ਓ ਕਾਲਖ਼ ਦੇ ਵਣਜਾਰਿਓ ਚਾਨਣ ਕਦੇ ਮਰਿਆ ਨਹੀਂ •ਸੰਪਾਦਕੀ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਰੋਹਿਤ ਦੀ ਖੁਦਕੁਸ਼ੀ ਤੋਂ ਮਘਿਆ ਵਿਦਿਆਰਥੀ ਰੋਹ ਦਾ ਅਖਾੜਾ

ਮੌਜੂਦਾ ਲੁੱਟ ਤੇ ਮੁਨਾਫੇ ‘ਤੇ ਟਿਕਿਆ ਢਾਂਚਾ ਬਹੁਗਿਣਤੀ ਨੌਜਵਾਨਾਂ ਦੇ ਲੇਖਕ, ਵਿਗਿਆਨੀ, ਡਾਕਟਰ, ਇੰਜੀਨਿਅਰ, ਕਲਾਕਾਰ ਬਣਨ ਅਤੇ ਵਿਗਿਆਨ, ਕੁਦਰਤ ਤੇ ਲੋਕਾਂ ਨੂੰ ਪਿਆਰ ਕਰਨ ਦੇ ਸੁਪਨਿਆਂ ਨੂੰ ਬੁਰੀ ਤਰ੍ਹਾਂ ਮਧੋਲ ਸੁੱਟਦਾ ਹੈ। ਬਹੁਗਿਣਤੀ ਨੌਜਵਾਨ ਆਪਣੀਆਂ ਇਹਨਾਂ ਅਧੂਰੀਆਂ ਸੱਧਰਾਂ ਦੀ ਕਬਰ ਤੇ ਖਲ੍ਹੋ ਕੇ ਮਾਤਮ ਮਨਾਉਣ ਦੀ ਨਿਰਾਸ਼ਾ ਵਿੱਚ ਹੀ ਜਿੰਦਗੀ ਜਿਉਂਦੇ ਹਨ। ਇਸਤੋਂ ਵੀ ਵੱਧ ਇਹ ਢਾਂਚਾ ਇਹਨਾਂ ਸੁਪਨਿਆਂ, ਚਾਵਾਂ ਨੂੰ ਜਿਉਂਦਾ ਰੱਖਣ ‘ਤੇ ਇਹਨਾਂ ਦੇ ਵਧਣ-ਫੁੱਲਣ ਲਈ ਸੁਖਾਵਾਂ, ਅਜ਼ਾਦ ਵਾਤਾਵਰਨ ਮੁਹੱਈਆ ਕਰਵਾਉਣ ਦੀ ਉਹਨਾਂ ਦੀ ਹਰ ਕੋਸ਼ਿਸ਼, ਹਰ ਸੰਘਰਸ਼ ਕਰਨ ਦੀ ਹਰ ਤਾਂਘ ਨੂੰ ਵੀ ਕਤਲ ਕਰਨਾ ਲੋਚਦਾ ਹੈ। ਹੈਦਰਾਬਾਦ ਯੂਨੀਵਰਸਿਟੀ ਪੜ੍ਹਦੇ 27 ਸਾਲਾ ਰੋਹਿਤ ਵੇਮੁਲਾ ਨਾਲ਼ ਕੁੱਝ ਅਜਿਹਾ ਹੀ ਵਾਪਰਿਆ। ਉਸ ਅੰਦਰ ਬਚੇ ਹਰ ਆਖਰੀ ਮਨੁੱਖੀ ਕਿਣਕੇ ਨੂੰ ਇਸ ਹੱਦ ਤੱਕ ਮਧੋਲ਼ਿਆ ਗਿਆ ਕਿ ਉਸਨੂੰ ਮੌਤ ਰਾਣੀ ਦੀ ਗੋਦ ਵਧੇਰੇ ਸੁਖਾਂਤਕ ਜਾਪੀ ਅਤੇ ਇਸ ਤਰ੍ਹਾਂ ਇੱਕ ਹੋਰ ਨੌਜਵਾਨ ਮੌਜੂਦਾ ਮਨੁੱਖਦੋਖੀ ਢਾਂਚੇ ਨੇ ਨਿਗਲ਼ ਲਿਆ।

ਰੋਹਿਤ ਵੇਮੁਲਾ ਹੈਦਰਾਬਾਦ ਯੂਨੀਵਰਸਿਟੀ ਦਾ ਇੱਕ ਦਲਿਤ ਵਿਦਿਆਰਥੀ ਸੀ ਜਿਸਨੇ ਬੀਤੇ ਐਤਵਾਰ (17 ਜਨਵਰੀ) ਦੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਯੂਨੀਵਰਸਿਟੀ ਵਿੱਚ ‘ਅੰਬੇਡਕਰ ਸਟੂਡੈਂਟ ਐਸੋਸ਼ੀਏਸ਼ਨ’ (ਏਐੱਸਏ) ਨਾਮ ਦੇ ਗਰੁੱਪ ਵਿੱਚ ਕੰਮ ਕਰਦੇ ਰੋਹਿਤ ਤੇ ਉਸਦੇ ਸਾਥੀ ਪਿਛਲੇ ਸਾਲ ਤੋਂ ਹੀ ਯੂਨੀਵਰਸਿਟੀ ਵਿੱਚ ਹਿੰਦੂਤਵੀ ਫਿਰਕਾਪ੍ਰਸਤਾਂ ਵਿਰੋਧੀ ਸਰਗਰਮੀਆਂ ਤੇ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ ਲਈ ਲੜਨ ਕਾਰਨ ਪ੍ਰਸ਼ਾਸ਼ਨ ਦੀਆਂ ਅੱਖਾਂ ਵਿੱਚ ਰੜਕਦੇ ਸਨ। ਯੂਨੀਵਰਸਿਟੀ ਵਿੱਚ ਮੁਜੱਫਰਨਗਰ ਦੇ ਕਤਲੇਆਮ ਉੱਪਰ ਦਸਤਾਵੇਜੀ ਫਿਲਮ ਵਿਖਾਉਣ ਮਗਰੋਂ ਉਹਨਾਂ ‘ਤੇ ਹਿੰਦੂ ਕੱਟੜਪੰਥੀਆਂ ਦੇ ਵਿਦਿਆਰਥੀ ਵਿੰਗ ਏਬੀਵੀਪੀ (ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ) ਦੇ ਮੁਖੀ ਨੇ ਸੋਸ਼ਲ ਮੀਡੀਆ ਉੱਪਰ ‘ਗੁੰਡੇ’ ਆਖ ਕੇ ਟਿੱਪਣੀ ਕੀਤੀ ਜਿਸ ਲਈ ਉਸਨੂੰ ਲਿਖਤੀ ਮਾਫੀ ਮੰਗਣੀ ਪਈ। ਪਰ ਇਸ ਮਾਫੀ ਦੇ ਅਗਲੇ ਦਿਨ ਹੀ ਏਐੱਸਏ ਦੇ 30 ਵਿਦਿਆਰਥੀਆਂ ਉੱਪਰ ਏਬੀਵੀਪੀ ਦੇ ਮੁਖੀ ਸੁਸ਼ੀਲ ਕੁਮਾਰ ਉੱਪਰ ਹਮਲਾ ਕਰਨ ਦਾ ਦੋਸ਼ ਲਾਇਆ ਗਿਆ ਜੋ ਝੂਠਾ ਨਿੱਕਲ਼ਿਆ। ਇਸ ਮਗਰੋਂ ਭਾਜਪਾ ਨੇ ਇਸ ਮਾਮਲੇ ਵਿੱਚ ਦਖਲਅੰਦਾਜੀ ਕੀਤੀ ਤੇ ਭਾਜਪਾ ਦੇ ਮੰਤਰੀ ਬੰਦਾਰੂ ਦੱਤਾਤਰੇ ਨੇ 17 ਅਗਸਤ ਨੂੰ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੂੰ ਚਿੱਠੀ ਲਿਖਕੇ ਇਹਨਾਂ ਵਿਦਿਆਰਥੀਆਂ ਨੂੰ “ਜਾਤੀਵਾਦੀ, ਅੱਤਵਾਦੀ ਤੇ ਦੇਸ਼-ਧ੍ਰੋਹੀ” ਆਖਦਿਆਂ ਇਹਨਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ। ਸਮ੍ਰਿਤੀ ਇਰਾਨੀ ਨੇ ਲਗਾਤਾਰਰ 4 ਵਾਰ ਚਿੱਠੀ ਭੇਜ ਕੇ ਯੂਨੀਵਰਿਸਟੀ ਪ੍ਰਸ਼ਾਸ਼ਨ ਨੂੰ ਇਹਨਾਂ ਵਿਦਿਆਰਥੀਆਂ ਉੱਪਰ ਕਰਾਵਾਈ ਕਰਨ ਲਈ ਆਖਿਆ ਜਿਸ ਮਗਰੋਂ ਸਤੰਬਰ ਮਹੀਨੇ ਏਐੱਸਏ ਦੇ ਰੋਹਿਤ ਸਮੇਤ 5 ਵਿਦਿਆਰਥੀਆਂ ਨੂੰ ਮੁਅੱਤਲ ਕੀਤਾ ਗਿਆ ਤੇ ਏਬੀਵੀਪੀ ਦੇ ਵਿਦਿਆਰਥੀਆਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਧਿਆਨ ਰਹੇ ਇਹ ਮੁਅੱਤਲੀ ਸੁਸ਼ੀਲ ਕੁਮਾਰ ਦੀ ਕੁਟੱਮਾਰ ਦਾ ਮਾਮਲਾ ਫਰਜੀ ਨਿੱਕਲਣ ਦੇ ਬਾਵਜੂਦ ਕੀਤੀ ਗਈ। ਇਸ ਮੁਅੱਤਲੀ ਲਈ ਭਾਜਪਾ ਦਾ ਵਿਧਾਇਕ ਰਾਮਚੰਦਰ ਰਾਓ ਵੀ ਯੂਨੀਵਰਸਿਟੀ ਦੇ ਉਪ-ਕੁਲਪਤੀ ਆਰ.ਪੀ. ਸ਼ਰਮਾ ਨੂੰ ਮਿਲ਼ਿਆ ਸੀ। ਇਸ ਮੁਅੱਤਲੀ ਖਿਲਾਫ ਵਿਦਿਆਰਥੀਆਂ ਨੇ ਉੱਚ ਅਦਾਲਤ ਵਿੱਚ ਅਪੀਲ ਕੀਤੀ ਹੋਈ ਸੀ ਜਿਸਦੀ ਸੁਣਵਾਈ 19 ਜਨਵਰੀ ਨੂੰ ਹੋਣੀ ਸੀ। 22 ਸਤੰਬਰ ਨੂੰ ਭਾਜਪਾ ਸਰਕਾਰ ਦੁਆਰਾ ਨਵਾਂ ਵਾਈਸ ਚਾਂਸਲਰ ਪ੍ਰੋ. ਅੱਪਾ ਰਾਓ ਨਿਯੁਕਤ ਕੀਤਾ ਗਿਆ ਜਿਸਨੇ ਇਸ ਮਸਲੇ ‘ਤੇ 18 ਦਸੰਬਰ ਨੂੰ ਕਾਰਵਾਈ ਕਰਦਿਆਂ ਬਿਨਾਂ ਕਿਸੇ ਨਵੀਂ ਜਾਂਚ-ਪੜਤਾਲ ਦੇ ਇਹਨਾਂ ਵਿਦਿਆਰਥੀਆਂ ਉੱਤੇ ਹੋਸਟਲ, ਪ੍ਰਬੰਧਕੀ ਇਮਾਰਤਾਂ, ਲਾਇਬ੍ਰੇਰਰੀ, ਮੈੱਸ ਆਦਿ ਵਰਗੀਆਂ ਸਾਂਝੀਆਂ ਥਾਵਾਂ ‘ਤੇ ਦਾਖਲ ਹੋਣੋਂ ਪਬੰਦੀ ਲਾ ਦਿੱਤੀ। ਇਸ ਕਾਰਵਾਈ ਉੱਪਰ ਰੋਹਿਤ ਨੇ ਉੱਪ-ਕੁਲਪਤੀ ਨੂੰ ਇਸ ਬੇਇਨਸਾਫੀ ਖਿਲਾਫ ਚਿੱਠੀ ਲਿਖੀ ਜਿਸ ਵਿੱਚ ਉਸਨੇ ਇਸ ਬੇਇਨਸਾਫੀ ਲਈ “ਸਿਦਕਦਿਲੀ” ਵਿਖਾਉਣ ਲਈ ਉਸਦੀ ਪ੍ਰਸੰਸ਼ਾ ਕਰਦਿਆਂ ਉਸਨੂੰ ਹੋਰ ਬਿਹਤਰ ਢੰਗ ਨਾਲ਼ ਇਹ ਕੰਮ ਕਰਨ ਲਈ “ਸੁਝਾਅ” ਦਿੱਤੇ ਕਿ ਦਾਖ਼ਲੇ ਵੇਲ਼ੇ ਹਰ ਦਲਿਤ ਵਿਦਿਆਰਥੀ ਨੂੰ ਦਸ ਗਰਾਮ ਸੋਡੀਅਮ ਆਕਸਾਇਡ (ਜਹਿਰ) ਦਿੱਤਾ ਜਾਵੇ। ਹੋਸਟਲਾਂ ਦੇ ਮਹਾਨ ਵਾਰਡਨਾਂ ਨੂੰ ਕਹਿ ਕੇ ਹਰ ਦਲਿਤ ਵਿਦਿਆਰਥੀ ਦੇ ਕਮਰੇ ਵਿੱਚ ਨਰੋਈਆਂ ਰੱਸੀਆਂ ਮੁਹੱਈਆ ਕਰਵਾਈਆਂ ਜਾਣ ਅਤੇ ਇਸ ਪੜਾਅ ਤੋਂ ਲੰਘ ਚੁੱਕੇ ਖੋਜਾਰਥੀਆਂ ਨੂੰ ਲਈ ਯੂਥੇਨੇਜੀਆ (ਰਹਿਮ ਦੀ ਮੌਤ) ਲਈ ਲੋੜੀਂਦੀਆਂ ਸਹੂਲਤਾਂ ਦਾ ਪ੍ਰੰਬਧ ਕੀਤਾ ਜਾਵੇ।

ਇਸ ਮਗਰੋਂ 3 ਜਨਵਰੀ ਨੂੰ ਰੋਹਿਤ ਤੇ ਚਾਰ ਹੋਰਨਾਂ ਨੂੰ ਹੋਸਟਲ ਵਿੱਚੋਂ ਵੀ ਬਾਹਰ ਕੱਢ ਦਿੱਤਾ ਗਿਆ। ਇਹਨਾਂ ਵਿਦਿਆਰਥੀਆਂ ਨੇ ਉਦੋਂ ਤੋਂ ਹੀ ਯੂਨੀਵਰਸਿਟੀ ਦੀ ਇਸ ਬੇਇਨਸਾਫੀ ਖਿਲਾਫ ਯੂਨੀਵਰਸਿਟੀ ਕੈਂਪਸ ਵਿੱਚ ਠੰਢ ਦੇ ਬਾਵਜੂਦ ਡੇਰਾ ਲਾ ਕੇ ਸੰਘਰਸ਼ ਵਿੱਢਿਆ ਹੋਇਆ ਸੀ। ਰੋਹਿਤ ਦੀ 7 ਮਹੀਨਿਆਂ ਤੋਂ ਸਕਾਲਰਸ਼ਿਪ ਵੀ ਰੋਕ ਕੇ ਰੱਖੀ ਗਈ ਸੀ। ਇਸੇ ਦੌਰਾਨ ਹੀ ਬੀਤੀ 17 ਜਨਵਰੀ ਦੀ ਰਾਤ ਰੋਹਿਤ ਨੇ ਇੱਕ ਹੋਸਟਲ ਦੇ ਕਮਰੇ ਵਿੱਚ ਜਾ ਕੇ ਪੱਖੇ ਨਾਲ਼ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਰੋਹਿਤ ਆਪਣੇ ਪਿੱਛੇ ਇੱਕ ਖੁਦਕੁਸ਼ੀ ਨੋਟ ਵੀ ਛੱਡ ਗਿਆ ਜਿਸ ਵਿੱਚ ਉਸਨੇ ਲਿਖਿਆ ਕਿ :“ਮੈਂ ਆਪਣੀ ਆਤਮਾ ਤੇ ਸਰੀਰ ਵਿਚਕਾਰ ਵਧਦੇ ਪਾੜੇ ਨੂੰ ਮਹਿਸੂਸ ਕਰਦਾ ਰਿਹਾ ਹਾਂ। ਤੇ ਆਖਿਰ ਮੈਂ ਦੈਂਤ ਬਣ ਗਿਆ। ਮੈਂ ਹਮੇਸ਼ਾ ਲੇਖਕ ਬਣਨਾ ਚਾਹੁੰਦਾ ਸੀ। ਕਾਰਲ ਸੈਗਨ ਵਾਂਗ, ਵਿਗਿਆਨ ਦਾ ਲੇਖਕ। ਪਰ ਆਖਰ, ਮੈਂ ਕੇਵਲ ਇਹੀ ਇੱਕ ਖਤ ਲਿਖ ਸਕਿਆ ਹਾਂ।

ਮੈਂ ਵਿਗਿਆਨ, ਸਿਤਾਰਿਆਂ ਤੇ ਕੁਦਰਤ ਨੂੰ ਪਿਆਰ ਕੀਤਾ। ਤੇ ਫੇਰ ਮੈਂ ਲੋਕਾਂ ਨਾਲ਼ ਪਿਆਰ ਕੀਤਾ, ਬਿਨਾਂ ਇਹ ਜਾਣਿਆਂ ਕਿ ਲੋਕ ਤਾਂ ਕਦੋਂ ਦੇ ਕੁਦਰਤ ਨਾਲ਼ੋਂ ਟੁੱਟ ਚੁੱਕੇ ਨੇ, ਸਾਡੀਆਂ ਭਾਵਨਾਵਾਂ ਅਧੋਰਾਣੀਆਂ ਨੇ। ਸਾਡਾ ਪਿਆਰ ਬਨਾਵਟੀ ਹੈ….ਇਨਸਾਨ ਦੀ ਕੀਮਤ ਉਸਦੀ ਬਾਹਰੀ ਪਛਾਣ ਤੇ ਨਜ਼ਦੀਕੀ ਸੰਭਾਵਨਾਵਾਂ ਤੱਕ ਮਹਿਦੂਦ ਹੋ ਕੇ ਰਹਿ ਗਈ ਹੈ। ਇੱਕ ਵੋਟ, ਇੱਕ ਅੰਕੜੇ ਤੇ ਇੱਕ ਵਸਤੂ ਤੱਕ…

ਮੇਰੀ ਇਸ ਖੁਦਕੁਸ਼ੀ ਵਾਸਤੇ ਕੋਈ ਜਿੰਮੇਵਾਰ ਨਹੀਂ ਹੈ। ਕਿਸੇ ਨੇ ਵੀ ਕਿਸੇ ਗੱਲ ਨਾਲ਼ ਜਾਂ ਕਿਸੇ ਕੰਮ ਕਰਕੇ ਮੈਨੂੰ ਨਹੀਂ ਉਕਸਾਇਆ। ਇਹ ਮੇਰਾ ਆਪਣਾ ਫੈਸਲਾ ਹੈ ਤੇ ਸਿਰਫ ਮੈਂ ਇਸ ਵਾਸਤੇ ਜੁੰਮੇਵਾਰ ਹਾਂ।”

ਇਸ ਖੁਦਕੁਸ਼ੀ ਨੋਟ ਤੋਂ ਵੇਖਿਆ ਜਾ ਸਕਦਾ ਹੈ ਕਿ ਤਾਰਿਆਂ, ਵਿਗਿਆਨ ਨੂੰ ਪਿਆਰ ਕਰਨ ਵਾਲ਼ੇ ਤੇ ਸਮਾਜਿਕ ਸਰੋਕਾਰਾਂ ਪ੍ਰਤੀ ਫਿਕਰਮੰਦੀ ਰੱਖਦੇ ਇੱਕ ਸੰਵੇਦਨਸ਼ੀਲ ਨੌਜਵਾਨ ਨੂੰ ਇਸ ਹੱਦ ਤੱਕ ਝੰਜੋੜਿਆ ਗਿਆ, ਉਸਦੇ ਧੜਕਦੇ ਦਿਲ ਨੂੰ ਇੰਨਾ ਨਪੀੜਿਆ ਗਿਆ ਕਿ ਉਸਨੂੰ ਨਾ ਸਿਰਫ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਸਗੋਂ ਉਹ ਇਹਦੇ ਲਈ ਕਿਸੇ ਨੂੰ ਦੋਸ਼ੀ ਆਖਣ ਤੋਂ ਵੀ ਇਨਕਾਰੀ ਹੋ ਗਿਆ। ਪਰ ਫਿਰਕੂ ਤਾਕਤਾਂ ਨੇ ਆਪਣਾ ਵਿਰੋਧ ਕਰਨ ਵਾਲ਼ਿਆਂ ਨਾਲ਼ ਸਿੱਝਣ ਲਈ ਜਿਸ ਤਰ੍ਹਾਂ ਭਾਜਪਾ ਦੀ ਸਿਆਸੀ ਤਾਕਤ ਨੂੰ ਵਰਤਦਿਆਂ ਰੋਹਿਤ ਵੇਮੁਲਾ ਨੂੰ ਖੁਦਕੁਸ਼ੀ ਜਿਹਾ ਕਦਮ ਚੁੱਕਣ ਲਈ ਮਜਬੂਰ ਕੀਤਾ ਉਸਨੂੰ ਕਿਸੇ ਵੀ ਤਰ੍ਹਾਂ ਖੁਦਕੁਸ਼ੀ ਨਹੀਂ ਆਖਿਆ ਜਾ ਸਕਦਾ, ਸਗੋਂ ਇਹ ਇੱਕ ਕਤਲ ਹੈ। ਅੱਜ ਸਮੁੱਚੇ ਭਾਰਤ ਵਿੱਚ ਜੋ ਫਿਰਕਾਪ੍ਰਸਤੀ ਦੇ, ਖਾਸਕਰ ਹਿੰਦੁਤਵੀ ਫਿਰਕਾਪ੍ਰਸਤੀ ਦੇ ਬੱਦਲਣ ਛਾਏ ਹੋਏ ਹਨ ਅਜਿਹੇ ਮਹੌਲ ਵਿੱਚ ਹਰ ਤਰ੍ਹਾਂ ਦੀ ਜਮਹੂਰੀ, ਅਗਾਂਹਵਧੂ ਤੇ ਇਨਕਲਾਬੀ ਅਵਾਜ ਨੂੰ ਕੁਚਲਿਆ ਜਾ ਰਿਹਾ ਹੈ। ਕੁੱਝ ਸਮੇਂ ਵਿੱਚ ਹੀ ਨਰਿੰਦਰ ਡਾਬਲੋਕਰ, ਕਾ. ਗੋਬਿੰਦ ਪਾਨਸਰੇ, ਪ੍ਰੋ. ਕਲਬੁਰਗੀ ਦੇ ਕਤਲ ਤੇ ਅਨੇਕਾਂ ਹੋਰ ਬੁੱਧਜੀਵੀਆਂ, ਲੇਖਕਾਂ ਨੂੰ ਧਮਕੀਆਂ ਦੇ ਇਹਨਾਂ ਦੇ ਰੋਸ ਵਜੋਂ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਕਲਾਕਾਰਾਂ ਦਾ ਇਸ ਮਹੌਲ ਨੂੰ ਵਧ ਰਹੀ ਅਸ਼ਿਹਣਸ਼ੀਲਤਾ ਆਖ ਕੇ ਇਨਾਮ ਮੋੜਨੇ, ਰੋਸ ਪ੍ਰਗਟਾਉਣਾ ਇਸੇ ਦੀ ਸ਼ਾਹਦੀ ਭਰਦੇ ਹਨ। ਰੋਹਿਤ ਦਾ ਕਤਲ ਵੀ ਇਸੇ ਲੜੀ ਦਾ ਹਿੱਸਾ ਹੈ। ਯੂਨੀਵਰਸਿਟੀ ਵਿੱਚ ਆਪਣੇ ਸਾਥੀਆਂ ਨਾਲ਼ ਮਿਲ਼ਕੇ ਫਿਰਕੂ ਮਹੌਲ ਨੂੰ ਚੁਣੌਤੀ ਦੇਣ ਤੇ ਡਟਕੇ ਜਮਹੂਰੀ ਵਿਚਾਰਾਂ ਦੇ ਹੱਕ ਵਿੱਚ ਨਿੱਤਰਣ ਕਾਰਨ ਉਹ ਫਿਰਕੂ ਤਾਕਤਾਂ ਦਾ ਦੁਸ਼ਮਣ ਬਣ ਗਿਆ। ਇਸਦਾ ਦੂਜਾ ਨਾਲ਼ ਜੁੜਵਾਂ ਕਾਰਨ ਉਸਦਾ ਦਲਿਤ ਹੋਣਾ ਵੀ ਹੈ। ਦਲਿਤ ਪਰਿਵਾਰ ਨਾਲ਼ ਸਬੰਧ ਰੱਖਦਾ ਹੋਣ ਕਾਰਨ ਉਹ ਜਾਤ-ਪਾਤੀ ਢਾਂਚੇ ਦੇ ਹਮਾਇਤੀ ਹਿੰਦੂ ਫਿਰਕਾਪ੍ਰਸਤਾਂ ਅਤੇ ਅਖੌਤੀ ਉੱਚ-ਜਾਤਾਂ ਵਾਲ਼ੇ ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਵੀ ਅੱਖ ਵਿੱਚ ਰੜਕਦਾ ਸੀ। ਇਸੇ ਕਾਰਨ ਉਸ ਉੱਪਰ ਵੱਖੋ-ਵੱਖਰੇ ਤਰੀਕੇ ਨਾਲ਼ ਦਬਾਅ ਬਣਾਉਂਦੇ ਹੋਏ ਉਸਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ।

ਰੋਹਿਤ ਦੀ ਇਸ ਖੁਦਕੁਸ਼ੀ ਬਨਾਮ ਸਿਆਸੀ ਕਤਲ ਖਿਲਾਫ ਦੇਸ਼ ਦੇ ਇੱਕ ਵੱਡੇ ਹਿੱਸੇ ਦੇ ਵਿਦਿਆਰਥੀਆਂ ਤੇ ਹੋਰ ਸੂਝਵਾਨ ਤਬਕੇ ਵਿੱਚ ਰੋਸ ਵੇਖਿਆ ਗਿਆ। ਥਾਂ-ਥਾਂ ਵਿਦਿਆਰਥੀਆਂ ਨੇ ਰੋਸ ਮੁਜਾਹਰੇ ਕੀਤੇ, ਸਮ੍ਰਿਤੀ ਇਰਾਨੀ ਤੇ ਭਾਜਪਾ ਸਰਕਾਰ ਦੇ ਪੁਤਲੇ ਫੂਕੇ ਤੇ ਦੋਸ਼ੀਆਂ ਲਈ ਸਜਾ ਦੀ ਮੰਗ ਕੀਤੀ। ਹੈਦਰਾਬਾਦ ਯੂਨੀਵਰਸਿਟੀ ਵਿੱਚ ਵੀ ਵਿਦਿਆਰਥੀਆਂ ਨੇ ਸੰਘਰਸ਼ ਕਮੇਟੀ ਬਣਾ ਕੇ ਮੁਅੱਤਲ ਕੀਤੇ ਬਾਕੀ 4 ਵਿਦਿਆਰਥੀਆਂ ਨੂੰ ਵਾਪਸ ਲੈਣ, ਉੱਪ-ਕੁਲਪਤੀ ਨੂੰ ਬਰਖਾਸਤ ਕਰਕੇ ਉਸ ਖਿਲਾਫ ਕਾਰਵਾਈ ਕਰਨ, ਸਮ੍ਰਿਤੀ ਇਰਾਨੀ ਤੇ ਬੰਦਾਰੂ ਦੱਤਾਤਰੇ ਜਿਹੇ ਭਾਜਪਾ ਆਗੂਆਂ ‘ਤੇ ਕਾਰਵਾਈ ਕਰਨ ਜਿਹੀਆਂ ਕਈ ਮੰਗਾਂ ਰੱਖੀਆਂ। ਇਸ ਮਗਰੋਂ ਵੀ ਭਾਜਪਾ ਆਗੂਆਂ ਤੇ ਰਾਸ਼ਟਰੀ ਸਵੈਸੇਵਕ ਸੰਘ ਦੇ ਨੁਮਾਇੰਦਿਆਂ ਨੇ ਪੂਰੀ ਬੇਸ਼ਰਮੀ ਵਿਖਾਈ। ਸਮ੍ਰਿਤੀ ਇਰਾਨੀ ਨੇ ਕੋਈ ਸਫਾਈ ਦੇਣ ਦੀ ਥਾਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਵਿਰੁੱਧ ਹੀ ਬਿਆਨ ਦਾਗ ਦਿੱਤਾ। ਭਾਜਪਾ ਦੇ ਸੁਬਰਮਨੀਅਮ ਸੁਆਮੀ ਨੇ ਇਨਸਾਫ ਲਈ ਸੰਘਰਸ਼ ਕਰਨ ਵਾਲ਼ਿਆਂ ਨੂੰ ਕੁੱਤੇ ਆਖਿਆ। ਅਜਿਹੇ ਬਿਆਨਬਾਜੀ ਨਾਲ਼ ਮਾਮਲਾ ਹੋਰ ਵੀ ਤੂਲ ਫੜ ਗਿਆ, ਪਰ ਪ੍ਰਧਾਨ ਮੰਤਰੀ ਮੋਦੀ ਨੇ ਮੌਨ ਧਾਰੀ ਰੱਖਿਆ। ਇਸ ਮਗਰੋਂ ਜਦੋਂ ਮੋਦੀ ਅੰਬੇਡਕਰ ਯੂਨੀਵਰਸਿਟੀ, ਲਖਨਊ ਵਿਖੇ ਡਿਗਰੀਆਂ ਵੰਡਣ ਗਿਆ (ਜਿੱਥੇ ਡਿਗਰੀਆਂ ਲੈਣ ਵਾਲ਼ੇ ਵਿਦਿਆਰਥੀਆਂ ਤੋਂ ਬਿਨਾਂ ਬਾਕੀਆਂ ਦੇ ਦਾਖਲੇ ਉੱਪਰ ਪਾਬੰਦੀ ਲਾ ਦਿੱਤੀ ਗਈ) ਉੱਥੇ ਵੀ ਵਿਦਿਆਰਥੀਆਂ ਨੇ ‘ਮੋਦੀ ਮੁਰਦਾਬਾਦ’ ਦੇ ਨਾਹਰੇ ਲਾ ਦਿੱਤੇ। ਇਸ ਮਗਰੋਂ ਮੋਦੀ ਨੇ ਪਹਿਲੀ ਵਾਰ ਇਸ ਘਟਨਾ ਉੱਪਰ ਆਪਣਾ ਮੂੰਹ ਖੋਲਿਆ ਤੇ ਹੰਝੂ ਵਹਾਉਣ ਦੀ ਡਰਾਮੇਬਾਜੀ ਕਰਦੇ ਹੋਏ ਕਿਹਾ “ਸਿਆਸਤ ਨੂੰ ਇੱਕ ਪਾਸੇ ਰੱਖੋ, ਮੈਨੂੰ ਇੱਕ ਮਾਂ ਦਾ ਪੁੱਤ ਮਰਨ ਦਾ ਸੋਗ ਹੈ।” ਅਸਲ ਵਿੱਚ “ਸਿਆਸਤ ਨੂੰ ਪਾਸੇ ਰੱਖੋ” ਸਭ ਫਿਰਕੂ ਸੰਘੀਆਂ ਤੇ ਭਾਜਪਈਆਂ ਦਾ ਮੁੱਖ ਬਹਾਨਾ ਬਣਿਆ ਹੋਇਆ ਹੈ। ਪਰ ਪ੍ਰਧਾਨ ਮੰਤਰੀ ਸਾਬ ਨੂੰ ਦੇ ਗੁੰਡਿਆਂ ਵੱਲੋਂ ਰੋਹਿਤ ‘ਤੇ ਝੂਠਾ ਦੋਸ਼ ਲਾਉਣਾ, ਭਾਜਪਾ ਦੇ ਮੰਤਰੀ ਬੰਦਾਰੂ ਦੱਤਾਤਰੇ ਵੱਲੋਂ ਸਮ੍ਰਿਤੀ ਇਰਾਨੀ ਨੂੰ ਰੋਹਿਤ ਤੇ ਉਸਦੇ ਸਾਥੀਆਂ ਖਿਲਾਫ ਕਾਰਵਾਈ ਲਈ ਚਿੱਠੀ ਲਿਖਣਾ, ਸਮ੍ਰਿਤੀ ਇਰਾਨੀ ਵੱਲੋਂ ਕਾਰਵਾਈ ਕਰਨ ਲਈ ਯੂਨੀਵਰਸਿਟੀ ਨੂੰ 6 ਹਫਤਿਆਂ ‘ਚ 4 ਚਿੱਠੀਆਂ ਭੇਜਣੀਆਂ ਤੇ ਰੋਹਿਤ ‘ਤੇ ਉਸਦੇ ਸਾਥੀਆਂ ਨੂੰ ਯੂਨੀਵਰਸਿਟੀ ਵਿੱਚੋਂ ਬਾਹਰ ਕਢਵਾਉਣਾ ਸਿਆਸਤ ਨਹੀਂ ਲਗਦਾ। ਰੋਹਿਤ ਦੀ ਮੌਤ ਮਗਰੋਂ ਸਮ੍ਰਿਤੀ ਇਰਾਨੀ, ਸੁਬਰਮਨੀਅਮ ਸੁਆਮੀ ਵਰਗੇ ਆਗੂਆਂ ਦੇ ਬਿਆਨ ਸਿਆਸਤ ਨਹੀਂ ਲਗਦੇ। ਅਸਲ ਵਿੱਚ “ਸਿਆਸਤ ਨਾ ਕਰੋ” ਦਾ ਮਤਲਬ ਹੈ ਤੁਸੀਂ ਰੋਹਿਤ ਨੂੰ ਇਨਸਾਫ ਦਿਵਾਉਣ ਦੀ ਸਿਆਸਤ ਬੰਦ ਕਰ ਦਿਉ ਤੇ ਸਾਨੂੰ ਇੰਝ ਨੌਜਵਾਨਾਂ ਨੂੰ ਬੇਰਹਿਮੀ ਨਾਲ਼ ਕਤਲ ਕਰਦੇ ਰਹਿਣ ਦੀ ਸਿਆਸਤ ਕਰਦੇ ਰਹਿਣ ਦਿਉ।

ਇਸ ਮਗਰੋਂ ਹੈਦਰਾਬਾਦ ਯੂਨੀਵਰਸਿਟੀ ਦੇ 10 ਦਲਿਤ ਪ੍ਰੋਫੈਸਰਾਂ ਨੇ ਵੀ ਇਸਦੇ ਰੋਸ ਵਿੱਚ ਅਸਤੀਫਾ ਦੇ ਦਿੱਤਾ। ਇਸ ਤਰ੍ਹਾਂ ਚੌਤਰਫੇ ਵਧਦੇ ਦਬਾਅ ਸਕਦਾ ਅੰਬੇਡਕਰ ਸਟੂਡੈਂਟਸ ਐਸੋਸ਼ੀਏਸ਼ਨ ਦੇ ਕੱਢੇ ਗਏ ਚਾਰ ਵਿਦਿਆਰਥੀਆਂ ਨੂੰ ਤਾਂ ਵਾਪਸ ਲੈ ਲਿਆ ਗਿਆ ਪਰ ਬਾਕੀ ਮੰਗਾਂ ‘ਤੇ ਸੰਘਰਸ਼ ਇਹ ਲੇਖ ਲਿਖੇ ਜਾਣ ਤੱਕ ਜਾਰੀ ਹੈ।

ਇਹ ਮਾਮਲਾ ਵਿੱਦਿਅਕ ਅਦਾਰਿਆਂ ਵਿੱਚ ਫਿਰਕੂ ਤਾਕਤਾਂ ਦੀ ਵਧ ਰਹੀ ਧੁੱਸ, ਵਿਦਿਆਰਥੀਆਂ ਦੀ ਆਪਣੇ ਹੱਕਾਂ ਜਾਂ ਸਮਾਜਿਕ ਮਸਲਿਆਂ ਉੱਪਰ ਉੱਠਣ ਵਾਲ਼ੀ ਅਵਾਜ ਦਾ ਗਲ਼ਾ ਘੁੱਟਣ ਦਾ ਪ੍ਰਮਾਣ ਹੈ ਜੋ ਥੋੜੇ-ਬਹੁਤੇ ਫਰਕ ਨਾਲ਼ ਸਮੁੱਚੇ ਭਾਰਤ ਵਿੱਚ ਹੋ ਰਿਹਾ ਹੈ। ਇਸਦੇ ਨਾਲ਼ ਹੀ ਇਹ ਦਲਿਤ ਵਿਦਿਆਰਥੀਆਂ ਨਾਲ਼ ਹੁੰਦੇ ਵਿਤਕਰੇ ਦਾ ਵੀ ਪ੍ਰਤੱਖ ਪ੍ਰਮਾਣ ਹੈ। ਵਿਦਿਆਰਥੀਆਂ ਸਮੇਤ ਸਮਾਜ ਦੇ ਅਨੇਕਾਂ ਤਬਕਿਆਂ ਵਿੱਚ ਜਾਤ-ਪਾਤੀ ਵਿਤਕਰਾ ਅਜੇ ਤੱਕ ਇੱਕ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਪਿਛਲੇ ਇੱਕ ਦਹਾਕੇ ਤੋਂ ਵੀ ਘੱਟ ਦੇ ਸਮੇਂ ਵਿੱਚ ਭਾਰਤ ਦੇ ਉੱਚ ਵਿੱਦਿਅਕ ਅਦਾਰਿਆਂ ਵਿੱਚ ਜਾਤ-ਪਾਤੀ ਵਿਤਕਰੇ, ਬਦਸਲੂਕੀ ਆਦਿ ਕਾਰਨ 23 ਦੇ ਕਰੀਬ ਖੁਦਕੁਸ਼ੀਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਕੱਲੀ ਹੈਦਰਾਬਾਦ ਯੂਨੀਵਰਸਿਟੀ ਵਿੱਚ 2008 ਤੋਂ ਬਾਅਦ 6 ਦਲਿਤ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ।

ਇਸ ਘਟਨਾ ਮਗਰੋਂ ਉੱਠੇ ਰੋਸ ਵਿੱਚ ਇੱਕ ਸਵਾਗਤਯੋਗ ਗੱਲ ਇਹ ਵੀ ਰਹੀ ਕਿ ਇਸਦਾ ਵਿਰੋਧ ਕਰਨ ਵਾਲ਼ਿਆਂ ਵਿੱਚ ਸਿਰਫ ਦਲਿਤ ਵਿਦਿਆਰਥੀ ਨਹੀਂ ਸਨ ਸਗੋਂ ਵਿਦਿਆਰਥੀਆਂ ਨੇ ਸਭ ਜਾਤੀ, ਧਾਰਮਿਕ, ਖੇਤਰੀ ਵੰਡਾਂ ਤੋਂ ਉੱਪਰ ਉੱਠ ਕੇ ਇਸ ਖਿਲਾਫ ਪ੍ਰਤੀਕਰਮ ਕੀਤਾ। ਇੱਥੋਂ ਤੱਕ ਕਿ ਦਲਿਤ ਲਹਿਰ ਦੇ ਨੁਮਾਇੰਦਿਆਂ ਨੂੰ ਵੀ ਇਹ ਗੱਲ ਮੰਨਣੀ ਪਈ ਕਿ ਹੋਰਨਾਂ ਜਾਤਾਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਆਏ ਹਨ। ਇਹ ਘਟਨਾ ਇਹ ਗੱਲ ਵੀ ਸਾਫ ਕਰਦੀ ਹੈ ਕਿ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਬੁਨਿਆਦੀ ਤੇ ਜਮਹੂਰੀ ਮੰਗਾਂ-ਮਸਲਿਆਂ ਉੱਪਰ ਜਾਂ ਸਮਾਜਕ ਸਰੋਕਾਰਾਂ ਉੱਪਰ ਉੱਠਦੀਆਂ ਅਜਿਹੀਆਂ ਲਹਿਰਾਂ ਹੀ ਜਾਤੀਗਤ, ਧਾਰਮਿਕ, ਇਲਕਾਈ ਆਦਿ ਵੰਡੀਆਂ ਨੂੰ ਮੇਸਣ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੀਆਂ ਹਨ, ਨਾ ਕਿ ਇਹਨਾਂ ਵੱਖਰੀਆਂ ਜਾਤੀਗਤ, ਧਾਰਮਿਕ, ਇਲਾਕਾਈ ਪਛਾਣਾਂ ਦੇ ਅਧਾਰ ‘ਤੇ ਬਣੀ ਏਕਤਾ ਕੋਲ ਇਸਦਾ ਹੱਲ ਹੈ। ਇਹ ਘਟਨਾ ਇਸ ਗੱਲ ਵੱਲ ਵੀ ਸੰਕਤ ਕਰਦੀ ਹੈ ਕਿ ਇਹ ਖੜੋਤ ਤੇ ਪਸਤ-ਹਿੰਮਤੀ ਭਰੇ ਮਹੌਲ ਵਿੱਚ ਵੀ ਵਿਦਿਆਰਥੀ ਲਹਿਰ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ। ਇਹ ਮਾਮਲਾ ਸਬੂਤ ਹੈ ਕਿ ਇੱਕ, ਦੋ ਜਾਂ ਸੈਂਕੜੇ ਰੋਹਿਤਾਂ ਦੇ ਕਤਲਾਂ ਨਾਲ਼ ਵੀ ਵਿਦਿਆਰਥੀਆਂ-ਨੌਜਵਾਨਾਂ ਦੀ ਅਥਾਹ ਊਰਜਾ ਨੂੰ ਕੁਚਲ਼ਿਆ ਨਹੀਂ ਜਾ ਸਕਦਾ, ਜਿਵੇਂ ਲੋਕ ਕਵੀ ਸੰਤ ਰਾਮ ਉਦਾਸੀ ਨੇ ਲਿਖਿਆ ਸੀ :

ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਮਰਿਆ ਨਹੀਂ
ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ

ਕੁੱਝ ਅਜਿਹੇ ਵੀ ਰੋਹਿਤ ਦੀ ਇਸ ਖੁਦਕੁਸ਼ੀ ਨੂੰ ਬੁਜਦਿਲੀ ਕਹਿੰਦੇ ਹਨ ਜਾਂ ਸਗੋਂ ਉਹ ਹਰ ਖੁਦਕੁਸ਼ੀ ਨੂੰ ਬੁਜਦਿਲੀ ਕਹਿੰਦੇ ਹਨ ਤੇ ਖੁਦ ਸੁਰੱਖਿਅਤ ਘੁਰਨਿਆਂ ‘ਚ ਵੜਕੇ ਦੂਜਿਆਂ ਨੂੰ ਹਰ ਸਮੱਸਿਆ ਦਾ ਬਹਾਦਰੀ ਨਾਲ਼ ਸਾਹਮਣਾ ਕਰਨ ਦੀਆਂ ਨਸੀਹਤਾਂ ਦਿੰਦੇ ਹਨ। ਜਿੰਦਗੀ ਦੀਆਂ ਪੇਚੀਦਗੀਆਂ ਉੱਪਰ ਇੰਨੇ ਸਿੱਧੜ ਤਰੀਕੇ ਨਾਲ਼ ਫਤਵਾ ਜਾਰੀ ਕਰਨ ਵਾਲ਼ੇ ਮੂਰਖ “ਬਹਾਦਰਾਂ” ਦੀ ਕੋਈ ਕਮੀ ਨਹੀਂ ਹੈ। ਬੇਸ਼ੱਕ ਇਸ ਮਨੁੱਖਦੋਖੀ ਢਾਂਚੇ ਖਿਲਾਫ ਇੱਕ ਬਹਾਦਰੀ ਭਰੀ ਲੜਾਈ ਦੀ ਲੋੜ ਹੈ ਪਰ ਇਸ ਲੜਾਈ ਸਹੀ ਵਿਗਿਆਨਕ ਸੇਧ ਦੀ ਅਹਿਮ ਲੋੜ ਦੇ ਨਾਲ਼ ਹੋਰ ਕਈ ਪੇਚੀਦਗੀਆਂ ਹਨ। ਇਸ ਢਾਂਚੇ ਦੀਆਂ ਵਗਲਣਾਂ ਤੋੜਨ ਦੀ ਕੋਸ਼ਿਸ਼ ਕਰਦੇ ਵਿਅਕਤੀਗਤ ਜਾਂ ਕਮਜ਼ੋਰ ਵਿਦਰੋਹ ਦਾ ਅੰਤ ਅਸਫਲਤਾ ਤੇ ਨਿਰਾਸ਼ਾ ਵਿੱਚ ਹੀ ਹੁੰਦਾ ਹੈ। ਅਜਿਹੇ ਮੌਕੇ ਇਸ ਢਾਂਚੇ ਅੱਗੇ ਗੋਡੇ ਟੇਕ ਦੇਣ ਨਾਲ਼ੋਂ, ਇਸਨੂੰ ਪ੍ਰਵਾਨ ਕਰ ਲੈਣ ਨਾਲ਼ੋਂ, ਇਸਨੂੰ ਅਜਿੱਤੇ ਐਲਾਨ ਦੇਣ ਨਾਲ਼ੋਂ ਤੇ ਇਸ ਨਾਲ਼ ਸਮਝੌਤਾ ਕਰਨ ਨਾਲ਼ੋਂ ਖੁਦਕੁਸ਼ੀ ਕਰ ਲੈਣਾ ਇਸ ਮਨੁੱਖਦੋਖੀ ਢਾਂਚੇ ਖਿਲਾਫ ਰੋਸ ਪ੍ਰਗਟਾਵੇ ਦਾ ਹੀ ਇੱਕ ਰੂਪ ਹੈ। ਇਸ ਢਾਂਚੇ ਖਿਲਾਫ ਲੜਾਈ ਵਿੱਚ ਲੱਗੇ ਅਨੇਕਾਂ ਵਿਅਕਤੀ ਤੇ ਲਹਿਰਾਂ ਅੰਤ ਨੂੰ ਹਾਰ ਮੰਨ ਕੇ ਰੀਂਗਦੇ ਹੋਏ ਜ਼ਿੰਦਗੀ ਜਿਉਣ ਤੇ ਹੋਰਾਂ ਨੂੰ ਵੀ ਇਸ ਢਾਂਚੇ ਨੂੰ ਅਜਿੱਤ ਮੰਨ ਲੈਣ ਦਾ ਸੁਨੇਹਾ ਦਿੰਦੀਆਂ ਹਨ। ਪਰ ਇਸਦੇ ਉਲਟ ਰੋਹਿਤ ਦੀ ਖੁਦਕੁਸ਼ੀ ਹੋਰਨਾਂ ਸੰਵੇਦਨਸ਼ੀਲ ਮਨੁੱਖੀ ਦਿਲਾਂ ਵਿੱਚ ਬੇਚੈਨੀ ਪੈਦਾ ਕਰਦੀ ਹੈ, ਉਹਨਾਂ ਨੂੰ ਹਲੂਣਦੀ ਹੋਈ ਵੰਗਾਰਦੀ ਹੈ ਕਿ ਅਸੀਂ ਇਸ ਢਾਂਚੇ ਹੱਥੋਂ ਹੋਰ ਕਿੰਨੇ ਕੁ ਰੋਹਿਤਾਂ ਦੇ ਕਤਲਾਂ ਦੀ ਉਡੀਕ ਕਰਾਂਗੇ…

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements