ਨਵੇਂ ਸਾਲ ’ਤੇ ਲੋਕਾਂ ਨੂੰ ਸਰਕਾਰ ਵੱਲੋਂ ਮਹਿੰਗਾਈ ਦੇ “ਤੋਹਫੇ”

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਦੇਸ਼ ਦੇ ਆਮ ਲੋਕ ਪਹਿਲਾਂ ਹੀ ਮਹਿੰਗਾਈ ਦੇ ਝੰਬੇ ਹੋਏ ਹਨ। ਦਾਲ-ਸਬਜ਼ੀ ਤੇ ਸਿਖਰਾਂ ਛੂਹਦੀਆਂ ਪਿਆਜ਼ ਦੀਆਂ ਕੀਮਤਾਂ ਪਹਿਲਾਂ ਹੀ ਲੋਕਾਂ ਦੀਆਂ ਅੱਖਾਂ ’ਚੋਂ ਹੰਝੂ ਲਿਆ ਰਹੀਆਂ ਹਨ। ਸਰਕਾਰ ਨੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਤਾਂ ਕੀ ਦੇਣੀ ਸੀ ਉਲਟਾ ਨਵੇਂ ਸਾਲ ’ਤੇ ਸਰਕਾਰ ਨੇ ਲੋਕਾਂ ’ਤੇ ਮਹਿੰਗਾਈ ਦਾ ਹੋਰ ਬੋਝ ਲੱਦਦੇ ਹੋਏ ਨਵੇਂ ਸਾਲ ’ਤੇ ਮਹਿੰਗਾਈ ਦੇ “ਤੋਹਫੇ” ਦਿੱਤੇ ਹਨ।

ਕੇਂਦਰ ਸਰਕਾਰ ਨੇ ਨਵੇਂ ਸਾਲ ਤੋਂ ਰੇਲ ਦੇ ਕਿਰਾਏ ਵਿੱਚ 1 ਤੋਂ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ਼ ਹੀ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕਾਂ ਦੇ ਮੂੰਹਾਂ ’ਚੋਂ ਬੁਰਕੀਆਂ ਖੋਹਦੇ ਹੋਏ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ। ਹੁਣ ਬਿਨ੍ਹਾਂ ਸਬਸਿਡੀ ਵਾਲ਼ਾ ਸਲੰਡਰ ਪਹਿਲਾਂ ਦੇ ਮੁਕਾਬਲੇ 19 ਰੁਪਏ ਮਹਿੰਗਾ ਮਿਲੇਗਾ। ਏਥੇ ਹੀ ਬੱਸ ਨਹੀਂ ਜਨਵਰੀ 2020 ਦੇ ਪਹਿਲੇ 10 ਦਿਨਾਂ ’ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਪੈਟਰੋਲ ਪਹਿਲਾਂ ਨਾਲ਼ੋਂ 15 ਪੈਸੇ ਤੇ ਡੀਜ਼ਲ 11 ਪੈਸੇ ਮਹਿੰਗਾ ਹੋ ਗਿਆ ਹੈ। ਨਤੀਜ਼ੇ ਵਜੋਂ ਪੈਟਰੋਲ 76 ਰੁਪਏ ਤੇ ਡੀਜ਼ਲ 69 ਰੁਪਏ ਤੋਂ ਟੱਪ ਗਿਆ ਹੈ। ਤੇਲ ਦੀਆਂ ਕੀਮਤਾਂ ਵਿੱਚ ਹੋਏ ਇਸ ਵਾਧੇ ਕਾਰਨ ਆਮ ਲੋਕਾਂ ’ਤੇ ਮਹਿੰਗਾਈ ਦਾ ਬੋਝ ਹੋਰ ਵਧ ਗਿਆ ਹੈ। ਰੋਜ਼ਾਨਾ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਤੇਲ ਦੀਆਂ ਕੀਮਤਾਂ ਵਧਣ ਕਾਰਨ ਮਹਿੰਗੀਆਂ ਹੋ ਗਈਆਂ ਹਨ।

ਕੇਂਦਰ ਦੀ ਭਾਜਪਾ ਸਰਕਾਰ ਨਾਲ਼ ਮੁਕਾਬਲਾ ਕਰਦੇ ਹੋਏ ਪੰਜਾਬ ਦੀ ਕਾਂਗਰਸ ਸਰਕਾਰ ਨੇ ਮਹਿੰਗਾਈ ਦੀ ਰਹਿੰਦੀ-ਖੂਹਦੀ ਕਸਰ ਬੱਸ ਕਿਰਾਏ ਤੇ ਬਿਜਲੀ ਦਰਾਂ ’ਚ ਵਾਧਾ ਕਰਕੇ ਕੱਢ ਦਿੱਤੀ ਹੈ। ਨਵੇਂ ਸਾਲ ਤੋਂ ਘਰੇਲੂ ਖਪਤਕਾਰਾਂ ਲਈ 30 ਪੈਸੇ ਪ੍ਰਤੀ ਯੁਨਿਟ ਅਤੇ ਸੱਨਅਤਾਂ ਲਈ 29 ਪੈਸੇ ਪ੍ਰਤੀ ਯੂਨਿਟ ਬਿਜਲੀ ਮਹਿੰਗੀ ਕੀਤੀ ਜਾ ਰਹੀ ਹੈ। ਘਰੇਲੂ ਖਪਤਕਾਰਾਂ ਨੂੰ ਨਵੀਂਆਂ ਦਰਾਂ ਮੁਤਾਬਿਕ ਲਗਭਗ 9 ਰੁਪਏ ਪ੍ਰਤੀ ਯੂਨਿਟ ਬਿਜਲੀ ਖਪਤ ਦੀ ਅਦਾਇਗੀ ਕਰਨੀ ਪਵੇਗੀ। ਇਹ ਵੀ ਸੰਭਾਵਨਾ ਹੈ ਕਿ ਅਪ੍ਰੈਲ ’ਚ ਹੋਰ ਵਾਧਾ ਕੀਤਾ ਜਾਵੇ। ਬਿਜਲੀ ਦੇ ਝਟਕੇ ਦੇ ਨਾਲ਼ ਹੀ ਪੰਜਾਬ ਸਰਕਾਰ ਨੇ 2 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਇਆ ਹੈ। ਇਸ ਤੋਂ ਪਹਿਲਾਂ ਅਗਸਤ 2019 ਵਿੱਚ ਸਰਕਾਰ 5 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾ ਚੁੱਕੀ ਹੈ।

ਆਰਥਿਕ ਮੰਦੀ ਦੇ ਚੱਲਦੇ ਇੱਕ ਪਾਸੇ ਸਰਕਾਰ ਦੇਸ਼ ਦੇ ਸਰਮਾਏਦਾਰਾਂ ਨੂੰ ਟੈਕਸ ’ਚ ਛੋਟਾਂ ਦੇ ਰਹੀ ਹੈ, ਹਜ਼ਰਾਂ ਕਰੋੜ ਦੇ ਕਰਜ਼ੇ ਵੱਟੇ-ਖਾਤੇ ਪਾ ਰਹੀ ਹੈ। ਦੂਸਰੇ ਪਾਸੇ ਮੰਦੀ ਦਾ ਸਾਰਾ ਬੋਝ ਪਹਿਲਾਂ ਹੀ ਮਹਿੰਗਾਈ, ਬੇਰੁਜ਼ਗਾਰੀ ਦੇ ਝੰਬੇ ਦੇਸ਼ ਦੇ ਲੋਕ ਜਿਨ੍ਹਾਂ ਦਾ ਚੁੱਲ੍ਹਾ ਮੁਸ਼ਕਲ ਨਾਲ਼ ਹੀ ਬਲ਼ ਰਿਹਾ ਹੈ ’ਤੇ ਲੱਦ ਰਹੀ ਹੈ। 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 22-23, ਜਨਵਰੀ 2020 (ਸੰਯੁਕਤ ਅੰਕ) ਵਿੱਚ ਪਰ੍ਕਾਸ਼ਿਤ