ਨੌਜਵਾਨ ਦਾ ਰਾਹ •ਮੁਕਤੀਬੋਧ ਦਾ ਪ੍ਰਸਿੱਧ ਲੇਖ

11

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਹਾੜਾਂ ਨੂੰ ਤੋੜ ਕੇ, ਚੱਟਾਨੀ ਕੰਧਾਂ ਨੂੰ ਚੀਰ ਕੇ, ਉੱਚੇ ਟਿੱਬਿਆਂ ਨੂੰ ਢਾਹ ਕੇ, ਗੂੰਜਕੇ ਅਤੇ ਗਰਜ ਕੇ, ਪਹਾੜੀ ਇਲਾਕੇ ਦੀ ਧੜਕਣ ਬਣ ਕੇ, ਜਿਹੜਾ ਅੱਗੇ ਵੱਧ ਰਿਹਾ ਹੈ ਉਸਨੂੰ ਸਾਡੀ ਭਾਸ਼ਾ ‘ਚ ਝਰਨਾ ਕਹਿੰਦੇ ਹਨ। ਇਹੀ ਝਰਨਾ ਥੋੜ੍ਹਾ ਦੂਰ ਚੱਲਣ ‘ਤੇ ਪਹਾੜੀ ਨਦੀ ਬਣ ਜਾਂਦਾ ਹੈ। ਇਸ ਨਦੀ ਦੇ ਜਲ-ਸੋਮੇ ਦੀ ਖੋਜ ਕਰਨ ‘ਤੇ ਪਤਾ ਲਗਦਾ ਹੈ ਉੱਥੇ ਝਰਨਾ ਹੈ, ਧੂੰਆਂਧਾਰ ਹੈ, ਜਲਧੂਮ ਹੈ।

ਖੋਜੀ ਨਿੱਕਲ਼ਦੇ ਹਨ। ਰਿਸਰਚ ਦੇ ਵਿਦਿਆਰਥੀ ਨਿੱਕਲ਼ਦੇ ਹਨ, ਇੰਜੀਨੀਅਰ ਨਿੱਕਲ਼ਦੇ ਹਨ। ਉਸ ਥਾਂ ਦੀ ਖੋਜ ਕਰਦੇ ਹਨ। ਝਰਨੇ ਤੱਕ ਰਾਹ ਬਣਾਉਂਦੇ ਹਨ, ਉਸ ਪਹਾੜੀ ਨਦੀ ਦੀ ਤਾਕਤਵਰ ਧਾਰਾ ਦੀ ਤਾਕਤ ਨੂੰ ਬਿਜਲੀ ਤਾਕਤ ਵਿੱਚ ਬਦਲਣ ਲਈ ਇੱਕ ਬਿਜਲੀ-ਘਰ ਬਣਾਇਆ ਜਾਂਦਾ ਹੈ। ਵਿਗਿਆਨਕ ਖੋਜੀ, ਕਾਰਕੁੰਨ, ਕਾਰੀਗਰ, ਕਰਮਚਾਰੀ ਤੇ ਕਲਾਕਾਰ ਅਤੇ ਮਜ਼ਦੂਰ ਸਾਰੇ ਇਕੱਠੇ ਹੋ ਜਾਂਦੇ ਹਨ। ਦੂਰ-ਦੁਰੇਡੇ ਇਲਾਕੇ ਵਿੱਚ ਸਸਤੀ ਬਿਜਲੀ ਜ਼ਰੀਏ ਸਿੰਚਾਈ ਹੁੰਦੀ ਹੈ, ਕਾਰਖਾਨੇ ਚੱਲਦੇ ਹਨ ਅਤੇ ਦੇਸ਼ ਦੀ ਧਨ-ਦੌਲਤ, ਖੁਸ਼ਹਾਲੀ ਵਧਦੀ ਜਾਂਦੀ ਹੈ। ਕਵੀ ਅਤੇ ਨਾਵਲਕਾਰ ਬਿਜਲੀਘਰ ਦੇ ਕਿਰਤੀ ਜੀਵਨ ਦੇ ਚਿੱਤਰ ਉਭਾਰਦੇ ਹਨ, ਉਸਨੂੰ ਗਾਉਂਦੇ ਹਨ। ਪੱਛੜਿਆ ਹੋਇਆ ਮੁਲਕ ਤਰੱਕੀ ਦੇ ਇਤਿਹਾਸ ਦੇ ਮਾਰਗ ‘ਤੇ ਝੂਮਦਾ ਹੋਇਆ ਅੱਗੇ ਵਧਦਾ ਜਾਂਦਾ ਹੈ।

ਜੇ ਨੌਜਵਾਨੀ ਦੀ ਤਾਕਤ ਨੂੰ, ਗਿਆਨ ਅਤੇ ਬੁੱਧੀ ਤੇ ਕਰਮ ਨਿਸ਼ਚਤਾ ਦੀ ਬਿਜਲੀ ਵਿੱਚ ਬਦਲਦੇ ਹੋਏ, ਦੇਸ਼-ਉਸਾਰੀ ਯਾਣੀ ਮਨੁੱਖੀ-ਉਸਾਰੀ ਦੀ ਉੱਚੀ-ਤੋਂ-ਉੱਚੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕਦਾ ਹੈ, ਬੰਜਰ ਜ਼ਿੰਦਗੀ ਵਿੱਚ ਇਸ਼ਕ ਅਤੇ ਇਨਕਲਾਬ ਦੀ ਰੂਹਾਨੀਅਤ ਦੀ ਫ਼ਸਲ ਖੜੀ ਕੀਤੀ ਜਾ ਸਕਦੀ ਹੈ।

ਜ਼ਿੰਦਗੀ ਬੜੀ ਖ਼ੂਬਸੂਰਤ ਚੀਜ਼ ਹੈ, ਉਹ ਜੀਣ ਲਈ ਹੈ, ਮਰਨ ਲਈ ਨਹੀਂ। ਚੰਗੇ ਬੰਦੇ ਕਿਉਂ ਦੁੱਖ ਭੋਗਣ — ਇੰਨੇ ਨੇਕ ਬੰਦੇ ਅਤੇ ਇੰਨੇ ਬਦਕਿਸਮਤ! ਦੁਨੀਆਂ ਵਿੱਚ ਮਾੜੇ ਬੰਦਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੈ, ਚੰਗੇ ਬੰਦਿਆਂ ਦੇ ਸਬੱਬ ਜ਼ਿੰਦਗੀ ਬਹੁਤ ਹੀ ਸੋਹਣੀ ਚੀਜ਼ ਹੈ, ਉਹ ਜੀਣ ਲਈ ਹੈ, ਮਰਨ ਲਈ ਨਹੀਂ।

ਪਰ ਨੌਜਵਾਨਾਂ ਦੇ ਦਿਲਾਂ-ਦਿਮਾਗਾਂ ਦੀ ਤਾਕਤ ਨੂੰ ਬਿਜਲੀ ਵਿੱਚ ਬਦਲਦੇ ਹੋਏ, ਦੇਸ਼-ਉਸਾਰੀ ਅਤੇ ਮਨੁੱਖ-ਉਸਾਰੀ ਵਿੱਚ ਲਾਉਣ ਲਈ, ਜਿਸ ਬਿਜਲੀਘਰ ਦੀ ਲੋੜ ਹੈ, ਉਹ ਹਿੰਦੁਸਤਾਨ ਵਿੱਚ ਮੌਜੂਦ ਨਹੀਂ ਹੈ। ਹੁਣ ਦੇਸ਼ ਦੀ ਤਰੱਕੀ ਹੋਵੇ ਤਾਂ ਕਿੱਥੋਂ ਹੋਵੇ ਅਤੇ ਕਿਵੇਂ ਹੋਵੇ। ਜਿਸ ਦੇਸ ਵਿੱਚ ਨੌਜਵਾਨ ਥੱਕੇ-ਹਾਰੇ ਫਿਰਦੇ ਹਨ, ਵਿਹਲੇ ਰਹਿੰਦੇ ਹਨ, ਭੁੱਖੇ ਮਰਦੇ ਹਨ (ਬੌਧਿਕ ਅਤੇ ਆਤਮਕ ਵਿਕਾਸ ਦੇ ਟੀਚੇ ਹੀ ਇੱਥੇ ਗੁੰਮ ਹਨ) ਤਾਂ ਉਸ ਦੇਸ਼ ਦੇ ਨੌਜਵਾਨ ਜੇ ਆਪਣੀ ਖ਼ਾਲੀ ਜੇਬ ਅਤੇ ਭੁੱਖ ਦੇ ਤਸੀਹਿਆਂ ਨੂੰ, ਆਪਣੀ ਬਦਕਿਸਮਤੀ ਨੂੰ, ਕੌਡੀਆਂ ਭਾਅ ਫਿਲਮੀ ਨਾਇਕਾਵਾਂ ਦੀ ਸੂਰਤ ਦੇਖ ਕੇ ਦੋ ਮਿੰਟ ਲਈ ਭੁੱਲਣਾ ਚਾਹੁੰਦਾ ਹੈ, ਤਾਂ ਉਸ ਨੌਜਵਾਨ ਦੀਆਂ ਪਿਆਸੀਆਂ ਅੱਖਾਂ ਨੂੰ ਲੋਕ ਬੇਸ਼ੱਕ ਗ਼ਲਤ ਸਮਝਣ, ਅਸੀਂ ਉਸ ਬਾਰੇ ਗ਼ਲਤਫਹਿਮੀ ਵਿੱਚ ਨਹੀਂ ਹਾਂ, ਕਿਉਂਕਿ ਸਾਡਾ ਨੌਜਵਾਨ ਬੇਹੱਦ ਸੱਚਾ ਹੈ ਅਤੇ ਬੇਹੱਦ ਚੰਗਾ ਹੈ। ਉਸ ਵਿੱਚ ਬਹੁਤ ਗਰਮੀ ਹੈ ਅਤੇ ਬਹੁਤ ਮਿਠਾਸ ਹੈ। ਉਹ ਦੁਨੀਆ ਨੂੰ ਪੁੱਠਾ ਕਰ ਸਕਦਾ ਹੈ ਅਤੇ ਪੁੱਠਾ ਕਰ ਕੇ ਫਿਰ ਸਿੱਧਾ ਕਰ ਸਕਦਾ ਹੈ। ਪਰ ਉਸਦੀ ਦਿਲੋ-ਦਿਮਾਗੀ ਤਾਕਤ ਨੂੰ ਮਨੁੱਖੀ ਬਿਜਲੀ ਵਿੱਚ ਬਦਲਣ ਵਾਲ਼ਾ ਬਿਜਲੀਘਰ ਕਿੱਥੇ ਹੈ? ਉਹ ਤਾਂ ਗੈਰਹਾਜ਼ਰ ਹੈ। ਇਸ ਲਈ ਜੇ ਸਾਡੇ ਨੌਜਵਾਨ ਵਿੱਚ ਕੁਝ ਦੋਸ਼ ਹਨ, ਕੁਝ ਖਾਮੀਆਂ ਹਨ ਤਾਂ ਕਸੂਰ ਉਸਦਾ ਨਹੀਂ ਹੈ। ਕਿਉਂਕਿ ਸਾਡਾ ਨੌਜਵਾਨ ਬਹੁਤ ਸੱਚਾ ਹੈ ਅਤੇ ਵਾਹਲ਼ਾ ਚੰਗਾ ਹੈ।

ਨੌਜਵਾਨਾਂ ਦੇ ਗੀਤ ਬਹੁਤ ਲੋਕਾਂ ਨੇ ਗਾਏ ਹਨ। ਹੁਸਨੋ-ਇਸ਼ਕ ਅਤੇ ਇਨਕਲਾਬ ਦਾ ਕਾਅਬਾ ਨੌਜਵਾਨੀ ਹੀ ਸਮਝੀ ਗਈ ਹੈ। ਪਰ ਜਿਹਨਾਂ ਤਕਲੀਫਾਂ ਵਿੱਚ ਹੋ ਕੇ ਨੌਜਵਾਨ ਲੰਘਦਾ ਹੈ, ਉਹਨਾਂ ਬਾਰੇ ਕਲਮ ਚਲਾਉਣ ਦੀ ਹਿੰਮਤ ਥੋੜ੍ਹੇ ਲੋਕਾਂ ਨੇ ਹੀ ਕੀਤੀ ਹੈ। ਯਥਾਰਥ ਕੁਝ ਹੋਰ ਹੈ ਅਤੇ ਖਿਆਲੀ ਲੋਕ ਹੋਰ ਹਨ। ਮੰਨਿਆ ਕਿ ਸਧਾਰਣ ਰੂਪ ‘ਚ ਨੌਜਵਾਨ ਆਪਣੇ ਪਿਓ ਦੇ ਘਰ ਰਹਿੰਦਾ ਹੈ, ਵੱਡਿਆਂ ਦੀ ਛਾਂ ‘ਚ ਪਲ਼ਦਾ ਹੈ ਅਤੇ ਦੁਨੀਆ ਨਾਲ਼ ਟੱਕਰ ਲੈਣ ਦੀ ਹਿੰਮਤ ਅਤੇ ਉਮੰਗ ਉਸ ਵਿੱਚ ਬੇਸ਼ੱਕ ਰਹੇ, ਉਸ ਕੋਲ਼ ਤਜ਼ਰਬਾ ਨਾ ਹੋਣ ਕਾਰਨ ਉਸਨੂੰ ਪੈਰ-ਪੈਰ ‘ਤੇ ਠੋਕਰ ਖਾਣੀ ਪੈਂਦੀ ਹੈ।

ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਵਰਤਮਾਨ ਹਾਲਤ ‘ਚ ਜਦੋਂ ਘਰੇਲੂ ਫਿਕਰਾਂ ਦਾ ਮਹੌਲ ਘਰ ‘ਚ ਕਾਫ਼ੀ ਸੰਘਣਾ ਹੋ ਜਾਂਦਾ ਹੈ ਅਤੇ ਬਣਿਆ ਰਹਿੰਦਾ ਹੈ, ਸਾਡਾ ਨੌਜਵਾਨ ਤਰੱਕੀ ਵੱਲ ਵਧ ਨਹੀਂ ਸਕਦਾ। ਨੌਜਵਾਨੀ ‘ਚ ਜ਼ਿੰਦਗੀ ਨੂੰ ਖੰਭ ਨਿੱਕਲ਼ਦੇ ਹਨ। ਪਰ ਠੀਕ ਉਸੇ ਵੇਲ਼ੇ ਘਰ ਦਾ ਫਿਕਰਾਂ ਭਰਿਆ ਮਹੌਲ ਉਸ ਦੇ ਮਨ ‘ਤੇ ਛਾ ਜਾਂਦਾ ਹੈ। ਇੱਕ ਪਾਸੇ ਉਮੰਗ ਅਤੇ ਜੋਸ਼ ਠਾਠਾਂ ਮਾਰਦਾ ਹੈ, ਤਾਂ ਦੂਜੇ ਪਾਸੇ, ਠੀਕ ਉਸਦੇ ਉਲਟ, ਨੌਜਵਾਨ ਦੇ ਮਨ ‘ਚ ਫਿਕਰ ਅਤੇ ਘਰ ਦੀਆਂ ਉਲ਼ਝਣਾਂ ਪੁਰਾਣੇ ਸ਼ਰਾਪ ਦੇ ਪਰਛਾਵੇਂ ਜਿਹੇ ਚੱਕਰ ਕੱਢਦੇ ਹਨ।

ਪੁਰਾਣੇ ਸ਼ਹੀਦਾਂ ਦਾ ਨਾਮ ਲੈ ਕੇ, ਭਗਤ ਸਿੰਘ ਅਤੇ ਸ਼ੁਭਾਸ ਬੋਸ ਦੀ ਕੀਰਤੀ-ਕਥਾ ਸੁਣਾ ਕੇ, ਗ਼ਦਰ ਪਾਰਟੀ ਅਤੇ ਅਨੁਸ਼ੀਲਨ ਦਲ ਦੀ ਯਸ਼ਗਾਥਾ ਸੁਣ ਕੇ, ਨੌਜਵਾਨ ਦੇ ਦਿਲ ਵਿੱਚ ਦੇਸ਼-ਭਗਤੀ ਅਤੇ ਪ੍ਰੇਰਣਾ ਤਾਂ ਜ਼ਰੂਰ ਭਰੀ ਜਾ ਸਕਦੀ ਹੈ, ਪਰ ਕਥਾਵਾਂ ਜ਼ਰੀਏ ਉਸਦੀਆਂ ਆਪਣੀਆਂ ਉਲ਼ਝਣਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ।  ਹਰ ਪੀੜੀ ਦੇ ਆਪਣੇ ਨਵੇਂ ਤਜ਼ਰਬੇ ਹੁੰਦੇ ਹਨ, ਇਸ ਤਰ੍ਹਾਂ ਨਵੇਂ, ਕਿ ਜਿਹੜੇ ਪੁਰਾਣੀ ਪੀੜ੍ਹੀ ਦੇ ਸਨ ਅਤੇ ਨਾ ਅਗਲੀ ਪੀੜ੍ਹੀ ਦੇ ਹੋਣਗੇ। ਸਿੱਟੇ ਵਜੋਂ ਨਸੀਹਤਾਂ ਦੇ ਰਾਗ ਅਲਾਪ ਕੇ ਨੌਜਵਾਨਾਂ ਦੀਆਂ ਔਕੜਾਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਹਮਦਰਦੀ ਅਤੇ ਮਨੁੱਖੀ ਅਨੁਭਵੀ ਗਿਆਨ ਦੀ ਲੋੜ ਜੇ ਕਿਤੇ ਸਭ ਤੋਂ ਜ਼ਿਆਦਾ ਹੈ, ਤਾਂ ਉਹ ਨੌਜਵਾਨ ਦੇ ਦਿਲ ਨੂੰ ਸਮਝਣ ਵਿੱਚ ਹੈ। ਨੌਜਵਾਨ ‘ਚ ਸ਼ਰਧਾ ਦੀ ਜੋ ਉਤੇਜਨਾ ਹੁੰਦੀ ਹੈ, ਮਨ ਦੀਆਂ ਜਿਹੜੀਆਂ ਤੇਜ਼ ਨਿਗਾਹਾਂ ਹੁੰਦੀਆਂ ਹਨ, ਉਹਨਾਂ ‘ਤੇ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਦੇ ਤਜ਼ਰਬੇ ਕਹਿੰਦੇ ਹੋ (ਯਾਣੀ ਸੰਸਾਰਕ ਨਜ਼ਰੀਆ) ਉਸ ਦੀਆਂ ਧੂੜ ਨਾਲ਼ ਭਰੀਆਂ ਪਰਤਾਂ ਨਹੀਂ ਛਾਈਆਂ ਰਹਿੰਦੀਆਂ। ਸਿੱਟੇ ਵਜੋਂ, ਨੌਜਵਾਨ ਕਦੇ-ਕਦੇ ਤੁਹਾਨੂੰ, ਆਪਣੇ ਤਜ਼ਰਬੇ ਕਾਰਨ, ਮੂਰਖ਼ ਲਗਦਾ ਹੋ ਸਕਦਾ ਹੈ। ਪਰ ਇਹੀ ਉਸ ਦੀ ਚੰਗਿਆਈ ਹੈ। ਜਿਹੜਾ ਨੌਜਵਾਨ 19-20-21 ਵਰ੍ਹੇ ‘ਚ ਹੀ ਬੁੱਢਿਆਂ ਵਾਲ਼ੀਆਂ ਖੜੂਸ ਸੰਸਾਰਕ ਅੱਖਾਂ ਨਾਲ਼ ਹੀ ਦੁਨੀਆ ਨੂੰ ਦੇਖਣ ਲੱਗ ਜਾਂਦਾ ਹੈ, ਸਮਝ ਲਵੋ ਕਿ ਉਸ ਵਿੱਚ ਹਿੰਮਤ ਦੀ ਪ੍ਰਵਿਰਤੀ, ਨਵੇਂ ਤਜ਼ਰਬੇ ਪ੍ਰਾਪਤ ਕਰਨ ਦੀ ਜਗਿਆਸਾ ਅਤੇ ਸਮਰੱਥਾ ਤੇ ਜ਼ਿੰਦਗੀ ਦੇ ਨਵੇਂ ਜ਼ਿਕਰਾਂ ਦੀ ਸਾਫ਼ ਅਣਹੋਂਦ ਹੈ।  ਅਜਿਹਾ ਨੌਜਵਾਨ ਨਵਾਬ, ਤਹਿਸੀਲਦਾਰ ਜਾਂ ਆਈ.ਏ.ਐੱਸ. ਹੋ ਸਕਦਾ ਹੈ, ਪਰ ਉਹ ਦੇਸ਼ ਦੇ ਕਿਸ ਕੰਮ ਦਾ।

ਮੌਜੂਦਾ ਹਾਲਤ ਇਹ ਹੈ ਕਿ ਨੌਜਵਾਨਾਂ ਦੇ ਗੀਤ ਗਾਉਣ ਨਾਲ਼ ਮਨ ਭਾਵੇਂ ਹਲਕਾ ਹੋ ਜਾਵੇ, ਦਿਮਾਗ਼ ਸਾਫ਼ ਨਹੀਂ ਹੁੰਦਾ, ਰਾਹ ਨਹੀਂ ਮਿਲ਼ਦਾ। ਨੌਜਵਾਨਾਂ ਦੀਆਂ ਔਕੜਾਂ ਦਾ ਇੱਕ ਖ਼ਾਸ ਰੂਪ ਹੁੰਦਾ ਹੈ। ਸਿਰਫ਼ ਇੰਨਾ ਕਹਿ ਦੇਣ ਨਾਲ਼ ਕਿ ‘ਵਧਦੇ ਚਲੋ ਦਲੇਰੋ, ਤੇਜੀ ਨਾਲ਼ ਵਧਦੇ ਚੱਲੋ’ ਕੁਝ ਨਹੀਂ ਹੁੰਦਾ। ਹਰ ਨੌਜਵਾਨ ਨੇ ਆਪਣਾ ਰਾਹ ਤੈਅ ਕਰਨਾ ਹੁੰਦਾ ਹੈ ਅਤੇ ਉਹ ਉਸ ਰਾਹ ਦੇ ਮੋੜ ਅਤੇ ਟੋਇਆਂ ਬਾਰੇ ਜਾਣਕਾਰੀ ਚਾਹੁੰਦਾ ਹੈ, ਪਰ ਸਾਡੇ ਛਾਇਆਵਾਦੀ ਇੰਦਰਧਨੁਸ਼ੀ ਕਾਵਿ ਦੀ ਨੌਜਵਾਨੀ ਨੂੰ ਬੱਦਲ਼ਾਂ ‘ਚ ਹੀ ਲੈ ਜਾਂਦੀ ਹੈ, ਜ਼ਮੀਨ ‘ਤੇ ਫੈਲਿਆ ਹੋਇਆ ਰਾਹ ਨਹੀਂ ਦੱਸਦੀ।

ਨੌਜਵਾਨ ਦਾ ਰਾਹ! ਕਿੰਨਾ ਮੁਸ਼ਕਲ ਸਵਾਲ ਹੈ ਇਹ! ਸਾਡੇ ਨਾਵਲਾਂ ਨੇ ਕਦੇ ਇਸ ਸਵਾਲ ‘ਤੇ ਚਾਨਣ ਨਹੀਂ ਪਾਇਆ!! ਸਾਡੇ ਸਾਹਿਤ ਨੇ ਕਦੀ ਤੱਤ ਸਬੰਧੀ ਰਾਹ-ਦਰਸਾਵਾ ਨਹੀਂ ਕੀਤਾ। ਸਾਡੇ ਵੱਡੇ-ਬਜ਼ੁਰਗ, ਸਾਡੇ ਆਦਰਯੋਗ ਬਜ਼ੁਰਗ, ਨੌਜਵਾਨ ਦੇ ਸਾਹਮਣੇ ‘ ਨੌਕਰੀ ਕਰੋ, ਪੈਸਾ ਲਿਆਓ’ ਦਾ ਨਾਅਰਾ ਬੁਲੰਦ ਕਰਦੇ ਹਨ। ਨੌਜਵਾਨ ਵੀ ਇਹ ਚਾਹੁੰਦਾ ਹੈ ਕਿ ਉਸਦੇ ਪਰਿਵਾਰਕ ਮਾਣ-ਸਤਿਕਾਰ ਨੂੰ ਚਾਰ ਚੰਨ ਲੱਗਣ। ਪਰ ਵਿਚਾਰਾ! ਪਰ, ਉਸਦਾ ਸੱਚਾ ਮਾਰਗ-ਦਰਸ਼ਨ ਕਿਸਨੇ ਕੀਤਾ ਹੈ! ਕਿਸ ਵਿੱਚ ਉਹ ਤਾਕਤ ਹੈ ਜਿਹੜੀ ਉਸਦੇ ਜੋਸ਼, ਉਤਸ਼ਾਹ ਅਤੇ ਉਮੀਦਾਂ ਦਾ ਭਾਰ ਆਪਣੇ ਮਨ ‘ਤੇ ਝੱਲ ਸਕੇ, ਉਸਦੇ ਆਦਰਸ਼ਵਾਦੀ ਪਿਆਰ ਅਤੇ ਤਿਆਗਵਾਨ ਸ਼ਰਧਾ ਸਮੁੱਚੇ ਅਰਥਾਂ ਨੂੰ ਸਮਝ ਸਕਣ! ਉਹਨਾਂ ਨੂੰ ਆਪਣੇ ਵਿੱਚ ਰੱਖ ਸਕੇ! ਬਹੁਤ ਘੱਟ ਅਜਿਹੇ ਲੋਕ ਹੁੰਦੇ ਹਨ, ਜਨਾਬ, ਜਿਸ ਵਿੱਚ ਇਹ ਤਾਕਤ, ਇਹ ਫ਼ੌਲਾਦੀ ਜਿਗਰਾ ਹੁੰਦਾ ਹੈ। ਉਮਰ ਵਧਣ ਨਾਲ਼ ਹੀ ਆਦਮੀ ਸਮਝੌਤੇ ਨੂੰ ਅਕਲਮੰਦੀ ਅਤੇ ਪ੍ਰਤਿਭਾ ਦਾ ਨਾਮ ਦਿੰਦਾ ਹੈ ਪਰ ਨੌਜਵਾਨ ਬੁਨਿਆਦੀ ਸਵਾਲ ਚੁੱਕਦਾ ਹੈ! ਅਤੇ ਉਸਦੇ ਜਵਾਬ!

ਪੱਤਰਕਾਰ ਅਤੇ ਸਾਹਿਤਕਾਰ, ਕਵੀ ਅਤੇ ਸਿਆਸਤਦਾਨ, ਆਪਣੀ ਹੋਂਦ ਨੂੰ ਫ਼ੈਸਲਾਕੁੰਨ ਸਮਝਦੇ ਹਨ – ਜਿਵੇਂ ਦੁਨੀਆ ‘ਤੇ ਫ਼ੈਸਲਾ ਦੇਣ ਜਾ ਰਹੇ ਹੋਣ। ਆਪਣੀ ਖ਼ਿਆਲੀ ਅਦਾਲਤ ਵਿੱਚ ਫ਼ੈਸਲੇ ਦਿੰਦੇ ਰਹਿਣਾ ਇੱਕ ਗੱਲ ਹੈ। ਸਹੀ-ਸਹੀ ਰਾਹ ਦੱਸਣਾ – ਅਤੇ ਜਿਸਨੂੰ ਰਾਹ ਦੱਸਿਆ ਜਾ ਰਿਹਾ ਹੈ, ਉਸਦੇ  ਸਹਿਚਾਰ ਨੂੰ ਪ੍ਰਵਾਨ ਕਰਨਾ – ਇੱਕ ਦੂਸਰੀ ਗੱਲ ਹੈ। ਇਸ ਲੇਖ ਦਾ ਲੇਖਕ ਇੱਕ ਮਾਮੂਲੀ ਬੰਦਾ ਹੈ। ਆਪਣੀ ਬੀਤੀ ਹੋਈ ਜਵਾਨੀ ਤੋਂ ਸਿਰਫ਼ ਉਸਨੇ ਸਬਕ ਸਿੱਖੇ ਹਨ – ਉਸ ਨੌਜਵਾਨੀ ਦੇ ਤਕਾਜ਼ੇ ਉਸ ਦੇ ਸਾਹਮਣੇ ਅੱਜ ਵੀ ਜ਼ਿੰਦਾ ਹਨ। ਉਸਦੇ ਸਵਾਲ ਅੱਜ ਵੀ ਉਸਨੂੰ ਬੁਲਾਉਂਦੇ ਹਨ – ਫ਼ਰਕ ਸਿਰਫ਼ ਇੰਨਾ ਹੈ ਕਿ ਗੋਡੇ ਭੰਨਣ ਵਾਲ਼ੀਆਂ ਠੋਕਰਾਂ ਅੱਜ ਉਸਨੂੰ ਪਹਿਲਾਂ ਸਲਾਮ ਕਰਦੀਆਂ ਹਨ, ਫਿਰ ਪੇਚ ਲੜਾਉਂਦੀਆਂ ਹਨ। ਤਾਂ ਅਜਿਹੇ ਮਾਮੂਲੀ ਬੰਦੇ ਕੋਲ਼ ਇੰਨੀ ਜ਼ੁਅੱਰਤ ਨਹੀਂ ਹੈ ਕਿ ਉਹ ਨਵੀਂ ਪੀੜ੍ਹੀ ਦੇ ਨੌਜਵਾਨਾਂ (ਜਿਨ੍ਹਾਂ ਦੇ ਆਪਣੇ ਨਵੇਂ ਤਜ਼ਰਬੇ ਹਨ) ਨੂੰ ਸਿੱਖਿਆ ਦੇ ਸਕੇ।

ਪਰ ਇੰਨਾ ਕਹਿ ਕੇ ਗੱਲ ਖ਼ਤਮ ਹੋ ਸਕਦੀ ਹੈ, ਮਾਮਲਾ ਖ਼ਤਮ ਨਹੀਂ ਹੁੰਦਾ। ਸਵਾਲ ਦਾ ਜਵਾਬ ਕਦੇ-ਕਦੇ ਸਵਾਲ ਨਾਲ਼ ਦਿੱਤਾ ਜਾਂਦਾ ਹੈ। ਇਸ ਲਈ ਅਸੀਂ ਕੁਝ ਅਜਿਹੇ ਸਵਾਲਾਂ ਦਾ ਸਿਲਸਿਲਾ ਅਪਣਾਵਾਂਗੇ, ਜਿਸ ਨਾਲ਼ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਆਪਣੇ ਤਕਾਜਿਆਂ ਨੂੰ ਸਮਝ ਸਕੀਏ, ਇਸ ਲਈ ਕਿ ਸਾਡਾ ਨੌਜਵਾਨ ਭਾਰਤੀ ਲੋਕਾਈ ਦਾ ਹੀ ਇੱਕ ਅੰਗ ਹੈ।

ਟੱਬਰ ਸਮਾਜ ਦੀ ਇਕਾਈ ਹੈ, ਚਾਹੇ ਉਹ ਰੂਸੀ ਸਮਾਜ ਹੋਵੇ ਜਾਂ ਚੀਨੀ, ਹਿੰਦੁਸਤਾਨੀ ਹੋਵੇ ਜਾਂ ਬਰਤਾਨਵੀ। ਜੇ ਸਾਡੇ ਟੱਬਰ ‘ਚ ਬੇਚੈਨੀ, ਰੋਹ, ਬੇਇਨਸਾਫੀ, ਭੁੱਖ ਅਤੇ ਕੰਗਾਲੀ ਹੋਵੇਗੀ ਤਾਂ ਪੱਕਾ ਹੀ ਉਸਦਾ ਅਸਰ ਨੌਜਵਾਨ ਦੀ ਮਨੋਦਸ਼ਾ ਅਤੇ ਆਦਤਾਂ ‘ਤੇ ਹੋਵੇਗਾ। ਸਾਡੇ ਨੌਜਵਾਨ ਵਿੱਚ ਅੱਜ ਜੋ ਸਤੱਹੀ ਰੁਮਾਨੀ ਪ੍ਰਵਿਰਤੀ, ਘੁਮੱਕੜਪਣ, ਗ਼ੈਰ-ਜ਼ਿੰਮੇਵਾਰ ਰਵੱਈਆ, ਖ਼ਾਸ ਤਰ੍ਹਾਂ ਦਾ ਮਲੰਗਪੁਣਾ, ਅਵਾਰਾਗਰਦੀ ਆਦਿ ਔਗੁਣ ਪੈਦਾ ਹੁੰਦੇ ਹਨ, ਤਾਂ ਇਨ੍ਹਾਂ ਆਦਤਾਂ ਦੀ ਜੜ੍ਹ ਸਾਡੇ ਟੱਬਰ ਵਿੱਚ ਫੈਲੀ ਵਿਆਪਕ ਬੇਚੈਨੀ ਵਿੱਚ ਲੁਕੀ ਹੋਈ ਹੈ।

ਪਰ ਬਹੁਤ ਸਾਰੇ ਵਿਚਾਰਕ, ਖ਼ੁਦ ਨੌਜਵਾਨ ਵੀ, ਇਨ੍ਹਾਂ ਆਦਤਾਂ ਦਾ ਬੁਨਿਆਦੀ ਕਾਰਨ ਮਾਨਸਿਕਤਾ ਨੂੰ ਦੱਸਦੇ ਹਨ, ਜਾਂ ਸੋਚਦੇ ਹਨ, ਜੋ ਕਿ ਗ਼ਲਤ ਹੈ।

ਜੇ ਨੌਜਵਾਨ ਨੂੰ ਸਹੀ ਰਾਹ ਮਿਲ਼ ਜਾਵੇ, ਆਪਣੀ ਤਰੱਕੀ ਅਤੇ ਵਿਕਾਸ ਦੇ ਨਵੇਂ-ਨਵੇਂ ਇਲਾਕੇ ਮਿਲ਼ਦੇ ਜਾਣਗੇ ਅਤੇ ਉਸਨੂੰ ਹਮੇਸ਼ਾ ਏਦਾਂ ਲੱਗਦਾ ਜਾਵੇ ਕਿ ਉਸਦੀ ਆਪਣੀ ਤਰੱਕੀ ਦਾ ਕੰਮ ਸਮਾਜਕ ਤਰੱਕੀ ਦਾ ਕੰਮ ਹੈ, ਜਾਂ ਦੂਸਰੇ ਸ਼ਬਦਾਂ ਵਿੱਚ, ਸਮਾਜਕ ਖੇਤਰ ਵਿੱਚ ਉਸਦਾ ਆਪਣੇ ਰੋਜ਼ੀ-ਰੋਟੀ ਸਬੰਧੀ ਫਰਜ ਦਾ ਕੰਮ ਆਮ ਅਤੇ ਖ਼ਾਸ ਤੌਰ ‘ਤੇ ਸਮਾਜਕ ਕਰਤੱਵ ਵੀ ਹੈ, ਕਿ ਜਿਸਨੂੰ ਨਾ ਕਰਨ ਨਾਲ਼ ਲੋਕਾਈ ਦਾ ਨੁਕਸਾਨ ਹੋਵੇਗਾ ਅਤੇ ਜਿਸਨੂੰ ਚੰਗੀ ਤਰ੍ਹਾਂ ਕਰਨ ਨਾਲ਼ ਲੋਕਾਈ ਦਾ ਭਲਾ ਅਤੇ ਸਮਾਜਕ ਵਿਕਾਸ ਹੋਵੇਗਾ; ਜੇ ਉਸਨੂੰ ਹਮੇਸ਼ਾ ਇਹੋ ਜਾਪਦਾ ਰਹੇ ਕਿ ਸਮਾਜਕ ਢਾਂਚੇ ਦੇ ਤਹਿਤ ਉਸਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਹੈ, ਤਾਂ ਪੱਕਾ ਹੀ ਉਹ ਦੁਗਣੇ ਰੂਪ ਨਾਲ਼ ਆਪਣਾ ਕੰਮ ਕਰੇਗਾ ਅਤੇ ਆਪਣੀਆਂ ਨੌਜਾਵਾਨ ਮਜ਼ਬੂਤ ਬਾਹਾਂ ਅਤੇ ਚੌੜੀ ਛਾਤੀ ਦੀ ਤਾਕਤ ਨਾਲ਼ ਬੰਜਰ ਨੂੰ ਜ਼ਰਖੇਜ ਬਣਾ ਦਵੇਗਾ।

ਲਖਨਊ ਯੂਨੀਵਰਸਿਟੀ ਵਿੱਚ ਅਰਥਸ਼ਾਸ਼ਤਰ ਦੇ ਆਚਾਰੀਆ ਡਾਕਟਰ ਡੀ.ਪੀ. ਮੁਖਰਜੀ ਨੇ, ਰੂਸ ਤੋਂ ਵਾਪਸ ਆ ਕੇ ਆਪਣੀ ਇੱਕ ਮੁਲਾਕਾਤ ਵਿੱਚ ਦੱਸਿਆ ਸੀ ਕਿ ਉਸ ਦੇਸ਼ ਦੇ ਨੌਜਵਾਨਾਂ ਨੂੰ ਕਿੱਤਾ ਚੁਣਨ ਵਿੱਚ ਕੋਈ ਤਕਲੀਫ ਨਹੀਂ ਹੁੰਦੀ। ਆਮ ਤੌਰ ‘ਤੇ ਆਪਣੀ ਉਮਰ ਦੇ 16 ਵੇਂ 17 ਵੇਂ ਸਾਲ ਵਿੱਚ ਹੀ ਉਹ ਆਪਣਾ ਜੀਵਨ-ਕੰਮ ਚੁਣ ਚੁੱਕਾ ਹੁੰਦਾ ਹੈ। 22-23 ਤੱਕ ਆਉਂਦੇ-ਆਉਂਦੇ ਉਹ ਆਪਣੇ ਕੰਮ ਵਿੱਚ ਇੰਨਾ ਮਾਹਿਰ ਹੋ ਜਾਂਦਾ ਹੈ ਕਿ ਸਾਧਾਰਨ ਰੂਪ ਵਿੱਚ ਉਸ ਦੇ ਹਵਾਲੇ ਉੱਚੇ-ਉੱਚੇ ਕੰਮ ਕਰ ਦਿੱਤੇ ਜਾਂਦੇ ਹਨ। ਜਿਹੜੇ ਲੋਕ ਬਜ਼ੁਰਗ ਹੋ ਜਾਂਦੇ ਹਨ ਉਹ ਸਿਰਫ਼ ‘ਚੈੱਕਅਪ’ (ਜਾਂਚ) ਕਰਦੇ ਰਹਿੰਦੇ ਹਨ ਕਿ ਕੰਮ ਦੀ ਮਾਤਰਾ ਅਤੇ ਗੁਣ ਕਿਤੇ ਘੱਟ ਤਾਂ ਨਹੀਂ ਹੋਇਆ ਹੈ ਅਤੇ ਪੰਜ ਸਾਲਾ ਯੋਜਨਾ ਦੌਰਾਨ, ਹਰੇਕ ਸਾਲ ਦੀ ਅਤੇ ਹਰ ਤਿੰਨ ਮਹੀਨੇ ਦੀ ਯੋਜਨਾ ਬਣਦੀ ਰਹਿੰਦੀ ਹੈ (ਅਤੇ ਆਮ ਤੌਰ ‘ਤੇ ਯੋਜਨਾ ਵਿੱਚ ਦੱਸੇ ਕੰਮ ਦੀ ਮਾਤਰਾ ਤੋਂ ਜ਼ਿਆਦਾ ਕੰਮ ਕਰਨ ਦਾ ਹੌਂਸਲਾ ਹਰੇਕ ਰੱਖਦਾ ਹੈ) ਇਸ ਲਈ ਹਰ ਯੋਜਨਾ ਵਿੱਚ ਪਿਛਲੀ ਯੋਜਨਾ ਤੋਂ ਜ਼ਿਆਦਾ ਕੰਮ ਦਾ ਟੀਚਾ ਹੁੰਦਾ ਹੈ ਅਤੇ ਇਸ ਨਿਸ਼ਚਿਤ ਕੀਤੇ ਗਏ ਜ਼ਿਆਦਾ ਕੰਮ ਤੋਂ ਵਧੇਰੇ ਕੰਮ ਕਰਨ ਦੀ ਹਿੰਮਤ ਨੌਜਵਾਨਾਂ ‘ਚ ਪੈਂਦੀ ਹੈ ਜਾਂ ਨਹੀਂ ਅਤੇ ਜੇ ਨਹੀਂ ਤਾਂ ਉਸ ਦੀਆਂ ਕਿਹੜੀਆਂ ਦਿੱਕਤਾਂ ਹਨ, ਕਿਹੜੀਆਂ ਮੁਸ਼ਕਲਾਂ ਹਨ, ਉਸ ਦੀ ਭਰਪਾਈ ਲਈ ਕਿਹੜੀ ਸਹੂਲਤ ਦੀ ਲੋੜ ਹੈ – ਇਹ ਦੇਖਣ ਦਾ ਕੰਮ ਤਜ਼ਰਬੇਕਾਰ ਬਜ਼ੁਰਗਾਂ, ਮਾਹਿਰਾਂ ਅਤੇ ਹੋਰ ਪ੍ਰਤਿਭਾਵਾਨ ਲੋਕਾਂ ਦਾ ਹੁੰਦਾ ਹੈ, ਜਿਹੜੇ ਖੁਦ ਦੁੱਗਣੇ ਜ਼ੋਰ ਨਾਲ਼ ਕੰਮ ਕਰਦੇ ਰਹਿੰਦੇ ਹਨ ਤਾਂ ਕਿ ਉਹ ਨੌਜਵਾਨਾਂ ਸਾਹਮਣੇ ਮਿਸਾਲ ਬਣ ਸਕਣ।

ਹਿੰਦੋਸਤਾਨ ਜਿਹੇ ਦੇਸ਼ ਵਿੱਚ – ਜਿੱਥੇ ਅਦੁੱਤੀ ਜ਼ਮੀਨ ਹੈ, ਰਤਨ ਪੈਦਾ ਕਰਨ ਵਾਲ਼ੀ ਧਰਤੀ ਹੈ ਅਤੇ ਉਪਜਾਊ ਭੂਮੀ ਹੈ, ਬੱਦਲਾਂ ਰਹਿਤ ਅਕਾਸ਼ ਹੈ, ਆਲੀਸ਼ਾਨ ਗੰਭੀਰ ਮੇਘਰਾਜ ਹੈ ਅਤੇ ਉੱਤਰ ਵਿੱਚ ਹਿਮਾਲਿਆ ਨਾਗਦੇਵਤਾ ਹੈ, ਬਿਜਲੀ-ਸ਼ਕਤੀ, ਪਣ-ਸ਼ਕਤੀ ਭੂਮੀ-ਸ਼ਕਤੀ ਹੈ – ਉਸ ਦੇਸ਼ ਵਿੱਚ ਜੇ ਨੌਜਵਾਨ ਦੀਆਂ ਸ਼ਰੀਰ ਦੀਆਂ ਹੱਡੀਆਂ ਨਿੱਕਲ਼ ਆਣ, ਚੱਪਲ ਦੀਆਂ ਕਿੱਲਾਂ ਪੈਰਾਂ ਵਿੱਚ ਛੇਕ ਕਰ ਰਹੀਆਂ ਹੋਣ, ਮੂੰਹ ‘ਤੇ ਵਾਲ਼ ਵਧੇ ਹੋਣ ਅਤੇ ਜੇ ਉਹ ਇੱਕ ਪੈਸੇ ਦੀਆਂ ਦੋ ਬੀੜੀਆਂ ਪੀਂਦਾ ਹੋਇਆ ਕਿਸੇ ਕੁੜੀ ਦਾ ਮੁਖੜਾ ਦੇਖ ਸਿਨੇਮਾ ਦਾ ਇੱਕ-ਅੱਧਾ ਚਾਲੂ ਜਿਹਾ ਗੀਤ ਗੁਣਗੁਣਾ ਪੈਂਦਾ ਹੋਵੇ, ਤਾਂ ਉਸਦੇ ਦਿਲ ਦੀਆਂ ਕਦੀ ਦਮਕਦੀਆਂ ਹੋਈਆਂ ਤੇ ਕਦੀ ਮਘਦੀਆਂ ਹੋਈਆਂ ਇੱਛਾਵਾਂ ਦੇ ਜਵਾਰ ਨੂੰ ਦੇਖ ਸਾਨੂੰ ਗੁੱਸਾ ਨਹੀਂ ਆਉਂਦਾ। ਉਸ ‘ਤੇ ਗੁੱਸਾ ਕਰਨ ਵਾਲ਼ਿਆਂ ‘ਤੇ ਗੁੱਸਾ ਆਉਂਦਾ ਹੈ। ਸਗੋਂ ਉਹਨਾਂ ਤਾਕਤਾਂ ਦਾ ਲੱਕ ਤੋੜਨ ਦੀ ਇੱਛਾ ਹੁੰਦੀ ਹੈ, ਉਹਨਾਂ ਕਾਲ਼ੀਆਂ ਤਾਕਤਾਂ ਨੂੰ ਹਮੇਸ਼ਾ ਲਈ ਜ਼ਮੀਨ ਵਿੱਚ ਗੱਡ ਦੇਣ ਲਈ ਬਾਂਹ ਉੱਠ ਖਲ੍ਹੋਂਦੀ ਹੈ, ਜਿਨ੍ਹਾਂ ਨੇ ਮਨੁੱਖਤਾ ਦੇ ਰਤਨਾਂ, ਇਨ੍ਹਾਂ ਨੌਜਵਾਨਾਂ, ਨੂੰ ਇਸ ਤਰ੍ਹਾਂ ਪੀਸ ਦਿੱਤਾ ਹੈ।

ਸਾਡਾ ਸਾਧਾਰਨ ਗ਼ਰੀਬ ਮੱਧ-ਵਰਗੀ ਨੌਜਵਾਨ – ਜਿਹੜਾ ਪੜ੍ਹਿਆ-ਲਿਖਿਆ ਹੈ – ਨੂੰ ਵੀ ਆਪਣਾ ਕਿੱਤਾ ਚੁਣਨ ਵਿੱਚ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ ‘ਤੇ ਕਿੱਤਾ ਉਹਨਾਂ ਦੇ ਮਨ ਮੁਤਾਬਕ ਹੁੰਦਾ ਹੀ ਨਹੀਂ, ਕਿੱਤੇ ਵਿੱਚ ਉਸਦੀ ਤਰੱਕੀ ਵੀ ਨਹੀਂ ਹੁੰਦੀ! ਕਿਸੇ ਕੋਲ਼ੋਂ ਪੁੱਛੋ, ‘ਤੁਹਾਡਾ ਕੀ ਹਾਲ ਹੈ?’ ਜਵਾਬ ਮਿਲ਼ਦਾ ਹੈ, ‘ਬਸ ਘਿਸਰ ਰਹੇ ਹਾਂ!’ ਅਤੇ ਫਿਰ ਉਹੀ ਨਿਸੱਤੀ  ਮੁਦਰਾ!

ਇਸ ਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ ਹੱਸਦੀ ਨਹੀਂ। ਨਹੀਂ – ਉਹ ਆਪਣੇ ਰੋਣੇ ‘ਤੇ ਹੱਸ ਪੈਂਦੀ ਹੈ। ਬਿਲਕੁਲ ਉਵੇਂ ਹੀ ਜਿਵੇਂ ਮੀਂਹ ਵਰ੍ਹਾਉਂਦੇ ਬੱਦਲਾਂ ‘ਚੋਂ ਚਮਕਦਾ ਸੂਰਜ ਨਿੱਕਲ਼ ਪੈਂਦਾ ਹੋਵੇ! ਉਹ ਤਾਂ ਰੂਹ ਹੈ ਜਿਹੜੀ ਖਿੜ ਪੈਂਦੀ ਹੈ! ਸਿਰਫ਼ ਇਸੇ ਰੂਹਾਨੀ ਤਾਕਤ ਨਾਲ਼ ਕਈ ਅੜੱਕਿਆਂ ਦੇ ਬਾਵਜੂਦ, ਜ਼ਿੰਦਗੀ ਚਲਦੀ ਜਾਂਦੀ ਹੈ। ਜੇ ਇਸ ਰੂਹਾਨੀ ਤਾਕਤ ਨੂੰ ਡਾਇਨਮੋ ਸਮਝਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਠੇਲੇ ਦੇ ਚਾਰੇ ਚੱਕੇ ਗਾਇਬ ਹਨ ਅਤੇ ਸਿਰਫ਼ ਡਾਇਨਮੋ ਚੱਲ ਰਿਹਾ ਹੈ। ਸਾਫ਼ ਹੈ ਕਿ ਡਾਇਨਮੋ ਚੱਕਿਆਂ ਦੀ ਸਹਾਇਤਾ ਬਿਨਾਂ ਬੇਕਾਰ ਹੈ, ਬੇਮਤਲਬੀ  ਹੈ।

ਜਿਹੜਾ ਸਮਾਜ ਅਤੇ ਜਿਹੜਾ ਰਾਜ ਨੌਜਵਾਨਾਂ ਨੂੰ ਲਗਾਤਾਰ ਤਰੱਕੀਸ਼ੀਲ ਕਿੱਤਾ ਨਹੀਂ ਦੇ ਸਕਦਾ, ਉਹ ਰਾਜ ਅਤੇ ਉਹ ਸਮਾਜ ਟਿਕ ਨਹੀਂ ਸਕਦਾ। ਇਤਿਹਾਸ ਦੇ ਵਿਸ਼ਾਲ ਹੱਥ ਇਸ ਵੇਲ਼ੇ ਉਸਦੀ ਕਬਰ ਪੁੱਟਣ ਲਈ ਬਹੁਤ ਵੱਡਾ ਟੋਆ ਤਿਆਰ ਕਰ ਰਹੇ ਹਨ।

ਬਿਲਕੁਲ ਇਹੀ ਹਾਲਤ ਸਿੱਖਿਆ ਦੀ ਵੀ ਹੈ। ਮਹਿੰਗੀ ਸਿੱਖਿਆ ਦਾ ਮਤਲਬ ਹੀ ਇਹੀ ਹੈ ਕਿ ਗ਼ਰੀਬ ਅਨਪੜ੍ਹ ਰਹਿਣ । ਸਧਾਰਨ ਮੱਧ-ਵਰਗ ਸਿੱਖਿਅਤ ਹੋਵੇ, ਪਰ ਉੱਚੀ ਸਿੱਖਿਆ ਪ੍ਰਾਪਤ ਨਾ ਕਰਨ ਅਤੇ ਮਾਹਿਰ ਨਾ ਬਣਨ। ਸਿਰਫ਼ ਉੇੱਚੇ-ਘਰਾਣੇ ਦੇ ਲੋਕ ਹੀ ਨਿਪੁੰਨ ਮੁਹਾਰਤ ਹਾਸਲ ਕਰਨ, ਜਿਸ ਲਈ ਉਹ ਬਰਤਾਨੀਆਂ ਜਾਣ, ਅਮਰੀਕਾ ਜਾਣ!

ਇਹ ਦੇਖੀ-ਪਰਖੀ ਗੱਲ ਹੈ ਕਿ ਆਮ ਮੱਧ-ਵਰਗੀ ਅਤੇ ਹੋਰ ਗ਼ਰੀਬ ਜਮਾਤ ਵਿੱਚ ਇਮਾਨਦਾਰ ਅਤੇ ਪ੍ਰਤਿਭਾਵਾਨ, ਜਗਿਆਸੂ ਅਤੇ ਕੰਮ ਲਈ ਉਤਸ਼ਾਹੀ, ਬੇਝਿਜਕ ਅਤੇ ਤਿਆਗ ਲਈ ਕਾਹਲ਼ੇ ਨੌਜਵਾਨਾਂ ਦੀ ਕਮੀ ਨਹੀਂ ਹੈ, ਜਿਹਨਾਂ ਦੀ ਹੁਸ਼ਿਆਰੀ, ਜਿਨ੍ਹਾਂ ਦੀ ਪ੍ਰਤਿਭਾ, ਜਿਹਨਾਂ ਦੀ ਸੂਖ਼ਮ ਨਜ਼ਰ, ਜਿਹਨਾਂ ਦਾ ਸਬਰ ਅਤੇ ਜਿਹਨਾਂ ਦੀ ਗੰਭੀਰਤਾ ਕਿਸੇ ਸਰਵਉੇੱਚ ਦੇਸ਼ ਦੇ ਨੌਜਵਾਨਾਂ ਨਾਲ਼ ਬਰਾਬਰੀ ਦਾ ਮੁਕਾਬਲਾ ਕਰ ਸਕਦੀ ਹੈ। ਇੱਥੇ ਅਸੀਂ ਫਜੂਲ ਗੱਲਾਂ ਨਹੀਂ ਕਰ ਰਹੇ ਹਾਂ। ਹੈਸੀਅਤ ਵਜੋਂ ਇੱਕ ਤਜ਼ਰਬੇਕਾਰ ਅਤੇ ਜਾਣਕਾਰ ਆਦਮੀ ਦੀ ਇਹ ਮਾਨਤਾ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ।

ਫਿਰ ਕੀ ਕਾਰਨ ਹੈ ਕਿ ਸਾਡੇ ਇਹਨਾਂ ਨੌਜਵਾਨਾਂ ਨੂੰ ਚੰਗੀ ਤਾਲੀਮ ਨਹੀਂ ਮਿਲ਼ਦੀ? ਕੀ ਇਹਨਾਂ ਸਤਰਾਂ ਦਾ ਲੇਖਕ ਅਤੇ ਉਹਨਾਂ ਦਾ ਪਾਠਕ (ਦੋਵੇਂ) ਕੁਝ ਹੱਦ ਤੱਕ ਇਸ ਗੱਲ ਦੇ ਦੋਸ਼ੀ ਨਹੀਂ ਹਨ ਕਿ ਉਹਨਾਂ ਨੇ ਹੁਣ ਤਾਲੀਮ ਦੀ ਮੰਗ ਦਾ ਨਾਅਰਾ ਬੁਲੰਦ ਨਹੀਂ ਕੀਤਾ?

ਸਾਖਰਤਾ-ਪ੍ਰਸਾਰ, ਸਮਾਜ-ਸਿੱਖਿਆ, ਤਾਲੀਮ ਦੀ ਥਾਂ ਨਹੀਂ ਲੈ ਸਕਦੀ। ਤਾਲੀਮ ਅੰਦਰ ਆਪਣੇ ਕਿੱਤੇ ਦਾ ਸਿਰਫ਼ ਗਿਆਨ ਹੀ ਨਹੀਂ ਆਉਂਦਾ, ਸਗੋਂ ਸੰਸਾਰ ਦੇ ਸਾਰੇ ਮੁੱਖ-ਵਿਸ਼ਿਆਂ ਦੀ ਬਹੁਤ ਸਾਰੀ ਜਾਣਕਾਰੀ ਵੀ ਮਿਲ਼ੀ-ਜੁਲ਼ੀ ਹੈ। ਅੱਜ ਜਿਸ ਤਰ੍ਹਾਂ ਦੀ ਸਿੱਖਿਆ ਸਾਡੇ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ, ਉਹ ਇੱਕ ਤਾਂ ਮਹਿੰਗੀ ਹੈ ਅਤੇ ਦੂਜੀ, ਸਿਰਫ਼ ਉਸੇ ਜਮਾਤ ਦੇ ਨੌਜਵਾਨਾਂ ਲਈ ਹੈ ਜਿਹੜੇ ਹਾਕਮ ਜਮਾਤ ਦੇ ਹਮਾਇਤੀ ਜਾਂ ਹਮਾਇਤੀਆਂ ਦੇ ਹਮਾਇਤੀ ਧਨੀ ਤੇ ਉੱਚ ਮੱਧ-ਵਰਗੀ ਟੱਬਰਾਂ ਤੋਂ ਆਉਂਦੇ ਹਨ।

ਸ਼੍ਰੀ ਰਾਜਗੋਪਾਲਚਾਰੀ ਮੱਧ-ਵਰਗ ਸਬੰਧੀ ਲਿਖਦੇ ਹੋਏ ਇਹ ਕਹਿੰਦੇ ਹਨ ਕਿ ਇਸ ਜਮਾਤ ਵਿੱਚ ਹਿੰਮਤ ਦੀ ਅਣਹੋਂਦ ਹੈ, ਉਹ ਬਾਬੂਗੀਰੀ ਪਸੰਦ ਕਰਦੀ ਹੈ। ਉਹ ਸਲਾਹ ਦਿੰਦੇ ਹਨ ਕਿ ਜਿਨ੍ਹਾਂ ਕਿੱਤਿਆਂ ਨੂੰ ਨੀਵਾਂ ਸਮਝਿਆ ਜਾਂਦਾ ਹੈ, ਉਹ ਅਸਲ ਵਿੱਚ ਨੀਵੇਂ ਨਹੀਂ ਹਨ। ਕਿੱਤਾ ਨੀਂਵਾ ਜਾਂ ਉੱਚਾ ਨਹੀਂ ਹੁੰਦਾ। ਮੱਧ-ਵਰਗ ਨੂੰ ਚਾਹੀਦਾ ਕਿ ਉਹ ਨੀਵੇਂ ਕਿੱਤਿਆਂ ਨੂੰ ਵੀ ਪ੍ਰਵਾਨ ਕਰਨ।

ਨਸੀਹਤ ਅਤੇ ਬਿਨ ਮੰਗੀ ਸਲਾਹ ਦੇਣ ਵਾਲ਼ੇ ਕਾਂਗਰਸੀ ਉਸਤਾਦਾਂ ਨੂੰ ਇਹ ਪਤਾ ਨਹੀਂ ਹੈ ਕਿ ਜੇ ਮੱਧ-ਵਰਗੀ ਲੋਕ ਬਾਬੂਗਰੀ ਹੀ ਕਰਦੇ ਹਨ ਤਾਂ ਇਸਦਾ ਬਹੁਤ ਕੁਝ ਪੁਸ਼ਤੈਨੀ ਹੈ। ਚਮਾਰ ਦਾ ਮੁੰਡਾ ਚਮਾਰ, ਬਾਣੀਏ ਦਾ ਬਾਣੀਆ ਅਤੇ ਕਲਰਕ ਦਾ ਮੁੰਡਾ ਕਲਰਕ, ਆਪਣੇ ਕਿੱਤੇ ਦੇ ਸੰਸਕਾਰਾਂ ਨੂੰ ਲੈ ਕੇ ਅੱਗੇ ਆਉਂਦਾ ਹੈ। ਇਹ ਸੰਸਕਾਰ ਉਸ ਦੀ ਕੰਮ ਸਮਰੱਥਾ ਵਿੱਚ ਸਹਾਈ ਹੁੰਦੇ ਹਨ। ਜੇ ਉਸ ਦਾ ਪੁਸ਼ਤੈਨੀ ਕਿੱਤਾ ਛੁਡਾ ਹੀ ਦੇਣਾ ਹੈ ਤਾਂ ਕੀ ਉਸ ਨੂੰ ਨਵੀਂ ਤਾਲੀਮ ਦੀ ਜ਼ਰੂਰਤ ਨਹੀਂ ਹੈ?

ਅਤੇ ਫਿਰ, ਬਾਬੂਗੀਰੀ ਛੱਡ ਕੇ ਜੇ ਉਹ ਚਮੜੇ ਦਾ ਧੰਦਾ ਕਰਨ ਲੱਗੇ ਤਾਂ ਕੀ ਚਮਾਰਾਂ ‘ਤੇ ਮੁਸੀਬਤ ਨਹੀਂ ਆਵੇਗੀ? ਜੇ ਉਹ ਖੇਤੀ ਕਰਨ ਲੱਗਣ ਤਾਂ ਭੂਮੀ ‘ਤੇ ਗੁਜ਼ਾਰਾ ਕਰਨ ਵਾਲ਼ਿਆਂ ਦੀ ਗਿਣਤੀ ਵਧਦੀ ਨਹੀਂ ਜਾਵੇਗੀ? ਪਰ ਰਾਜਗੋਪਾਲਚਾਰੀ ਨੇ ਤਾਂ ਨਸੀਹਤਾਂ ਦੇਣੀਆਂ ਹਨ, ਨਾ ਕਿ ਸਮੱਸਿਆ ਨੂੰ ਸੁਲ਼ਝਾਉਣਾ ਹੈ!

ਧਿਆਨ ਰਹੇ ਕਿ ਸਿਰਫ਼ ਕਿੱਤਾ ਚੁਣਨ ਵਿੱਚ ਅਤੇ ਉਸ ਵਿੱਚ ਮਾਹਿਰ ਹੋਣ ਵਿੱਚ ਸਾਡੇ ਨੌਜਵਾਨ ਦੀ ਸਾਰੀ ਤਾਕਤ ਖ਼ਤਮ ਹੋ ਜਾਂਦੀ ਹੈ। ਉਹ ਛੇਤੀ ਹੀ ਬੁੱਢਾ ਹੋ ਜਾਂਦਾ ਹੈ। ਫਿਕਰ ਉਸ ਦੇ ਭਾਗਾਂ ਵਿੱਚ ਲਿਖੇ ਹੋਏ ਲੱਗਦੇ ਹਨ। ਉਹ ਉੱਤੋਂ ਚਾਹੇ ਜਿੰਨਾ ਮਰਜ਼ੀ ਹੱਸਦਾ ਰਹੇ, ਉਦਾਸੀ ਉਸਨੂੰ ਘੇਰੀ ਰੱਖਦੀ ਹੈ।

ਪਰ ਸਿਰਫ਼ ਉਦਾਸੀ ਹੀ ਉਸ ਨੂੰ ਘੇਰੀ ਨਹੀਂ ਰੱਖਦੀ। ਸਾਡਾ ਨੌਜਵਾਨ ਹੁਣ ਪੂਰੀ ਤਰ੍ਹਾਂ ਸਮਝ ਚੁੱਕਾ ਹੈ ਕਿ ਜਦ ਤੱਕ ਮੌਜੂਦਾ ਹਾਕਮ ਜਮਾਤ ਅਤੇ ਉਸ ਦੀਆਂ ਕਾਰਜ-ਨੀਤੀਆਂ, ਲੁੱਟ ਦੀ ਪ੍ਰੰਪਰਾ ਅਤੇ ਜ਼ਬਰ ਹੁੰਦਾ ਰਹੇਗਾ, ਤਦ ਤੱਕ ਬਿਹਤਰੀ ਨਹੀਂ ਆਉਣੀ। ਉਹ ਇਹ ਵੀ ਸਮਝ ਚੁੱਕਾ ਹੈ ਕਿ ਲੋਕਾਂ ਦੀ ਸੰਪੂਰਨ ਮੁਕਤੀ ਤੋਂ ਬਿਨਾਂ ਉਸਦੀ ਮੁਕਤੀ ਵੀ ਅਸੰਭਵ ਹੈ।

ਪਰ ਜ਼ਮਾਨੇ ਨੂੰ ਗਾਲ਼੍ਹਾਂ ਦੇਣ ਨਾਲ਼, ਸਿਰਫ ਸਮਾਜਕ ਅਲੋਚਨਾ ਨਾਲ਼, ਬੰਦਾ ਆਪਣੇ ਆਪ ਨੂੰ ਸਿਆਣਾ ਭਾਵੇਂ ਐਲਾਨ ਦੇਵੇ, ਉਹ ਆਪਣੇ ਨਿੱਜ ਦੇ ਸਮਾਜਕ ਅਤੇ ਪਰਿਵਾਰਕ, ਵਿਅਕਤੀਗਤ ਤੇ ਬਿਲਕੁਲ ਅੰਤਰਮੁਖੀ, ਕਰਤੱਵਾਂ ਅਤੇ ਜ਼ਿੰਮੇਵਾਰੀਆਂ ਤੋਂ ਕਦੇ ਵੀ ਬਰੀ ਨਹੀਂ ਹੋ ਸਕਦਾ।

ਅੱਜ-ਕੱਲ੍ਹ ਸਿਰਫ਼ ਆਪਣੀ  ਹਾਲਤ ਅਤੇ ਬੇਇਨਸਾਫੀ ਤੇ ਲੁੱਟ ‘ਤੇ ਟਿਕੇ ਢਾਂਚੇ  ਤੇ ਪ੍ਰਸ਼ਾਸਨ ਦੀ ਖੜੋਤ, ਭ੍ਰਿਸ਼ਟਾਚਾਰ ਆਦਿ ਨੂੰ ਗਾਲ਼ਾਂ ਦੇ ਕੇ, ਆਪਣੀ ਕਮਜ਼ੋਰ ਹਉਮੈਂ ਦੇ ਚਾਰੇ ਪਾਸੇ ਰੱਖਿਅਕ ਕੰਧ ਖੜੀ ਕਰ ਲਈ ਜਾਂਦੀ ਹੈ। ਪਰ ਇਹ ਸਾਫ਼ ਹੈ ਕਿ ਇਹਨਾਂ ਰੱਖਿਅਕ ਕਤਾਰਾਂ ਅੰਦਰ ਰਹਿ ਕੇ ਕਮਜ਼ੋਰ ਹਉਮੈ ਮਜ਼ਬੂਤ ਨਹੀਂ ਹੋ ਸਕਦੀ। ਹਉਮੈ ਤੋਂ ਮੇਰਾ ਮਤਲਬ ਸਿਰਫ਼ ਆਪਣੀ ਨਿੱਜਤਾ ਦੀ ਸੱਤ੍ਹਾ ਨਾਲ਼ ਹੈ। ਜਿਸ ਤਰ੍ਹਾਂ ਸਿਰਫ਼ ਮਤੇ ਪਾਸ ਕਰਨ ਨਾਲ਼ ਲੋਕਾਂ ਦਾ ਭਲਾ ਨਹੀਂ ਹੋ ਸਕਦਾ (ਅਜਿਹੇ ਲੋਕਾਂ ਦਾ ਜਿਸ ਦੇ ਅਸੀਂ ਖੁਦ ਇੱਕ ਅੰਗ ਹਾਂ), ਉਸੇ ਤਰ੍ਹਾਂ ਗਾਲ਼੍ਹ ਕੱਢ ਦੇਣ ਨਾਲ਼, ਸਿਰਫ਼ ਵਧ-ਚੜ੍ਹ ਕੇ ਬੋਲਣ ਨਾਲ਼, ਲੋਕ ਵਿਰੋਧੀ ਤਾਕਤਾਂ ਦੀਆਂ ਰੱਖਿਅਕ ਕਤਾਰਾਂ ਕਦੀ ਨਹੀਂ ਟੁੱਟਦੀਆਂ। ਨਾਲ਼ ਹੀ ਇਹ ਇੱਕਦਮ ਜ਼ਰੂਰੀ ਹੈ ਕਿ ਅਸੀਂ ਲੋਕਾਂ ਵੱਲ ਆਪਣੇ ਸਮੁਹਿਕ ਅਤੇ ਵਿਅਕਤੀਗਤ ਜ਼ਿੰਮੇਵਾਰੀਆਂ ਦੇ ਨਿਰਵਾਹ ਵੱਲ ਲਗਾਤਾਰ ਪੈਰ ਵਧਾਈਏ।

ਪਰ, ਆਪਣੇ ਟੀਚੇ ਵੱਲ ਸਹੀ ਤਰੀਕੇ ਨਾਲ਼ ਅਸੀਂ ਆਪਣੇ ਕਦਮ ਤਦ ਤੱਕ ਨਹੀਂ ਵਧਾ ਨਹੀਂ ਸਕਦੇ, ਜਦ ਤੱਕ ਕਿ ਅਸੀਂ ਆਪਣੇ ਖੁਦ ਦੇ ਮਨ, ਵਚਨ ਅਤੇ ਕੰਮ ਦੀ ਸਹੀ-ਸਹੀ ਅਲੋਚਨਾ ਨਹੀਂ ਕਰ ਸਕਦੇ। ਨਾਲ਼ ਹੀ, ਲੋਟੂ-ਢਾਂਚੇ ਦੀ ਨਿੰਦਾ ਤੇ ਪਿਛਾਖੜੀਆਂ ਵਿਰੁੱਧ ਅਲੋਚਨਾ ਕਰਨ ਦੇ ਨਾਲ਼ੋ-ਨਾਲ਼, ਸਾਡਾ ਇਹ ਮੁੱਢਲਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਤਮ-ਅਲੋਚਨਾ ਦੇ ਹਥਿਆਰ ਨਾਲ਼ ਖੁਦ ‘ਤੇ ਨਸ਼ਤਰ ਲਾਕੇ, ਉਹ ਸਾਰੀਆਂ ਕਮਜ਼ੋਰੀਆਂ ਦੂਰ ਕਰੀਏ ਜਿਹੜੀਆਂ ਸਾਡੀ ਜ਼ਿੰਮੇਵਾਰੀ ਦੀ ਪੂਰਤੀ ਦੇ ਰਾਹ ਵਿੱਚ ਅੜਿੱਕਾ ਬਣ ਰਹੀਆਂ ਹਨ ਜਾਂ ਅੜਿੱਕਾ ਬਣ ਸਕਦੀਆਂ ਹਨ। ਇਸ ਮਾਮੂਲੀ ਸੱਚਾਈ ਨੂੰ ਅਸੀਂ ਜਿੰਨੀ ਡੂੰਘਾਈ ਨਾਲ਼ ਸਮਝਾਂਗੇ, ਉਨੀ ਹੀ ਵੱਡੀ ਉਚਾਈ ‘ਤੇ ਅਸੀਂ ਵਧ ਸਕਾਂਗੇ। ਗ਼ਲਤੀਆਂ ਸਾਰੇ ਕਰਦੇ ਹਨ, ਪਰ ਸਮਝਦਾਰ ਉਹੀ ਹੈ ਜਿਹੜਾ ਆਪਣੀਆਂ ਗ਼ਲਤੀਆਂ ਨੂੰ ਛੇਤੀ ਸੁਧਾਰ ਲਵੇ ਅਤੇ ਆਪਣੇ ਤਜ਼ਰਬਿਆਂ ਤੋਂ ਲਗਾਤਾਰ ਸਿੱਖਦਾ ਜਾਵੇ। ਧਿਆਨ ਰਹੇ ਕਿ ਉਹ ਕੰਮ ਕਹਿਣ ਵਿੱਚ ਜਿੰਨਾ ਸੌਖਾ ਹੈ, ਉੱਨਾ ਹੀ ਕਰਨ ਵਿੱਚ ਔਖਾ (ਇਸ ਲੇਖ ਦਾ ਲੇਖਕ ਇਸ ਗੱਲ ਨੂੰ ਖੁਦ ਪਛਾਣਦਾ ਹੈ)।

ਇਹਨਾਂ ਗੱਲਾਂ ਨੂੰ ਨਜ਼ਰ ਵਿੱਚ ਰੱਖ ਕੇ ਜੇ ਅਸੀਂ ਆਪਣੇ ਨੌਜਵਾਨਾਂ ਨਾਲ਼ ਕੁੱਝ ਨਿੱਜੀ ਗੱਲਾਂ ਕਰੀਏ ਤਾਂ ਅਪ੍ਰਸੰਗਕ ਨਹੀਂ ਹੋਵੇਗਾ।

ਇਹ ਸ਼ੱਕ ਤੋਂ ਪਰ੍ਹੇ ਹੈ ਕਿ ਸਾਡਾ ਸਧਾਰਨ ਨੌਜਵਾਨ ਆਤਮ-ਅਲੋਚਨਾ ਦੇ ਮੁਸ਼ਕਲ ਹਥਿਆਰ ਨੂੰ ਨਾ ਤਾਂ ਠੀਕ ਤਰ੍ਹਾਂ ਵਰਤੋਂ ਕਰਨਾ ਜਾਣਦਾ ਹੈ, ਨਾ ਹੀ ਇੰਨੀ ਚੇਤਨਾ ਰੱਖਦਾ ਹੈ ਕਿ ਹਰ ਸਮੇਂ ਚੇਤੰਨ ਰਹਿ ਸਕੇ। ਕੁੱਝ ਅਜਿਹੇ ਨੌਜਵਾਨ ਵੀ ਹੁੰਦੇ ਹਨ, ਜਿਹੜੇ ਆਪਾ-ਭੰਡਣ ਦੇ ਮਨੋਵੇਗ ਵਿੱਚ ਆ ਕੇ ਆਪਣੇ ਖੁਦ ਦੇ ਬਾਰੇ ਕੀ ਪਤਾ ਕੀ-ਕੀ ਸੋਚ ਲੈਂਦੇ ਹਨ। ਆਪਾ-ਭੰਡਣ ਕਦੇ-ਕਦੇ ਸਹੀ ਵੀ ਹੁੰਦਾ ਹੈ, ਪਰ ਆਪਣੇ ਅੰਦਰ ਪ੍ਰਵਿਰਤੀ ਦੇ ਰੂਪ ਵਿੱਚ ਉਸਦੀ ਮੌਜੂਦਗੀ, ਆਤਮ-ਵਿਸ਼ਵਾਸ ਨੂੰ ਖੋਰਾ ਲਾ ਦਿੰਦੀ ਹੈ, ਅਤੇ, ਸਿੱਟੇ ਵਜੋਂ ਸਖ਼ਸ਼ੀਅਤ ਨੂੰ ਖੋਖਲ਼ਾ ਕਰ ਦਿੰਦੀ ਹੈ। ਅਸੀਂ ਅਜਿਹੀ ਆਤਮ-ਅਲੋਚਨਾ ਦੇ ਰਾਹ ਦੀ ਗੱਲ ਨਹੀਂ ਕਰ ਰਹੇ ਹਾਂ। ਆਤਮ-ਅਲੋਚਨਾ ਦਾ ਰਾਹ ਇਸ ਲਈ ਅਪਣਾਇਆ ਜਾਂਦਾ ਹੈ ਕਿ ਬਾਂਹਾਂ ਵਿੱਚ ਤਾਕਤ ਪੈਦਾ ਹੋਵੇ, ਦਿਮਾਗ਼ ਹੋਰ ਤੇਜ਼ ਚੱਲੇ, ਜਿਸ ਨਾਲ਼ ਕਿ ਲੋਕਾਂ ਪ੍ਰਤੀ ਆਪਣੀਆਂ ਲਾਜ਼ਮੀ ਜਵਾਬਦੇਹੀਆਂ ਦੇ ਰਾਹ ਵਿੱਚ ਆਉਣ ਵਾਲ਼ੇ ਰੋੜਿਆਂ ਦੀ ਮਾਰ ਦੀ ਤਕਲੀਫ਼ ਸਾਡੇ ਮਨ ਅਤੇ ਦਿਮਾਗ਼ ‘ਤੇ ਭਾਰੀ ਨਾ ਪਵੇ। ਜਿਨ੍ਹਾਂ ਨੌਜਵਾਨਾਂ ਸਾਹਮਣੇ, ਕਿਸੇ ਨਾ ਕਿਸੇ ਸੰਦਰਭ ਵਿੱਚ, ਕਿਸੇ ਨਾ ਕਿਸੇ ਤਰ੍ਹਾਂ, ਕੁੱਝ ਨਾ ਕੁੱਝ ਅੰਸ਼ਾਂ ਵਿੱਚ, ਲੋਕਾਂ ਦਾ ਇਹ ਟੀਚਾ ਨਹੀਂ ਹੈ, ਉਹਨਾਂ ਦੀ ਤਾਂ ਇੱਥੇ ਗੱਲ ਹੀ ਨਹੀਂ ਹੋ ਰਹੀ ਹੈ।

ਸਾਡੇ ਨੌਜਵਾਨਾਂ ਵਿੱਚ ਕਿਹੜੀਆਂ-ਕਿਹੜੀਆਂ ਕਮਜ਼ੋਰੀਆਂ ਹਨ, ਇਹਨਾਂ ਨੂੰ ਗਿਣਨਾ ਅਤੇ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਸੌਖਾ ਨਹੀਂ ਹੈ। ਜ਼ਰੂਰੀ ਇਹ ਹੈ ਕਿ ਇਸ ਵਿਸ਼ੇ ‘ਤੇ ਚਾਨਣਾ ਪਾਉਣ ਲਈ ਕੁੱਝ ਖ਼ਾਸ ਤਰੀਕੇ ਅਪਣਾਏ ਜਾਣ। ਜੇ ਇਹ ਨਾ ਕਰੀਏ ਤਾਂ ਕਈ ਗੱਲਾਂ ਹਨ ਜਿਹੜੀਆਂ ਰਹਿ ਵੀ ਸਕਦੀਆਂ ਹਨ, ਜਿਨ੍ਹਾਂ ਨੂੰ ਛੱਡਣਾ ਨਹੀਂ ਚਾਹਾਂਗੇ। ਇਸ ਲਈ ਪਹਿਲਾਂ ਤਾਂ ਅਸੀਂ ਸਰਸਰੀ ਤੌਰ ‘ਤੇ ਉਹ ਗੱਲਾਂ ਕਹਿੰਦੇ ਜਾਵਾਂਗੇ ਜਿਹੜੀਆਂ ਜਿੱਥੇ-ਜਿੱਥੇ ਜਿਵੇਂ-ਜਿਵੇਂ ਦਿਖਾਈ ਦਿੰਦੀਆਂ ਹਨ। ਇਸ ਤੋਂ ਬਾਅਦ ਅਸੀਂ ਕਮਜ਼ੋਰੀਆਂ ਨੂੰ ਵੱਖੋ-ਵੱਖਰੇ ਖੇਤਰਾਂ – ਜਿਵੇਂ ਪਰਿਵਾਰਕ, ਵਿਅਕਤੀਗਤ, ਸਮਾਜਕ ਆਦਿ – ਵਿੱਚ ਵੰਡ ਕੇ ਆਪਣੇ ਤਾਈਂ ਇਹ ਸੋਚ ਲਵਾਂਗੇ ਕਿ ਬਾਕੀ ਕਮਜ਼ੋਰੀਆਂ ਦੀ ਵਿਸ਼ਲੇਸ਼ਣ ਦਾ ਕੰਮ ਸਾਡੇ ਨੌਜਵਾਨ ਦੋਸਤਾਂ ਦਾ ਹੈ। (ਆਤਮ-ਅਲੋਚਨਾ ਬਾਰੇ ਜੋ ਉੱਪਰ ਲਿਖਿਆ ਜਾ ਚੁੱਕਾ ਹੈ ਜਾਂ ਹੋਰ ਸਬੰਧਿਤ ਵਿਸ਼ਿਆਂ ‘ਤੇ ਲਿਖਿਆ ਜਾਵੇਗਾ, ਉਹ ਲਾਜ਼ਮੀ ਹੀ ਹੱਦਾਂ ‘ਚ ਬੰਨ੍ਹਿਆ ਹੈ। ਕਮਜ਼ੋਰੀਆਂ ਦੇ ਰੂਪ ਹਾਲਤਾਂ ਮੁਤਾਬਕ ਦਿਖਾਈ ਦਿੰਦੇ ਹਨ। ਕਿਉਂਕਿ ਹਾਲਤਾਂ ਅੰਤਹੀਣ ਹਨ, ਇਸ ਲਈ ਕਮਜ਼ੋਰੀਆਂ ਦੇ ਰੂਪ ਵੀ ਅੰਤਹੀਣ ਹਨ। ਕਮਜ਼ੋਰੀਆਂ ਦੀ ਮਰਦਮਸ਼ੁਮਾਰੀ ਦਾ ਕੰਮ ਸਾਡਾ ਬਿਲਕੁਲ ਨਹੀਂ)।

ਸਾਡੇ ਨੌਜਵਾਨ ਦੋਸਤ, ਜਿਹੜੇ ਥੋੜ੍ਹਾ ਅੱਗੇ ਵਧੇ ਹੋਏ ਹਨ ਅਤੇ ਇੱਕ ਵਿਸ਼ੇਸ਼ ਖੇਤਰ ਵਿੱਚ ਸੰਖੇਪ ਅਸਰ ਰੱਖਦੇ ਹਨ, ਉਹਨਾਂ ਸਬੰਧੀ  ਪਹਿਲਾਂ ਚਰਚਾ ਕਰਾਂਗੇ। ਆਮ ਰੂਪ ‘ਚ ਸਾਨੂੰ ਕਮਜ਼ੋਰੀਆਂ ਦੇ ਖੇਤਰ ਵਿੱਚ ਤਿੰਨ ਤਰ੍ਹਾਂ ਦੇ ਲੋਕ ਦਿਖਾਈ ਦਿੰਦੇ ਹਨ। ਇੱਕ ਉਹ ਜਿਹੜੇ ਆਪਣੀ ਗੱਲਬਾਤ ਦੁਆਰਾ, ਭਾਸ਼ਣ ਕਲਾ ਦੁਆਰਾ, ਲਿਖਾਈ ਜ਼ਰੀਏ, ਕਿਸੇ ਨਾ ਕਿਸੇ ਤਰ੍ਹਾਂ ਅਸਰ ਕਾਇਮ ਰੱਖਦੇ ਹਨ; ਕਿਸੇ ਨਾ ਕਿਸੇ ਰੂਪ ਨਾਲ਼, ਕਿਤੇ ਨਾ ਕਿਤੇ, ਕਿਸੇ ਵਿਸ਼ੇਸ਼ ਪੱਧਰ ‘ਤੇ, ਜਾਂ ਸਧਾਰਨ ਰੂਪ ਨਾਲ਼, ਹੰਕਾਰੀ ਹੁੰਦੇ ਹਨ। ਪੱਕਾ ਹੀ, ਇਸ ਹੰਕਾਰ ਦਾ ਲੋਕਾਂ ਦੇ ਟੀਚਿਆਂ ਨਾਲ਼ ਬੇਸੁਰਤਾ ਹੈ। ਹੰਕਾਰ ਨਾਲ਼ ਕੁੱਝ ਲੋਕਾਂ ਵਿੱਚ ਰੰਗ ਬੇਸ਼ੱਕ ਪੈਦਾ ਹੋਵੇ, ਉਸ ਨਾਲ਼ ਦਿਲ-ਦਿਮਾਗ਼ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ। ਹੰਕਾਰ ਨਾਲ਼ ਸੂਖਮ ਅਤੇ ਸਥੂਲ ਤਰ੍ਹਾਂ ਦੀ ਬੇਈਮਾਨੀ, ਬਦਦਿਆਨਤੀ, ਮੌਕਾਪ੍ਰਸਤੀ, ਬਦਮਾਸ਼ੀ, ਗੁੰਡਾ-ਗਰਦੀ, ਬੜਬੋਲਾਪਣ, ਢਿੱਲੀ ਜੁਬਾਨ, ਨਿੰਦਾ ਪ੍ਰਚਾਰ, ਅਣਗਹਿਲੀ ਅਤੇ ਜਗਿਆਸਾ ਦਾ ਸਰਵਨਾਸ਼ ਆਦਿ ਦੋਸ਼ ਪੈਦਾ ਹੁੰਦੇ ਹਨ। ਇੱਕ ਅਪਰਾਧ ਤੋਂ ਦੂਜਾ ਅਪਰਾਧ ਪੈਦਾ ਹੁੰਦਾ ਹੈ। ਸਖ਼ਸ਼ੀਅਤ ਵਿੱਚ ਨਿਘਾਰ ਸ਼ੁਰੂ ਹੋ ਜਾਂਦਾ ਹੈ। ਜਿਸ ਤਰ੍ਹਾਂ ਵਿਕਾਸ ਦੀਆਂ ਮੰਜ਼ਿਲਾਂ ਹੁੰਦੀਆਂ ਹਨ, ਉਸੇ ਤਰ੍ਹਾਂ ਨਿਘਾਰ ਦੀ ਪ੍ਰਕਿਰਿਆ ਦੀਆਂ ਵੀ ਅੱਗੇ ਵਧਦੀਆਂ ਪੌੜੀਆਂ ਦਾ ਵਿਸਥਾਰ ਹੁੰਦਾ ਹੈ। ਹੰਕਾਰੀ ਵਿਅਕਤੀ ਦੀ ਬੁੱਧੀ ਦੀ ਖੂਬੀ ਇਹ ਹੈ ਕਿ ਸੱਚ ਵਿੱਚ ਕਿੰਨਾ ਝੂਠ ਮਿਲ਼ਾਇਆ ਜਾਏ ਕਿ ਜਿਸ ਨਾਲ਼ ਉਹ ਅਸਰਦਾਰ ਹੋ ਸਕੇ ਅਤੇ ਰੰਗ ਬੰਨ੍ਹ ਸਕੇ, ਉਹ ਜਾਣਦਾ ਹੈ। ਇਨ੍ਹਾਂ ਬੁੱਧੀਮਾਨ ਹੰਕਾਰੀਆਂ ਵਿੱਚੋਂ ਹਜ਼ਾਰਾਂ ਨੌਜਵਾਨ ਲੀਡਰੀ ਦੇ ਖੇਤਰ ਵਿੱਚ ਆਉਂਦੇ ਹਨ – ਇਹ ਲੀਡਰੀ ਫਿਰ ਚਾਹੇ ਜਿਸ ਖੇਤਰ ਦੀ ਹੋਵੇ। ਦੇਖਿਆ ਸਿਰਫ਼ ਇੰਨਾ ਜਾਂਦਾ ਹੈ ਕਿ ਖੁਦ ਪਿੱਛੇ ਨਾ ਰਹਿਣ। ਇਸ ਬਚਾਅ ਨੂੰ ਖ਼ਿਆਲ ਵਿੱਚ ਰੱਖਦੇ ਹੋਏ, ਫਿਰ ਸਾਰੇ ਗੁਣ – ਜਿਵੇਂ, ਹਾਰਦਿਕਤਾ, ਮਾਰਮਿਕਤਾ, ਸੂਖਮਤਾ, ਸੱਤ-ਵਚਨ, ਉੱਪਰੀ ਤੌਰ ਦੀ ਮਿਹਨਤ ਆਦਿ ਗੱਲਾਂ ਸਾਹਮਣੇ ਕੀਤੀਆਂ ਜਾਂਦੀਆਂ ਹਨ ਕਿ ਜਿਸ ਨਾਲ਼ ਲੋਕ ਉਹਨਾਂ ਦੀਆਂ ਚੰਗਿਆਈਆਂ (ਜਿਹਨਾਂ ਨੂੰ ਉਹ ਮਨੁੱਖਤਾ ਆਖਣਗੇ) ਨੂੰ ਦੇਖ ਸਕਣ। ਪ੍ਰਭਾਵ ਬਣਨ ਤੋਂ ਬਾਅਦ ਅਤੇ ਜੇ ਕੋਈ ਮੂੰਹਫੱਟ ਹੋਵੇ ਤਾਂ ਸ਼ੁਰੂ ਤੋਂ ਹੀ, ਦੂਸਰਿਆਂ ਦੀ  ਨਿੰਦਾ ਪਾਨ ਵਿੱਚ ਲੌਂਗ ਜਿਹੀ ਕੰਮ ਕਰਦੀ ਹੈ।

ਦੂਜੀ ਤਰ੍ਹਾਂ ਦੇ ਨੌਜਵਾਨ ਵੀ ਹੁੰਦੇ ਹਨ, ਜਿਨ੍ਹਾਂ ਨੂੰ ਵਿਅਕਤੀਗਤ ਖਿੱਚ ਅਤੇ ਪ੍ਰਭਾਵ ਸਭ ਤੋਂ ਜ਼ਿਆਦਾ ਚੰਗੇ ਲੱਗਦੇ ਹਨ, ਭਾਵੇਂ ਉਸ ਖਿੱਚ ਅਤੇ ਉਸ ਦੇ ਪ੍ਰਭਾਵ ਦਾ ਸਿਧਾਂਤ ਨਾਲ਼ ਤੇ ਸਮੱਸਿਆਵਾਂ ਨਾਲ਼ ਕੋਈ ਸਬੰਧ ਹੋਵੇ ਜਾਂ ਨਾ ਹੋਵੇ। ਇਸ ਤਰ੍ਹਾਂ ਦੇ ਨੌਜਵਾਨ ਆਪਣੀ ਸਖ਼ਸ਼ੀਅਤ ਦਾ ਨਾ ਸਫ਼ਲਤਾਪੂਰਵਕ ਵਿਕਾਸ ਕਰ ਸਕਦੇ ਹਨ, ਨਾ ਹੀ ਉਹਨਾਂ ਸਮੱਸਿਆਵਾਂ ‘ਤੇ ਸਹੀ ਢੰਗ ਨਾਲ਼ ਵਿਚਾਰ ਕਰ ਸਕਦੇ ਹਨ ਜਿਹੜੀਆਂ ਉਹਨਾਂ ਦੇ ਅਤੇ ਉਹਨਾਂ ਜਿਹੇ ਦੂਸਰਿਆਂ ਦੇ ਮਨ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ਼ ਜੋਸ਼ ‘ਚ ਲਿਆਉਂਦੀਆਂ ਰਹਿੰਦੀਆਂ ਹਨ। ਖੁਦ ਇਮਾਨਦਾਰ ਹੁੰਦੇ ਹੋਏ ਵੀ, ਖਿੱਚ ਅਤੇ ਪ੍ਰਭਾਵ ਦੇ ਵੱਸ ‘ਚ ਹੋ ਕੇ, ਆਖ਼ਰਕਾਰ ਉਸਦੀਆਂ ਆਪਣੀਆਂ ਮੌਲਿਕ ਤਾਕਤਾਂ ਦੀ ਨਾ (ਤਾਂ ਖੁਦ) ਵਰਤੋਂ ਹੁੰਦੀ ਹੈ ਤੇ ਨਾ ਉਹਨਾਂ ਦੀ ਸਮਾਜਕ ਵਰਤੋਂ ਹੁੰਦੀ ਹੈ। ਇੱਕ ਤਰ੍ਹਾਂ ਦੀ ਆਤਮ-ਮਗਨਤਾ ਤੇ ਆਪਣੇ ਵਿੱਚ ਹੀ ਬੰਦ ਰਹਿਣ ਦੀ ਪ੍ਰਵਿਰਤੀ ਅਤੇ ਜਗਿਆਸਾ ਦੀ ਅਣਹੋਂਦ ਆਦਿ ਵਿਸ਼ੇਸ਼ ਕਮਜ਼ੋਰੀਆਂ ਇਸ ਜਮਾਤ ਵਿੱਚ ਲੁਕੀਆਂ ਹਨ।

ਤੀਜੇ ਦਰਜੇ ਦੇ ਨੌਜਵਾਨ ਦਾ ਸੁਭਾਅ ਹੀ ਵੱਖਰਾ ਹੈ। ਸਜੇ ਹੋਏ ਬੈਠਕ-ਕਮਰੇ ਦੀ ਗੰਧ, ਉਨ੍ਹਾਂ ਦੇ ਮਨ ਵਿੱਚ ਕੰਮ ਕਰਦੀ ਹੋਈ, ਉਹਨਾਂ ਨੂੰ ਅਜਿਹੇ ਕੰਮਾਂ ਵੱਲ ਹੀ ਲੈ ਜਾਂਦੀ ਹੈ, ਜਿਸ ਨਾਲ਼ ਜਾਤੀ ਸਮਾਜਕ ਭੱਦਰਤਾ ਆਦਿ ਇੱਜ਼ਤਦਾਰ ਜਮਾਤ ਦੀਆਂ ਉਮੀਦਾਂ ਦੀ ਪੂਰਤੀ ਹੋ ਸਕੇ। ਉਨ੍ਹਾਂ ਲਈ ਅੱਛੀ-ਖਾਸੀ ਵੱਡੀ ਨੌਕਰੀ, ਸੋਹਣੀ ਪਤਨੀ, ਸੋਫਾ, ਕਿਤਾਬਾਂ ਦੀ ਖ਼ੂਬਸੂਰਤ ਅਲਮਾਰੀ, ਇੱਕ ਟ੍ਰੇਅ ਚਾਹ, ਸੋਹਣੇ ਚਮਚੇ, ਕੰਧ ‘ਤੇ ਸਜੀਆਂ ਤਸਵੀਰਾਂ ਆਦਿ ਸਭ ਤੋਂ ਜ਼ਿਆਦਾ ਮੁੱਖ ਹਨ। ਉਹਨਾਂ ਦਾ ਹੰਕਾਰ ਸਿਰਫ਼ ਇੱਕ ਹੀ ਗੱਲ ਵਿੱਚ ਤ੍ਰਿਪਤ ਹੋ ਜਾਂਦਾ ਹੈ ਕਿ ਜੇ ਕੋਈ ਸਤਿਕਾਰਤ ਸਾਹਿਤਕਾਰ, ਮਹੱਤਵਪੂਰਨ ਲੀਡਰ, ਮੰਡਲੀਬਾਜ਼ ਚੰਗਾ ਅਮੀਰ ਵਿਅਕਤੀ, ਯਾਣੀ ਅਜਿਹੇ ਸੱਜਣ (ਉਹਨਾਂ ਦੇ ਘਰ ਆਣ), ਜਿਹਨਾਂ ਦੇ ਆਣ ਨਾਲ਼ ਉਸਦੀ ਖੁਦ ਦੀ ਭੱਦਰਤਾ ਅਤੇ ਨਗਰ ਵਿੱਚ ਉਸਦੇ ਸਮਾਜਕ ਰੁਤਬੇ ਨੂੰ ਚਾਰ ਚੰਨ ਲੱਗ ਸਕਣ। ਅਜਿਹੇ ਨੌਜਵਾਨ ਸਾਡੇ ਖ਼ਿਆਲ ਵਿੱਚ ਲੋਕਾਂ ਦੇ ਦੁਸ਼ਮਣ ਨਾ ਹੁੰਦੇ ਹੋਏ ਵੀ ਦੁਸ਼ਮਣ ਵਰਗੇ ਹੀ ਹਨ। ਉਨ੍ਹਾਂ ਵਿੱਚ ਉਹ ਸਾਰੇ ਔਗੁਣ ਹੁੰਦੇ ਹਨ, ਜਿਹੜੇ ਉਨ੍ਹਾਂ ਦੀ ਜਮਾਤ ਵਿੱਚ ਹੁੰਦੇ ਹਨ – ਜਿਵੇਂ ਪਹਿਲੇ ਦਰਜ਼ੇ ਵਿੱਚ ਐੱਮ.ਏ. ਕਰਨੀ ਹੋਵੇ ਤਾਂ ਪ੍ਰੀਖਿਅਕ ‘ਤੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ਼ ਦਬਾਅ ਪਾਉਣ ਲਈ ਸਮਾਜ ਦੀਆਂ ਉੱਚੀਆਂ ਜਮਾਤਾਂ ਦੇ ਰਸੂਖ ਵਾਲ਼ੇ ਲੋਕਾਂ ਨਾਲ਼ ਦੋਸਤੀ। ਖਾਨਦਾਨ ‘ਤੇ ਮਾਣ, ਪਰਿਵਾਰ ਦੀ ਮਰਿਯਾਦਾ, ਇਹਨਾਂ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ।

ਨੌਜਵਾਨ ਮੌਲਿਕ ਹੁੰਦਾ ਹੈ। ਉਸਦੇ ਮਨ ਵਿੱਚ ਸੁਭਾਵਿਕ ਤੌਰ ‘ਤੇ ਕੁਦਰਤ ਦੀਆਂ ਮੌਲਿਕ ਤਾਕਤਾਂ ਕੰਮ ਕਰਦੀਆਂ ਰਹਿੰਦੀਆਂ ਹਨ। ਪਰ ਜਦ ਅਸੀਂ ਉਸਨੂੰ ਆਪਣੀਆਂ ਤਾਕਤਾਂ ਨੂੰ ਫਾਲਤੂ ਦੀ ਬਕਵਾਸ, ਵਿਅਰਥ ਫੱਕਰਪੁਣੇ, ਬੇਤੁਕੀਆਂ ਗੱਲਾਂ, ਗ਼ੈਰ-ਜ਼ਿੰਮੇਵਾਰ ਰਵੱਈਆ ਆਦਿ ਕਰਦੇ ਦੇਖਦੇ ਹਾਂ ਤਾਂ ਲਗਦਾ ਹੈ ਕਿ ਕੀ ਇਸ ਨੂੰ ਨੌਜਵਾਨ ਕਿਹਾ ਜਾ ਸਕਦਾ ਹੈ।

ਨੌਜਵਾਨੀ ਦਾ ਕਿਹੜਾ ਚਿੱਤਰ ਸਾਡੇ ਸਾਹਮਣੇ ਰਹਿਣਾ ਚਾਹੀਦਾ?

ਤਰਕਸੰਗਤ ਸ਼ੁੱਧ ਵਿਚਾਰ ਪ੍ਰਵਾਹ ਅਤੇ ਜਗਿਆਸਾ, ਤੱਥਾਂ ਨੂੰ ਪਛਾਨਣ, ਉਹਨਾਂ ਨੂੰ ਜੱਥੇਬੰਦ ਕਰਕੇ ਉਹਨਾਂ ਦਾ ਨਿਚੋੜ ਕੱਢਣ ਦੀ ਤਾਕਤ;

ਚਮਕ-ਦਮਕ ਵਾਲ਼ੇ ਆਦਰਸ਼ਵਾਦ; ਬੇਈਮਾਨੀ, ਦੋਗਲੀਆਂ ਗੱਲਾਂ, ਗੈਰ-ਜ਼ਿੰਮੇਵਾਰ, ਕੰਮਚੋਰ, ਮੌਖਿਕ ਆਦਰਸ਼ਵਾਦ, ਘੁਮੰਡ, ਹੰਕਾਰ ਆਦਿ ਦੀ ਅਣਹੋਂਦ;

ਗਿਆਨ ਸਾਹਮਣੇ, ਸੱਚ ਸਾਹਮਣੇ, ਹਾਰਦਿਕਤਾ ਅਤੇ ਮਾਰਮਿਕਤਾ ਸਾਹਮਣੇ, ਪ੍ਰੇਮ ਅਤੇ ਤਿਆਗ ਸਾਹਮਣੇ, ਲਗਾਤਾਰ ਨਿਮਰਤਾ ਅਤੇ ਹਲੀਮੀ;

ਮਨੁੱਖ ਦੇ ਲਗਾਤਾਰ ਜੁਝਾਰੂ ਵਿਕਾਸ ਵਿੱਚ ਯਕੀਨ; ਬੁਰਾਈਆਂ, ਅੜਿੱਕਿਆਂ, ਰੁਕਾਵਟਾਂ, ਲੋਕਾਈ ਦੇ ਦੁਸ਼ਮਣਾਂ ‘ਤੇ ਮਨੁੱਖ ਦੀ ਸੁਭਾਵਿਕ ਕੁਦਰਤੀ ਸ਼ੁੱਧ ਮਨ ਵਿੱਚ ਵਿਸ਼ਵਾਸ;

ਲੋਕਾਂ ਦੀ ਭਲਾਈ ਵਿੱਚ ਵਿਸ਼ਵਾਸ਼, ਉਹਨਾਂ ਦੇ ਸੰਘਰਸ਼ਾਂ ਦੀ ਸਫਲਤਾ ਵਿੱਚ ਆਤਮਕ ਯਕੀਨ, ਲੋਕਾਈ ਦੀਆਂ ਰਚਣਹਾਰ ਇਤਿਹਾਸਕ ਤਾਕਤਾਂ ਦੀ ਜਿੱਤ ਦਾ ਸੁਪਨਾ;

ਆਪਣੇ ਤਜ਼ਰਬਿਆਂ ਤੋਂ, ਦੂਜਿਆਂ ਦੇ ਤਜ਼ਰਬਿਆਂ ਤੋਂ, ਹਮੇਸ਼ਾ ਸਿੱਖਦੇ ਰਹਿਣ ਦੀ ਚੇਤੰਨ ਪਿਆਸ ਅਤੇ ਬੇਝਿਜਕ ਤੇ ਬਿਨ੍ਹਾਂ ਸ਼ਰਮਿੰਦਗੀ ਆਪਣੀਆਂ ਗ਼ਲਤੀਆਂ ਨੂੰ ਸਾਰਿਆਂ ਸਾਹਮਣੇ ਮੰਨਣ ਦੀ ਨਿਮਰ ਮਹਾਨਤਾ; ਦੂਜਿਆਂ ਦੀਆਂ ਗਲਤੀਆਂ ਅਤੇ ਔਗਣਾਂ ਦੇ – ਬਿਨ੍ਹਾਂ ਸ਼ਰਤ ਕਿ ਉਹ ਬਹੁਤ ਨੁਕਸਾਨਦਾਇਕ ਨਾ ਹੋਣ – ਹਮਦਰਦੀਪੂਰਨ, ਇਮਾਨਦਾਰ ਵਿਸ਼ਲੇਸ਼ਣ ਦੀ ਉਦਾਰਤਾਪੂਰਨ ਜ਼ਿੰਮੇਵਾਰੀ, ਬਹਾਦਰੀ ਤੇ ਦ੍ਰਿੜਤਾ ਨਾਲ਼ ਕਦਮ ਵਧਾਉਣ ਦੀ ਯੋਗਤਾ; ਤੇ ਵਿਅਕਤੀਗਤ ਜ਼ਿੰਦਗੀ ਦੀ ਜੱਥੇਬੰਦੀ ਆਦਿ-ਆਦਿ ਅਜਿਹੀਆਂ ਹਨ ਜਿਨ੍ਹਾਂ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ :

(ਅੱਗੇ ਦਾ ਹਿੱਸਾ ਉਪਲੱਬਧ ਨਹੀਂ ਹੈ)     (‘ਨਵਾਂ ਖ਼ੂਨ’, 1952,  ਵਿੱਚ ਪ੍ਰਕਾਸ਼ਤ)

ਅਨੁਵਾਦ- ਪ੍ਰਿੰਸ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ