ਨੌਜਵਾਨ ਭਾਰਤ ਸਭਾ ਵੱਲੋਂ ਵੱਖ-ਵੱਖ ਥਾਂਈ  ਇੱਕ ਰੋਜ਼ਾ ਬਾਲ ਫਿਲਮ ਮਿਲਣੀ ਦਾ ਆਯੋਜਨ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੌਜਵਾਨ ਭਾਰਤ ਸਭਾ, ਜਿਲਾ-ਸਿਰਸਾ (ਹਰਿਆਣਾ) ਦੀਆਂ ਵੱਖ-ਵੱਖ ਇਕਾਈਆਂ ਵਲੋਂ ਪਿਛਲੇ ਕੁਝ ਦਿਨਾਂ ਦੌਰਾਨ ਕਾਲਾਂਵਾਲੀ, ਸੰਤਨਗਰ ਅਤੇ ਰੋੜੀ ਵਿੱਖੇ ਇੱਕ ਰੋਜਾ ਬਾਲ ਫਿਲਮ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਾਰ ਦੀਆਂ ਚੰਗੀਆਂ, ਗਿਆਨਵਰਧਕ, ਕਲਪਨਾ ਨੂੰ ਉਡਾਰੀ ਦੇਣ ਵਾਲ਼ੀਆਂ ਤੇ ਸਮਾਜਿਕ ਸਰੋਕਾਰਾਂ ਵਾਲ਼ੀਆਂ ਫਲਿਮਾਂ ਵਿਖਾਈਆਂ ਗਈਆਂ।

ਕਾਲਾਂਵਾਲੀ:- ਨੌਭਾਸ ਦੀ ਇਕਾਈ ਕਾਲਾਂਵਾਲੀ ਵਲੋਂ 25 ਜੂਨ ਨੂੰ ਸ਼ਹੀਦ ਭਗਤ ਸਿੰਘ ਪਬਲਿਕ ਲਾਇਬ੍ਰੇਰੀ ਵਿੱਚ ਇੱਕ ਰੋਜਾ ਬਾਲ ਫਿਲਮ ਮਿਲਣੀ ਕਰਵਾਈ ਗਈ ਜਿਸ ਵਿੱਚ 125 ਬੱਚਿਆਂ ਨੇ ਹਿੱਸਾ ਲਿਆ। ਸਾਥੀ ਪਾਵੇਲ ਨੇ ਬਾਲ ਫਿਲਮ ਮਿਲਣੀ ਬਾਰੇ ਗੱਲਬਾਤ ਰੱਖਦੇ ਹੋਏ ਕਿਹਾ ਕਿ ਅਖੌਤੀ ਮੀਡਿਆ ਦੁਆਰਾ ਪਰੋਸੀ ਜਾਂਦੀ ਹਿੰਸਾ, ਅਸਲੀਲਤਾ ਅਤੇ ਪਸੂ ਬਿਰਤੀਆਂ ਕਾਰਨ ਨੌਜਵਾਨਾਂ ਅਤੇ ਬੱਚਿਆਂ ਤੇ ਪੈ ਰਹੇ ਬੁਰੇ ਅਸਰ ਤੋਂ ਬਚਾਉਣ ਲਈ ਬਦਲ ਦੇ ਰੂਪ ਵਿੱਚ ਸਮਾਜਿਕ ਸਰੋਕਾਰਾਂ ਵਾਲੀਆਂ ਫਲਿਮਾਂ ਵਿਖਾਉਣਾ ਇੱਕ ਅਹਿਮ ਕਾਰਜ ਬਣਦਾ ਹੈ।

ਬਾਲ ਫਿਲਮ ਮਿਲਣੀ ਦੀ ਸੁਰੂਆਤ ਉਦੇ ਕਿਰਨ, ਦੀਕਸਾ, ਸੁਹਾਨੀ ਅਤੇ ਸਾਹਿਲ ਨੇ “ਤੋੜੋ ਬੰਧਨ ਤੋੜੋ” ਗੀਤ ਗਾਕੇ ਕੀਤੀ। ਫਿਲਮ ਮਿਲ਼ਣੀ ਵਿੱਚ “ਦ ਕਰੂਡਜ” ਅਤੇ ਸੋਰਟ ਫਲਿਮਾਂ “ਟਯੂਬ ਲਾਈਟ ਕਾ ਚਾਂਦ”, “ਟੂ ਐਂਡ ਟੂ” ਅਤੇ “ਦ ਐਕੋਰਦੀਆਨ” ਵਿਖਾਈਆਂ ਗਈਆਂ। ਹਰ ਫਿਲਮ ਦੇਖਣ ਤੋਂ ਬਾਅਦ ਇਸ ਉਪਰ ਚਰਚਾ ਕੀਤੀ ਗਈ। ਬੱਚਿਆਂ ਨੇ ਚਰਚਾ ਵਿੱਚ ਸਰਗਰਮ ਹਿੱਸਾ ਲਿਆ ਅਤੇ ਫਿਲਮਾਂ ਬਾਰੇ ਚਰਚਾ ਕਰਦੇ ਹੋਏ ਜੋ ਓਹਨਾ ਨੇ ਗੱਲਬਾਤ ਕਰੀ, ਉਹ ਹੈਰਾਨ ਕਰ ਦੇਣ ਵਾਲੀ ਸੀ। ਖਾਸਕਰ ਸੱਤਵੀਂ ਜਮਾਤ ਵਿੱਚ ਪੜਦੀ ਸੁਹਾਨੀ ਨੇ “ਟਯੂਬ ਲਾਈਟ ਕਾ ਚਾਂਦ”, ਅੱਠਵੀਂ ਜਮਾਤ ਵਿੱਚ ਪੜਦੀ ਮਨਪ੍ਰੀਤ ਨੇ “ਟੂ ਐਂਡ ਟੂ” ਅਤੇ ਛੇਵੀਂ ਜਮਾਤ ਵਿੱਚ ਪੜਦੇ ਆਜਾਦ ਨੇ “ਦ ਐਕੋਰਦੀਆਨ” ਫਿਲਮ ਤੇ ਜੋ ਗੱਲ ਰੱਖੀ ਉਹ ਵਾਕਈ ਹੈਰਾਨ ਕਰ ਦੇਣ ਵਾਲੀ ਸੀ। ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਜੇਕਰ ਨੌਜਵਾਨਾਂ ਅਤੇ ਬੱਚਿਆਂ ਵਿੱਚ ਉਸਾਰੂ ਸਾਹਿਤ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ ਫਿਲਮਾਂ ਲਿਜਾਈਆਂ ਜਾਣ ਤਾਂ ਭਵਿੱਖ ਵਿੱਚ ਉਹ ਕਿੰਨੇ ਬੇਹਤਰ ਅਤੇ ਸੰਜ਼ੀਦਾ ਮਨੁੱਖ ਬਣਨਗੇ।

ਸੰਤਨਗਰ:- ਨੌਜਵਾਨ ਭਾਰਤ ਸਭਾ, ਇਕਾਈ ਸੰਤਨਗਰ ਵੱਲੋਂ 30 ਜੂਨ ਨੂੰ ਸ਼ਹੀਦ ਭਗਤ ਸਿੰਘ ਭਵਨ, ਸੰਤ ਨਗਰ ਵਿਖੇ ਬਾਲ ਫਿਲਮ ਫਿਲਮ ਮਿਲ਼ਣੀ ਅਤੇ ਬਾਲ ਪੁਸਤਕ ਪ੍ਰਦਰਸਨੀ ਆਯੋਜਿਤ ਕੀਤੀ ਗਈ। ਇਸ ਸਬੰਧੀ ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਵੱਲੋਂ ਲੋਕਾਂ ਨਾਲ ਘਰ ਘਰ ਜਾ ਕੇ ਗੱਲਬਾਤ ਕੀਤੀ ਗਈ, ਜਿਸ ਦੌਰਾਨ ਮਾਪਿਆਂ ਨੇ ਬਚਿਆਂ ਲਈ ਬਦਲਵੇਂ ਮੀਡਿਆ ਵਜੋਂ ਬਚਿਆਂ ਲਈ ਅਜੇਹੀ ਪ੍ਰੋਗਰਾਮ ਕੀਤੇ ਜਾਣ ਲਈ ਸਹਿਮਤੀ ਜਤਾਈ। ਜਿਸ ਤੋਂ ਬਾਅਦ ਇੱਕ ਰੋਜ਼ਾ ਬਾਲ ਫਿਲਮ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਕਿਰਤੀ ਦੇ ਵਿਕਾਸ ਦੇ ਵਿਗਿਆਨ ਸਬੰਧੀ ਅਤੇ ਸਮਾਜ ਵਿਚ ਗਰੀਬ ਬਚਿਆਂ ਨਾਲ਼ ਹੁੰਦੇ ਅੰਨਿਆਂ ਨੂੰ ਬਿਆਨ ਕਰਦੀਆਂ ਫਿਲਮਾਂ ਵਿਖਾਈਆਂ ਗਈਆਂ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਥੀ ਦਿਲਬਾਗ ਨੇਂ ਬਚਿਆਂ ਨੂੰ ਘਟੀਆ ਤੇ ਅਣਮਨੁੱਖੀ ਸੱਭਿਆਚਾਰ ਪਰੋਸਣ ਵਾਲ਼ੇ ਮੁਨਾਫੇ ‘ਤੇ ਟਿਕੇ ਮੌਜੂਦਾ ਮੀਡਿਆ ਬਾਰੇ ਦੱਸਦੇ ਹੋਏ ਬਚਿਆਂ ਦੇ ਬਿਹਤਰ ਵਿਕਾਸ ਲਈ ਇਕ ਬਦਲਵੇਂ ਲੋਕ ਮੀਡਿਆ ‘ਤੇ ਮਹੱਤਵ ਤੇ ਗੱਲ ਕੀਤੀ। ਹਰ ਫਿਲਮ ਤੋਂ ਬਾਅਦ ਬਚਿਆਂ ਨੇਂ ਬੜੇ ਉਤਸ਼ਾਹਪੂਰਨ ਤਰੀਕੇ ਨਾਲ਼ ਆਪਣੀ ਰਾਇ ਦਿੱਤੀ। ਪ੍ਰੋਗਰਾਮ ਦੇ ਦੂਜੇ ਭਾਗ ਦੀ ਸ਼ੁਰੂਆਤ ਵਿਚ ਸਾਥੀ ਗੁਰਪ੍ਰੀਤ ਕੌਰ ਨੇਂ ਬੱਚਿਆਂ ਦੀ ਜ਼ਿੰਦਗੀ ਵਿਚ ਬੇਹਤਰ ਪੁਸਤਕਾਂ ਦੇ ਮਹੱਤਵ ਤੇ ਗੱਲ ਰੱਖੀ ਅਤੇ ਹਰ ਘਰ ਵਿਚ ਮਾਪਿਆਂ ਨੂੰ ਬਾਲ ਲਾਇਬ੍ਰੇਰੀ ਬਣਾਉਣ ਦਾ ਸੁਝਾਅ ਦਿੱਤਾ। ਇਸੇ ਮੌਕੇ ਇਕ ਬਾਲ ਪੁਸਤਕ ਪ੍ਰਦਰਸਨੀ ਵੀ ਲਾਈ ਗਈ।

ਰੋੜੀ:- ਨੌਭਾਸ ਦੀ ਇਕਾਈ ਰੋੜੀ ਵਲੋਂ ਸ਼ਹੀਦ ਭਗਤ ਸਿੰਘ ਪਬਲਿਕ ਲਾਇਬ੍ਰੇਰੀ ਵਿੱਚ ਇੱਕ ਰੋਜਾ ਫਿਲਮ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਚਾਰਲੀ ਚੈਪਲਿਨ ਦੀ ਫਿਲਮ ‘ਮਾਡਰਨ ਟਾਈਮਜ’ ਅਤੇ ਕੁੱਝ ਲਘੂ ਫਿਲਮਾਂ ਵਿਖਾਈਆਂ ਗਈਆਂ। ਸਾਥੀ ਵਕੀਲ ਨੇ ਫਿਲਮ ਮਿਲ਼ਣੀ ਦੀ ਸੁਰੂਆਤ ਵਿੱਚ ਅਗਾਂਹਵਧੂ ਫਿਲਮਾਂ ਅਤੇ ਸਾਹਿਤ ਦੀ ਮਨੁੱਖੀ ਜੀਵਨ ਵਿੱਚ ਮਹੱਤਵ ਦੱਸਦੇ ਹੋਏ ਗੱਲਬਾਤ ਰੱਖੀ। “ਮਾਡਰਨ ਟਾਇਮਜ” ਫਲਿਮ ਵਿਖਾਉਣ ਤੋਂ ਬਾਅਦ ਹੋਈ ਚਰਚਾ ਵਿੱਚ ਸਾਥੀ ਕੁਲਵਿੰਦਰ ਨੇ ਵਿਸਥਾਰ ਨਾਲ਼ ਫਿਲਮ ਬਾਰੇ ਗੱਲਬਾਤ ਰੱਖੀ ਅਤੇ ਭਵਿੱਖ ਵਿੱਚ ਨੌਭਾਸ ਵਲੋਂ ਰੋੜੀ ਵਿੱਚ ਸੰਚਾਲਿਤ ਲਾਇਬ੍ਰੇਰੀ ਨੂੰ ਅਜਿਹੀਆਂ ਗਤੀਵਿਧੀਆਂ ਦਾ ਕੇਂਦਰ ਬਣਾਉਣ ਦੀ ਗੱਲ ਕਹੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements