ਨੌਜਵਾਨ ਭਾਰਤ ਸਭਾ ਵੱਲੋਂ ਲਾਇਬ੍ਰੇਰੀ ਦੀ ਸਥਾਪਨਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

25 ਫਰਵਰੀ 2017 (ਸ਼ਨੀਵਾਰ) ਨੂੰ ਨੌਜਵਾਨ ਭਾਰਤ ਸਭਾ ਇਕਾਈ ਦਮਦਮਾ ਵੱਲੋਂ ਪਿੰਡ ਦਮਦਮਾ ਵਿਖੇ ‘ਸ਼ਹੀਦ ਭਗਤ ਸਿੰਘ ਜਨਤਕ ਲਾਇਬ੍ਰੇਰੀ’ ਸ਼ੁਰੂ ਕੀਤੀ ਗਈ ਜਿਸ ਦਾ ਉਦਘਾਟਨ ਪਿੰਡ ਦੇ ਮੌਜੂਦਾ ਸਰਪੰਚ ਸ਼ਾਮ ਸਿੰਘ ਨੇ ਕੀਤਾ। ਪਿੰਡ ਵਿੱਚ ਲਾਇਬ੍ਰੇਰੀ ਬਣਾਉਣ ਲਈ ਨੌਭਾਸ ਕਾਰਕੁੰਨ ਪਿਛਲੇ ਲੰਮੇ ਸਮੇਂ ਤੋਂ ਸਰਗਰਮੀਆਂ ਚਲਾ ਰਹੇ ਸਨ ਜਿਸ ਤਹਿਤ ਪਿੰਡ ਦੇ ਲੋਕਾਂ ਨਾਲ਼ ਲਾਇਬ੍ਰੇਰੀ ਦੇ ਮਹੱਤਵ ਤੇ ਮੀਟਿੰਗਾਂ ਕੀਤੀਆਂ ਗਈਆਂ, ਪਿੰਡ ਦੇ ਲੋਕਾਂ ਤੋਂ ਹੀ ਘਰ-ਘਰ ਜਾ ਕੇ ਲਾਇਬ੍ਰੇਰੀ ਲਈ ਫੰਡ ਇਕੱਠਾ ਕੀਤਾ ਗਿਆ, ਜਿਸ ਵਿੱਚ ਸਾਰਿਆਂ ਨੇ ਵਧ ਚੜ ਕੇ ਸਹਿਯੋਗ ਦਿੱਤਾ। ਪਿੰਡ ਵਿੱਚ ਇੱਕ ਪੁਸਤਕ ਪ੍ਰੇਮੀ ਜਗਦੇਵ ਸਿੰਘ ਜੋ ਪਿਛਲੇ ਕਈ ਵਰਿਆਂ ਤੋਂ ਪਿੰਡ ਵਿੱਚ ਲਾਇਬ੍ਰੇਰੀ ਸਥਾਪਤ ਕਰਨ ਲਈ ਯਤਨਸ਼ੀਲ ਸਨ ਨੇ ਲਾਇਬ੍ਰੇਰੀ ਨੂੰ ਅਨੇਕਾਂ ਪੁਸਤਕਾਂ ਭੇਂਟ ਕੀਤੀਆਂ ਅਤੇ ਭਵਿੱਖ ਵਿੱਚ ਵੀ ਲਗਾਤਾਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸਾਥੀ ਕੁਲਤਾਰ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਦੇ ਲੋਕਾਂ ਦੇ ਸਾਥ ਸਦਕਾ ਹੀ ਇਹ ਲਾਇਬ੍ਰੇਰੀ ਖੜੀ ਹੋ ਸਕੀ। ਇਸ ਤੋਂ ਬਾਅਦ ਸਾਥੀ ਅਮਨ ਨੇ ਪੁਸਤਕਾਂ ਦੇ ਅਤੇ ਮੌਜੂਦਾ ਦੌਰ ਵਿੱਚ ਲਾਇਬ੍ਰੇਰੀਆਂ ਦੇ ਮਹੱਤਵ ‘ਤੇ ਵਿਸਤਾਰ ਵਿੱਚ ਗੱਲ ਰੱਖਦੇ ਹੋਏ ਕਿਹਾ ਕਿ ਸਮਾਜ ਵਿੱਚ ਲੋਕ ਅਥਾਹ ਸਮੱਸਿਆਵਾਂ ਨਾਲ਼ ਘਿਰੇ ਹੋਏ ਹਨ, ਅਮੀਰ ਗਰੀਬ ਵਿੱਚ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਦੀ 30 ਕਰੋੜ ਤੋਂ ਵੱਧ ਅਬਾਦੀ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਹੈ। ਰਾਖਵੇਂਕਰਨ ਦਾ ਮੁੱਦਾ ਉਭਾਰ ਕੇ ਜਾਤੀ ਦੇ ਅਧਾਰ ‘ਤੇ ਨੌਜਵਾਨਾਂ ਦੀ ਏਨੀ ਵੱਡੀ ਅਬਾਦੀ ਨੂੰ ਵੰਡਣ ਦੀਆਂ ਸਾਜਸ਼ਾਂ ਚੱਲ ਰਹੀਆਂ ਹਨ ਤਾਂ ਕਿ ਉਹ ਆਪਣੇ ਹੱਕਾਂ ਲਈ ਇੱਕਮੁਠ ਹੋ ਕੇ ਸੰਘਰਸ਼ ਨਾ ਕਰ ਸਕਣ ਅਤੇ ਬੇਰੁਜ਼ਗਾਰੀ ਦੇ ਅਸਲੀ ਕਾਰਨਾਂ ਦੀ ਪਛਾਣ ਨਾ ਕਰ ਸਕਣ। ਵਧ ਰਿਹਾ ਨਸ਼ਿਆਂ ਦਾ ਕਾਰੋਬਾਰ ਨੌਜਵਾਨ ਊਰਜਾ ਨੂੰ ਤਬਾਹ ਕਰਨ ਦਾ ਇਕ ਹੋਰ ਵੱਡਾ ਸਾਧਨ ਹੈ। ਔਰਤਾਂ ਨਾਲ਼ ਅਪਰਾਧਕ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਲਈ ਮੌਜੂਦਾ ਸਮਾਜਕ ਪ੍ਰਬੰਧ ਦੋਖੀ ਹੈ ਜੋ ਔਰਤ ਨੂੰ ਇਕ ਵਸਤੂ ਵਜੋਂ ਪੇਸ਼ ਕਰਦਾ ਹੈ। ਇਹ ਐਵੇਂ ਹੀ ਨਹੀਂ ਕੀ ਪੋਰਨੋਗ੍ਰਾਫੀ ਦਾ ਕਾਰੋਬਾਰ ਅੱਜ ਹੌਲੀਵੁੱਡ ਫਿਲਮਾਂ ਤੋਂ ਲਗਭਗ ਦੁੱਗਣਾ ਹੈ। ਸਾਡੀ ਬਹੁਤ ਵੱਡੀ ਅਬਾਦੀ ਅੱਜ ਜਾਤੀਗਤ ਅਪਮਾਨ ਸਹਿ ਰਹੀ ਹੈ। ਬੇਰੁਜ਼ਗਾਰੀ, ਨਸ਼ੇ, ਜਾਤੀ-ਧਰਮਾਂ ਦੇ ਤੁਅੱਸਬ, ਪੁਰਸ਼ ਪ੍ਰਧਾਨ ਮਾਨਸਿਕਤਾ, ਸਮਾਜ ਵਿੱਚ ਮੌਜੂਦ ਪੱਛੜੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਸਾਡੇ ਨੌਜਵਾਨਾਂ ਦੇ ਵਿਕਾਸ ਵਿੱਚ ਇੱਕ ਵੱਡਾ ਅੜਿੱਕਾ ਹਨ। ਅਤੀਤ ਵਿੱਚ ਇਸੇ ਤਰਾਂ ਦੀਆਂ ਸਮੱਸਿਆਵਾਂ ਦਾ ਸਾਡੇ ਅਮਰ ਸ਼ਹੀਦਾਂ ਨੂੰ ਵੀ ਸਾਹਮਣਾ ਕਰਨਾ ਪਿਆ ਅਤੇ ਭਗਤ ਸਿੰਘ ਜਿਹੇ ਨੌਜਵਾਨਾਂ ਨੇ ਇਹਨਾਂ ਦਾ ਹੱਲ ਲੱਭਦੇ ਹੋਏ ਨੌਜਵਾਨਾਂ ਲਈ ਅਧਿਐਨ ਦੇ ਮਹੱਤਵ ‘ਤੇ ਬਹੁਤ ਜੋਰ ਦਿੱਤਾ। ਭਗਤ ਸਿੰਘ ਬਾਰੇ ਉਹਨਾਂ ਦੇ ਸਾਥੀਆਂ ਦੀ ਇਹ ਧਾਰਨਾ ਸੀ ਕਿ ਉਹ ਕਿਤਾਬਾਂ ਪੜਦਾ ਨਹੀਂ ਸਗੋਂ ਨਿਗਲ਼ਦਾ ਸੀ। ਸੱਭਿਆਚਾਰਕ ਹਨੇਰਗਰਦੀ ਦੇ ਇਸ ਦੌਰ ਵਿੱਚ ਮੌਜੂਦਾ ਸਮੱਸਿਆਵਾਂ ਨਾਲ਼ ਨਜਿੱਠਣ ਲਈ ਇਸ ਤਰਾਂ ਦੇ ਵਿਸ਼ਾਲ ਅਧਿਐਨ ਦੀ ਹੀ ਅੱਜ ਦੇ ਨੌਜਵਾਨਾਂ ਨੂੰ ਜਰੂਰਤ ਹੈ। ਸੋ ਲਾਇਬ੍ਰੇਰੀਆਂ ਦਾ ਮਹੱਤਵ ਇਹਨਾਂ ਅਰਥਾਂ ਵਿੱਚ ਅੱਜ ਬੇਹੱਦ ਵਧ ਜਾਂਦਾ ਹੈ ਜੋ ਨੌਜਵਾਨਾਂ ਲਈ ਭਵਿੱਖ ਵਿੱਚ ਇਕ ਚਾਨਣ-ਮੁਨਾਰੇ ਵਜੋਂ ਕੰਮ ਕਰਨਗੀਆਂ। ਇਸੇ ਮਕਸਦ ਤਹਿਤ ਲਾਇਬ੍ਰੇਰੀ ਵਿੱਚ ਅਗਲੀਆਂ ਯੋਜਨਾਵਾਂ ਬਾਰੇ ਸਾਰਿਆਂ ਨਾਲ਼ ਗੱਲ ਕੀਤੀ ਗਈ ਜਿਸ ਤਹਿਤ ਪਿੰਡ ਵਿੱਚ ਬੱਚਿਆਂ ਲਈ ਬਾਲ ਸਿਰਜਣਾਤਮਕ ਕੈੰਪ, ਬਾਲ ਸਭਾਵਾਂ ਦਾ ਆਯੋਜਨ ਕੀਤਾ ਜਾਏਗਾ, ਸਮੇਂ-ਸਮੇਂ ਤੇ ਪਿੰਡ ਵਿੱਚ ਸਮਾਜਕ ਕੁਰੀਤੀਆਂ ਖਿਲਾਫ਼ ਮੁਹਿੰਮਾਂ ਤੇ ਸੈਮੀਨਾਰ ਕੀਤੇ ਜਾਣਗੇ, ਨੌਜਵਾਨਾਂ ਵਿੱਚ ਲਗਾਤਾਰ ਵਿਚਾਰ ਚਰਚਾਵਾਂ ਅਤੇ ਪਿੰਡ ਦੇ ਅਧਿਆਪਕਾਂ ਦੇ ਸਹਿਯੋਗ ਨਾਲ਼ ਜੇ ਸੰਭਵ ਹੋਵੇ ਤਾਂ ਮਜ਼ਦੂਰ ਬੱਚਿਆਂ ਨੂੰ ਪੜਾਉਣ ਦਾ ਵੀ ਕੋਈ ਪ੍ਰਬੰਧ ਕੀਤਾ ਜਾਵੇਗਾ। ਨੌਭਾਸ ਨਕੋੜਾ ਇਕਾਈ ਦੇ ਸਕੱਤਰ ਸਾਥੀ ਦਿਲਬਾਗ ਨੇ ਦਮਦਮਾ ਇਕਾਈ ਦੇ ਸਾਥੀਆਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਤੇ ਕਿਹਾ ਕੇ ਸਾਨੂੰ ਭਵਿੱਖ ਵਿੱਚ ਇਸੇ ਤਰਜ ‘ਤੇ ਹੋਰ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੜੀਆਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਨਕਲਾਬੀ ਨਾਰਿਆਂ ਨਾਲ਼ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements