ਨਿੱਜੀ ਸਕੂਲਾਂ ਨੇ ਅੰਗਰੇਜ਼ੀ ਮਾਧਿਅਮ ਨੂੰ ਬਣਾਇਆ ਲੁੱਟ ਦਾ ਜ਼ਰੀਆ •ਹਰਜਿੰਦਰ ਅਨੂਪਗੜ੍ਹ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਸ਼ਾ ਇੱਕ ਅਜਿਹਾ ਮਾਧਿਅਮ ਹੈ ਜਿਸਦੇ ਜ਼ਰੀਏ ਮਨੁੱਖ ਆਪਣੀਆਂ ਭਾਵਨਾਵਾਂ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰ ਸਕਦਾ ਹੈ। ਹਰ ਖਿੱਤੇ ਦੀ ਆਪਣੀ-ਆਪਣੀ ਭਾਸ਼ਾ ਹੁੰਦੀ ਹੈ ਜੋ ਇਲਾਕਾ ਬਦਲਣ ਦੇ ਨਾਲ ਬਦਲਦੀ ਰਹਿੰਦੀ ਹੈ। ਸਮਾਂ ਪਾਕੇ ਹਰ ਭਾਸ਼ਾ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਜੋ ਭਾਸ਼ਾ ਕੋਈ ਮਨੁੱਖ ਸਮਾਜ ਵਿੱਚ ਰਹਿੰਦੇ ਹੋਏ ਆਪਣੇ ਘਰ, ਪਰਿਵਾਰ ਤੇ ਆਲੇ-ਦੁਆਲੇ ਤੋਂ ਗ੍ਰਹਿਣ ਕਰਦਾ ਹੈ। ਉਹ ਉਸਦੀ ਮਾਤ-ਭਾਸ਼ਾ ਹੁੰਦੀ ਹੈ।।ਮਾਤ-ਭਾਸ਼ਾ ਨੂੰ ਸਿੱਖਣ ਲਈ ਬੱਚੇ ਨੂੰ ਕੋਈ ਉਚੇਚੇ ਯਤਨਾਂ ਦੀ ਲੋੜ ਨਹੀਂ ਹੁੰਦੀ ਸਗੋਂ ਸਮਾਜ ਵਿੱਚ ਰਹਿੰਦੇ ਹੋਏ ਉਹ ਸਹਿਜ ਸੁਭਾਅ ਹੀ ਇਸਨੂੰ ਸਿੱਖ ਜਾਂਦਾ ਹੈ। ਕੋਈ ਵੀ ਬੱਚਾ ਆਪਣੀ ਮਾਤ-ਭਾਸ਼ਾ ਵਿੱਚ ਵਧੇਰੇ ਜਲਦੀ ਤੇ ਚੰਗੀ ਤਰ੍ਹਾਂ ਗਿਆਨ ਪ੍ਰਾਪਤ ਕਰ ਸਕਦਾ ਹੈ। ਇਸ ਲਈ ਕੋਈ ਵੀ ਦੂਸਰੀ ਭਾਸ਼ਾ ਸਿੱਖਣ ਤੋਂ ਪਹਿਲਾਂ ਬੱਚੇ ਲਈ ਆਪਣੀ ਮਾਤ-ਭਾਸ਼ਾ ਨੂੰ ਜਾਨਣਾ ਬਹੁਤ ਹੀ ਲਾਜ਼ਮੀ ਹੈ, ਉਸਤੋਂ ਬਾਦ ਹੀ ਉਹ ਦੂਜੀਆਂ ਭਾਸ਼ਾਵਾਂ ਨੂੰ ਸਿੱਖ ਸਕਦਾ ਹੈ।

ਹੁਣ ਜੇਕਰ ਪੰਜਾਬ ਬਾਰੇ ਗੱਲ ਕਰੀਏ ਤਾਂ ਬੱਚਿਆਂ ਲਈ ਸਭ ਤੋਂ ਪਹਿਲਾਂ ਆਪਣੀ ਮਾਤ-ਭਾਸ਼ਾ ਪੰਜਾਬੀ ਸਿੱਖਣਾ ਬਹੁਤ ਜਰੂਰੀ ਹੈ। ਉਸਤੋਂ ਬਾਅਦ ਹੀ ਉਹ ਹਿੰਦੀ ਤੇ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਨੂੰ ਸਮਝਣ ਦੇ ਯੋਗ ਹੋ ਸਕਦਾ ਹੈ। ਪਰ ਅੱਜ ਪੰਜਾਬੀਆਂ ‘ਚ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੜ੍ਹਾਉਣ ਦੀ ਇੱਕ ਦੌੜ ਜਿਹੀ ਲੱਗੀ ਹੋਈ ਹੈ। ਬੱਚੇ ਬੋਲਣਾ ਮਗਰੋਂ ਸਿਖਦੇ ਹਨ ਉਹਨਾਂ ਨੂੰ ਅਖੌਤੀ ਅੰਗਰੇਜ਼ੀ ਸਕੂਲ ਵਿੱਚ ਪਹਿਲਾਂ ਦਾਖਲ ਕਰਵਾ ਦਿੱਤਾ ਜਾਂਦਾ ਹੈ। ਸਕੂਲਾਂ ਵਾਲੇ ਵੀ ਇਸ਼ਤਿਹਾਰਾਂ ਤੇ ਲਾਊਡ ਸਪੀਕਰਾਂ ਰਾਹੀਂ ਅੰਗਰੇਜ਼ੀ ਮਾਧਿਅਮ ਦਾ ਪ੍ਰਚਾਰ ਕਰਕੇ ਲੋਕਾਂ ਦੇ ਭੋਲੇਪਣ ਤੇ ਨਾ-ਸਮਝੀ ਦਾ ਭਰਪੂਰ ਲਾਹਾ ਖੱਟਦੇ ਹਨ। ਪੇਂਡੂ ਖੇਤਰਾਂ ਵਿੱਚ ਥਾਂ-ਥਾਂ ਖੁੱਲ੍ਹੇ ਦੁਕਾਨ ਨੁਮਾ ਸਕੂਲ ਤਾਂ ਬੱਚਿਆਂ ਨੂੰ ਸਿਰਫ ਦੋ ਚਾਰ ਅੰਗਰੇਜ਼ੀ ਦੇ ਬਾਲ ਗੀਤ ਜਾਂ ਏ ਫਾਰ ਐਪਲ, ਬੀ ਫਾਰ ਬੈਟ ਆਦਿ ਸਿਖਾਕੇ ਹੀ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਉਣ ਦਾ ਫੋਕਾ ਪ੍ਰਚਾਰ ਕਰਦੇ ਹਨ। ਮਾਪੇ ਵੀ ਅਨਪੜ੍ਹ ਹੋਣ ਕਾਰਨ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਦੀਆਂ ਕਵਿਤਾਵਾਂ ਗਾਉਂਦੇ ਸੁਣਕੇ ਖੁਸ਼  ਹੋ ਜਾਂਦੇ ਹਨ। ਦੂਜੇ ਪਾਸੇ ਕਈ ਅੰਗਰੇਜ਼ੀ ਮਾਧਿਅਮ ਸਕੂਲਾਂ ਵੱਲੋਂ ਆਪਣੇ ਇਸ਼ਤਿਹਾਰਾਂ ਵਿੱਚ ਮੋਟੇ-ਮੋਟੇ ਅੱਖਰਾਂ ਵਿੱਚ ਲਿਖਿਆ ਹੁੰਦਾ ਹੈ ਕਿ ਸਕੂਲ ਦਾ ਸਮੁੱਚਾ ਸਟਾਫ ਕੇਰਲਾ ਤੋਂ ਹੈ। ਕੇਰਲਾ ਦੇ ਸਟਾਫ ਜ਼ਰੀਏ ਸਕੂਲਾਂ ਵੱਲੋਂ ਅੰਗਰੇਜ਼ੀ ਸਿਖਾਉਣ ਦੇ ਇਉਂ ਦਾਅਵੇ ਕੀਤੇ ਜਾਂਦੇ ਹਨ। ਜਿਵੇਂ ਕਿਤੇ ਕੇਰਲਾ ਦੇ ਅਧਿਆਪਕਾਂ ਕੋਲ ਬੱਚਿਆਂ ਦੇ ਦਿਮਾਗ ਵਿੱਚ ਅੰਗਰੇਜ਼ੀ ਭਰਨ ਵਾਲੀ ਕੋਈ ਜਾਦੂ ਦੀ ਛੜੀ ਹੁੰਦੀ ਹੋਵੇ। ਪਹਿਲੀ ਗੱਲ ਕੇਰਲਾ ਤੇ ਪੰਜਾਬ ਦਾ ਸੱਭਿਆਚਾਰ, ਰਹਿਣ-ਸਹਿਣ ਤੇ ਹੋਰ ਹਾਲਤਾਂ ਇੱਕ-ਦੂਜੇ ਤੋਂ ਬਿਲਕੁਲ ਭਿੰਨ ਹਨ। ਸੋ ਕੇਰਲਾ ਵਾਲੇ ਅਧਿਆਪਕ ਪੰਜਾਬ ਦੇ ਬੱਚਿਆਂ ਦੀ ਮਨੋਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਸਕਦੇ ਤੇ ਨਾ ਹੀ ਬੱਚੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਦੂਜਾ ਕੇਰਲਾ ਦੀ ਮਾਤ-ਭਾਸ਼ਾ ਮਲਿਆਲਮ ਸਮੇਤ ਸਾਰੀਆਂ ਦੱਖਣ ਭਾਰਤੀ ਭਾਸ਼ਾਵਾਂ ਦਰਾਵਿੜ ਭਾਸ਼ਾ ਪਰਿਵਾਰ ਵਿੱਚੋਂ ਨਿਕਲੀਆਂ ਹੋਈਆਂ ਹਨ। ਜਦੋਂ ਕਿ ਪੰਜਾਬੀ ਸਮੇਤ ਉੱਤਰ ਭਾਰਤੀ ਭਾਸ਼ਾਵਾਂ ਯੂਰਪੀਅਨ ਆਰੀਆ ਭਾਸ਼ਾ ਪਰਿਵਾਰ ਦਾ ਅੰਗ ਹਨ। ਅੰਗਰੇਜ਼ੀ ਦਾ ਪਿਛੋਕੜ ਵੀ ਯੂਰਪੀਅਨ ਆਰੀਆ ਭਾਸ਼ਾ ਪਰਿਵਾਰ ਨਾਲ ਸਬੰਧਿਤ ਹੈ। ਸੋ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਦੀਆਂ ਜੜ੍ਹਾਂ ਯੂਰਪੀ ਆਰੀਆ ਭਾਸ਼ਾ ਪਰਿਵਾਰ ‘ਚੋਂ ਹੀ ਵਿਗਸੀਆਂ ਹਨ। ਇੱਕੋ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਪੰਜਾਬੀ ਤੇ ਅੰਗਰੇਜ਼ੀ ਦੀਆਂ ਕਾਫੀ ਧੁਨੀਆਂ ਸਾਂਝੀਆਂ ਹਨ। ਜਦੋਂ ਕਿ ਮਲਿਆਲਮ ਭਾਸ਼ਾ ਵਿੱਚ ਇਹਨਾਂ ‘ਚੋਂ ਕੁਝ ਧੁਨੀਆਂ ਹੈ ਹੀ ਨਹੀਂ। ਕਹਿਣ ਦਾ ਭਾਵ ਹੈ ਕਿ ਪੰਜਾਬੀ ਤੇ ਅੰਗਰੇਜ਼ੀ ਇੱਕੋ ਭਾਸ਼ਾ ਪਰਿਵਾਰ ਵਿੱਚੋਂ ਉਪਜੀਆਂ ਹੋਣ ਕਾਰਨ ਅਤੇ ਇਹਨਾਂ ਦੀਆਂ ਕੁਝ ਧੁਨੀਆਂ ਆਪਸ ਵਿੱਚ ਸਾਂਝੀਆਂ ਹੋਣ ਕਾਰਨ ਪੰਜਾਬੀਆਂ ਵਿੱਚ ਕੇਰਲਾ ਨਾਲੋਂ ਜ਼ਿਆਦਾ ਸ਼ੁੱਧ ਅੰਗਰੇਜ਼ੀ ਬੋਲਣ ਸਮਰੱਥਾ ਹੈ। ਇਸ ਕਰਕੇ ਸਾਡੇ ਅਧਿਆਪਕ ਵੀ ਬੱਚਿਆਂ ਨੂੰ ਕੇਰਲਾ ਦੇ ਅਧਿਆਪਕਾਂ ਨਾਲੋਂ ਵਧੀਆ ਢੰਗ ਨਾਲ ਅੰਗਰੇਜ਼ੀ ਪੜ੍ਹਾ ਸਕਦੇ ਹਨ। ਪਰ ਸਾਨੂੰ ਆਪਣੇ ਅਧਿਆਪਕਾਂ ਉੱਤੇ ਭਰੋਸਾ ਹੀ ਨਹੀਂ ਹੈ।।ਸਾਡੇ ਲੋਕ ਤਾਂ ਇੱਕ-ਦੂਜੇ ਦੀ ਦੇਖਾ-ਦੇਖੀ ਹੀ ਕੇਰਲਾ ਦੇ ਸਟਾਫ ਵੱਲ ਖਿੱਚੇ ਜਾਂਦੇ ਹਨ।

ਮਾਹਿਰਾਂ ਅਨੁਸਾਰ ਬੱਚੇ ਨੂੰ ਸੱਤ ਸਾਲਾਂ ਤੱਕ ਸਿਰਫ ਉਸਦੀ ਮਾਤ-ਭਾਸ਼ਾ ਵਿੱਚ ਹੀ ਸਿੱਖਿਆ ਦੇਣੀ ਚਾਹੀਦੀ ਹੈ। ਕਿਉਂਕਿ ਸੱਤ ਸਾਲ ਤੱਕ ਬੱਚਾ ਸਿਰਫ ਆਪਣੀ ਮਾਤ-ਭਾਸ਼ਾ ਹੀ ਬੋਲਣ ਤੇ ਸਮਝਣ ਦੇ ਕਾਬਿਲ ਹੁੰਦਾ ਹੈ। ਸੱਤ ਸਾਲ ਤੋਂ ਬਾਅਦ ਜਦੋਂ ਬੱਚਾ ਆਪਣੀ ਮਾਤ-ਭਾਸ਼ਾ ਨੂੰ ਬੋਲਣਾ ਜਾਂ ਪੜ੍ਹਨਾ ਸਿੱਖ ਲਵੇ ਉਸਤੋਂ ਬਾਅਦ ਹੀ ਉਸਨੂੰ ਹਿੰਦੀ, ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਸਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਅਸੀਂ ਢਾਈ ਤਿੰਨ ਸਾਲ ਦੇ ਬੱਚਿਆਂ ਤੋਂ ਅੰਗਰੇਜ਼ੀ ਬੋਲਣ ਦੀ ਉਮੀਦ ਲਗਾ ਬਹਿੰਦੇ ਹਾਂ ਜਿਸ ਕਾਰਨ ਉਹ ਨਾ ਤਾਂ ਅੰਗਰੇਜ਼ੀ ਦਾ ਉਚਾਰਨ ਕਰਨਾ ਸਿੱਖਦੇ ਹਨ ਤੇ ਨਾ ਸਹੀ ਢੰਗ ਨਾਲ ਪੰਜਾਬੀ ਸਿੱਖ ਸਕਦੇ ਹਨ। ਦੋ-ਦੋ ਢਾਈ-ਢਾਈ ਸਾਲ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਨਾਲ ਬੱਚਿਆਂ ਦਾ ਨਾ ਸਿਰਫ ਬਚਪਨ ਹੀ ਖੁੱਸ ਜਾਂਦਾ ਹੈ ਬਲਕਿ ਉਹ ਆਪਣੀ ਮਾਤ-ਭਾਸ਼ਾ ਤੋਂ ਵੀ ਅਧੂਰੇ ਰਹਿ ਜਾਂਦੇ ਹਨ। ਜੋ ਬੱਚਾ ਆਪਣੀ ਮਾਤ-ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲਣ ਜਾਂ ਪੜ੍ਹਨ ਦੇ ਕਾਬਿਲ ਨਹੀਂ ਉਹ ਅੰਗਰੇਜ਼ੀ ਦਾ ਮਾਹਿਰ ਕਿਵੇਂ ਬਣ ਸਕਦਾ ਹੈ?

ਚਾਹੇ ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਸਗੋਂ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਹਿੰਦੀ ਤੇ ਅੰਗਰੇਜ਼ੀ ਦਾ ਵੀ ਆਪਣਾ ਮਹੱਤਵ ਹੈ।।ਪਰ ਕੋਈ ਵੀ ਮਨੁੱਖ ਆਪਣੀਆਂ ਭਾਵਨਾਵਾਂ ਆਪਣੇ ਵਲਵਲਿਆਂ ਨੂੰ ਚੰਗੀ ਤਰ੍ਹਾਂ ਆਪਣੀ ਮਾਂ ਬੋਲੀ ਦੁਆਰਾ ਹੀ ਵਿਅਕਤ ਕਰ ਸਕਦਾ ਹੈ। ਜਦੋਂ ਅਸੀਂ ਕਿਸੇ ਆਪਣੇ ਦੀ ਮੌਤ ਦੇ ਵੈਣ ਪੰਜਾਬੀ ਵਿੱਚ ਪਾਉਂਦੇ ਹਾਂ, ਮਾਂ ਆਪਣੇ ਬੱਚੇ ਨੂੰ ਪੰਜਾਬੀ ਵਿੱਚ ਹੀ ਲੋਰੀਆਂ ਦਿੰਦੀ ਹੈ, ਵਿਆਹ ਦੇ ਗੀਤ ਵੀ ਪੰਜਾਬੀ ਵਿੱਚ ਹੀ ਗਾਉਂਦੇ ਹਾਂ ਤਾਂ ਫਿਰ ਆਪਣੇ ਬੱਚਿਆਂ ਦੇ ਪੰਜਾਬੀ ਬੋਲਣ ਜਾਂ ਪੜ੍ਹਨ ਵਿੱਚ ਸਾਨੂੰ ਹੀਣਤਾ ਕਿਉਂ ਮਹਿਸੂਸ ਹੁੰਦੀ ਹੈ। ਤੇ ਉਹਨਾਂ ਤੋਂ ਅਸੀਂ ਅੰਗਰੇਜ਼ੀ ਬੋਲਣ ਤੇ ਪੜ੍ਹਨ ਦੀ ਹੀ ਇੱਛਾ ਕਿਉਂ ਰੱਖਦੇ ਹਾਂ? ਕਿਉਂ ਅਸੀਂ ਅੰਗਰੇਜ਼ੀ ਦੇ ਨਾਮ ‘ਤੇ ਕਾਨਵੈਂਟ ਸਕੂਲਾਂ ਦੀ ਲੁੱਟ ਦਾ ਸ਼ਿਕਾਰ ਬਣਦੇ ਹਾਂ? ਜਦੋਂ ਸਾਡੀ ਆਪਣੀ ਭਾਸ਼ਾ ਪੰਜਾਬੀ ਦਾ ਆਪਣਾ ਅਮੀਰ ਸ਼ਬਦ ਭੰਡਾਰ ਮੌਜੂਦ ਹੈ, ਇਸਦਾ ਆਪਣਾ ਵਿਆਕਰਨ ਹੈ, ਪੰਜਾਬੀ ਵਿੱਚ ਹਰ ਧੁਨੀ ਲਈ ਵੱਖਰੇ ਚਿੰਨ੍ਹ ਮੌਜੂਦ ਹਨ। ਫਿਰ ਵੀ ਅਸੀਂ ਪੰਜਾਬੀ ਤੋਂ ਕੰਨੀਂ ਕਿਉਂ ਕਤਰਾਉਂਦੇ ਹਾਂ? ਚਾਹੇ ਹਰ ਇੱਕ ਭਾਸ਼ਾ ਦਾ ਆਪਣਾ ਮਹੱਤਵ ਹੁੰਦਾ ਹੈ। ਪਰ ਕੋਈ ਵੀ ਦੂਸਰੀ ਭਾਸ਼ਾ ਮਾਤ-ਭਾਸ਼ਾ ਦੀ ਥਾਂ ਨਹੀਂ ਲੈ ਸਕਦੀ।

ਅੰਗਰੇਜ਼ੀ ਸਿੱਖਣਾ ਅੱਜ ਸਮੇਂ ਦੀ ਲੋੜ ਬਣਾ ਦਿੱਤੀ ਗਈ ਹੈ। ਪਰ ਇਸਦਾ ਮਤਲਬ ਇਹ ਬਿਲਕੁਲ ਵੀ ਨਹੀਂ ਕਿ ਅੰਗਰੇਜ਼ੀ ਤੋਂ ਬਿਨਾਂ ਕੋਈ ਮਾਅਰਕਾ ਨਹੀਂ ਮਾਰਿਆ ਜਾ ਸਕਦਾ ਜਾਂ ਇਸਤੋਂ ਬਿਨਾਂ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ। ਅੰਗਰੇਜ਼ਾਂ ਨੂੰ ਆਪਣਾ ਸਾਸ਼ਨ ਸੌਖੀ ਤਰ੍ਹਾਂ ਚਲਾਉਣ ਵਾਸਤੇ ਕਲਰਕਾਂ ਤੇ ਬਾਬੂਆਂ ਦੀ ਲੋੜ ਸੀ। ਜਿਸ ਕਰਕੇ ਉਹਨਾਂ ਨੇ ਭਾਰਤੀਆਂ ਨੂੰ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕੀਤੀ।।ਅਸੀਂ ਅੱਜ ਵੀ ਲਕੀਰ ਦੇ ਫਕੀਰ ਬਣਕੇ ਅੰਗਰੇਜ਼ਾਂ ਦੀ ਪਾਈ ਪਿਰਤ ਨੂੰ ਅੱਗੇ ਤੋਰ ਰਹੇ ਹਾਂ। ਅੱਜ ਵੀ ਸਾਡੀ ਸਿੱਖਿਆ ਪ੍ਰਣਾਲੀ ਸਰਮਾਏਦਾਰਾ ਢਾਂਚੇ ਦੇ ਹਿੱਤਾਂ ਦੀ ਪਾਲਕ ਹੈ। ਸਾਡੀ ਸਿੱਖਿਆ ਦਾ ਮਕਸਦ ਕਾਰਪੋਰੇਟ ਘਰਾਣਿਆਂ ਲਈ ਕਲਰਕ, ਮਜਦੂਰ, ਮੈਨੇਜਰ ਤੇ ਖਰੀਦਦਾਰ ਪੈਦਾ ਕਰਨਾ ਹੈ। ਸਾਡੀ ਸਿੱਖਿਆ ਅਜਿਹੇ ਪੜ੍ਹੇ ਲਿਖੇ ਅਨਪੜ੍ਹ ਪੈਦਾ ਕਰਦੀ ਹੈ ਜੋ ਪੜ੍ਹੇ ਲਿਖੇ ਹੋਕੇ ਵੀ ਸਿਸਟਮ ਦੀ ਲੁੱਟ-ਖਸੁੱਟ,ਦੇਸ ਵਿੱਚ ਫੈਲੀ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਦੇ ਕਾਰਨਾਂ ਤੋਂ ਅਣਜਾਣ ਹੁੰਦੇ ਹਨ। ਇਹ ਅਜਿਹੇ ਰੱਟੂ ਤੋਤੇ ਪੈਦਾ ਕਰਦੀ ਹੈ ਜੋ ਉਹੀ ਕੁਸ਼ ਸੋਚਦੇ ਹਨ ਜੋ ਕੁਸ਼ ਸ਼ਰਮਾਏਦਾਰ ਉਹਨਾਂ ਨੂੰ ਦਿਖਾਉਂਦੇ ਹਨ।

ਸਰਮਾਏਦਾਰੀ ਦੌਰ ਵਿੱਚ ਜਿੱਥੇ ਸਿਹਤ, ਸਿੱਖਿਆ, ਹਵਾ, ਪਾਣੀ ਆਦਿ ਮੁਨਾਫੇ ਖਾਤਰ ਬਜ਼ਾਰ ਵਿੱਚ ਵਿਕਣ ਲੱਗੇ ਹਨ, ਉੱਥੇ ਹੀ ਹੁਣ ਭਾਸ਼ਾ ਦਾ ਵੀ ਵਪਾਰ ਹੋਣ ਲੱਗਿਆ ਹੈ। ਅੱਜ-ਕੱਲ੍ਹ ਨਿੱਜ਼ੀ ਸਕੂਲਾਂ ਵਿੱਚ ਅੰਗਰੇਜ਼ੀ ਭਾਸ਼ਾ ਸਿਖਾਈ ਨਹੀਂ ਜਾਂਦੀ ਬਲਕਿ ਵੇਚੀ ਜਾਂਦੀ ਹੈ ਅਤੇ ਇਸਦੇ ਜ਼ਰੀਏ ਮੋਟਾ ਮੁਨਾਫਾ ਕਮਾਇਆ ਜਾਂਦਾ ਹੈ। ਜੇਕਰ ਅਸੀਂ ਅੰਨ੍ਹੇਵਾਹ ਅੰਗਰੇਜ਼ੀ ਮਗਰ ਦੌੜਨ ਦੀ ਬਜਾਏ ਪਹਿਲਾਂ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨੂੰ ਪੜ੍ਹਨਾ ਤੇ ਸਮਝਣਾ ਸਿਖਾਈਏ ਤਾਂ ਹੀ ਉਹਨਾਂ ਦਾ ਸਹੀ ਤੇ ਸੰਤੁਲਿਤ ਵਿਕਾਸ ਹੋ ਸਕਦਾ ਹੈ ਤੇ ਅਸੀਂ ਆਰਥਿਕ ਲੁੱਟ ਦਾ ਸ਼ਿਕਾਰ ਹੋਣੋਂ ਵੀ ਬਚ ਸਕਦੇ ਹਾਂ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements