ਨੌਭਾਸ ਵੱਲੋਂ ਲਾਇਬ੍ਰੇਰੀ ਦਾ ਉਦਘਾਟਨੀ ਸਮਾਰੋਹ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

25 ਜੂਨ 2017 ਨੂੰ ਨੌਜਵਾਨ ਭਾਰਤ ਸਭਾ, ਇਕਾਈ ਕਾਲਾਂਵਾਲੀ (ਸਿਰਸਾ) ਦੁਆਰਾ ਸੰਚਾਲਿਤ “ਸ਼ਹੀਦ ਭਗਤ ਸਿੰਘ ਪਬਲਿਕ ਲਾਇਬਰੇਰੀ” ਦਾ ਉਦਘਾਟਨ ਸਮਾਰੋਹ ਕੀਤਾ ਗਿਆ। ਜਿਸ ਵਿੱਚ ਗਿਆਨ ਪ੍ਰਸਾਰ ਸਮਾਜ ਦੇ ਡਾ ਅਵਤਾਰ ਬਠਿੰਡਾ;  ਉਦਘਾਟਨਕਰਤਾ ਤੇ  ਉਦਘਾਟਨ ਸਮਾਰੋਹ ਮੌਕੇ ਉੱਤੇ “ਮਨੁੱਖੀ ਜੀਵਨ ਵਿੱਚ ਕਿਤਾਬਾਂ ਦਾ ਮਹੱਤਵ” ਵਿਸ਼ੇ ਉੱਤੇ ਹੋਈ ਵਿਚਾਰ ਸਭਾ ਵਿੱਚ ਮੁੱਖ-ਬੁਲਾਰੇ ਦੇ ਤੌਰ ਉੱਤੇ ਸ਼ਾਮਲ ਹੋਏ। ਵਿਚਾਰ ਸਭਾ ਵਿੱਚ ਮੁੱਖ-ਬੁਲਾਰੇ ਡਾ ਅਵਤਾਰ ਬਠਿੰਡਾ ਨੇ ਕਿਹਾ ਕਿ ਭਾਰਤੀ ਸਮਾਜ ਵਿੱਚ ਵਿਗਿਆਨਕ ਨਜ਼ਰੀਏ ਦੀ ਘਾਟ ਹੈ। ਅੱਜ ਵੀ ਲੋਕ ਮੱਧਜਯੁਗੀ ਰੂੜੀਆਂ ਨੂੰ ਸੰਭਾਲੀ ਬੈਠੇ ਹਨ। ਮੌਜੂਦਾ ਪ੍ਰਬੰਧ ਦੁਆਰਾ ਵੱਖ-ਵੱਖ ਸਾਧਨਾਂ ਜਰੀਏ ਸਮਾਜ ਵਿੱਚ ਇਹਨਾਂ ਰੂੜੀਆਂ ਨੂੰ ਮਜ਼ਬੂਤ ਕਰਨ ਦੇ ਨਾਲ਼-ਨਾਲ਼ ਮਨੁੱਖ ਦੇ ਅਮਾਨਵੀਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਅਜਿਹੇ ਦੌਰ ਵਿੱਚ ਸਰਮਾਏਦਾਰਾ ਮੀਡੀਆ ਦੇ ਸਮਾਂਤਰ ਸੰਸਥਾਵਾਂ ਨੂੰ ਖੜਾ ਕਰਨ ਦੀ ਜਰੂਰਤ ਹੈ ਜਿਹਨਾਂ ਰਾਹੀਂ ਮੱਧਯੁਗੀ ਰੂੜੀਆਂ ਉੱਤੇ ਚੋਟ ਕਰਨ ਦੇ ਨਾਲ਼-ਨਾਲ਼ ਮੌਜੂਦਾ ਢਾਂਚੇ ਦੁਆਰਾ ਜਾਰੀ ਅਮਾਨਵੀਕਰਣ ਦੀ ਪ੍ਰਕਿਰਿਆ ਦੇ ਬਦਲ ਦੇ ਰੂਪ ਵਿੱਚ ਇੱਕ ਬਿਹਤਰ ਇਨਸਾਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਲਾਇਬ੍ਰੇਰੀਆਂ ਬਿਹਤਰ ਇਨਸਾਨ ਘੜਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ”। ਹੋਰ ਬੁਲਾਰਿਆਂ ਵਿੱਚ ਅਧਿਆਪਕ ਸਾਥੀ ਬੂਟਾ ਸਿੰਘ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਦੁਆਰਾ ਲਾਇਬ੍ਰੇਰੀ ਦੀ ਸਥਾਪਨਾ ਦਾ ਕਾਰਜ ਸ਼ਲਾਘਾਯੋਗ ਹੈ ਅਤੇ ਅਜੋਕੇ ਸਮੇਂ ਦੀ ਜਰੂਰਤ ਹੈ। ਮਾਸਟਰ ਮੁਲਖ ਪਿਪਲੀ ਨੇ ਕਿਹਾ ਕਿ ਲਾਇਬ੍ਰੇਰੀ ਵਿੱਚ ਬੱਚਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਦੇ ਹੋਰ ਯਤਨ ਕੀਤੇ ਜਾਣ ਤਾਂ ਕਿ ਇਹ ਲਾਇਬ੍ਰੇਰੀ ਇੱਕ ਅਹਿਮ ਕੇਂਦਰ ਬਣ ਸਕੇ। ਮਾਸਟਰ ਅਜਾਇਬ ਜਲਾਲਆਨਾ ਨੇ ਕਿਹਾ ਕਿ ਸਮਾਜ  ਦੇ ਪ੍ਰਤੀ ਚਿੰਤਤ ਅਧਿਆਪਕਾਂ ਅਤੇ ਬੁੱਧੀਜੀਵੀਆਂ ਨੂੰ ਹੋਰ ਜ਼ਿਆਦਾ ਪ੍ਰਤੀਬੱਧਤਾ ਨਾਲ਼ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਇਸ ਪ੍ਰਬੰਧ ਵਿੱਚ ਮੁਨਾਫਾ ਕੁੱਟਣ ਦੀ ਅੰਨੀ ਦੌੜ ਵਿੱਚ ਸ਼ਾਮਲ ਹੋਣ ਦੀ ਬਜਾਏ ਸਮਾਜ ਦੇ ਪ੍ਰਤੀ ਸੰਵੇਂਦਨਸ਼ੀਲ ਮਨੁੱਖ ਬਨਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਮਾਸਟਰ ਸੁਰਿੰਦਰਪਾਲ ਤੇ ਮਾਸਟਰ ਸ਼ਮਸ਼ੇਰ ਚੋਰਮਾਰ ਨੇ ਇਹਨਾਂ ਕੰਮਾਂ ਨੂੰ ਹੋਰ ਜ਼ਿਆਦਾ ਵਧਾਉਣ ਵਿੱਚ ਹਰ ਤਰਾਂ ਦੇ ਸਹਿਯੋਗ ਦੀ ਗੱਲ ਕਹੀ। ਕਾਲਾਂਵਾਲੀ ਸਥਿਤ ਲਾਈਬ੍ਰੇਰੀ ਬਾਰੇ ਜਾਣਕਾਰੀ ਦਿੰਦੇ ਹੋਏ ਨੌਭਾਸ  ਦੇ ਸਾਥੀ ਪਾਵੇਲ ਨੇ ਕਿਹਾ ਕਿ ਇਸ ਲਾਇਬ੍ਰੇਰੀ ਦੇ ਅਸਲੀ ਸਥਾਪਕ ਲੋਕ ਹਨ, ਨੌਜਵਾਨ ਭਾਰਤ ਸਭਾ ਤਾਂ ਸਿਰਫ ਇੱਕ ਮਾਧਿਅਮ ਹੈ। ਲਾਇਬ੍ਰੇਰੀ ਵਿੱਚ ਜਾਰੀ ਸਰਗਰਮੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 100 ਦੇ ਕਰੀਬ ਬਾਲ ਤੇ ਨੌਜਵਾਨ ਪਾਠਕ ਰੋਜ਼ਾਨਾ ਲਾਇਬ੍ਰੇਰੀ ਵਿੱਚ ਆਉਂਦੇ ਹਨ। ਫਿਲਮ ਸਮਾਗਮਾਂ, ਵਿਚਾਰ-ਚਰਚਾਵਾਂ ਆਦਿ ਜਰੀਏ ਨੌਜਵਾਨਾਂ ਨੂੰ ਵਿਗਿਆਨਕ ਨਜ਼ਰੀਏ ਤੇ ਇਤਿਹਾਸਬੋਧ ਨਾਲ਼ ਲੈਸ ਕਰਨ ਵਿੱਚ ਲਾਇਬ੍ਰੇਰੀ ਅਹਿਮ ਰੋਲ ਅਦਾ ਕਰੇਗੀ। ਨੌਭਾਸ ਦੇ ਸਾਥੀ ਕੁਲਵਿੰਦਰ ਨੇ ਵੀ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਸਮਾਜ ਪ੍ਰਤੀ ਸੰਵੇਦਨਸ਼ੀਲ ਅਧਿਆਪਕਾਂ ਨੂੰ ਵੀ ਪੂਰੀ ਸ਼ਿੱਦਤ ਨਾਲ਼ ਨੌਜਵਾਨਾਂ ਦੀ ਇਸ ਮੁਹਿੰਮ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।    

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements