ਨੌਜਵਾਨ ਭਾਰਤ ਸਭਾ ਵੱਲੋਂ ਵਿਦਿਆਰਥੀਆਂ ਦੇ ਬਾਲ ਮੇਲੇ ਕਰਵਾਏ ਗਏ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਟੀਵੀ, ਮੀਡੀਆ, ਫਿਲਮਾਂ ਆਦਿ ਰਾਹੀ ਬੱਚਿਆਂ ਨੂੰ ਅਸ਼ਲੀਲਤਾ, ਅੰਧ-ਵਿਸ਼ਵਾਸ਼, ਹਿੰਸਾ, ਸੰਵੇਦਨਹੀਣਾ ਆਦਿ ਜਿਹੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਘੋਟਾ ਲਾਊ ਸਿੱਖਿਆ ਪ੍ਰਣਾਲ਼ੀ ਉਹਨਾਂ ਦੀ ਰਚਨਾਤਮਕਤਾ ਤੇ ਕਲਪਨਾਸ਼ੀਲਤਾ ਨੂੰ ਖਤਮ ਕਰ ਰਹੀ ਹੈ। ਇਸ ਲਈ ਬੱਚਿਆਂ ਅੰਦਰਲੀਆਂ ਮਨੁੱਖੀ ਸੰਵਦੇਨਾਵਾਂ ਨੂੰ ਬਚਾਉਣ, ਉਹਨਾਂ ਨੂੰ ਚੰਗੇ ਨਾਗਰਿਕ ਬਣਾਉਣ, ਉਹਨਾਂ ਦੀ ਕਲਪਨਾਸ਼ੀਲਤਾ, ਰਚਨਾਤਮਕਤਾ ਨੂੰ ਨਿਖਾਰਨ ਤੇ ਉਹਨਾਂ ਨੂੰ ਇਨਕਲਾਬੀ ਵਿਰਾਸਤ ਨਾਲ਼ ਜੋੜਨ ਲਈ ਅਨੇਕਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਦੀ ਬਹੁਤ ਅਹਿਮ ਲੋੜ ਹੈ। ਇਸੇ ਲੋੜ ਨੂੰ ਮੁੱਖ ਰੱਖਦਿਆਂ ਨੌਜਵਾਨ ਭਾਰਤ ਸਭਾ ਵੱਲੋਂ ਨਮੋਲ (ਸੰਗਰੂਰ) ਅਤੇ ਪੱਖੋਵਾਲ (ਲੁਧਿਆਣ) ਵਿਖੇ ਬਾਲ ਮੇਲੇ ਕਰਵਾਏ ਗਏ ਜਿਹਨਾਂ ਵਿੱਚ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਬਾਲ ਮੇਲਿਆਂ ਦਾ ਮਕਸਦ ਬੱਚਿਆਂ ਨੂੰ ਸਿਲੇਬਸਾਂ ਤੋਂ ਬਾਹਰ ਦੇ ਸਮਾਜਿਕ ਵਿਸ਼ਿਆਂ ਨਾਲ ਜਾਣੂ ਕਰਵਾਉਣਾ, ਉਹਨਾਂ ਨੂੰ ਇਨਕਲਾਬੀ ਵਿਰਾਸਤ ਨਾਲ਼ ਜੋੜਨਾ ਤੇ ਉਹਨਾਂ ‘ਚ ਚੰਗੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨਾ ਹੈ ਅਤੇ ਸਮਾਜ ਵਿੱਚ ਬਦਲਵੇਂ ਸੱਭਿਆਚਾਰ ਦੇ ਮਾਡਲ ਖੜੇ ਕਰਨਾ ਹੈ।

ਨਮੋਲ ਵਿਖੇ ਦੂਜਾ ਬਾਲ ਮੇਲਾ

ਨੌਜਵਾਨ ਭਾਰਤ ਸਭਾ (ਇਕਾਈ ਨਮੋਲ) ਵੱਲੋਂ ਸ਼ਹੀਦੇ ਆਜਮ ਭਗਤ ਸਿੰਘ ਦੇ 109ਵੇਂ ਜਨਮਦਿਨ ਨੂੰ ਸਮਰਪਿਤ ਪਿੰਡ ਨਮੋਲ ਵਿਖੇ 21 ਤੇ 22 ਅਕਤੂਬਰ ਨੂੰ ਦੋ ਦਿਨਾਂ ਦੂਜਾ ਬਾਲ ਮੇਲਾ ਕਰਵਾਇਆ ਗਿਆ। ਇਸ ਬਾਲ ਮੇਲੇ ਵਿੱਚ ਬੱਚਿਆਂ ਨੂੰ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਦੇ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਤੇ ਉਹਨਾਂ ਦੇ ਕਵਿਤਾ ਉਚਾਰਣ, ਭਾਸ਼ਣ, ਲੇਖ ਲਿਖਣ ਤੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ। ਦੋ ਦਿਨਾਂ ਦੇ ਇਸ ਬਾਲ ਮੇਲੇ ਵਿੱਚ 250 ਦੇ ਕਰੀਬ ਬੱਚਿਆਂ ਨੇ ‘ਚ ਭਾਗ ਲਿਆ ਤੇ ਭਾਗ ਲੈਣ ਵਾਲ਼ੇ ਸਭ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਈਆਂ। ਬਾਲ ਮੇਲੇ ਦੇ ਪਹਿਲੇ ਦਿਨ ਭਾਸ਼ਣ ਮੁਕਾਬਲਾ ਤੇ ਲੇਖ ਲਿਖਣ ਮੁਕਾਬਾਲਾ ਹੋਇਆ। ਭਾਸ਼ਣ ਮੁਕਾਬਲੇ ਲਈ ਗਿਆਨ ਪ੍ਰਸਾਰ ਸਮਾਜ ਦੇ ਡਾ. ਅਵਤਾਰ ਬਠਿੰਡਾ ਅਤੇ ਸਲਾਈਟ (ਲੌਂਗੋਵਾਲ) ਤੋਂ ਅਧਿਆਪਕ ਜੁਝਾਰ ਸਿੰਘ ਜੱਜ ਵਜੋਂ ਸ਼ਾਮਲ ਹੋਏ। ਇਸ ਤੋਂ ਬਿਨਾਂ ਡਾ. ਹਰਸ਼ਿੰਦਰ ਕੌਰ ਮਹਿਮਾਨ ਵਜੋਂ ਇਸ ਬਾਲ ਮੇਲੇ ਵਿੱਚ ਸ਼ਾਮਲ ਹੋਏ।

22 ਅਕਤੂਬਰ ਨੂੰ ਦੂਸਰੇ ਦਿਨ ਕਵਿਤਾ ਮੁਕਾਬਲਾ ਤੇ ਚਿੱਤਰਕਲਾ ਮੁਕਾਬਲਾ ਕਰਵਾਏ ਗਏ। ਬਾਲ ਮੇਲੇ ਦੇ ਦੂਜੇ ਦਿਨ ਕਵਿਤਾ ਮੁਕਾਬਲੇ ਲਈ ਬਲਵੀਰ ਚੰਦ ਲੌਂਗੋਵਾਲ, ਪਰਮਿੰਦਰ ਕਕਰਾਲਾ ਤੇ ਸੁਖਪਾਲ ਨਸਰਾਲੀ ਜੱਜ ਵਜੋਂ ਸ਼ਾਮਲ ਹੋਏ ਤੇ ਕਾ. ਚਰਨਜੀਤ ਪਟਵਾਰੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇੱਕ ਪਾਸੇ ਬਾਲ ਮੇਲੇ ਵਿੱਚ ਚੰਗੇ ਵਿਚਾਰਾਂ ਵਾਲ਼ੇ ਵੱਡੇ ਫਲੈਕਸਾਂ ਖਿੱਚ ਦਾ ਕੇਂਦਰ ਰਹੇ। ਦੂਜੇ ਪਾਸੇ ਸ਼ਹੀਦਾਂ ਦੇ ਜੀਵਨ ਬਾਰੇ ਚਾਨਣਾ ਪਾਉਂਦੀ ਇੱਕ ਸ਼ਹੀਦ ਗੈਲਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਸ਼ਹੀਦ ਗੈਲਰੀ ਵਿੱਚ ਗਦਰ ਪਾਰਟੀ ਦੇ ਸ਼ਹੀਦਾਂ, ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਅਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਰਨਾਂ ਸ਼ਹੀਦਾਂ ਦੀਆਂ ਤਸਵੀਰਾਂ ਤੇ ਉਹਨਾਂ ਬਾਰੇ ਸੰਖੇਪ ਜਾਣਕਾਰੀ ਸੀ। ਬੱਚਿਆਂ ਨੇ ਇਹਨਾਂ ਵਿੱਚ ਡੂੰਘੀ ਦਿਲਚਸਪੀ ਵਿਖਾਈ। ਬਾਲੇ ਮੇਲੇ ਵਿੱਚ ਸ਼ਾਮਲ ਅਧਿਆਪਕਾਂ ਨੇ ਵੀ ਇਸਨੂੰ ਇੱਕ ਸ਼ਾਲਾਘਾਯੋਗ ਕਦਮ ਆਖਦਿਆਂ ਅੱਗੇ ਤੋਂ ਵੀ ਇਸਦਾ ਹਿੱਸਾ ਬਣਨ ਦੀ ਗੱਲ ਕੀਤੀ।

ਪਿੰਡ ਪੱਖੋਵਾਲ਼ ਵਿਖੇ 11ਵਾਂ ਬਾਲ ਮੇਲਾ

ਨੌਜਵਾਨ ਭਾਰਤ ਸਭਾ ਦੀ ਇਕਾਈ ਪੱਖੋਵਾਲ ਵੱਲੋਂ ਵੀ ਹਰ ਸਾਲ ਵਾਂਗ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 101ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਤਿੰਨ ਦਿਨਾਂ ਬਾਲ ਮੇਲਾ ਕਰਵਾਇਆ ਗਿਆ। 8-9-10 ਨਵੰਬਰ ਨੂੰ ਹੋਇਆ ਇਹ ਬਾਲ ਮੇਲਾ ਇਸ ਵਾਰ ਇਹ 11ਵਾਂ ਬਾਲ ਮੇਲਾ ਸੀ। ਤਿੰਨ ਦਿਨਾਂ ਦੇ ਇਸ ਬਾਲ ਮੇਲੇ ਵਿੱਚ ਲਗਭਗ 700 ਬੱਚਿਆਂ ਨੇ ਕਵਿਤਾ ਉਚਾਰਣ, ਲੇਖ ਲਿਖਣ, ਭਾਸ਼ਣ, ਚਿੱਤਰਕਲਾ ਅਤੇ ਕੁਇੱਜ ਮੁਕਾਲਬੇ ‘ਚ ਭਾਗ ਲਿਆ ਤੇ ਭਾਗ ਲੈਣ ਵਾਲ਼ੇ ਸਭ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਈਆਂ। ਇਸ ਤੋਂ ਬਿਨਾਂ ਮੁਕਾਬਲਿਆਂ ‘ਚ ਪੁਜੀਸ਼ਨਾਂ ਹਾਸਲ ਕਰਨ ਵਾਲ਼ੇ ਬੱਚਿਆਂ ਨੂੰ ਵੱਖਰੇ ਇਨਾਮ ਦਿੱਤੇ ਗਏ। 8 ਨਵੰਬਰ ਨੂੰ ਪਹਿਲੇ ਦਿਨ ਭਾਸ਼ਣ ਅਤੇ ਲੇਖ ਲਿਖਣ ਮੁਕਾਬਲੇ ਹੋਏ। ਵਿਦਿਆਰਥੀਆਂ ਨੇ ਬੜੀ ਮਿਹਨਤ ਨਾਲ਼ ਵਿਸ਼ਿਆਂ ਦੀ ਤਿਆਰੀ ਕੀਤੀ। ਇਹਨਾਂ ਮੁਕਾਬਲਿਆਂ ਲਈ ਪ੍ਰੋ ਜਸਮੀਤ ਸਿੰਘ, ਮਾ. ਜਸਵੀਰ ਤੇ ਅਜੇਪਾਲ ਜੱਜ ਵਜੋਂ ਸ਼ਾਮਲ ਹੋਏ। ਇਸ ਮੌਕੇ ਮੁੱਖ ਬੁਲਾਰੇ ਡਾ ਸੁਖਦੇਵ ਹੁੰਦਲ ਹੁਰਾਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਨੌਜਵਾਨ ਭਾਰਤ ਸਭਾ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ, ਇਸਦੇ ਨਾਲ਼ ਹੀ ਸਾਡੇ ਸਮਾਜ ਦੇ ਪੜ੍ਹੇ-ਲਿਖੇ ਚੇਤੰਨ ਲੋਕਾਂ ਦਾ ਫਰਜ ਹੈ ਕਿ ਉਹ ਅੱਜ ਦੇ ਬਚਪਨ ਨੂੰ ਸਮਾਜ ਅੰਦਰਲੇ ਘਟੀਆ ਸੱਭਿਆਚਾਰ ਦੇ ਪ੍ਰਭਾਵ ਤੋਂ ਮੁਕਤ ਕਰਵਾਉਣ ਲਈ ਅੱਗੇ ਆਉਣ। ਬਾਲ ਮੇਲੇ ਦੇ ਦੂਜੇ ਦਿਨ ਪ੍ਰਾਇਮਰੀ ਅਤੇ ਮਿਡਲ ਸ਼ੈਕਸ਼ਨ ਦੇ ਕਵਿਤਾ ਅਤੇ ਚਿੱਤਰਕਲਾ ਮੁਕਾਬਲੇ ਹੋਏ। ਇਹਨਾਂ ਮੁਕਾਬਲਿਆਂ ਲਈ ਮਾਸਟਰ ਜਸਵੀਰ, ਛਿੰਦਰਪਾਲ ਤੇ ਰਾਜਵਿੰਦਰ ਮੀਰ ਜੱਜ ਵਜੋਂ ਸ਼ਾਮਲ ਹੋਏ ਅਤੇ ਤੀਸਰੇ ਦਿਨ ਸੈਕੰਡਰੀ ਪੱਧਰ ਦੇ ਬੱਚਿਆਂ ਦੇ ਕਵਿਤਾ ਮੁਕਾਬਲੇ ਹੋਏ ਜਿਹਨਾਂ ਲਈ ਡਾ ਅਵਤਾਰ (ਡਾਇਰੈਕਟਰ ਰੇਨੇਸਾਂ ਸਕੂਲ ਮਾਨਸਾ), ਅਜੇਪਾਲ ਅਤੇ ਪ੍ਰੋ. ਰੁਪਿੰਦਰਜੀਤ ਕੌਰ (ਬੀ ਐੱਡ ਕਾਲਜ ਸੁਧਾਰ) ਜੱਜ ਵਜੋਂ ਸ਼ਾਮਿਲ ਹੋਏ ਅਤੇ ਕਾਮਰੇਡ ਕਸ਼ਮੀਰ ਮੁੱਖ ਬੁਲਾਰੇ ਵਜੋਂ ਪਹੁੰਚੇ। ਬਾਲ ਮੇਲੇ ਵਿੱਚ ਚੰਗੇ ਵਿਚਾਰਾਂ ਵਾਲ਼ੇ ਵੱਡੇ ਫਲੈਕਸਾਂ ਤੋਂ ਬਿਨਾਂ ਸ਼ਹੀਦਾਂ ਦੇ ਜੀਵਨ ਬਾਰੇ ਚਾਨਣਾ ਪਾਉਂਦੀ ਇੱਕ ਸ਼ਹੀਦ ਗੈਲਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements