ਨੌਜਵਾਨ ਭਾਰਤ ਸਭਾ ਵੱਲੋਂ ‘ਜੀਐੱਸਟੀ ਅਤੇ ਇਸਦਾ ਆਮ ਲੋਕਾਂ ‘ਤੇ ਅਸਰ’ ਵਿਸ਼ੇ ‘ਤੇ ਵਿਚਾਰ ਗੋਸ਼ਟੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੌਜਵਾਨ ਭਾਰਤ ਸਭਾ ਵੱਲੋਂ ਸੰਤ ਨਗਰ ਵਿਖੇ 7 ਜੁਲਾਈ 2017 (ਸ਼ੁੱਕਰਵਾਰ) ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ‘ਜੀ। ਐਸ.ਟੀ. ਅਤੇ ਇਸ ਦਾ ਆਮ ਲੋਕਾਂ ਦੀ ਜਿੰਦਗੀ ‘ਤੇ ਅਸਰ’ ਵਿਸ਼ੇ ਤੇ ਡਾ. ਸੁਖਦੇਵ ਹੁੰਦਲ ਨੇ ਗੱਲ ਰੱਖੀ ਜਿਸ ਵਿੱਚ ਉਹਨਾਂ ਰਾਜ ਪ੍ਰਬੰਧ ਵਿੱਚ ਕਰ ਪ੍ਰਣਾਲੀਆਂ ਦੇ ਵੱਖ-ਵੱਖ ਰੂਪਾਂ ਦੇ ਇਤਿਹਾਸਿਕ ਵਿਕਾਸ ਤੇ ਚਰਚਾ ਕੀਤੀ। ਉਹਨਾਂ ਪ੍ਰਤੱਖ ਅਤੇ ਅਪ੍ਰਤੱਖ ਕਰਾਂ ਬਾਰੇ ਨੌਜਵਾਨਾਂ ਨੂੰ ਦੱਸਦੇ ਹੋਏ ਕਿਹਾ ਕਿ ਕਿਸ ਤਰਾਂ ਟੈਕਸ ਦਾ ਵੱਡਾ ਹਿੱਸਾ (ਦੋ ਤਿਹਾਈ ਤੋਂ ਵੱਧ) ਆਮ ਲੋਕਾਂ ‘ਤੇ ਲਾਏ ਅਪ੍ਰਤੱਖ ਕਰਾਂ ਤੋਂ ਵਸੂਲਿਆ ਜਾਂਦਾ ਹੈ। ਮਜ਼ਦੂਰਾਂ ਦੀ ਸਾਰੀ ਦੀ ਸਾਰੀ ਆਮਦਨ ਹੀ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਲੱਗ ਜਾਂਦੀ ਹੈ, ਇਸ ਤਰਾਂ ਉਹਨਾਂ ਦੀ ਸਾਰੀ ਆਮਦਨ ਹੀ ਟੈਕਸ ਦੇ ਘੇਰੇ ਵਿਚ ਆਉਂਦੀ ਹੈ ਪਰ ਸਰਮਾਏਦਾਰਾਂ ‘ਤੇ ਲਾਏ ਜਾਂਦੇ ਪ੍ਰਤੱਖ ਕਰ ਰਾਹੀਂ ਉਹਨਾਂ ਦੀ ਆਮਦਨ ਦਾ ਨਿਗੂਣਾ ਜਿਹਾ ਹਿੱਸਾ ਹੀ ਟੈਕਸ ਦੇ ਘੇਰੇ ਵਿੱਚ ਆਉਂਦਾ ਹੈ ਜਿਸ ਤੋਂ ਬਚਣ ਲਈ ਵੀ ਉਹਨਾਂ ਕੋਲ਼ ਕਈ ਤਰੀਕੇ ਹਨ। ਭਾਰਤ ਵਿਚ ਸਰਮਾਏਦਾਰਾ ਵਿਕਾਸ ਨਾਲ, ਸਰਮਾਏ ਦੇ ਥੱਲੇ ਤੱਕ ਪਸਾਰੇ ਕਾਰਨ ਹੁਣ ਸਰਮਾਏਦਾਰਾਂ ਨੂੰ ਹਰ ਸੇਵਾ ਅਤੇ ਚੀਜ ਨੂੰ ਟੈਕਸ ਦੇ ਘੇਰੇ ਵਿਚ ਲਿਆਉਣ ਲਈ ਜੀ.ਐਸ.ਟੀ. ਜਿਹੇ ਇੱਕ ਕੇਂਦਰੀ ਟੈਕਸ ਦੀ ਜਰੂਰਤ ਸੀ। ਮਤਲਬ ਕਿ ਸਰਮਾਏਦਾਰਾਂ ਦੇ ਘਾਟੇ ਨੂੰ ਪੂਰਨ ਲਈ ਲੋਕਾਂ ‘ਤੇ ਹੋਰ ਬੋਝ। ਸੰਵਿਧਾਨ ਵਿੱਚ ਇਸ ਤਰਾਂ ਦੇ ਬਿਲ ਦਾ ਕੋਈ ਪ੍ਰਾਵਧਾਨ ਨਾ ਹੋਣ ਕਰਕੇ, ਸਰਮਾਏ ਦੇ ਹਿੱਤਾਂ ਦੀ ਰਾਖੀ ਲਈ ਸੰਵਿਧਾਨ ਵਿੱਚ ਸੋਧ ਕੀਤੀ ਗਈ, ਅਤੇ ਮੰਦੀ ਦੀ ਮਾਰ ਝੱਲ ਰਹੇ ਸਰਮਾਏਦਾਰਾ ਢਾਂਚੇ ਲਈ ਇਹ ਗਰੰਟੀ ਕਰ ਦਿੱਤੀ ਗਈ ਇਸ ਸਰਮਾਏਦਾਰਾ ਪ੍ਰਬੰਧ ਅਧੀਨ ਲੋਕਾਂ ਦੀ ਵਰਤੋਂ ਯੋਗ ਹਰ ਚੀਜ਼ ਨੂੰ ਟੈਕਸ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਜੀ. ਐਸ. ਟੀ. ਬਿਲ ਦੇ ਆਉਣ ਦੀ ਪੂਰੀ ਪ੍ਰਕਿਰਿਆ ਬਾਰੇ ਤੇ ਇਸ ‘ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਸਹਿਮਤੀ ਬਾਰੇ ਦੱਸਣ ਤੋਂ ਬਾਅਦ ਉਹਨਾਂ ਜੀ. ਐਸ. ਟੀ. ਦੇ ਲੋਕਾਂ ‘ਤੇ ਅਸਰ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਵੱਡੇ ਕਾਰੋਬਾਰੀਆਂ ਨੂੰ ਕੇਂਦਰੀ ਟੈਕਸ ਦਾ ਫਾਇਦਾ ਹੋਵੇਗਾ ਅਤੇ ਛੋਟੇ ਕਾਰੋਬਾਰੀਆਂ ਦਾ ਧੰਦਾ ਚੌਪਟ ਹੋਵੇਗਾ। ਛੋਟੇ ਕਾਰੋਬਾਰੀਆਂ ਦਾ ਇਹ ਉਜਾੜਾ ਬੇਰੁਜਗਾਰੀ ਵਿਚ ਵਾਧਾ ਕਰੇਗਾ। ਇਸ ਨਾਲ ਖੇਤਰੀ ਅਸਮਾਨਤਾ ਵਧੇਗੀ। ਵੱਡੇ ਕਾਰੋਬਾਰੀਆਂ ਦੀ ਨੌਕਰਸ਼ਾਹ ਸਰਮਾਏਦਾਰਾ ਸਿਆਸਤ ਦੀ ਪਕੜ ਇਸ ਨਾਲ ਮਜਬੂਤ ਹੁੰਦੀ ਹੈ। ਸੋ ਅੰਤ ਵਿੱਚ ਉਹਨਾਂ ਕਿਹਾ ਕਿ ਸਰਮਾਏਦਾਰੀ ਕੋਲ਼ ਆਪਣੇ ਸੰਕਟ ਨਾਲ਼ ਨਜਿੱਠਣ ਲਈ ਅਜਿਹੇ ਲੋਕ ਦੋਖੀ ਤਰੀਕਿਆਂ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ ਹੈ, ਸੋ ਉਸ ਨੇ ਇਹਨਾਂ ਨੂੰ ਹਰ ਹੀਲੇ ਲਾਗੂ ਕਰਨਾ ਹੀ ਹੈ। ਹੁਣ ਸਵਾਲ ਆਉਂਦਾ ਹੈ ਇਸ ਦੇ ਵਿਰੋਧ ਦਾ, ਛੋਟੇ ਕਾਰੋਬਾਰੀਆਂ ਦੇ ਪੈਂਤੜੇ ਤੋਂ ਕੀਤਾ ਵਿਰੋਧ (ਜੋ ਕਿ ਲੋਕਸਰੋਕਾਰਾਂ ਕਾਰਨ ਨਹੀਂ ਸਿਰਫ ਉਹਨਾਂ ਦੀ ਆਪਣੀ ਹੋਂਦ ਨੂੰ ਸੁਰਖਿਅਤ ਕਰਨ ਖਾਤਰ ਹੈ) ਸਰਮਾਏਦਾਰੀ ਲਈ ਕੋਈ ਮਹੱਤਵ ਨਹੀਂ ਰੱਖਦਾ। ਮਜਦੂਰ-ਗਰੀਬ ਕਿਰਤੀ ਕਿਸਾਨ, ਜੋ ਕਿ ਇਸ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ, ਕੋਲ ਵੀ ਹੁਣ ਕੋਈ ਬਦਲ ਨਹੀਂ ਬਚਿਆ ਹੈ ਸਿਵਾਏ ਇਸਦੇ ਕਿ ਇਸ ਮਨੁੱਖ ਦੋਖੀ ਢਾਂਚੇ ਖਿਲਾਫ਼ ਜਥੇਬੰਦ ਹੋ ਕੇ ਲੜਿਆ ਜਾਵੇ। ਸਰਮਾਏਦਾਰੀ ਨੇ ਆਪਣੇ ਸੰਕਟ ਨਾਲ਼ ਨਜਿੱਠਣ ਲਈ ਫ਼ਾਸੀਵਾਦ ਦੀ ਲਹਿਰ ਖੜੀ ਕਰਨ ਦੀ ਤਿਆਰੀ ਕਰ ਲਈ ਹੈ, ਸਾਨੂੰ ਵੀ ਇਸ ਨਾਲ਼ ਨਜਿੱਠਣ ਲਈ ਲੋਕ ਲਹਿਰਾਂ ਦੀ ਤਿਆਰੀ ਕਰਨੀ ਹੋਵੇਗੀ, ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ‘ਤੇ ਜਥੇਬੰਦ ਕਰਦੇ ਹੋਏ, ਫ਼ਾਸੀਵਾਦ ਵਿਰੋਧੀ ਇੱਕ ਵਿਆਪਕ ਜਨਤਕ ਲਹਿਰ ਖੜਾ ਕਰਨੀ ਪਵੇਗੀ, ਤੇ ਇਸ ਲਈ ਅਸੀਂ ਸਾਰੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਹਾਂ। ਇਸ ਤੋਂ ਬਾਦ ਸਵਾਲ ਜਵਾਬ ਦਾ ਸਿਲਸਿਲਾ ਚੱਲਿਆ ਜਿਸ ਵਿਚ ਸਾਰਿਆਂ ਨੇਂ ਖੁੱਲ ਕੇ ਸਵਾਲ ਕੀਤੇ। ਇਸ ਵਿਚ ਸੰਤ ਨਗਰ, ਨਕੋੜਾ, ਭੜੋਲਿਆਂਵਾਲੀ, ਹਰੀਪੁਰਾ, ਦਮਦਮਾ ਆਦਿ ਕਈ ਪਿੰਡਾਂ ਦੇ ਨੌਜਵਾਨਾਂ ਨੇ ਹਿੱਸਾ ਲਿਆ।    

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ