ਉਹ ਨਹੀਂ ਆਉਣਗੇ •ਸੁਖਵੰਤ ਕੌਰ ਮਾਨ ਦਾ ਲਘੂ ਨਾਵਲ (ਚੌਥੀ ਕਿਸ਼ਤ)

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ਲਲਕਾਰ ਅੰਕ 1, 16 ਤੋਂ 28 ਫਰਵਰੀ, 2017)

ਲੌਢਾ ਵੇਲ਼ਾ ਹੋ ਗਿਆ ਸੀ। ਚੌਂਕੇ ‘ਚ ਲੱਗੀ ਫਿਰਦੀ ਸਵਰਨ ਹੌਲ਼ੀ-ਹੌਲ਼ੀ ਬੁੜ ਬੁੜ ਕਰ ਰਹੀ ਸੀ। ਪਿੰਡ ਦੀਆਂ ਜ਼ਨਾਨੀਆਂ ਮੱਥਾ ਟੇਕਨ ਆਈਆਂ ਚੌਂਕੇ ਦੀ ਬੰਨੀ ਕੋਲ਼ ਅਟਕਦੀਆਂ ਦੋ ਚਾਰ ਗੱਲਾਂ ਸਵਰਨ ਨਾਲ਼ ਕਰਦੀਆਂ, ਦੂਰ ਬੈਠੀਆਂ ਬੀਜੀ ਤੇ ਭੂਆ ਜੀ ਵੱਲ਼ ਵਿਹੰਦੀਆਂ ਹੋਈਆਂ ਉਹ ਪੌੜੀਆਂ ਚੜ•ਨ ਲੱਗਦੀਆਂ। ਮੱਥਾ ਟੇਕ, ਝੱਟ ਕੁ ਬਹਿ ਕੇ ਉੱਤਰਦੀਆਂ ਉਹ ਫ਼ਿਰ ਚੌਕੇ ਦੀ ਬੰਨੀ ਕੋਲ਼ ਆ ਖਲਂੋਦੀਆਂ। ਸਵਰਨ ਉਹਨਾਂ ਨੂੰ ਨਾਂਹ ਨਾਂਹ ਕਰਦੀਆਂ ਨੂੰ ਅਟਕਾ ਲੈਂਦੀ। ਗਰਮ ਗਰਮ ਚਾਹ ਗੜਵੀ ‘ਚ ਪਾ ਕੇ ਉਹਨਾਂ ਅੱਗੇ ਰੱਖਦੀ, ਲੱਡੂ ਜਲੇਬੀਆਂ ਤੇ ਸ਼ੱਕਰ-ਪਾਰਿਆ ਦੀ ਪਲੇਟ ‘ਚੋਂ ਘੜੀ ਮੁੜੀ ਹੋਰ ਖਾਣ ਲਈ ਆਖਦੀ…।

ਨਾਂਹ ਨਾਂਹ ਕਰਦੀਆਂ ਉਹ ਕਿੰਨਾ ਈ ਚਿਰ ਹੋਰ ਅਟਕ ਜਾਂਦੀਆਂ, ਉੱਚੀ ਉੱਚੀ ਗੱਲਾਂ ਕਰਦੀਆਂ, ਵਿੱਚੋਂ ਵਿੱਚ ਬੀਜੀ ਵੱਲ਼ ਇਸ਼ਾਰੇ ਕਰ ਜਾਂਦੀਆਂ…। ਜਾਣ ਲੱਗੀਆਂ ਦੀ ਝੋਲੀ ‘ਚ ਸਵਰਨ ਇੱਕ ਇੱਕ ਪਲੇਟ ਹੋਰ ਮਠਿਆਈ ਪਾ ਦੇਂਦੀ…।

ਘੁਸਮੁਸਾ ਜਿਹਾ ਹੋ ਗਿਆ ਸੀ। ਠੋਡੀ ‘ਤੇ ਉਂਗਲ ਟਿਕਾਈ, ਮੂੰਹ ਨਾਲ਼ ਮੂੰਹ ਜੋੜੀ ਬੀਜੀ ਹੌਲ਼ੀ ਹੌਲ਼ੀ ਭੂਆ ਜੀ ਨੂੰ ਕੁਝ ਕਹਿ ਰਹੇ ਸਨ। ਗੱਲ• ਤੇ ਉਂਗਲ ਰੱਖੀ ਸਿਰ ਹਿਲਾਂਦੇ ਹੋਏ ਭੂਆ ਜੀ ਕੁਝ ਸੁਣ ਰਹੇ ਸਨ…।

***

“ਮੈਂ ਨਹੀਂ ਹੁਣ ਇਹਨਾਂ ਨੂੰ ਏਥੇ ਰਹਿਣ ਦੇਣਾ…।” ਆਪਣਾ ਫੈਸਲਾ ਸੁਣਾਦਿਆਂ ਮੈਂ ਕਿਹਾ ਸੀ।

“ਸ਼ਾਵਾਸ਼ੇ ਭਾਈ ਤੇਰੇ… ਮੈਂ ਵੀ ਕੱਲ• ਦੀ ਪਈ ਵਿਹਨੀ ਆਂ, ਇਹਦੀ ਤੇ ਬੁਰੀ-ਬਾਬ ਹੁੰਦੀ ਪਈ ਏ…।” ਭੂਆ ਜੀ ਨੇ ਪ੍ਰਸੰਸਾ ਭਰੀਆਂ ਨਜ਼ਰਾਂ ਨਾਲ਼ ਮੇਰੇ ਵੱਲ਼ ਤੱਕਦਿਆਂ ਕਿਹਾ। ਦੁਪੱਟੇ ਦੀ ਕੰਨੀ ਨਾਲ਼ ਅੱਖਾਂ ਪੂੰਝਦੇ… ਹੱਥ ਤੇ ਠੋਡੀ ਧਰੀ ਬੀਜੀ ਕੁਝ ਸੋਚਣ ਲੱਗੇ।

“ਏਸ ਵਿਚਾਰੀ ਨੇ ਕੀ ਡਿੱਠਾ ਏ… ਚੱਪਾ ਕੁ ਜਿੰਨੀ ਸੀ ਜਦੋਂ ਸਿਰ ‘ਤੇ ਬਣ ਗਈ, ਨਾਂ ਕੁਝ ਖਾਧਾ ਨਾ ਹਢਾਂਇਆ…।” ਭੂਆ ਜੀ ਨੇ ਅੱਖਾਂ ਪੂੰਜਦਿਆਂ ਕਿਹਾ।

“ਉਮੀਦ ਨਹੀਂ ਸੀ ਏਡਾ ਚਵਲ ਨਿਕਲੇਗਾ…।” ਗੱਲ ਕਰਦੇ ਦਾ ਮੇਰਾ ਗੱਚ ਭਰ ਆਇਆ। ਮੇਰੇ ਲਈ ਉੱਥੇ ਹੋਰ ਬੈਠਣਾ ਮੁਹਾਲ ਹੋ ਗਿਆ ਸੀ। ਉੱਠਕੇ ਤਾਇਆ ਜੀ ਦੇ ਘਰ ਵੱਲ਼ ਤੁਰ ਪਿਆਂ ਸਾਂ।

“ਮੇਰੇ ਤਾਂ ਪੱਲੇ ਹੀ ਕੱਖ ਨਾ ਰਿਹਾ…।” ਤਾਇਆ ਜੀ ਦੇ ਘਰੋਂ ਆਉਂਦਿਆਂ ਦੀਪ ਦੀ ਅਵਾਜ਼ ਸੁਣ ਕੇ ਮੈਂ ਡਿਓੜੀ ‘ਚ ਹੀ ਅਟਕ ਗਿਆ।

“ਏਡਾ ਇਹ ਹੇਜਲਾ ਮਾਂ ਦਾ, ਚਾਰ ਸਾਲ ਮਾਂ ਨੂੰ ਮਿਲਨ ਤੱਕ ਨਹੀਂ ਆ ਵੜਿਆ… ਇਹ ਮਰਨੋ ਮਸਾਂ ਮਸਾਂ ਬਚੇ, ਏਸ ਪਿਓ ਦੇ ਪੁੱਤਰ ਨੇ ਖ਼ਬਰ ਤੱਕ ਨਾ ਲਈ… ਸਵਰਨ ਲੱਖ ਭੈੜੀ ਸਹੀ, ਆਪਣੀ ਹੱਥੀ ਇਹਨਾਂ ਦਾ ਗੂੰਹ ਮੂਤਰ ਧੋਂਦੀ ਰਹੀ, ਸੇਵਾ ਕਰਦੀ ਰਹੀ… ਨਹੀਂ ਤੇ ਇਹਨਾਂ ਦੀ ਕੋਈ ਬਚਣ ਵਾਲ਼ੀ ਹਾਲਤ ਸੀ।”

“ਘਰ ‘ਚ ਰੱਬ ਦਾ ਦਿੱਤਾ ਸਭ ਕੁਝ ਏ, ਜੋ ਮਰਜ਼ੀ ਖਾਣ ਜੋ ਮਰਜ਼ੀ ਹੰਢਾਉਣ, ਕਿਹੜੀ ਚੀਜ਼ ਦੀ ਕਮੀ ਏ ਇਹਨਾਂ ਨੂੰ, ਉਂਞ ਵੀ ਠੰਡੇ ਧੁੱਦ ਫ਼ੂਕਾਂ ਪਏ ਮਾਰਦੇ ਨੇ…।”

“ਚਲੋ ਜੇ ਸਵਰਨ ਤੋਂ ਕੋਈ ਗਲਤੀ ਹੋ ਵੀ ਗਈ ਏ ਜਾਂ ਕੁਝ ਵਧ ਘਟ ਨਿਕਲ ਗਈ ਏ ਤਾਂ ਉਹ ਪੈਰੀ ਪੈ ਕੇ ਹੁਣ ਤੁਹਾਡੇ ਸਾਹਮਣੇ ਮਾਫ਼ੀ ਮੰਗ ਲੈਂਦੀ ਏ ਜੇ ਫ਼ੇਰ ਵੀ ਮੈਂ ਇਹਨੂੰ ਵਧ ਕਰਦੀ ਨੂੰ ਵੇਖ ਲਿਆ ਤਾਂ ਮੁੱਲ ਪੈਂਦਾ, ਵੇਖ ਲਿਆ ਜੇ…।”

“ਆਹ ਵੇਖ, ਮੇਰੇ ਸਿਰ ਚੜ• ਕੇ ਨਾਂ ਕੁਝ ਆਖੀਂ ਉਹਨੂੰ…।” ਬੀਜੀ ਨੇ ਹੱਥ ਲਾਂਦਿਆਂ ਜ਼ਰਾ ਤਲਖ਼ੀ ਨਾਲ਼ ਕਿਹਾ ਸੀ।

“ਮੈਂ ਹੁਣ ਮੂੰਹ ‘ਤੇ ਕਹਿਣਾ…ਹਰੇਕ ਨਾਲ਼ ਇੱਟ-ਖੜੱਕਾ ਲੈਂਦੇ ਰਹਿੰਦੇ ਨੇ, ਜੇ ਘਰ ‘ਚ ਕੋਈ ਮਹਿਰਾ ਚੂਹੜਾ ਆਉਂਦਾ ਏ ਤਾਂ ਚੋਂਭੜਾਂ ਦੇ ਦੇ ਅਗਲੇ ਦਾ ਨੱਕ ‘ਚ ਦਮ ਕਰ ਦੇਂਦੇ ਨੇ।”

“ਨੀ ਭਰਜਾਈਏ ਤੂੰ ਵੀ ਕੁਝ ਪਿੱਤਾ ਮਾਰ ਆਪਣਾ…।” ਭੂਆ ਜੀ ਬੀਜੀ ਨੂੰ ਸਮਝਾ ਰਹੇ ਸਨ।

“…ਮੈਂਨੂੰ ਕਿੱਥੇਂ ਪਤਾ ਲੱਗਣਾ ਸੀ…ਅੰਦਰ ਬਾਹਰ ਹੱਥ ਮਾਰਦੇ ਫਿਰਨ, ਚੀਜ਼ਾਂ ਲੱਭਦੇ ਫ਼ਿਰਨ…।” ਸਵਰਨ ਨੇ ਦੱਸਿਆ।

“ਵੇਖੋ ਹੁਣ ਹੱਥ ਜੁੜਾ ਲਓ ਤੇ ਟਿਕ ਕੇ ਬਹਿ ਜਾਓ… ਜਾਣ ਮੈਂ ਤੁਹਾਨੂੰ ਫ਼ਿਰ ਵੀ ਨਹੀਂ ਦੇਣਾ।”

“ਮੈਂ ਵੀ ਇਹਨਾਂ ਦਾ ਪੁੱਤਰ ਆਂ ਮੇਰਾ ਵੀ ਕੋਈ ਹੱਕ ਏ ਇਹਨਾਂ ‘ਤੇ…।” ਡਿਓੜ ‘ਚੋਂ ਵਿਹੜੇ ਵੱਲ਼ ਆਉਂਦਿਆਂ ਜ਼ਰਾ ਸਖ਼ਤੀ ਨਾਲ਼ ਮੈਂ ਕਿਹਾ।

“ਭਾ ਜੀ ਹੱਕ ਤੁਹਾਡਾ ਹੈ, ਮੈਂ ਨਹੀਂ ਆਂਹਦਾ ਨਹੀਂ, ਜਿਸਰਾਂ ਇਹ ਰੁੱਸ ਚੱਲੇ ਨੇ, ਮੈਂ ਨਹੀਂ ਜਾਣ ਦੇਣਾ…।” ਦੀਪ ਨੇ ਕੁਝ ਪੀਲੇ ਪੈਂਦਿਆਂ ਕਿਹਾ।

“ਮੇਰੇ ਖਿਆਲ ‘ਚ ਤੂੰ  ਜ਼ਿਦ ਕਰ ਰਿਹਾ ਏਂ…।”

“ਭਾ ਜੀ ਏਸਰਾਂ ਜੇ ਅੱਜ ਇਹ ਜਾਣ, ਮੇਰੇ ਪੱਲੇ ਕੀ ਰਹਿੰਦਾ ਏ? ਦੁਨੀਆਂ ਕੀ ਆਖੇਗੀ?”

“ਦੀਪ ਤੂੰ ਖ਼ਾਹ ਮਖ਼ਾਹ ਗਰਮ ਹੋ ਰਿਹਾ ਏਂ…। ” ਮੈਂ ਠੰਡਿਆਂ ਪੈਦਿਆਂ ਕਿਹਾ।

“ਭਾ ਜੀ ਤੁਸੀਂ ਨਹੀਂ ਸਮਝਦੇ, ਪਿੰਡਾਂ ਦੀ ਗੱਲ ਹੋਰ ਏਂ, ਸ਼ਹਿਰਾਂ ਦੀ ਹੋਰ…।”

“ਮੈਨੂੰ ਤੇ ਲੱਗਦਾ ਤੂੰ ਖ਼ਾਹ ਮਖ਼ਾਹ ਜਜ਼ਬਾਤੀ ਹੋ ਰਿਹਾ ਏਂ, ਜਿਹੋ ਜਿਹਾ ਪੁੱਤਰ ਤੂੰ। ਤੇਹਾ ਮੈਂ… ਜੇ ਇਹ ਮੇਰੇ ਕੋਲ਼ ਜਾਂਦੇ ਨੇ ਤਾਂ ਲੋਕਾਂ ਨੂੰ ਕੀ ਫ਼ਰਕ ਪੈਂਦਾ ਏ?”

“ਚੱਲ ਕਾਕਾ ਤੂਹਿਓ ਜਾਣ ਦੇ, ਮਾਂ ਏ ਪੁੱਤਰ ਕੋਲ਼ ਚੱਲੀ ਏ…।”

“ਚਲੋ ਭੂਆ ਜੀ ਜਿਵੇਂ ਤੁਸੀ ਆਖੋ, ਵੈਸੇ ਮੈ ਤਾਂ ਕਹਾਂਗਾ ਇਹ ਗੱਲ ਇਹਨਾ ਵਾਸਤੇ ਠੀਕ ਨਹੀਂ…।”

ਦਿਲ ਠੀਕ ਜਿਹਾ ਨਹੀਂ ਸੀ ਰਿਹਾ, ਚੁੱਪ ਚਾਪ ਚੁਬਾਰੇ ‘ਚ ਲੇਟਿਆ ਛੱਤ ਵੱਲ਼ ਵੇਖੀ ਜਾ ਰਿਹਾਂ ਸਾਂ…।

“ਜੇ ਏਨਾ ਈ ਨਰਾਜ ਏ ਤਾਂ ਕਾਹਨੂੰ ਲਿਜਾਣਾ ਏਂ…।”

“ਨਹੀਂ ਬੀਜੀ ਹੁਣ ਏਥੇ ਹਰਗਿਜ਼ ਨਹੀਂ ਰਹਿਣਗੇ।” ਮੈਂ ਦ੍ਰਿੜਤਾ ਨਾਲ਼ ਕਿਹਾ। ਜੂੜੇ ਨੂੰ ਪਿੰਨ ਲਾਂਦੀ ਪਤਨੀ ਨੇ ਅਜੀਬ ਜਿਹੀਆਂ ਨਜ਼ਰਾਂ ਨਾਲ਼ ਮੇਰੇ ਵੱਲ਼ ਵੇਖਿਆ।

ਸਮਾਨ ਵਿਹੜੇ ਪਿਆ ਸੀ। ਪਤਨੀ, ਆਇਆ ਤੇ ਡਿੰਪਲ ਵੀ ਖਲੋਤੀਆਂ ਹੋਈਆਂ ਸਨ। ਚੁੱਪ-ਚਾਪ ਊਂਦੀ ਜਿਹੀ ਪਾਈ ਬੀਜੀ ਮੰਜੀ ‘ਤੇ ਬੈਠੇ ਸਨ। ਨਿੱਕੇ ਮੁੰਡੇ ਨੂੰ ਕੁੱਛੜ ਚੁੱਕੀ ਸਵਰਨ ਦਲਾਨ ਦੇ ਬੂਹੇ ‘ਚ ਆ ਖਲ਼ੋਤੀ ਸੀ, ਬਰਾਂਡੇ ‘ਚੋਂ ਟੁੱਟੇ ਹੋਏ ਦਸਤੇ ਵਾਲ਼ੀ ਕਹੀ ਚੁੱਕੀ ਦੀਪ ਬਾਹਰ ਜਾਂਦਾ ਡਿਓੜ ਦੇ ਬੂਹੇ ਅੱਗਿਓ ਵਾਪਸ ਪਰਤ ਆਇਆ ਸੀ। ਭੂਆ ਜੀ ਦੀਆਂ ਨਜ਼ਰਾਂ ਸਾਰਿਆਂ ਤੋਂ ਦੀ ਹੁੰਦੀਆਂ ਹੋਈਆਂ ਬੀਜੀ ‘ਤੇ ਅਟਕ ਗਈਆਂ ਸਨ। ਕੋਲ਼ ਖਲੋਤਾ ਤਾਰਾ ਕਿਸੇ ਹੁਕਮ ਦੀ ਉਡੀਕ ‘ਚ ਖੜ ਸੀ…।

“ਆਹ ਘਿਓ ਦੀ ਪੀਪੀ ਕੱਢ ਲਿਆ ਸਵਰਨ ਭਾਅ ਜੀ ਲਈ…।” ਚੁੱਪ ਨੂੰ ਤੋੜਦਿਆਂ ਦੀਪ ਨੇ ਕਿਹਾ ਸੀ। ਚੁੱਪ-ਚਾਪ ਪੀਪੀ ਸਵਰਨ ਨੇ ਸਮਾਨ ‘ਚ ਲਿਆ ਰੱਖੀ ਸੀ।

“ਦੇਰ ਹੋ ਰਹੀਏ…।” ਕਿਸੇ ਨੂੰ ਸੰਬੋਧਨ ਨਾ ਕਰਦਿਆਂ ਮੈਂ ਕਿਹਾ ਸੀ।

“ਲਿਆ ਦੇਹ ਇਹਨਾ ਦੇ ਕੱਪੜੇ ਜੇ ਨਹੀਂ ਮੁੜਨਾ ਇਹਨਾ ‘ਤੇ…।” ਦੀਪ ਨੇ ਤਨਜ਼ ਜਿਹੀ ਨਾਲ਼ ਮੇਰੇ ਵੱਲ਼, ਵੇਖਦਿਆਂ ਪਤਨੀ ਨੂੰ ਕਿਹਾ ਸੀ।
ਉੱਧੜ-ਗੁੱਧੜੇ ਜਿਹੇ ਤੁੰਨੇ ਹੋਏ ਕੱਪੜਿਆਂ ਦਾ ਇੱਕ ਘਸਮੈਲਾ ਜਿਹਾ ਥੈਲਾ ਬਿਣ ਬੋਲੇ ਸਵਰਨ ਨੇ ਬੀਜੀ ਦੀ ਪੁਆਂਦੀ ਲਿਆ ਰਖਿਆ ਸੀ।

ਆਪੋ ‘ਚ ਹੱਥ ਮਿਲਾਂਦਿਆਂ ਸਾਡੇ ਦੋਹਾਂ ਭਰਾਵਾਂ ਦੀਆਂ ਨਜ਼ਰਾਂ ਧਰਤੀ ‘ਤੇ ਗੱਡੀਆਂ ਰਹੀਆਂ। ਆਇਸਤਾ ਜਿਹੇ ਉਠਕੇ ਬੇ-ਦਿਲੀ ਜਿਹੀ ਨਾਲ਼ ਆਪਣਾ ਦੁੱਪਟਾ ਠੀਕ ਕਰਦੇ ਹੋਏ ਬੀਜੀ ਆਪਣੀ ਜੁੱਤੀ ਲੱਭਣ ਲੱਗੇ।

“ਆਹ ਜੇ ਤੁਹਾਡੀ ਜੁੱਤੀ।” ਮੰਜੀ ਥੱਲੇ ਵੜ ਕੇ ਝੱਟ ਬੀਜੀ ਅੱਗੇ ਜੁੱਤੀ ਰਖਦਿਆਂ ਡਿੰਪਲ ਨੇ ਕਿਹਾ। ਮੱਥਾ ਟੇਕਨ ‘ਤੇ ਸਵਰਨ ਨੂੰ ਅਸੀਸ ਦੇਂਦਿਆਂ ਪੁੱਤਰ ਦੀ ਕੰਡ ‘ਤੇ ਹੱਥ ਫ਼ੇਰਦਿਆਂ ਬੀਜੀ ਦੀ ਨਜ਼ਰ ਕੋਲ਼ ਖਲੋਤੇ ਪੋਤਰਿਆਂ ‘ਤੇ ਅਟਕੀ ਰਹੀ।

“ਮੱਥਾ ਟੇਕੋ ਓਏ ਬੀਜੀ ਨੂੰ…।” ਦੀਪ ਨੇ ਮੁੰਡਿਆਂ ਨੂੰ ਘੂਰਿਆ। ਬੀਜੀ ਦੇ ਪੈਰਾਂ ਨੂੰ ਛੁਹੰਦਾ ਵੱਡਾ ਛੇਤੀ ਨਾਲ਼ ਉੱਠ ਖਲੋਤਾ।

“ਟੇਕਦੇ ਨਹੀਂ ਓਏ ਮੱਥਾ।” ਛੋਟੇ ਨੂੰ ਮਾਂ ਦੀਆਂ ਲੱਤਾਂ ਨਾਲ਼ੋਂ ਤ੍ਰੋੜਦਿਆਂ ਦੀਪ ਗੜ•ਕਿਆ। ਡਰਦਾ ਡਰਦਾ ਛੋਟਾ ਮੁੰਡਾ ਬੀਜੀ ਕੋਲ਼ ਜਾ ਖਲੋਤਾ, ਹਿੱਕ ਨਾਲ਼ ਘੁੱਟਕੇ ਪਿਆਰ ਦੇਂਦਿਆਂ ਬੀਜੀ ਦੀਆਂ ਅੱਖਾਂ ਛਲਕ ਪਈਆਂ। ਤਾਰ ਨੇ ਸਮਾਨ ਚੁੱਕਿਆ ਤਾਂ ਚੁੱਪ-ਚਾਪ ਅਸੀਂ ਸਾਰੇ ਉਹਦੇ ਮਗਰ ਹੋ ਤੁਰੇ। ਵਿਹੜੇ ‘ਚ ਲੇਟੇ ਕੁੱਤੇ ਨੇ ਆਕੜ ਭੰਨੀ, ਕੰਨ ਛੰਡੇ ਤੇ ਬੀਜੀ ਦੇ ਨਾਲ਼ ਹੋ ਤੁਰਿਆ…।

ਕਿੰਨੀ ਵਾਰ ਪਰਤ ਪਰਤ ਕੇ ਬੀਜੀ ਨੇ ਘਰ ਦੀ ਡਿਓੜ ਵੱਲ਼ ਵੇਖਿਆ… ਗਲੀ ਦੇ ਕੰਧਾਂ ਕੋਠਿਆਂ ਨਾਲ਼ ਉਹਨਾਂ ਦੀਆਂ ਨਜ਼ਰਾ ਅੜ-ਅੜ  ਗਈਆਂ। ਗਲੀ ਨੂੰ ਪਾਰ ਕਰਦਿਆਂ ਉਹਨਾ ਦੀਆਂ ਅੱਖਾਂ ਭਰ ਆਈਆਂ।

“ਕਿੱਥੇ ਚੱਲੇ ਓ…?” ਖੂਹੀ ਦੀ ਮਾਣ ‘ਤੇ ਖੜ ਬਾਲੋ ਤਖਾਣੀ ਨੇ ਪੁੱਛਿਆ, ਖੂਹੀ ‘ਤੇ ਪਾਣੀ ਭਰਦੀਆਂ ਇੱਕ ਦੋ ਹੋਰ ਜ਼ਨਾਨੀਆਂ ਨੇ ਅਜ਼ੀਬ ਜਿਹੀਆਂ ਨਜ਼ਰਾਂ ਨਾਲ਼ ਬੀਜੀ ਵੱਲ਼ ਵੇਖਿਆ… ਬੀਜੀ ਨੇ ਇਕ ਦਮ ਪਿਛਾਹ ਵੇਖਿਆ ਤੇ ਮਗਰ ਲੱਗੇ ਆਉਂਦੇ ਕੁੱਤੇ ਨੂੰ ਸ਼ਿਸ਼ਕਾਰਿਆ।

“ਬੀਜੀ ਤੁਸੀਂ ਸਾਨੂੰ ਚਿੱਠੀ ਲਿਖ ਦੇਂਦੇ…।” ਚਾਲ ਹੌਲੀ ਕਰਕੇ ਉਹਨਾ ਨਾਲ਼ ਰਲਦਿਆਂ ਮੈਂ ਕਿਹਾ। ਇੱਕ ਵਾਰ ਮੇਰੇ ਵੱਲ਼ ਵੇਖ ਉਹ ਫਿਰ ਸੋਚਾਂ ‘ਚ ਡੁੱਬ ਗਏ ਤੇ ਅਜ਼ੀਬ ਤਰਾਂ ਦੀ ਡੂੰਘੀ ਉਦਾਸੀ ਉਹਨਾਂ ਦੇ ਚਿਹਰੇ ‘ਤੇ ਛਾ ਗਈ।

ਬਾਕੀ ਸਾਰਾ ਰਾਹ ਉਹਨਾ ਨਾਲ਼ ਕੋਈ ਵੀ ਗੱਲ ਕਰਨ ਦਾ ਮੇਰਾ ਹੌਸਲਾ ਨਾ ਪਿਆ।

“ਬੀਜੀ ਚਾਹ ਪੀ ਲਓ।” ਰੇਲਵੇ ਟੀ-ਸਟਾਲ ਤੋਂ ਮੰਗਵਾਈ ਚਾਹ ਦਾ ਪਿਆਲਾ ਬੀਜੀ ਨੂੰ ਝਕਦੀ ਝਕਦੀ ਨੇ ਪੇਸ਼ ਕਰਦਿਆਂ ਪਤਨੀ ਨੇ ਪੁੱਛਿਆ। ਬਗੈਰ ਬੋਲੇ ਕੂਏ ਉਹਨਾ ਸਿਰ ਹਿਲਾ ਦਿੱਤਾ… ਬਗੈਰ ਕੋਈ ਗੱਲ ਬਾਤ ਕੀਤੇ ਅਸੀਂ ਚਾਹ ਪੀਣ ਲੱਗੇ… ਕੇਵਲ ਚਾਹ ਦੇ ਸ਼ਰਕਣ ਦੀ ਅਵਾਜ਼… ਮੈਂ ਪਤਨੀ ਵੱਲ਼ ਵੇਖਿਆ, ਪਤਨੀ ਨੇ ਮੇਰੇ ਵੱਲ਼ ਤੇ ਡਿੰਪਲ ਨੇ ਸਾਡੇ ਦੋਹਾਂ ਵੱਲ਼…।

ਕੁਲੀ ਤੋਂ ਸਮਾਨ ਰਖਵਾਕੇ ਬੀਜੀ ਨੂੰ ਸੀਟ ਤੇ ਬੈਠਾਂਦਿਆਂ ਮੈਂ ਵੇਖਿਆ ਉਹਨਾ ਦਾ ਸਾਹ ਨਾਂਲ਼ ਸਾਹ ਨਹੀਂ ਸੀ ਰਲ ਰਿਹਾ। ਗੱਡੀ ਚੱਲ ਪਈ ਸੀ ਤੇ ਚੁੱਪ ਚਾਪ ਬੈਠੇ ਬੀਜੀ ਬਾਹਰ ਤੱਕੀ ਜਾ ਰਹੇ ਸਨ। ਡਿੰਪਲ ਦੇ ਦਿਲ ‘ਚ ਪਤਾ ਨਹੀਂ ਕੀ ਆਈ, ਆਸ਼ੂ ਨੂੰ ਆਇਆ ਤੋਂ ਲੈ ਉਹ ਕੁੱਤਕਤਾੜੀਆਂ ਕੱਢਣ ਲੱਗੀ। ਆਸ਼ੂ ਖ਼ਿੜ ਖ਼ਿੜ ਕਰਕੇ ਹੱਸ ਰਿਹਾ ਸੀ… ਬੀਜੀ ਦੇ ਮੂੰਹ ‘ਤੇ ਮੁਸਕਰਾਹਟ ਫੈਲ ਰਹੀ ਸੀ…।

“ਪੋਤਰੀ ਜੇ ਕਿ ਪੋਤਰਾ?” ਬੀਜੀ ਦੇ ਸਾਹਮਣੇ ਬੈਠੀ ਜ਼ਨਾਨੀ ਨੇ ਪੁੱਛਿਆ।

“ਆਏ ਕਿੱਥੋਂ ਹੋ?” ਦੂਸਰੀ ਨੇ ਪੁੱਛਿਆ।

“ਜਾਣਾ ਕਿੱਥੇ ਜੇ?” ਇੱਕ ਹੋਰ ਨੇ ਪੁੱਛਿਆ।

“ਅਹੁ ਨੂੰਹ ਹੋਣੀ ਏ ਸੁੱਖ ਨਾਲ਼।” ਬੀਜੀ ਦੇ ਸੱਜੇ ਪਾਸੇ ਬੈਠੀ ਬੁੱਢੀ ਨੇ ਪੁੱਛਿਆ।

“…ਧੀ ਕੋਲ਼ੋਂ ਆਈ ਆਂ, ਉਹ ਤੇ ਆਂਹਦੀ ਸੀ ਏਥੇ ਈ ਰਹੁ… ਤਈਨੂੰ ਪਤ ਏ ਅੱਜ ਕੱਲ• ਦੀਆਂ ਨੂੰਹਾਂ… ਕੀ ਕਰਾਂ ਕਲਈਜਾ ਤੜਫੜਦਾ ਏ ਨਾਂ…।” ਬੀਜੀ ਕੋਲ਼ ਬੈਠੀ ਬੁੱਢੀ ਨੇ ਹਉਕਾਂ ਭਰਿਆ।… ਫਿਰ ਆਪਣੇ ਥੈਲੇ ‘ਚੋਂ ਮੱਠੀਆਂ ਕੱਢ ਕੱਢ ਬੀਜੀ ਕੋਲ ਬੈਠੀਆਂ ਜ਼ਨਾਨੀਆਂ ‘ਚ ਵੰਡਣ ਲੱਗੇ।

ਕੁਝ ਚਿਰ ਬਾਅਦ ਮੂੰਹ ਅੱਗੋਂ ਅਖ਼ਬਾਰ ਹਟਾਦਿਆਂ ਮੈਂ ਵੇਖਿਆ :- “ਗੱਲ• ਤੋਂ ਠੋਡੀ” ਤੇ, ਠੋਡੀ ਤੋਂ ਗੱਲ ਤੇ ਬਦਲਦੀ ਹੋਈ, ਹਵਾ ‘ਚ ਉਂਗਲੀ ਹੁਲਾਰਦੀ ਜਿਹੀ, ਮੱਥੇ ਤੇ ਵੱਟ ਪਾਉਂਦੀ ਹੋਈ…ਭੈਅ ਨਾਂਲ਼ ਅੱਖਾਂ ਟੱਡਦੀ ਹੋਈ ਤੇ ਕਦੇ ਅਸਲੋਂ ਵਿਚਾਰੀ ਬਣੀ, ਚਿਹਰੇ ਨੂੰ ਪਿਛਾਂਹ ਹਟਾਂਦੀ ਜਿਹੀ ਕਦੀ ਮੂੰਹ ਨਾਲ਼ ਜੋੜਦੀ ਹੋਈ ਬੁੱਢੀ ਦੀਆਂ ਗੱਲਾਂ ‘ਚ ਬੀਜੀ ਏਨੇ ਮਗਨ ਸਨ ਜਿਵੇਂ ਜਨਮਾਂ ਜਨਮਾਂਤਰਾਂ ਦੀ ਉਹ ਉਹਨਾਂ ਦੀ ਵਾਕਫ਼ ਹੋਵੇ…।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements