ਨਿੱਜੀ ਇੰਜੀਨੀਅਰਿੰਗ ਕਾਲਜ : ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭਿਆਨਕ ਲੁੱਟ ਦੇ ਅੱਡੇ •ਸੰਦੀਪ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਦੇ ਬਹੁਤੇ ਇੰਜੀਨੀਅਰਿੰਗ ਕਾਲਜ ਧਨਾਢ ਸਰਮਾਏਦਾਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਹਨ। ਚਾਹੇ ਉਹ ਕਿਸੇ ਟਰੱਸਟ ਦੇ ਅਧੀਨ ਹੋਣ ਜਾਂ ਡੇਰੇ ਦੀ ਮਾਲਕੀ ਅਧੀਨ।

ਇਹ ਕਾਲਜ ਇੱਕ ਤਰ੍ਹਾਂ ਸਿੱਖਿਆ ਮਾਫ਼ੀਆ ਵਾਂਗ ਕੰਮ ਕਰ ਰਹੇ ਹਨ। ਵੈਸੇ ਤਾਂ ਇਹ ਕਾਲਜ ਵਿਦਿਆਰਥੀਆਂ ਦੀ ਲੁੱਟ-ਖਸੁੱਟ ਦਾ ਕੇਂਦਰ ਹਨ। ਪਰ ਇਸ ਤੋਂ ਇਲਾਵਾ ਕਾਲਜਾਂ ਦੇ ਅਧਿਆਪਕਾਂ ਅਤੇ ਤਕਨੀਕੀ ਸਟਾਫ਼ ਦੀ ਲੁੱਟ ਕੀਤੀ ਜਾਂਦੀ ਹੈ ਉਹ ਵੀ ਇੱਕ ਅਹਿਮ ਮਸਲਾ ਹੈ।

ਜਦੋਂ ਦਾਖਲੇ ਚੱਲ ਰਹੇ ਹੁੰਦੇ ਹਨ ਤਾਂ ਬਹੁਤ ਸਾਰੇ ਇੰਜੀਨੀਅਰਿੰਗ ਕਾਲਜਾਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ। ਇਸ ਲਈ ਅਧਿਆਪਕਾਂ ਉੱਤੇ ਦਬਾਅ ਬਣਾਇਆ ਜਾਂਦਾ ਹੈ ਕਿ ਵੱਧ ਤੋਂ ਵੱਧ ਦਾਖਲੇ ਕਰਾਉਣ।

ਦਾਖ਼ਲੇ ਵਾਸਤੇ ਹਰ ਬੰਦੇ ਨੂੰ 5 ਜਾਂ 10 ਦਾਖਲੇ ਕਰਾਉਣ ਦਾ ਟੀਚਾ ਦਿੱਤਾ ਜਾਂਦਾ ਹੈ। ਨਾਲ ਹੀ ਇਹ ਧਮਕੀ ਦਿੱਤੀ ਜਾਂਦੀ ਹੈ ਕਿ ਜੇ ਦਾਖਲੇ ਦਾ ਟੀਚਾ ਪੂਰਾ ਨਾ ਹੋਇਆ ਤਾਂ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਅਜਿਹਾ ਹੁੰਦਾ ਵੀ ਹੈ। ਨਵਾਂ ਸ਼ਹਿਰ ਦੇ ਨੇੜੇ ਕਈ ਇੰਜੀਨੀਅਰਿੰਗ ਕਾਲਜਾਂ ਵਿੱਚ ਅਧਿਆਪਕਾਂ ਨੂੰ ਟੀਚੇ ਪੂਰੇ ਕਰਨ ਉੱਤੇ ਨੌਕਰੀ ਤੋਂ ਜੁਆਬ ਦੇ ਦਿੱਤਾ ਗਿਆ।

ਦਾਖਲ਼ਿਆਂ ਲਈ ਅਧਿਆਪਕਾਂ ਨੂੰ ਲਾਲਚ ਵੀ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਕੋਈ ਅਧਿਆਪਕ ਜੇਕਰ ਡਿਪਲੋਮੇ ਲਈ ਵਿਦਿਆਰਥੀ ਦਾਖ਼ਲ ਕਰਵਾਉਂਦਾ ਹੈ ਤਾਂ ਉਸਨੂੰ ਦਸ ਹਜਾਰ ਰੁਪਏ ਕਮਿਸ਼ਨ ਮਿਲਦਾ ਹੈ। ਜੇਕਰ ਦਾਖਲਾ ਬੀ.ਟੈਕ. ਦਾ ਹੋਵੇ ਤਾਂ ਕਮਿਸ਼ਨ ਪੰਦਰਾਂ ਹਜਾਰ ਮਿਲਦਾ ਹੈ। ਐਮ.ਬੀ.ਏ. ਲਈ ਵੀਹ ਹਜਾਰ ਮਿਲਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਇੱਕ ਵਿਦਿਆਰਥੀ ਦੇ ਦਾਖਲੇ ਲਈ ਕਈ ਅਧਿਆਪਕ ਦਾਅਵਾ ਕਰ ਦਿੰਦੇ ਹਨ। ਅਜਿਹੀ ਹਾਲਤ ਵਿੱਚ ਉਹਨਾਂ ਦਾ ਕਮਿਸ਼ਨ ਨਹੀਂ ਦਿੱਤਾ ਜਾਂਦਾ।

ਇਸ ਤੋਂ ਇਲਾਵਾ ਮੈਨੇਜਮੈਂਟ ਵੱਧ ਦਾਖ਼ਲੇ ਕਰਾਉਣ ਵਾਲੇ ਅਧਿਆਪਕਾਂ ਨੂੰ ”ਸਨਮਾਨ” ਵੀ ਦਿੰਦੀ ਹੈ। ਕਾਲਜ ਦੇ ਡਾਇਰੈਕਟਰ ਵੱਲੋਂ ਖਾਸ ਹਦਾਇਤਾਂ ਹੁੰਦੀਆਂ ਹਨ ਕਿ ਭਾਂਵੇਂ ਤੁਸੀਂ ਕਲਾਸ ਨਾ ਵੀ ਲਾਵੋ ਜਾਂ ਨਤੀਜੇ ਠੀਕ ਨਾ ਵੀ ਹੋਣ ਤਾਂ ਵੀ ਚੱਲ ਜਾਵੇਗਾ ਬਸ ਦਾਖਲੇ ਕਰਵਾਈ ਜਾਵੋ।

ਨਵੇਂ ਅਧਿਆਪਕਾਂ ਨੂੰ ਵੀ ਰੱਖਣ ਵੇਲੇ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਦਾਖਲੇ ਕਿੰਨੇ ਕਰਵਾਓਗੇ?

ਕਾਲਜ ਦੇ ਪ੍ਰਚਾਰ ਲਈ ਅਧਿਆਪਕਾਂ ਨੂੰ ਬੱਸਾਂ ‘ਚ ਭਰ-ਭਰ ਕੇ ਲਾਗੇ ਦੇ ਸ਼ਹਿਰਾਂ ਪਿੰਡਾਂ ਵਿੱਚ ਭੇਜਿਆ ਜਾਂਦਾ ਹੈ। ਅਧਿਆਪਕਾਂ ਤੋਂ ਪੋਸਟਰ ਲਗਵਾਏ ਜਾਂਦੇ ਹਨ। ਜੇ ਕੋਈ ਮਨ੍ਹਾਂ ਕਰਦਾ ਹੈ ਤਾਂ ਕੱਢ ਦਿੱਤਾ ਜਾਂਦਾ ਹੈ।

ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਨਿੱਜੀ ਇੰਜੀਨੀਅਰਿੰਗ ਕਾਲਜ ਕਿਵੇਂ ਨੰਗੇ-ਚਿੱਟੇ ਰੂਪ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਧੱਕਾ ਕਰ ਰਹੇ ਹਨ। ਇਸ ਗੋਰਖਧੰਦੇ ਖਿਲਾਫ਼ ਅਵਾਜ ਉੱਠਣੀ ਬਹੁਤ ਜਰੂਰੀ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements