ਨੌਜਵਾਨ ਭਾਰਤ ਸਭਾ ਵਲੋਂ 8 ਮਾਰਚ ‘ਕੌਮਾਂਤਰੀ ਔਰਤ ਦਿਹਾੜੇ’ ਮੌਕੇ ‘ਤੇ “ਭਾਰਤ ਵਿਚ ਔਰਤਾਂ ਦੀ ਦੁਰਦਸ਼ਾ ਤੇ ਮੁਕਤੀ ਦਾ ਰਾਹ” ਵਿਸ਼ੇ ‘ਤੇ ਵਿਚਾਰ ਚਰਚਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

7 ਮਾਰਚ, 2016 ਨੂੰ ਨੌਜਵਾਨ ਭਾਰਤ ਸਭਾ ਵਲੋਂ ਲੁਧਿਆਣਾ ਵਿਖੇ ‘ਕੌਮਾਂਤਰੀ ਔਰਤ ਦਿਵਸ’ ਮਨਾਇਆ ਗਿਆ। ਜਿਸ ਵਿਚ “ਭਾਰਤ ਵਿਚ ਔਰਤਾਂ ਦੀ ਦੁਰਦਸ਼ਾ ਤੇ ਮੁਕਤੀ ਦਾ ਰਾਹ” ਵਿਸ਼ੇ ‘ਤੇ ਵਿਚਾਰ-ਚਰਚਾ ਕੀਤੀ ਗਈ। ਇਸ ਵਿਚਾਰ-ਚਰਚਾ ਵਿਚ 30 ਦੇ ਕਰੀਬ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ‘ਇਸਤਰੀ ਮੁਕਤੀ ਲੀਗ’ ਦੀ ਕਾਰਕੁੰਨ ਸਾਥੀ ਨਮਿਤਾ ਨੇ ਔਰਤ ਦਿਵਸ ਦੇ ਇਤਿਹਾਸ ਬਾਰੇ ਦੱਸਦੇ ਹੋਏ ਸਾਡੇ ਸਮਾਜ ਵਿਚ ਫੈਲੀ ਔਰਤ-ਵਿਰੋਧੀ ਮਾਨਸਿਕਤਾ ਅਤੇ ਇਸਦੇ ਹੱਲ ਬਾਰੇ ਗੱਲ ਕੀਤੀ।

ਵਿਚਾਰ ਚਰਚਾ ਦੇ ਅਰੰਭ ਵਿੱਚ ਨੌਜਵਾਨ ਭਾਰਤ ਸਭਾ ਦੇ ਸਾਥੀ ਬਿੰਨੀ, ਕਲਪਨਾ, ਰਵਿੰਦਰ ਅਤੇ ਅਮਨ ਦੁਆਰਾ ਇਨਕਲਾਬੀ ਗੀਤ ਅਤੇ ਸਾਥੀ ਸ਼੍ਰਿਸ਼ਟੀ ਦੁਆਰਾ ਕਵਿਤਾ “ਗਾਰਗੀ” ਦੀ ਪੇਸ਼ਕਾਰੀ ਕੀਤੀ ਗਈ। ਔਰਤ ਦਿਵਸ ਦੇ ਇਤਿਹਾਸ ਬਾਰੇ ਗੱਲ ਕਰਦੇ ਹੋਏ ਸਾਥੀ ਨਮਿਤਾ ਨੇ ਦੱਸਿਆ ਕਿ ਔਰਤ ਦਿਵਸ ਦੀ ਸ਼ੁਰੂਆਤ ਜਰਮਨੀ ਦੀ ਉੱਘੀ ਕਮਿਊਨਿਸਟ ਆਗੂ ਕਲਾਰਾ ਜ਼ੈਟਕਿਨ ਨੇ ਕੀਤੀ। ਉਸਦੇ ਸੱਦੇ ਤੋਂ ਪ੍ਰੇਰਨਾ ਲੈ ਕੇ ਔਰਤਾਂ ਨੇ ਬਰਾਬਰ ਹੱਕਾਂ ਜਿਵੇਂ ਜਨਤਕ ਅਹੁਦਿਆਂ ‘ਤੇ ਕੰਮ, ਵੋਟ ਦਾ ਹੱਕ, ਕੰਮ ਦੇ ਘੰਟੇ ਆਦਿ ਲਈ ਵੱਡਾ ਸੰਘਰਸ਼ ਲਾਮਬੰਦ ਕੀਤਾ ਤੇ ਮੁਜ਼ਾਹਰੇ ਕੀਤੇ। 8 ਮਾਰਚ, 1914 ਨੂੰ ਪਹਿਲਾ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ ਜੋ ਕਿ ਔਰਤਾਂਂ ਦੇ ਵੋਟ ਦੇਣ ਦੇ ਅਧਿਕਾਰ ਨੂੰ ਹੱਕ ਕੀਤਾ ਗਿਆ।

ਸਾਥੀ ਨਮਿਤਾ ਨੇ ਕਿਹਾ ਅੱਜ ਭਾਵੇਂ ਇਕ ਸਦੀ ਤੋਂ ਵਧ ਸਮਾਂ ਹੋ ਗਿਆ ਹੈ ਪਰ ਔਰਤਾਂ ਦੀ ਭਾਰਤੀ ਸਮਾਜ ਵਿਚ ਸਥਿਤੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਬਲਾਤਕਾਰ, ਛੇੜਛਾੜ, ਮਾਨਸਿਕ ਤੇ ਸਰੀਰਕ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਔਰਤ ਵਿਰੋਧੀ ਮਾਨਸਿਕਤਾ ਅੱਜ ਵੀ ਸਾਡੇ ਸਮਾਜ ਵਿਚ ਜੜ੍ਹਾਂ ਜਮਾਈ ਬੈਠੀ ਹੈ। ਇਸ ਲਈ ਅੱਜ ਇਹ ਸਮੇਂ ਦੀ ਮੁੱਖ ਲੋੜ ਬਣ ਗਈ ਹੈ ਕਿ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਇਕ ਵਿਆਪਕ ਲਹਿਰ ਉਸਾਰੀ ਜਾਵੇ।

ਅੰਤ ਵਿਚ ਸਵਾਲ ਜਵਾਬ ਦਾ ਸਿਲਸਿਲਾ ਚਲਾਇਆ ਗਿਆ। ਜਿਸ ਵਿਚ ਮੌਕੇ ‘ਤੇ ਹਾਜ਼ਿਰ ਔਰਤਾਂ ਨੇ ਹਿੱਸਾ ਲਿਆ। ਸਾਥੀ ਗੁਰਪ੍ਰੀਤ, ਬਲਜੀਤ, ਵਰਿੰਦਰ, ਕਿਰਨ, ਅਮਨ ਨੇ ਗੱਲ ਰੱਖੀ। ਸਾਥੀ ਸ਼੍ਰਿਸ਼ਟੀ, ਸ਼ਿਵਾਨੀ ਤੇ ਜੈਨਿਆ ਨੇ ਕਵਿਤਾ ਉਚਾਰਨ ਵੀ ਕੀਤਾ। ਅੰਤ ਵਿਚ ਨੌਜਵਾਨ ਭਾਰਤ ਸਭਾ ਦੀ ਸੂਬਾ ਕਮੇਟੀ ਮੈਂਬਰ ਬਲਜੀਤ ਨੇ ਸ਼ਾਮਿਲ਼ ਔਰਤਾਂ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਅਜਿਹੇ ਪ੍ਰੋਗਰਾਮ ਕਰਦੇ ਰਹਿਣ ਅਤੇ ਆਮ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਕੰਮ ਕਰਦੇ ਰਹਿਣ ਦੀ ਗੱਲ ਕੀਤੀ।

-ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements