ।

“ਆਇਆ ਏਧਰ ਆਕੇ ਬੈਠ…।” ਮੈਂ ਰਤਾ ਗੁੱਸੇ ‘ਚ ਕਹਿ ਗਿਆਂ ਸਾਂ।

“ਬੀਜੀ ਤੁਸੀਂ ਉੱਠਕੇ ਨਹਾ ਧੋ ਲਵੋ, ਏਸ ਤਰਾਂ ਕੀ ਚੰਗਾ ਲੱਗਦਾ ਹੈ।”

ਬੀਜੀ ਉੱਠੇ ਤਾਂ ਆਸ਼ੂ ਚੂੰ ਚੂੰ ਕਰਨ ਲੱਗਾ। ਆਇਆ ਨੂੰ ਤਾਂ ਉਹ ਅੱਜ ਸਿਞਾਂਣਦਾ ਵੀ ਨਹੀਂ ਸੀ ਪਿਆ। ਪਤਨੀ ਆਈ ਤਾਂ ਆਸ਼ੂ ਨੂੰ ਵੇਖ ਕੇ ਖੁਸ਼ ਹੋ ਗਈ।

“ਲਾਏ ਵੇਖ ਲਾਏ, ਪੁੱਤਰ ਤੇਰਾ ਰਾਜ਼ੀ ਏ ਕਿ ਨਾ?” ਕਹਿੰਦਿਆਂ ਬੀਜੀ ਉੱਠੇ ਤੇ ਗੁਸਲਖਾਨੇ ‘ਚ ਨਹਾਉਣ ਚਲੇ ਗਏ। ਪਤਨੀ ਆਇਆ ਨੂੰ ਦਵਾਈਆਂ ਦੇਣ ਬਾਰੇ ਪੁੱਛਦੀ ਰਹੀ… ਪੁੱਛਦੀ ਰਹੀ ਕਿ ਉਹ ਪਿੱਛੇ ਰੋਂਦਾ ਤਾਂ ਨਹੀਂ ਸੀ। ਆਇਆ ਕੁਝ ਘੁੱਟੀ ਘੁੱਟੀ ਜਿਹੀ ਜਵਾਬ ਦੇਂਦੀ ਰਹੀ।

ਮੈਂ ਨਵੀਂ ਆਈ ਅਲਸਟ੍ਰੇਟਿਡ ਵੀਕਲੀ ਦੇ ਵਰਕੇ ਫਰੋਲਨ ਲੱਗਾ ਸਾਂ। ਪਤਨੀ ਅੰਦਰੋਂ ਆਪਣੀ ਨਿਟਿੰਗ ਮੰਗਵਾ ਕੇ ਉਨਣ ਲੱਗੀ ਸੀ।

ਮੈਂ ਬਾਥਰੂਮ ਜਾਣ ਲਈ ਕਿਚਨ ਅੱਗੋਂ ਲੱਘਿਆਂ ਤਾਂ ਆਇਆ ਤੇ ਮੁੰਡੂ ਹੌਲੀ ਹੌਲੀ ਕੁਝ ਘੁਸਰ ਮੁਸਰ ਕਰ ਰਹੇ ਸਨ।

ਕੁਝ ਦੇਰ ਬਾਅਦ ਚਾਹ ਦੀ ਟਰੇਅ ਲਈ ਮੁੰਡੂ ਆ ਗਿਆ ਸੀ। ਆਇਆ ਸੁੰਨ ਮੁੰਨ ਜਿਹੀ ਫੇਰ ਕੋਲ ਆ ਖਲੋਤੀ ਸੀ।

“ਆਹ ਆਸ਼ੂ ਦੇ ਕੁਝ ਕੱਪੜੇ ਧੋਅ ਛੱਡ।” ਪਤਨੀ ਨੇ ਆਸ਼ੂ ਦੇ ਨਿੱਕੇ ਨਿੱਕੇ ਕੱਪੜੇ ਇਕੱਠੇ ਕਰਦੀ ਨੇ ਆਇਆ ਨੂੰ ਆਖਿਆ ਸੀ। ਆਇਆ ਚੁੱਪ ਚਾਪ ਕੱਪੜੇ ਲੈਕੇ ਬਾਥਰੂਮ ਵੱਲ਼ ਚਲੀ ਗਈ ਸੀ।

“ਅੱਜ ਇਹਨੂੰ ਕੀ ਹੋਇਆ ਏ?” ਕਿਵੇਂ ਸੁੰਨ ਮੁੰਨ ਹੋਈ ਫਿਰਦੀ ਏ?”

ਜੁਆਬ ‘ਚ ਮੈਂ ਕੇਵਲ ਪਤਨੀ ਵੱਲ਼ ਤੱਕਿਆ ਤੇ ਫਿਰ ਪੜਣ ਲੱਗ ਪਿਆ ਸਾਂ।

ਬੀਜੀ ਨਹਾ ਕੇ ਸਾਡੇ ਕੋਲ ਆ ਬੈਠੇ ਸਨ। ਪਤਨੀ ਉੱਠ ਕੇ ਕਿਚਨ ‘ਚੋਂ ਉਹਨਾਂ ਲਈ ਚਾਹ ਲੈ ਆਈ ਸੀ। ਬੀਜੀ ਚਾਹ ਪੀਂਦੇ ਰਹੇ ਤੇ ਮੈਂ ਵੀਕਲੀ ਪੜਦਾ ਰਿਹਾ ਤੇ ਪਤਨੀ ਨਿਟਿੰਗ ਕਰਦੀ ਰਹੀ।

ਬੀਜੀ ਚਾਹ ਪੀਣ ਤੋਂ ਬਾਅਦ ਕਾਫੀ ਫਰੈਸ਼ ਲੱਗ ਰਹੇ ਸਨ। ਪਤਨੀ ਉੱਠ ਕੇ ਕਿਚਨ ‘ਚ ਚਲੀ ਗਈ ਸੀ।

ਕੁਝ ਚਿਰ ਬਾਅਦ ਮੈਂ ਸਟੱਡੀ ‘ਚ ਜਾਣ ਲਈ ਗੈਲਰੀ ‘ਚੋਂ ਲੰਘਿਆ ਤਾਂ, ਆਇਆ ਮੂੰਹ ਲਮਕਾਈ ਹੌਲੀ ਹੌਲੀ ਪਤਨੀ ਨੂੰ ਕੁਝ ਕਹਿ ਰਹੀ ਸੀ।

 ***

 ਮੈਂ ਤੇ ਪਤਨੀ ਆਸ਼ੂ ਨੂੰ ਕਾਰ ‘ਚ ਡਾਕਟਰ ਕੋਲ ਲੈਕੇ ਜਾ ਰਹੇ ਸਾਂ।

“ਆਇਆ ਕਹਿੰਦੀ ਏ ਉਹ ਇਹੀ ਮਹੀਨਾ ਲਾਏਗੀ।” ਕਹਿੰਦਿਆਂ ਪਤਨੀ ਨੇ ਮੇਰੇ ਵੱਲ਼ ਵੇਖਿਆ।

“ਬੀਜੀ ਨੇ ਉਹਦਾ ਨੱਕ ‘ਚ ਦਮ ਕਰ ਰੱਖਿਆ ਏ।”

“ਹਰਾਮ-ਜ਼ਾਦੀ ਝੂਠ ਬੋਲਦੀ ਏ, ਬੀਜੀ ਤਾਂ ਅੱਜ ਸਾਰਾ ਦਿਨ ਸਗੋਂ ਆਸ਼ੂ ਨੂੰ ਸੰਭਾਲਦੇ ਰਹੇ ਨੇ।”

“ਤੇ ਨਾਲੇ ਆਇਆ ਤੇ ਰੋਅਬ ਪਾਉਂਦੇ ਰਹੇ ਨੇ।”

“ਮੈਂ ਨਹੀਂ ਮੰਨਦਾ।” ਮੈਂ ਦ੍ਰਿੜਤਾ ਨਾਲ਼ ਕਿਹਾ।

“ਦੇਖੋ ਅੱਗੋਂ ਮੈਂ ਮਸਾਂ ਮਸਾਂ ਲੱਭੀ ਏ, ਤੁਹਾਨੂੰ ਪਤਾ ਏ ਪਹਿਲੀ ਆਇਆ ਦੇ ਜਾਣ ਬਾਅਦ ਕਿੰਨੀ ਮੁਸੀਬਤ ਕੱਟਣੀ ਪਹੀ ਸੀ। ਜੇ ਇਹ ਵੀ ਚਲੀ ਗਈ ਤਾਂ, ਮੇਰੀ ਨੌਕਰੀ ਜਾਂਦੀ ਰਹਿਣੀ ਏ… ਤੇ ਇਹ ਤੁਸੀ ਜਾਣਦੇ ਈ ਓ ਕਿੰਨੀਆਂ ਸਿਫਾਰਿਸ਼ਾਂ ਨਾਲ਼ ਮਿਲੀ ਏ, ਫਿਰ ਚੰਗੀ ਸਰਵਿਸ ਏ ਸੱਤ ਸੌ ਰੁਪਏ ਵਾਧੂ ਘਰ ‘ਚ ਆ ਜਾਂਦਾ ਏ…।”

ਪਤਨੀ ਸੱਚੀ ਸੀ। ਅਗਲੀ ਆਇਆ ਦੇ ਚਲੇ ਜਾਣ ਬਾਅਦ ਅਸਾਂ ਬੜੀ ਮੁਸੀਬਤ ਕੱਟੀ ਸੀ। ਬੜੀਆਂ ਸਿਫਾਰਸ਼ਾਂ ਨਾਲ਼ ਇਹ ਆਇਆ ਕਿਸੇ ਰਖਵਾਈ ਸੀ। ਅਸਾਂ ਰੱਬ ਦਾ ਸੌ ਸ਼ੁਕਰ ਕੀਤਾ ਸੀ ਤੇ ਪਤਨੀ ਦੀ ਨੌਕਰੀ ਜਾਂਦੀ ਜਾਂਦੀ ਬਚੀ ਸੀ।

ਘਰ ‘ਚ ਦੋ ਤਨਖਾਹਾਂ ਬਗੈਰ ਸਰਤਾ ਨਹੀਂ ਸੀ। ਬੱਚਿਆਂ ਦੀ ਪੜਾਈ ਦਾ ਕਾਫੀ ਖਰਚਾ ਸੀ। ਰਸੋਈ ‘ਚ ਮੁੰਡੂ ਦਾ ਹੋਣਾ ਵੀ ਜਰੂਰੀ ਸੀ। ਕਈ ਚੀਜ਼ਾਂ ਪਤਨੀ ਦੀ ਨੌਕਰੀ ਕਰਕੇ ਹੀ ਘਰ ‘ਚ ਆ ਚੁੱਕੀਆਂ ਸਨ। ਬਾਹਰ ਅੰਦਰ ਇਜ਼ਤ ਬਣੀ ਹੋਈ ਸੀ…।

“ਦੇਖੋ ਉੱਤੇ ਜ਼ਮਾਨਾ ਕਿਹੜਾ ਪਿਆ ਜਾਂਦਾ ਏ, ਕੋਈ ਓਏ ਅਖਵਾ ਕੇ ਰਾਜ਼ੀ ਨਹੀਂ ਤੇ ਬੀਜੀ ਉਹਨੂੰ ਵਧ ਘੱਟ ਗੱਲਾਂ ਕਰਦੇ ਰਹੇ ਨੇ, ਝਿੜਕਾਂ ਦੇਂਦੇ ਰਹੇ ਨੇ…।”

“ਤੁਸੀਂ ਤਾਂ ਐਵੇ ਬੁਰਾ ਮਨਾ ਗਏ।” ਕਾਫੀ ਦੇਰ ਮੇਰੇ ਚੁੱਪ ਕੀਤਾ ਰਹਿਣ ਤੇ ਉਹ ਬੋਲੀ ਸੀ।

“ਮੈਨੂੰ ਨਹੀਂ ਸਮਝ ਆਉਂਦੀ, ਉਹਨਾ ਨੂੰ ਕੀ ਆਖਾਂ?” ਮੈਂ ਤਲਖ ਹੁੰਦਿਆਂ ਕਿਹਾ ਸੀ।

“ਤੁਸੀਂ ਸਮਝਦੇ ਨਹੀਂ ਪਏ…।” ਪਤਨੀ ਨੇ ਕੁਝ ਨਰਮ ਪੈਂਦੀ ਨੇ ਕਿਹਾ ਸੀ। ਡਾਕਟਰ ਦਾ ਕਲੀਨਿਕ ਆ ਗਿਆ ਸੀ।

***

ਕਿਚਨ ‘ਚ ਬੈਠੇ ਬੀਜੀ ਸਟੋਵ ‘ਚ ਹਵਾ ਭਰ ਰਹੇ ਸਨ। ਜੋਰ ਲਾਉਣ ਕਰਕੇ ਉਹਨਾਂ ਨੂੰ ਹੌਕਣੀ ਚੜੀ ਹੋਈ ਸੀ। ਮੁੰਡੂ ਸਿਰ ਜਿਹਾ ਸੁੱਟੀ ਖਲੋਤਾ ਹੋਇਆ ਸੀ।

“ਬੀਜੀ ਪਰਾਂ ਹਟੋ, ਮੈਂ ਬਾਲ ਦੇਣਾਂ।” ਕਿਚਨ ‘ਚ ਵੜਦਿਆਂ ਮੈਂ ਕਿਹਾ।

“ਦੇਖ ਨਹੀਂ ਰਹਾ ਬੀਜੀ ਕੋ ਕਿਤਨੀ ਤਕਲੀਫ ਹੋ ਰਹੀ ਹੈ।” ਬੀਜੀ ਨੂੰ ਹਾਲੀ ਵੀ ਸਾਹ ਸੜਿਆ ਹੋਇਆ ਸੀ।

“…ਜੀ… ਜੀ… ਮੈਂ ਤੋ ਕਹੀ ਬਾਰ ਬੋਲਾ….।” ਮੁੰਡੂ ਦੇ ਮੂੰਹ ਜਿਵੇਂ ਗੱਲ ਨਹੀਂ ਸੀ ਨਿਕਲ ਰਹੀ।

“ਨੀਂ ਆ ਜਰਾ ਪਾਣੀ ਤਾਂ ਗੁਸਲਖਾਨੇ ‘ਚ ਰੱਖ ਦੇਂਦੀ…।” ਗੈਲਰੀ ‘ਚੋਂ ਲੰਘਦੀ ਆਇਆ ਨੂੰ ਬੀਜੀ ਨੇ ਕਿਹਾ ਸੀ।

“ਬਾਬਾ ਕੋ ਦਵਾ ਪਿਲਾਣੀ ਹੈ।” ਕਹਿ ਕੇ ਆਇਆ ਅੱਗੇ ਚਲੀ ਗਈ ਸੀ।

“ਦੇਖ ਸ਼ੀਲਾ ਬੀਜੀ ਕੋ ਕਿਸੀ ਕਾਮ ਸੇ ਮਨਾ ਨਹੀਂ ਕਰਨਾ।” ਕੁਝ ਤਲਖ ਹੁੰਦਿਆਂ ਆਇਆ ਨੂੰ ਆਪਣੇ ਕੋਲ ਸੱਦਦਿਆਂ ਮੈਂ ਕਿਹਾ ਸੀ।

ਆਇਆ ਸਿਰ ਝਕਾਈ ਖੜੀ ਸੀ।

“ਸ਼ੀਲਾ ਭਈ ਵੋਹ ਡਰਾਪਸ ਵਾਲੀ ਸ਼ੀਸ਼ੀ ਤੋ ਲਾਓ।” ਅੰਦਰੋਂ ਪਤਨੀ ਅਵਾਜ਼ਾਂ ਦੇ ਰਹੀ ਸੀ। ਉਸੇ ਤਰਾਂ ਸਿਰ ਝੁਕਾਈ ਉਹ ਪਤਨੀ ਦੇ ਕਮਰੇ ‘ਚ ਚਲੀ ਗਈ ਸੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

 

Advertisements