ਨੌਜਵਾਨ ਭਾਰਤ ਸਭਾ ਵੱਲੋਂ ਬੱਚਿਆਂ ਲਈ ਰਚਨਾਤਮਕਤਾ ਕੈਂਪ ਲਾਏ ਗਏ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੇ ਇਨਸਾਨ ਬਣੇ ਵੇਖਣਾ ਚਾਹੁੰਦਾ ਹੈ ਪਰ ਅੱਜ ਦੇ ਮਹੌਲ ਵਿੱਚ ਬੱਚਿਆਂ ਅੰਦਰਲੀ ਚੰਗਿਆਈ ਨੂੰ ਬਚੇ ਰਹਿਣ ਤੇ ਵਧਣ-ਫੁੱਲਣ ਲਈ ਕੋਈ ਸੁਖਾਵਾਂ ਮਹੌਲ ਹੀ ਨਹੀਂ ਮਿਲ਼ ਰਿਹਾ ਹੈ। ਮੌਜੂਦਾ ਘੋਟਾ ਲਾਊ ਸਿੱਖਿਆ ਪ੍ਰਣਾਲੀ ਉਹਨਾਂ ਦਾ ਕੋਈ ਸਰਵਪੱਖੀ ਵਿਕਾਸ ਕਰਨ ਦੀ ਥਾਂ ਉਹਨਾਂ ਨੂੰ ਕਿਤਾਬਾਂ ਰਟਦੇ ਤੋਤੇ ਬਣਾ ਰਹੀ ਹੈ ਜੋ ਨੰਬਰਾਂ ਦੀ ਦੌੜ ‘ਚ ਹਫੇ ਰਹਿੰਦੇ ਹਨ। ਟੀਵੀ, ਮੀਡੀਆ ਵਿੱਚ ਉਹਨਾਂ ਅੱਗੇ ਲੱਚਰਤਾ, ਹਿੰਸਾ, ਸੁਆਰਥ, ਲਾਲਚ, ਖਪਤਵਾਦ ਦੀਆਂ ਖੁਰਾਕਾਂ ਪਰੋਸੀਆ ਜਾ ਰਹੀਆਂ ਤੇ ਉਹਨਾਂ ਦੀ ਕਲਪਨਾਸ਼ੀਲਤਾ ਨੂੰ ਕੁਤਰਿਆ ਜਾ ਰਿਹਾ ਹੈ। ਇਸ ਲਈ ਬਚਪਨ ਦੇ ਇਹਨਾਂ ਵਰ੍ਹਿਆਂ ‘ਚ ਉਸਨੂੰ ਬਦਲਵਾਂ ਤੇ ਨਰੋਆ ਸੱਭਿਆਚਾਰ ਤੇ ਅਗਾਂਹਵਧੂ ਵਿਚਾਰ ਦੇਣ ਦੀ ਬਹੁਤ ਲੋੜ ਹੈ। ਅੱਜ ਜਦੋਂ ਭਾਰਤ ਵਿੱਚ ਵਧ ਰਹੇ ਫਿਰਕੂ-ਫਾਸੀਵਾਦੀ ਮਹੌਲ ਅੰਦਰ ਫਿਰਕੂ ਤਾਕਤਾਂ ਬੱਚਿਆਂ ਦਰਮਿਆਨ ਵੱਖ-ਵੱਖ ਢੰਗਾਂ ਰਾਹੀ ਆਪਣੀ ਪਹੁੰਚ ਵਧਾ ਰਹੀਆਂ ਹਨ ਤਾਂ ਅਜਿਹੇ ਮਹੌਲ ਵਿੱਚ ਬੱਚਿਆਂ ਨੂੰ ਅਜਿਹੇ ਬਦਲ ਦੇਣੇ ਹੋਰ ਵੀ ਜਰੂਰੀ ਹੋ ਜਾਂਦੇ ਹਨ। ਅਜਿਹੇ ਮਹੌਲ ਵਿੱਚ ਬੱਚਿਆਂ ਨੂੰ ਅਣਗੌਲ਼ਿਆਂ ਕਰਨਾ ਸਿੱਧਾ-ਸਿੱਧਾ ਫਿਰਕੂ ਤੇ ਹੋਰ ਸਮਾਜ ਵਿਰੋਧੀ ਤਾਕਤਾਂ ਲਈ ਮੈਦਾਨ ਖਾਲੀ ਛੱਡਣਾ ਹੋਵੇਗਾ। ਇਸੇ ਉਦੇਸ਼ ਤਹਿਤ ਪਿਛਲੇ ਕੁੱਝ ਸਾਲਾਂ ਤੋਂ ਨੌਜਵਾਨ ਭਾਰਤ ਸਭਾ ਵੱਲੋਂ ਬੱਚਿਆਂ ਲਈ ਵੱਖ-ਵੱਖ ਕਿਸਮ ਦੀਆਂ ਸਰਗਰਮੀਆਂ, ਕੈਂਪਾਂ, ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਥਾਂ-ਥਾਂ ਲਾਇਬ੍ਰੇਰੀਆਂ ਉਸਾਰ ਕੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਉਪਰਾਲਾ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ‘ਚ ਬੱਚਿਆਂ ਲਈ ਰਚਨਾਤਮਕ ਕੈਂਪ ਲਾਉਣਾ ਹੈ। ਇਸ ਸਾਲ ਵੀ ਪੰਜਾਬ ਅੰਦਰ ਵੱਖ-ਵੱਖ ਥਾਵਾਂ ‘ਤੇ ਅਜਿਹੇ ਕੈਂਪ ਲਾਏ ਗਏ।

ਨੌਜਵਾਨ ਭਾਰਤ ਸਭਾ (ਇਕਾਈ – ਨਮੋਲ (ਸੰਗਰੂਰ)) ਵੱਲੋਂ ਇਸ ਸਾਲ ਜੂਨ ਦੀਆਂ ਛੁੱਟੀਆਂ ਵਿੱਚ ਬੱਚਿਆਂ ਲਈ 2 ਤੋਂ 6 ਜੂਨ ਤੱਕ ਤੀਜਾ ਬਾਲ ਰਚਾਨਤਮਕਤਾ ਕੈਂਪ ਲਾਇਆ ਗਿਆ ਜਿਸ ਵਿੱਚ 60 ਦੇ ਕਰੀਬ ਬੱਚੇ ਸ਼ਾਮਲ ਹੋਏ। ਇਸ ਕੈਂਪ ਵਿੱਚ ਬੱਚਿਆਂ ਨੂੰ ਗੀਤ, ਨਾਟਕ, ਕਵਿਤਾਵਾਂ, ਕਾਗਜ ਦੀਆਂ ਖੇਡਾਂ, ਮਿੱਟੀ ਦੇ ਖਿਡੌਣਿਆਂ ਤੇ ਵਿਗਿਆਨਕ ਤਜਰਬਿਆਂ ਰਾਹੀਂ ਜ਼ਿੰਦਗੀ ਵਿੱਚ ਕੁੱਝ ਨਵਾਂਪਣ, ਕੁੱਝ ਬਦਲ ਦੇਣ ਦੀ ਕੋਸ਼ਿਸ਼ ਕੀਤੀ ਗਈ। ਪੰਜ ਦਿਨਾਂ ਦੀ ਮਿਹਨਤ ਮਗਰੋਂ ਬੱਚਿਆਂ ਨੇ ਪਿੰਡ ਵਾਸੀਆਂ ਲਈ ਇੱਕ ਸਮਾਪਤੀ ਸਮਾਹੋਰ ਤਿਆਰ ਕੀਤਾ ਜਿਸ ਵਿੱਚ ਉਹਨਾਂ ਆਪਣੀਆਂ ਕਵਿਤਾਵਾਂ, ਗੀਤਾਂ ਤੇ ਨਾਟਕਾਂ ਦੀ ਪੇਸ਼ਕਾਰੀ ਕੀਤੀ। ਇਸ ਸਮਾਗਮ ਦਾ ਮੰਚ ਸੰਚਾਲਨ ਆਪਣੇ ਹੱਥ ਲੈ ਕੇ ਬੱਚਿਆਂ ਨੇ ਇਸ ਸਮਾਗਮ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਕੁਲਵੀਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਬੱਚਿਆਂ ਨਾਲ ਉਹਨਾਂ ਦੇ ਤਜਰਬੇ ਤੇ ਅਜਿਹੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਵਿੱਚ ਮਾਪਿਆਂ ਦੀ ਬਣਦੀ ਭੂਮਿਕਾ ਬਾਰੇ ਗੱਲ ਕੀਤੀ। ਅੰਤ ਵਿੱਚ ਕੈਂਪ ਵਿੱਚ ਸ਼ਾਮਲ ਸਭ ਬੱਚਿਆਂ ਨੂੰ ਬੱਚਿਆਂ ਨੂੰ ਕਿਤਾਬਾਂ ਵੰਡ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ।

ਨੌਜਵਾਨ ਭਾਰਤ ਸਭਾ (ਇਲਾਕਾ ਇਕਾਈ  ਪੱਖੋਵਾਲ (ਲੁਧਿਆਣਾ)) ਵੱਲੋਂ ਬੀਤੀ 8 ਤੋਂ 14 ਜੂਨ ਤੱਕ ਲੁਧਿਆਣੇ ਦੇ ਪਿੰਡ ਪੱਖੋਵਾਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਚਨਾਤਮਕਤਾ ਕੈਂਪ ਲਾਇਆ ਗਿਆ। ਕੈਂਪ ਬੱਚਿਆਂ ਨੂੰ ਕਲੇਅ ਮੋਡਲਿੰਗ, ਕਾਗਜ਼ ਕਲਾ, ਚਿੱਤਰਕਾਰੀ, ਗੀਤ, ਕੋਰੀਓਗ੍ਰਾਫੀ, ਨਾਟਕ ਅਤੇ ਨਾਚ ਆਦਿ ਸਿਖਾਏ ਗਏ। ਕੈਂਪ ਵਿੱਚ 100 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਅਤੇ ਆਖਰੀ ਦਿਨ ਬੱਚਿਆਂ ਨੇ ਆਪਣੀਆਂ ਬਣਾਈਆਂ ਵਸਤਾਂ ਅਤੇ ਕਲਾ ਦੀ ਨੁਮਾਇਸ਼ ਕੀਤੀ ਅਤੇ ਤਿਆਰ ਕੀਤੇ ਨਾਟਕ, ਕੋਰੀਓਗ੍ਰਾਫੀ, ਗੀਤ ਅਤੇ ਨਾਚ ਪਿੰਡ ਵਾਲ਼ਿਆਂ ਸਾਹਮਣੇ ਪੇਸ਼ ਕੀਤੇ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸਾਥੀਆਂ ਨੇ ਵੀ ਇਨਕਲਾਬੀ ਅਤੇ ਅਗਾਂਹਵਧੂ ਗੀਤ ਪੇਸ਼ ਕੀਤੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements