ਓਕਟੇਵ ਕਲਾਥਿੰਗ ਦੇ ਮਜ਼ਦੂਰਾਂ ਦੀ ਜੋਰਦਾਰ ਹੜਤਾਲ ਨੇ ਹੈਂਕੜਬਾਜ਼ ਮਾਲਕ ਨੂੰ ਈਨ ਮੰਨਣ ‘ਤੇ ਮਜ਼ਬੂਰ ਕੀਤਾ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੁਧਿਆਣੇ ਦੇ ਜਲੰਧਰ ਬਾਈਪਾਸ ਚੌਂਕ ਕੋਲ਼ ਰੈਡੀਮੇਡ ਕੱਪੜਿਆਂ ਦੀ ਮਸ਼ਹੂਰ ਕੰਪਨੀ ‘ਓਕਟੇਵ ਕਲਾਥਿੰਗ’ ਦਾ ਕਾਰਖਾਨਾ ਹੈ। ਇਸ ਕਾਰਖਾਨੇ ਦੇ ਮਜ਼ਦੂਰਾਂ ਨੇ ਲੰਘੀ 25 ਮਈ ਤੋਂ 31 ਮਈ ਤੱਕ ਹੜਤਾਲ ਰਾਹੀਂ ਮਾਲਕ ਹਰਸ਼ ਕੁਮਾਰ ਦੀ ਗੁੰਡਾਗਰਦੀ ਅਤੇ ਹੋਰ ਬੇਨਿਯਮੀਆਂ ਖਿਲਾਫ਼ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਜੇਤੂ ਸੰਘਰਸ਼ ਕੀਤਾ ਹੈ। ਮਾਲਕ ਅਕਸਰ ਬਦਸਲੂਕੀ, ਕੁੱਟਮਾਰ ਕਰਦਾ ਰਹਿੰਦਾ ਸੀ। ਵਿਰੋਧ ਕਰਨ ਤੇ ਪਿਸਤੌਲ ਵਿਖਾ ਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। 25 ਤਰੀਕ ਨੂੰ ਵੀ ਮਾਲਕ ਨੇ ਇੱਕ ਮਜ਼ਦੂਰ ਜਾਹਿਦ ਅੰਸਾਰੀ ਨਾਲ਼ ਧੱਕਾ-ਮੁੱਕੀ ਕੀਤੀ, ਗਾਲ੍ਹਾਂ ਕੱਢੀਆਂ ਅਤੇ ਪਿਸਤੌਲ ਤਾਣ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਕਾਰਖਾਨੇ ਦੇ ਲਗਭਗ 200 ਮਜ਼ਦੂਰ ਹੜਤਾਲ ‘ਤੇ ਚਲੇ ਗਏ ਸਨ। ਮਜ਼ਦੂਰਾਂ ਨੇ ਮੰਗ ਕੀਤੀ ਕਿ ਮਾਲਕ ਮਜ਼ਦੂਰਾਂ ਤੋਂ ਆਪਣੇ ਕੀਤੇ ਦੀ ਮਾਫੀ ਮੰਗੇ, ਲਿਖਤੀ ਰੂਪ ਵਿੱਚ ਮਜ਼ਦੂਰਾਂ ਦੀ ਸੁਰੱਖਿਆ ਦੀ ਗਰੰਟੀ ਕਰੇ,। ਨਾਲ਼ ਹੀ ਮਜ਼ਦੂਰਾਂ ਨੇ ਇਹ ਵੀ ਮੰਗ ਕੀਤੀ ਕਿ ਸਾਰੇ ਮਜ਼ਦੂਰਾਂ ਨੂੰ ਈ.ਐਸ.ਆਈ., ਈ.ਪੀ.ਐਫ., ਆਦਿ ਸਹੂਲਤਾਂ ਦਿੱਤੀਆਂ ਜਾਣ।

ਮਾਲਕ ਨੇ ਮਜ਼ਦੂਰਾਂ ਦੀ ਹੜਤਾਲ ਤੋੜਨ ਲਈ ਬਹੁਤ ਜ਼ੋਰ ਲਾਇਆ ਪਰ ਕਾਮਯਾਬ ਨਾ ਹੋ ਸਕਿਆ। ਆਪਣੇ ਬੰਦਿਆਂ ਨੂੰ ਉਸਨੇ ਮਜ਼ਦੂਰਾਂ ਦੇ ਕਮਰੇ-ਕਮਰੇ ਭੇਜਿਆ, ਡਰਾਇਆ-ਧਮਕਾਇਆ, ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ, ਪਰ ਮਜ਼ਦੂਰ ਡਟੇ ਰਹੇ, ਹੜਤਾਲ ‘ਤੇ ਗਿਆ ਇੱਕ ਵੀ ਮਜ਼ਦੂਰ ਕੰਮ ‘ਤੇ ਨਾ ਮੁੜਿਆ। ਹੈਂਕੜਬਾਜ਼ ਮਾਲਕ ਨੂੰ ਮਜ਼ਦੂਰਾਂ ਦੀ ਇੱਕਮੁੱਠਤਾ ਨੇ ਲਿਖਤੀ ਸਮਝੌਤਾ ਕਰਨ ‘ਤੇ ਮਜ਼ਬੂਰ ਕਰ ਦਿੱਤਾ। ਹੜਤਾਲ ਦੇ ਸੱਤਵੇਂ ਦਿਨ ਧਰਨੇ ਵਾਲ਼ੀ ਥਾਂ ਅੰਬੇਡਕਰ ਪਾਰਕ ਵਿੱਚ ਮਾਲਕ ਨੇ ਹੋਰ ਪ੍ਰਬੰਧਕਾਂ ਨਾਲ਼ ਪਹੁੰਚਕੇ ਸਹਾਇਕ ਕਿਰਤ ਕਮਿਸ਼ਨਰ, ਕਿਰਤ ਇੰਸਪੈਕਟਰ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂਆਂ, ਓਕਟੇਵ ਮਜ਼ਦੂਰਾਂ ਦੀ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਲਿਖਤੀ ਭਰੋਸਾ ਦਿੱਤਾ ਕਿ ਕਾਰਖਾਨੇ ਵਿੱਚ ਕਿਸੇ ਵੀ ਮਜ਼ਦੂਰ ਨਾਲ਼ ਬਦਸਲੂਕੀ ਅਤੇ ਕੁੱਟਮਾਰ ਦੀ ਘਟਨਾ ਨਹੀਂ ਹੋਵੇਗੀ। ਨਾਲ਼ ਹੀ ਉਸਨੇ ਸਾਰੇ ਮਜ਼ਦੂਰਾਂ ਨੂੰ ਈ.ਐਸ.ਆਈ., ਈ.ਪੀ.ਐਫ., ਬੋਨਸ, ਪਛਾਣ ਪੱਤਰ, ਛੁੱਟੀਆਂ, ਹਾਜ਼ਰੀ ਆਦਿ ਕਨੂੰਨੀ ਕਿਰਤ ਹੱਕ ਦੇਣਾ ਵੀ ਲਿਖਤੀ ਰੂਪ ਵਿੱਚ ਮੰਨ ਲਿਆ ਹੈ।

ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਮਾਲਕਾਂ ਦਾ ਹਮੇਸ਼ਾਂ ਸਮਝੌਤਿਆਂ ਤੋਂ ਪਿੱਛੇ ਹਟਣ ਦਾ ਯਤਨ ਕਰਦੇ ਹਨ।। ਮਾਲਕ ਨੂੰ ਸਮਝੌਤਾ ਮੰਨਣ ਲਈ ਵੀ ਮਜ਼ਦੂਰਾਂ ਦੀ ਇਕਮੁੱਠਤਾ ਹੀ ਮਜ਼ਬੂਰ ਕਰ ਸਕਦੀ ਹੈ।

ਕਾਰਖਾਨਿਆਂ ਵਿੱਚ ਮਜ਼ਦੂਰਾਂ ਨਾਲ਼ ਕੁੱਟਮਾਰ, ਬਦਸਲੂਕੀ ਆਮ ਗੱਲ ਹੈ। ਮਜ਼ਦੂਰਾਂ ਦੇ ਕਨੂੰਨੀ ਕਿਰਤ ਹੱਕਾਂ ਦਾ ਵੱਡੇ ਪੱਧਰ ਉੱਤੇ ਘਾਣ ਹੋ ਰਿਹਾ ਹੈ। ਇਸ ਖਿਲਾਫ਼ ਮਜ਼ਦੂਰ ਅਕਸਰ ਅਵਾਜ਼ ਉਠਾਉਂਦੇ ਰਹਿੰਦੇ ਹਨ। ਪਰ ਮਾਲਕਾਂ ਦੀਆਂ ਦਲਾਲ ਜੱਥੇਬੰਦੀਆਂ ਅਤੇ ਲੀਡਰ ਮਜ਼ਦੂਰਾਂ ਨਾਲ਼ ਗੱਦਾਰੀ ਕਰਕੇ ਉਹਨਾਂ ਨੂੰ ਨਿਰਾਸ਼ਾ ਵਿੱਚ ਧੱਕਣ ਦਾ ਕੰਮ ਕਰਦੇ ਹਨ। ਜੇਕਰ ਮਜ਼ਦੂਰਾਂ ਦੀ ਅਗਵਾਈ ਇੱਕ ਸਹੀ ਮਜ਼ਦੂਰ ਜੱਥੇਬੰਦੀ ਦੇ ਹੱਥ ਵਿੱਚ ਹੋਵੇ ਤਾਂ ਮਜ਼ਦੂਰਾਂ ਦੇ ਇਕਮੁੱਠ ਘੋਲ਼ ਅਹਿਮ ਪ੍ਰਾਪਤੀਆਂ ਕਰ ਸਕਦੇ ਹਨ। ਓਕਟੇਵ ਕਲਾਥਿੰਗ ਦੇ ਮਜ਼ਦੂਰਾਂ ਦਾ ਘੋਲ਼ ਇਸਦੀ ਇੱਕ ਵਧੀਆ ਉਦਾਹਰਣ ਹੈ।  

•ਪੱਤਰ ਪ੍ਰੇਰਕ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements