ਨੌਜਵਾਨ ਭਾਰਤ ਵਲੋਂ ਪਹਿਲਾ ਸੂਬਾਈ ਇਜਲਾਸ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਿਤੀ 26 ਫ਼ਰਵਰੀ, 2017 ਨੂੰ ਰਾਏਕੋਟ ਦੇ ਸ਼ਹੀਦ ਭਗਤ ਸਿੰਘ ਭਵਨ ਵਿਖੇ ‘ਨੌਜਵਾਨ ਭਾਰਤ ਸਭਾ’ ਵੱਲੋਂ ਆਪਣਾ ਪਹਿਲਾ ਸੂਬਾਈ ਇਜਲਾਸ ਕੀਤਾ ਗਿਆ। ਅਲੱਗ ਅਲੱਗ ਜਗਾਵਾਂ ਤੋਂ ਪਹੁੰਚੇ ‘ਨੌਜਵਾਨ ਭਾਰਤ ਸਭਾ’ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਇਹ ਇਜਲਾਸ ਸਫ਼ਲਤਾਪੂਰਵਕ ਨੇਪਰੇ ਚੜਿ•ਆ। ਇਜਲਾਸ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਮਾਨਵ ਨੇ ਸੰਭਾਲੀ। ਇਜਲਾਸ ਦੀ ਸ਼ੁਰੂਆਤ ਕਰਦਿਆਂ ਸੰਚਾਲਕ ਨੇ ਕਿਹਾ ਕਿ ਅੱਜ ਦਾ ਦਿਨ ਨੌਭਾਸ ਲਈ ਇੱਕ ਮਾਣ ਕਰਨ ਵਾਲ਼ਾ ਦਿਨ ਹੈ ਜਦੋਂ ਆਪਣੀ ਜਥੇਬੰਦੀ ਆਪਣਾ ਪਹਿਲਾ ਸੂਬਾਈ ਇਜਲਾਸ ਕਰਨ ਜਾ ਰਹੀ ਹੈ। ਭਾਜਪਾ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਮੁਲਕ ਭਰ ਅੰਦਰ ਬਿਗੜੀਆਂ ਹਾਲਾਤਾਂ ਕਰਕੇ ਇਸ ਇਜਲਾਸ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਨਾਲ਼ ਹੀ ਇਹ ਇਜਲਾਸ ਨੌਭਾਸ ਦੇ ਕੰਮਾਂ ਨੂੰ ਹੋਰ ਵਧੇਰੇ ਸੁਚਾਰੂ ਢੰਗ ਨਾਲ਼ ਚਲਾਉਣ ਅਤੇ ਇਸ ਦਾ ਵਿਸਤਾਰ ਕਰਨ ਲਈ ਵੀ ਇੱਕ ਪ੍ਰੇਰਨਾ ਬਣੇਗਾ।

ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਇਨਕਲਾਬੀ ਲਹਿਰ ਵਿੱਚ ਸ਼ਹੀਦ ਹੋਏ ਸ਼ਹੀਦਾਂ ਲਈ 2 ਮਿੰਟ ਦਾ ਮੌਨ ਰੱਖ ਕੇ ਕੀਤੀ ਗਈ। ਇਸ ਮਗਰੋਂ ਦਸਤਕ ਮੰਚ ਦੇ ਸਾਥੀਆਂ ਨੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਨਾਲ਼ ਪ੍ਰੋਗਰਾਮ ਦਾ ਮੁੱਢ ਬੰਨਿਆ। ਉਸ ਮਗਰੋਂ ਮੁੱਖ ਭਾਸ਼ਣ ਲਈ ‘ਗਿਆਨ ਪ੍ਰਸਾਰ ਸਮਾਜ’ ਦੇ ਡਾ.ਅਵਤਾਰ ਨੇ ਆਪਣੀ ਗੱਲ ਰੱਖੀ। ਉਹਨਾਂ ਨੇ ਆਪਣੇ ਤਜੁਰਬੇ ਤੋਂ ਮਿਸਾਲਾਂ ਦੇ ਕੇ ਗੱਲਾਂ ਕੀਤੀਆਂ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਆਪਣੇ ਕੰਮ ਨੂੰ ਤਰਾਂ-ਤਰਾਂ ਦੇ ਰੋਚਕ ਢੰਗਾਂ-ਤਰੀਕਿਆਂ ਨਾਲ਼ ਕਰਨ ਦੀ ਲੋੜ ਹੈ, ਤਾਂ ਹੀ ਅਸੀਂ ਸਮਾਜ ਵਿੱਚ ਆਪਣਾ ਅਧਾਰ ਪੱਕਾ ਕਰ ਸਕਦੇ ਹਾਂ ਅਤੇ ਅਸਲੋਂ ਹੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗਾ ਬਣਾ ਸਕਦੇ ਹਾਂ। ਅੱਜ ਦੇ ਨੌਜਵਾਨਾਂ ਨੂੰ ਆਪਣੇ ਕੰਮ ਨੂੰ ਵਿਵਿਧਤਾ ਪੂਰਨ ਬਣਾਉਣ ਦੀ ਲੋੜ ਹੈ ਅਤੇ ਇਸ ਨੂੰ ਸਿਰਫ਼ ਧਰਨੇ-ਪ੍ਰਦਰਸ਼ਨਾਂ ਦੀ ਰਵਾਇਤੀ ਕਾਰਜ-ਪ੍ਰਣਾਲੀ ਤੋਂ ਅਗਾਂਹ ਉੱਠ ਕੇ ਹਰ ਢੰਗ-ਤਰੀਕੇ ਨਾਲ਼ ਲੋਕਾਂ ਦੀ ਅਗਵਾਈ ਹਾਸਲ ਕਰਨੀ ਚਾਹੀਦੀ ਹੈ।

ਇਸ ਮੁੱਖ ਭਾਸ਼ਣ ਤੋਂ ਬਾਅਦ ਸਭਾ ਦੀ ਜਥੇਬੰਦਕ ਰਿਪੋਰਟ ਸਾਥੀ ਕੁਲਵਿੰਦਰ ਨੇ ਪੜਦਿਆਂ ਸਭਾ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਥਾਂਵਾਂ ਉੱਤੇ ਕੀਤੇ ਜਾਂਦੇ ਅਤੇ ਹੋ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਰਿਪੋਰਟ ਤੋਂ ਮਗਰੋਂ ਹਾਲ ਵਿੱਚ ਮੌਜੂਦ ਨੁਮਾਇੰਦਿਆਂ ਦੇ ਸਵਾਲ ਆਏ ਜਿਹਨਾਂ ਉੱਪਰ ਸਾਥੀ ਕੁਲਵਿੰਦਰ ਨੇ ਸਪੱਸ਼ਟੀਕਰਨ ਦਿੱਤਾ ਅਤੇ ਨਾਲ਼ ਹੀ ਨੁਮਾਇੰਦਿਆਂ ਦੇ ਉਸਾਰੂ ਸੁਝਾਵਾਂ ਉੱਪਰ ਅਮਲ ਕਰਦਿਆਂ ਰਿਪੋਰਟ ਵਿੱਚ ਲੋੜੀਂਦੀਆਂ ਸੋਧਾਂ ਕਰਨ ਦੀ ਗੱਲ ਕੀਤੀ। ਇਸ ਤੋਂ ਬਾਅਦ ਸਭਾ ਦੀ ਸਮੁੱਚੀ ਵਿੱਤੀ ਰਿਪੋਰਟ ਸਾਥੀ ਰਵਿੰਦਰ ਵੱਲੋਂ ਪੇਸ਼ ਕੀਤੀ ਗਈ। ਇਸ ਰਿਪੋਰਟ ਤੋਂ ਬਾਅਦ ਸਮਾਜ ਵਿੱਚ ਕੰਮ ਕਰਦੀਆਂ ਹੋਰ ਭਰਾਤਰੀ ਜਥੇਬੰਦੀ ਵੱਲੋਂ ਨੌਭਾਸ ਦੇ ਇਸ ਪਹਿਲੇ ਇਜਲਾਸ ਲਈ ਵਧਾਈ ਸੁਨੇਹੇ ਵੀ ਆਏ। ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਤਰਫੋਂ ਆਏ ਵਧਾਈ ਸੁਨੇਹੇ ਨੂੰ ਸਾਥੀ ਗੁਰਪ੍ਰੀਤ, ਇਸਤਰੀ ਮਜ਼ਦੂਰ ਸੰਗਠਨ ਦੇ ਤਰਫ਼ੋਂ ਸਾਥੀ ਬਲਜੀਤ ਅਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖ਼ਾਨਾ ਮਜ਼ਦੂਰ ਯੂਨੀਅਨ ਦੇ ਤਰਫੋਂ ਸਾਥੀ ਰਾਜਵਿੰਦਰ ਨੇ ਇਹ ਸੁਨੇਹੇ ਪੜੇ। ਇਸ ਮਗਰੋਂ ਸੰਚਾਲਕ ਮਾਨਵ ਨੇ ਨੌਭਾਸ ਦੇ ਪੁਰਾਣੇ ਸਾਥੀਆਂ, ਸਾਥੀ ਗੁਰਪ੍ਰੀਤ ਅਤੇ ਸਾਥੀ ਬਲਜੀਤ ਨੂੰ ਨੌਭਾਸ ਦੇ ਤਰਫ਼ੋਂ ਵਿਦਾਇਗੀ ਦਿੱਤੀ ਅਤੇ ਉਹਨਾਂ ਵੱਲੋਂ ਸੰਭਾਲ਼ੀਆਂ ਜਾ ਰਹੀਆਂ ਨਵੀਆਂ ਜੁੰਮੇਂਵਾਰੀਆਂ ਲਈ ਸ਼ੁੱਭ-ਇਛਾਵਾਂ ਦਿੱਤੀਆਂ। ਇਸ ਤੋਂ ਬਾਅਦ ਹਾਲ ਵਿੱਚ ਹਾਜ਼ਰ ਨੁਮਾਇੰਦਿਆਂ ਦੀ ਪ੍ਰਵਾਨਗੀ ਨਾਲ਼ ਨੌਭਾਸ ਦੀ ਨਵੀਂ 7 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜੋ ਕਿ ਇਸ ਪ੍ਰਕਾਰ ਹੈ – ਲੁਧਿਆਣਾ ਤੋਂ ਸਾਥੀ ਰਵਿੰਦਰ, ਪੱਖੋਵਾਲ ਤੋਂ ਸਾਥੀ ਕੁਲਵਿੰਦਰ, ਬਠਿੰਡਾ ਤੋਂ ਸਾਥੀ ਛਿੰਦਰਪਾਲ, ਰੋੜੀਕਪੂਰਾ ਤੋਂ ਸਾਥੀ ਗੁਰਪ੍ਰੀਤ ਰੋੜੀਕਪੂਰਾ, ਚੰਡੀਗੜ ਤੋਂ ਸਾਥੀ ਮਾਨਵ, ਰਾਏਕੋਟ ਤੋਂ ਸਾਥੀ ਅਜੇਪਾਲ ਅਤੇ ਸੰਗਰੂਰ ਤੋਂ ਸਾਥੀ ਕੁਲਬੀਰ ਨੂੰ ਹਾਲ ਵਿੱਚ ਮੌਜੂਦ ਨੁਮਾਇੰਦਿਆਂ ਦੀ ਸਹਿਮਤੀ ਨਾਲ਼ ਸੂਬਾ ਕਮੇਟੀ ਵਿੱਚ ਚੁਣਿਆ ਗਿਆ। ਇਸ 7 ਮੈਂਬਰੀ ਕਮੇਟੀ ਵਿੱਚੋਂ ਸਾਥੀ ਕੁਲਵਿੰਦਰ ਨੂੰ ਨੌਭਾਸ ਦਾ ਸਕੱਤਰ ਅਤੇ ਸਾਥੀ ਰਵਿੰਦਰ ਨੂੰ ਖ਼ਜ਼ਾਨਚੀ ਦੇ ਅਹੁਦੇ ਲਈ ਚੁਣਿਆ ਗਿਆ। ਇਸ ਤੋਂ ਮਗਰੋਂ ਇਜਲਾਸ ਨੂੰ ਸਮਾਪਤੀ ਵੱਲ ਵਧਾਉਂਦਿਆਂ ਦਸਤਕ ਮੰਚ ਵੱਲੋਂ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ ਅਤੇ ਗੂੰਜਵੇਂ ਨਾਅਰਿਆਂ ਦੇ ਨਾਲ਼ ਇਸ ਇਜਲਾਸ ਦੀ ਸਮਾਪਤੀ ਕੀਤੀ ਗਈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements