ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਨਮੋਲ ਵਿਖੇ ਤੀਜਾ ਬਾਲ ਮੇਲਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੌਜਵਾਨ ਭਾਰਤ ਸਭਾ ਦੀ ਇਕਾਈ ਨਮੋਲ (ਸੰਗਰੂਰ) ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 102ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਤੀਜੇ ਬਾਲ ਮੇਲੇ ਦਾ ਆਯੋਜਨ 8 ਤੇ 9 ਦਸੰਬਰ 2017 ਨੂੰ ਕੀਤਾ ਗਿਆ। ਬਾਲ ਮੇਲੇ ਵਿੱਚ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ, ਲੇਖ ਮੁਕਾਬਲੇ, ਚਿੱਤਰਕਲਾ ਮੁਕਾਬਲੇ ਅਤੇ ਕਵਿਤਾ ਉਚਾਰਣ ਮੁਕਾਬਲਿਆਂ ਰਾਹੀਂ ਉਨਾਂ ਨੂੰ ਇਨਕਲਾਬੀ ਵਿਰਾਸਤਨ ਨਾਲ਼ ਜਾਣੂ ਕਰਵਾਉਣ, ਸਮਾਜ ਦੇ ਸੰਵੇਦਨਸ਼ੀਲ ਮੁੱਦਿਆਂ ਉੱਪਰ ਸੋਚਣ ਲਾਉਣ, ਉਹਨਾਂ ਦੀ ਰਚਨਾਤਮਕ ਸਮਰੱਥਾ ਨੂੰ ਪ੍ਰਫੁੱਲਿਤ ਕਰਕੇ ਅਤੇ ਉਹਨਾਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ। ਇਸ ਵਾਰ ਬਾਲ ਮੇਲੇ ਵਿੱਚ 150 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਬਾਲ ਮੇਲੇ ਦੇ ਪਹਿਲੇ ਦਿਨ ਵਿਦਿਆਰਥੀਆਂ ਦੇ ਭਾਸ਼ਣ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ਼ ਮੁਕਾਬਲਿਆਂ ‘ਚ ਹਿੱਸਾ ਲਿਆ।

ਪਹਿਲੇ ਦਿਨ ਦਾ ਪ੍ਰੋਗਰਾਮ ਸ਼ੁਰੂ ਹੋਣ ਸਮੇਂ ਨੌਭਾਸ ਦੇ ਇਕਾਈ ਕਨਵੀਨਰ ਕੁਲਵੀਰ ਨੇ ਬਾਲ ਮੇਲੇ ਜਰੀਏ ਨੌਭਾਸ ਦੇ ਮਕਸਦ ਬਾਰੇ ਦੱਸਿਆ ਅਤੇ ਮੇਲੇ ਵਿੱਚ ਪਹੁੰਚੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਮੁਕਾਬਲੇ ਲਈ ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਤੇ ਚਿੰਤਕ ਹੇਮ ਰਾਜ ਸਟੈਨੋ, ਅਤੇ ਤਰਕਸ਼ੀਲ ਸੁਸਾਇਟੀ, ਜਮਹੂਰੀ ਅਧਿਕਾਰ ਸਭਾ ਦੇ ਕਾਰਕੁੰਨ ਤੇ ਅਧਿਆਪਕ ਜੁਝਾਰ ਲੌਂਗੋਵਾਲ ਨੇ ਨਿਭਾਈ। ਉਹਨਾਂ ਬੱਚਿਆਂ ਦੇ ਇਸ ਉਤਸ਼ਾਹ ਤੇ ਨੌਭਾਸ ਦੇ ਇਸ ਉਪਰਾਲੇ ਉੱਪਰ ਖੁਸ਼ੀ ਪ੍ਰਗਟ ਕਰਦਿਆਂ ਬੱਚਿਆਂ ਨੂੰ ਇਹਨਾਂ ਵਿਚਾਰਾਂ ਨੂੰ ਰਟਣ ਦੀ ਥਾਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣ ਦਾ ਸੁਨੇਹਾ ਦਿੱਤਾ। ਇਸਦੇ ਨਾਲ ਹੀ ਭਾਗ ਲੈਣ ਵਾਲ਼ੇ ਸਾਰੇ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਈਆਂ ਤੇ ਮੁਕਾਬਲਿਆਂ ‘ਚ ਸਥਾਨ ਹਾਸਲ ਕਰਨ ਵਾਲ਼ੇ ਬੱਚਿਆਂ ਨੂੰ ਸ਼ਹੀਦਾਂ ਦੀਆਂ ਤਸਵੀਰਾਂ ਵਾਲ਼ੇ ਵਿਸ਼ੇਸ਼ ਇਨਾਮ ਦਿੱਤੇ ਗਏ।

ਦੂਜਾ ਦਿਨ ਕਵਿਤਾ ਉਚਾਰਣ ਮੁਕਾਬਲਾ ਅਤੇ ਚਿੱਤਰਕਲਾ ਮੁਕਾਬਲੇ ਨਾਲ਼ ਸ਼ੁਰੂ ਹੋਇਆ। ਕਵਿਤਾ ਉਚਾਰਣ ਦੇ ਮੁਕਾਬਲਿਆਂ ਦੌਰਾਨ ਬੱਚਿਆਂ, ਖਾਸ ਕਰਕੇ ਪ੍ਰਾਇਮਰੀ ਸੈਕਸ਼ਨ ਦੇ ਬੱਚਿਆਂ ਦੀ ਮਸੂਮੀਅਤ ਅਤੇ ਉਨਾਂ ਦੇ ਬੋਲਾਂ ਨੇ ਸ੍ਰੋਤਿਆਂ ਨੂੰ ਬੈਠਣ ਲਈ ਮਜ਼ਬੂਰ ਕਰੀ ਰੱਖਿਆ। ਇਸ ਮੁਕਾਬਲੇ ਲਈ ਅਧਿਆਪਕ ਤੇ ਕਾਵਿ ਸੰਗ੍ਰਹਿ ‘ਗਾਉਂਦੇ ਪੰਛੀ’ ਦੇ ਸੰਪਾਦਕ ਤੇ ਅਨੁਵਾਦਕ ਪਰਮਿੰਦਰ ਕਕਰਾਲ ਅਤੇ ‘ਨਦੀ’ ਤੇ ‘ਦਾਨਾਬਾਦ’ ਕਾਵਿ-ਸੰਗ੍ਰਹਿ ਦੇ ਲੇਖਕ ਪ੍ਰਿੰਸੀਪਲ ਤਿਰਲੋਚਨ ਮੀਰ ਨੇ ਜੱਜ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਸਾਹਿਤ ਦੀ ਮਹੱਤਤਾ ਬਾਰੇ ਦੱਸਦਿਆਂ ਬੱਚਿਆਂ ਨੂੰ ਕਿਤਾਬਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਚਿੱਤਰਕਲਾ ਮੁਕਾਬਲਿਆਂ ਲਈ ਸਰਕਾਰੀ ਸਕੂਲ ਸਤੌਜ ਦੇ ਚਿੱਤਰਕਲਾ ਦੇ ਅਧਿਆਪਕ ਨਵਨੀਤ ਨੇ ਜੱਜ ਵਜੋਂ ਜ਼ਿੰਮੇਵਾਰੀ ਨਿਭਾਈ। ਮੁਕਾਬਲੇ ‘ਚ ਭਾਗ ਲੈਣ ਵਾਲ਼ੇ ਸਭ ਬੱਚਿਆਂ ਨੂੰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਵੰਡੇ ਗਏ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸਾਥੀਆਂ ਵੱਲੋਂ ਗੀਤ ਤੇ ਨਾਟਕਾਂ ਦੀ ਵੀ ਪੇਸ਼ਕਾਰੀ ਕੀਤੀ ਗਈ। 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 20-21, 1 ਤੋਂ 15 ਅਤੇ 16 ਤੋਂ 31 ਦਸੰਬਰ 2017 ਵਿੱਚ ਪ੍ਰਕਾਸ਼ਿਤ