ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 100 ਵੇਂ ਸ਼ਹਾਦਤ ਦਿਵਸ ‘ਤੇ ਪੱਖੋਵਾਲ ਅਤੇ ਨਮੋਲ ਵਿਖੇ ਬਾਲ ਮੇਲੇ ਦਾ ਆਯੋਜਨ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਇਹ ਚਰਚਾ ਵੀ ਆਮ ਹੀ ਸੁਣਨ ਵਿੱਚ ਆਉਂਦੀ ਹੈ ਕਿ ਬੱਚਿਆਂ ਦੇ ਬਸਤਿਆਂ ਦਾ ਭਾਰ ਬੱਚਿਆਂ ਤੋਂ ਵੀ ਜ਼ਿਆਦਾ ਹੈ। ਸਾਡੇ ਦੇਸ਼ ਦੀ ਸਿੱਖਿਆ-ਪ੍ਰਣਾਲੀ ਹੀ ਇੰਨੀ ਨਖਿੱਧ ਹੈ ਜੋ ਬੱਚਿਆਂ ਉੱਤੇ ਸਿਲੇਬਸ ਦਾ ਏਨਾਂ ਭਾਰ ਲੱਦ ਰਹੀ ਹੈ ਕਿ ਰਸਮੀ (ਸਕੂਲੀ) ਪੜ੍ਹਾਈ ਤੋਂ ਇਲਾਵਾ ਹੋਰ ਸਿਰਜਣਾਤਮਕ ਸਰਗਰਮੀਆਂ ਵਿੱਚ ਸ਼ਮੂਲੀਅਤ ਲਈ ਉਹਨਾਂ ਕੋਲ਼ ਸਮਾਂ ਹੀ ਨਹੀਂ ਛੱਡਦੀ। ਉਂਝ ਵੀ ਇਹ ਅਜਿਹੀ ਪੜ੍ਹਾਈ ਹੈ ਜੋ ਇਨਸਾਨ ਦੇ ਰੋਜ਼ਮਰ੍ਹਾ ਦੇ ਜੀਵਨ ਵਿੱਚ ਘੱਟ ਹੀ ਕੰਮ ਆਉਂਦੀ ਹੈ। ਇਹ ਪੜ੍ਹਾਈ ਵਿਹਾਰਕ ਜੀਵਨ ਤੋਂ ਨਿੱਖੜੀ ਹੋਈ ਹੈ। ਇਹ ਲਾਰਡ ਮੈਕਾਲੇ ਦੀ ਸਿੱਖਿਆ-ਪ੍ਰਣਾਲੀ ਦੀ ਹੀ ਲਗਾਤਾਰਤਾ ਹੈ, ਜੋ ਸਿਰਫ਼ ਇਸ ਦੇਸ਼ ਦੇ ਲੁਟੇਰੇ ਨਿਜ਼ਾਮ ਲਈ ਫ਼ਾਇਦੇਮੰਦ ਕੁੱਝ ਪੁਰਜ਼ੇ ਹੀ ਤਿਆਰ ਕਰ ਸਕਦੀ ਹੈ। ਮਾਨਸਿਕ ਅਤੇ ਸ਼ਰੀਰਕ ਤੌਰ ਤੇ ਸਿਹਤਮੰਦ ਨਾਗਰਿਕ ਤਿਆਰ ਕਰਨੇ ਇਸ ਸਿੱਖਿਆ-ਪ੍ਰਣਾਲੀ ਦਾ ਉਦੇਸ਼ ਹੀ ਨਹੀਂ ਹੈ। ਇਹ ਸਿੱਖਿਆ-ਪ੍ਰਣਾਲੀ ਬੱਚਿਆਂ ਦੇ ਵਿਅਕਤੀਤਵ ਦਾ ਚੌਤਰਫ਼ਾ ਵਿਕਾਸ ਨਹੀਂ ਹੋਣ ਦਿੰਦੀ। ਜਦੋਂ ਕਿ ਇਹ ਗੱਲ ਨਿਰਵਿਵਾਦ ਹੈ ਕਿ ਬੱਚੇ ਜਿੰਨਾ ਰਸਮੀ ਵਿੱਦਿਆ ਤੋਂ ਸਿੱਖਦੇ ਹਨ, ਓਨਾ ਹੀ ਗ਼ੈਰ-ਰਸਮੀ ਵਿੱਦਿਆ (ਸਕੂਲੀ ਪੜ੍ਹਾਈ ਤੋਂ ਇਲਾਵਾ ਹੋਰ ਸਿਰਜਣਾਤਮਕ ਸਰਗਰਮੀਆਂ) ਜ਼ਰੀਏ ਵੀ ਸਿੱਖਦੇ ਹਨ।

ਨੌਜਵਾਨ ਭਾਰਤ ਸਭਾ ਵੱਲੋਂ ਸੂਬੇ ਵਿੱਚ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਪਿੰਡ ਪੱਖੋਵਾਲ਼ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਬਾਲ ਮੇਲਾ’ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਮੇਲੇ ਵਿੱਚ ਸਕੂਲੀ ਬੱਚਿਆਂ ਦੇ ਭਾਸ਼ਣ, ਕਵਿਤਾ ਉਚਾਰਣ, ਲੇਖ-ਲਿਖਣ, ਚਿੱਤਰਕਲਾ, ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ। ਹਰ ਸਾਲ ਇਸ ਵਿੱਚ ਬੱਚਿਆਂ ਦੀ ਭਰਵੀਂ ਸ਼ਮੂਲੀਅਤ ਹੁੰਦੀ ਹੈ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਉਤਸ਼ਾਹ ਨੇ ਦਿਖਾ ਦਿੱਤਾ ਹੈ ਕਿ ਜੇਕਰ ਮੁੱਖ ਧਾਰਾ ਦੇ ਮੀਡੀਆ ਵੱਲੋਂ ਪ੍ਰਚਾਰੇ ਜਾ ਰਹੇ ਗਲ਼ੇ-ਸੜੇ ਸੱਭਿਆਚਾਰ ਦਾ ਕੋਈ ਬਦਲ ਬੱਚਿਆਂ ਨੂੰ ਦਿੱਤਾ ਜਾਵੇ ਤਾਂ ਉਹ ਉਸ ਵੱਲ ਵੀ ਪੂਰੀ ਰੁਚੀ ਦਿਖਾਉਂਦੇ ਹਨ। ਪਿਛਲੇ ਨੌਂ ਵਰ੍ਹਿਆਂ ਤੋਂ ਮਿਲ਼ੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਅਤੇ ਬੱਚਿਆਂ ਦੇ ਉਤਸ਼ਾਹ ਨੇ ਸਾਡਾ ਹੌਂਸਲਾ ਵਧਾਇਆ ਹੈ।

ਇਸ ਵਾਰ ਪਿੰਡ ਪੱਖੋਵਾਲ ਦਾ 10ਵਾਂ ‘ਬਾਲ ਮੇਲਾ’ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 100ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਕਰਕੇ ਮਿਤੀ 5, 6 ਅਤੇ 7 ਨਵੰਬਰ ਨੂੰ ਲੜਕੀਆਂ ਦੇ ਸਕੂਲ ਦੇ ਖੇਡ ਮੈਦਾਨ, ਪਿੰਡ ਪੱਖੋਵਾਲ਼ ਵਿਖੇ ਕਰਵਾਇਆ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੌਜਵਾਨ ਭਾਰਤ ਸਭਾ ਦੀ ਟੀਮ ਵੱਲੋਂ ਇਸ ਦੀ ਪੂਰੀ ਤਿਆਰੀ ਕਰਕੇ ਇਲਾਕੇ ਦੇ ਲਗਭਗ 180 ਸਕੂਲਾਂ ਵਿੱਚ ਬਾਕਾਇਦਾ ਰੂਪ ਵਿੱਚ ਸੱਦਾ ਪੱਤਰ ਭੇਜੇ ਗਏ। ‘ਬਾਲ ਮੇਲੇ’ ਦੇ ਪਹਿਲੇ ਦਿਨ ਮਿਡਲ ਅਤੇ ਸੈਕੰਡਰੀ ਸੈਕਸ਼ਨ ਦੇ ਬੱਚਿਆਂ ਦੇ ਭਾਸ਼ਣ ਤੇ ਲੇਖ-ਲਿਖਣ ਮੁਕਾਬਲੇ ਕਰਵਾਏ ਗਏ। ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਬੱਚਿਆਂ ਨੇ ਅਜ਼ੋਕੀ ਪੰਜਾਬੀ ਗਾਇਕੀ ਦਾ ਸਮਾਜ ‘ਤੇ ਪੈ ਰਿਹਾ ਪ੍ਰਭਾਵ, ਸਿੱਖਿਆ-ਪ੍ਰਣਾਲੀ ਵਿੱਚ ਹੋ ਰਿਹਾ ਭਗਵਾਂਕਰਨ ਕਿਉਂ ਤੇ ਕਿਵੇਂ, ਮਨੁੱਖੀ ਵਿਕਾਸ ਦੇ ਪੜਾਵਾਂ ਦਾ ਸਫ਼ਰ, ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਜੋਕੀ ਨੌਜਵਾਨ ਪੀੜ੍ਹੀ ਲਈ ਇੱਕ ਚਾਨਣ-ਮੁਨਾਰਾ ਕਿਵੇਂ?, ਔਰਤ-ਮਰਦ ਅਸਮਾਨਤਾ ਬਾਰੇ, ਬੱਚਿਓ ਤੁਸੀਂ ਕਿਹੋ-ਜਿਹਾ ਅਧਿਆਪਕ ਲੋਚਦੇ ਹੋ?, ਬਾਲ-ਮਜ਼ਦੂਰੀ, ਲੋਕਾਂ ਨੂੰ ਧਰਤੀ ਦੀ ਸ਼ਕਲ ਦਾ ਕਿਵੇਂ ਪਤਾ ਲੱਗਿਆ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗਦਰੀ ਸੂਰਬੀਰਾਂ ਵਿੱਚੋਂ ਕਿਸੇ ਇੱਕ ਦਾ ਜੀਵਨ ਅਤੇ ਸਖ਼ਸ਼ੀਅਤ, ਤੁਹਾਨੂੰ ਕਿਹੜੀ ਕਿਤਾਬ ਚੰਗੀ ਲੱਗਦੀ ਹੈ-ਜਿਸ ਨੇ ਤੁਹਾਡੇ ਜੀਵਨ ਨੂੰ ਨਵਾਂ ਰਾਹ ਦਿੱਤਾ ਹੈ ਅਤੇ ਕਿਵੇਂ? ਆਦਿ ਵਿਸ਼ਿਆਂ ਤੇ ਆਪਣੇ ਭਾਸ਼ਣ ਦਿੱਤੇ ਅਤੇ ਲੇਖ ਲਿਖੇ। ਪਹਿਲੇ ਦਿਨ ਦੇ ਮੁਕਾਬਲਿਆਂ ਦੀ ਜੱਜਮੈਂਟ ਦੀ ਜ਼ਿੰਮੇਵਾਰੀ ਪ੍ਰੋਫੈਸਰ ਕੁਲਦੀਪ ਯਾਦਵਿੰਦਰਾ ਰਿਜ਼ਨਲ ਇੰਜੀਨੀਅਰਿੰਗ ਕਾਲਜ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਅਤੇ ਪ੍ਰੋਫੈਸਰ ਜਸਮੀਤ ਹੋਰਾਂ ਨੇ ਨਿਭਾਈ। ਇਸ ਦਿਨ ਸਿਰਸਾ ਤੋਂ ਮੁੱਖ ਮਹਿਮਾਨ ਵਜੋਂ ਪੁੱਜੇ ਡਾਕਟਰ ਸੁਖਦੇਵ ਹੁੰਦਲ ਨੇ ਬੱਚਿਆਂ, ਅਧਿਆਪਕਾਂ ਅਤੇ ਦਰਸ਼ਕਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਮਾਏਦਾਰੀ ਬੱਚਿਆਂ ਨੂੰ ਆਪਣੇ ਤਰੀਕੇ ਨਾਲ਼ ਢਾਲ਼ਣਾ ਚਾਹੁੰਦੀ ਹੈ ਸਿੱਖਿਆ-ਪ੍ਰਣਾਲੀ ਅਤੇ ਘਰ-ਪਰਿਵਾਰ ਵੀ ਸਰਮਾਏਦਾਰੀ ਦੀਆਂ ਹੀ ਸੰਸਥਾਵਾਂ ਹਨ। ਇਹਨਾਂ ਸੰਸਥਾਵਾਂ ਦਾ ਬੱਚਿਆਂ ਨੂੰ ਆਪਣੇ ਮੁਤਾਬਿਕ ਢਾਲ਼ਣ ਲਈ ਹਰ ਸਮੇਂ ਉਨ੍ਹਾਂ ਉੱਤੇ ਚੌਤਰਫ਼ਾ ਹਮਲਾ ਹੋ ਰਿਹਾ ਹੈ। ਅਜੇਹੇ ਹਾਲਾਤਾਂ ਦੇ ਚੱਲਦੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਦਾ ਲਗਾਤਾਰ ਅਤੇ ਥਾਂ ਪੁਰ ਥਾਂ ਹੋਣਾ ਜ਼ਰੂਰੀ ਹੈ। ਉਹਨਾਂ ਨੇ ਨੌਭਾਸ ਦੀ ਟੀਮ ਨੂੰ ਇਹਨਾਂ ਯਤਨਾਂ ਲਈ ਵਧਾਈ ਵੀ ਦਿੱਤੀ।

‘ਬਾਲ ਮੇਲਾ’ ਦੇ ਦੂਜੇ ਦਿਨ ਪ੍ਰਾਇਮਰੀ ਅਤੇ ਮਿਡਲ ਸੈਕਸ਼ਨ ਦੇ ਬੱਚਿਆਂ ਦੇ ਕਵਿਤਾ ਉਚਾਰਣ ਅਤੇ ਚਿੱਤਰਕਲਾ ਦੇ ਮੁਕਾਬਲੇ ਕਰਵਾਏ ਗਏ। ਇਸ ਦਿਨ ਕਵਿਤਾ ਉਚਾਰਣ ਮੁਕਾਬਲਿਆਂ ਦੀ ਜੱਜਮੈਂਟ ਦੀ ਜ਼ਿੰਮੇਵਾਰੀ ਪ੍ਰੋਫੈਸਰ ਗੁਰਜੀਤ ਸਿੰਘ ਅੱਡਾ ਦਾਖਾ, ਪੰਜਾਬੀ ਦੇ ਅਗਾਂਹਵਧੂ ਕਵੀ ਰਾਜਵਿੰਦਰ ਮੀਰ ਅਤੇ ਪੰਜਾਬੀ ਕਵੀ ਸਵਜੀਤ ਨੇ ਨਿਭਾਈ। ਇਸ ਵਾਰ ਵੀ ਪਿਛਲੇ ਸਾਲ ਦੀ ਤਰ੍ਹਾਂ ਹੀ ਇਹਨਾਂ ਮੁਕਾਬਲਿਆਂ ਨੂੰ ਕਿਸੇ ਵੀ ਜਾਤ, ਧਰਮ, ਨਸਲ ਫਿਰਕੇ ਦੀ ਵਡਿਆਈ ਜਾਂ ਨਿੰਦਾ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਪੇਸ਼ਕਾਰੀ ਲਈ ਖੁੱਲ੍ਹਾ ਰੱਖਿਆ ਗਿਆ ਸੀ। ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਵੱਲੋਂ ਅਲੱਗ-ਅਲੱਗ ਸਮਾਜਕ ਸਰੋਕਾਰਾਂ ਨੂੰ ਛੂਹਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ।

‘ਬਾਲ ਮੇਲੇ’ ਦੇ ਤੀਜੇ ਅਤੇ ਆਖ਼ਰੀ ਦਿਨ ਦੀ ਸ਼ੁਰੂਆਤ ਸੈਕੰਡਰੀ ਸੈਕਸ਼ਨ ਦੇ ਬੱਚਿਆਂ ਦੇ ਕਵਿਤਾ ਉਚਾਰਣ ਮੁਕਾਬਲਿਆਂ ਦੇ ਨਾਲ਼ ਹੋਈ। ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਜੀ.ਐੱਚ.ਜੀ. ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦੇ ਪ੍ਰੋਫੈਸਰ ਰੁਪਿੰਦਰ ਕੌਰ, ਅਵਤਾਰ ਸਿੰਘ (ਡਾ.) ਚੇਅਰਮੈਨ ਗੁਰੂ ਤੇਗ ਬਹਾਦਰ ਕਾਲਜ ਮਾਨਸਾ ਅਤੇ ਪ੍ਰੋਫੈਸਰ ਸੁਖਵਿੰਦਰ ਨੇ ਕੀਤੀ। ਇਸ ਤੋਂ ਬਾਅਦ ਸੈਕੰਡਰੀ ਸੈਕਸ਼ਨ ਦੇ ਬੱਚਿਆਂ ਦੇ ਕੁਇਜ਼ ਮੁਕਾਬਲੇ ਹੋਏ, ਜਿਸ ਵਿੱਚ ਬੱਚਿਆਂ ਤੋਂ 1857 (ਭਾਰਤ ਦੀ ਅਜ਼ਾਦੀ ਦੀ ਪਹਿਲੀ ਲੜਾਈ) ਤੋਂ ਲੈ ਕੇ 1919 ਜਾਣੀ ਗਦਰ ਪਾਰਟੀ ਤੱਕ ਦੇ ਇਸ ਮਹਾਨ ਇਨਕਲਾਬੀ ਕਾਲ ਖੰਡ ਤੇ ਸਵਾਲ ਪੁੱਛੇ ਗਏ, ਤੇ ਬੱਚਿਆਂ ਨੇ ਬਹੁਤ ਹੀ ਆਤਮ ਵਿਸ਼ਵਾਸ ਨਾਲ਼ ਸਵਾਲਾਂ ਦੇ ਜਵਾਬ ਦਿੱਤੇ। ਇਸ ਦਿਨ ਮੁੱਖ ਬੁਲਾਰੇ ਵਜੋਂ ਕਾਮਰੇਡ ਕਸ਼ਮੀਰ ਨੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਅਗਾਂਹਵਧੂ ਤੇ ਵਿਗਿਆਨ ਨਾਲ਼ ਲੈਸ ਵਿਚਾਰਾਂ ਨਾਲ਼ ਅੱਜ ਦੇ ਪਿਛਾਂਹ-ਖਿੱਚੂ ਸੱਭਿਆਚਾਰ ਤੇ ਅੱਜ ਦੇ ਸਮੇਂ ਸਮਾਜ ਵਿੱਚ ਫ਼ੈਲੇ ਫਿਰਕੂ ਮਹੌਲ ਤੇ ਚੋਟਾਂ ਕੀਤੀਆਂ। ਫਿਰ ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਦੇ ਸਾਥੀਆਂ ਅਤੇ ਪਿੰਡ ਦੀ ‘ਬਾਲ ਸਭਾ’ ਦੇ ਬੱਚਿਆਂ ਨੇ ਇਨਕਲਾਬੀ ਗੀਤ ਅਤੇ ਨਾਟਕ ਪੇਸ਼ ਕੀਤੇ।

ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ ਵਿਖੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਸ਼ਤਾਬਦੀ ਮੌਕੇ ਪਹਿਲੇ ਬਾਲ ਮੇਲੇ ਦਾ ਆਗਾਜ਼ ਕੀਤਾ ਗਿਆ। ਇਸ ਬਾਲ ਮੇਲੇ ਲਈ 100 ਤੋਂ ਵੱਧ ਸਕੂਲਾਂ ਨੂੰ ਸੱਦਾ ਦਿੱਤਾ ਗਿਆ ਸੀ। 20-21 ਨਵੰਬਰ ਨੂੰ ਹੋਏ ਇਸ ਦੋ ਦਿਨਾਂ ਬਾਲ ਮੇਲੇ ਵਿੱਚ 40 ਦੇ ਕਰੀਬ ਸਕੂਲਾਂ ਦੇ 270 ਬੱਚਿਆਂ ਨੇ ਭਾਗ ਲਿਆ। ਬਾਲ ਮੇਲੇ ਦੇ ਪਹਿਲੇ ਦਿਨ ਭਾਸ਼ਣ ਮੁਕਾਬਲਾ ਤੇ ਲੇਖ ਮੁਕਾਬਲਾ ਕਰਵਾਏ ਗਏ। ਭਾਸ਼ਣ ਮੁਕਾਬਲਿਆਂ ਲਈ ਪ੍ਰਾਇਮਰੀ ਅਧਿਆਪਕ ਜਸਵੀਰ ਅਤੇ ਗਿਆਨ ਪ੍ਰਸਾਰ ਸਮਾਜ ਦੇ ਸੂਬਾ ਕਮੇਟੀ ਮੈਂਬਰਸ ਮੈਂਬਰ ਪ੍ਰੋ. ਕੁਲਦੀਪ ਬਤੌਰ ਜੱਜ ਪਹੁੰਚੇ ਅਤੇ ਬਲਬੀਰ ਚੰਦ ਲੌਂਗੋਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੂਸਰੇ ਦਿਨ ਹੋਏ ਕਵਿਤਾ ਮੁਕਾਬਲਿਆਂ ਵਿੱਚ ਡਾ. ਅਵਤਾਰ, ਰਾਜਵਿੰਦਰ ਮੀਰ ਅਤੇ ਕਵਿੱਤਰੀ ਨੀਤੂ ਅਰੋੜਾ ਨੇ ਜੱਜਾਂ ਦੀ ਜਿੰਮੇਵਾਰੀ ਨਿਭਾਈ ਅਤੇ ਚਿੱਤਰਕਲਾ ਮੁਕਾਬਲਿਆਂ ਲਈ ਪ੍ਰੇਮ ਸਰੂਪ ਛਾਜਲੀ ਨੇ  ਜੱਜਮੈਂਟ ਕੀਤੀ। ਦੂਸਰੇ ਦਿਨ ਪੰਜਾਬੀ ਯੂਨੀਵਰਸਿਟੀ ਤੋਂ ਭਾਸ਼ਾ ਵਿਗਿਆਨੀ ਤੇ ਪ੍ਰੋਫੈਸਰ ਡਾ. ਜੋਗਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਇਸ ਮੌਕੇ ਉਹਨਾਂ ਨੇ ਬੱਚਿਆਂ ਨਾਲ਼ ਮਾਤ-ਭਾਸ਼ਾ ਦੇ ਮਹੱਤਵ ਉੱਪਰ ਗੱਲਾਂ ਵੀ ਕੀਤੀਆਂ। ਇਸ ਮੌਕੇ ਇੱਕ ਵਿਸ਼ੇਸ਼ ਦਰਸ਼ਨੀ ਗੈਲਰੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿਸਨੂੰ ਪਹੁੰਚਣ ਵਾਲੇ ਸਭ ਵਿਦਿਆਰਥੀਆਂ, ਅਧਿਆਪਕਾਂ ਤੇ ਮਹਿਮਾਨਾਂ ਨੇ ਪਸੰਦ ਕੀਤਾ। ਇਸ ਬਾਲ ਮੇਲੇ ਵਿੱਚ ਭਾਗ ਲੈਣ ਵਾਲ਼ੇ ਸਭ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਦਿੱਤੇ ਗਏ ਅਤੇ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ਹੀਦ ਕਰਾਤਾਰ ਸਿੰਘ ਸਰਾਭਾ ਦੇ ਪੋਰਟਰੇਟ ਦਿੱਤੇ ਗਏ।

ਇਸ ਤਰ੍ਹਾਂ ਦੋਵਾਂ ਥਾਈਂ ਇਹ ਬਾਲ ਮੇਲੇ ਭਰਵੀਂ ਸਮੂਲੀਅਤ ਨਾਲ਼ ਹੁੰਦੇ ਹੋਏ ਨੇਪਰੇ ਚੜੇ। ਇਹਨਾਂ ਬਾਲ ਮੇਲਿਆਂ ਵਿੱਚ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਬੱਚਿਆਂ ਨੇ ਭਰਵੀਂ ਸ਼ਮੂਲੀਅਤ ਕਰਦੇ ਹੋਏ ਸਾਡੇ ਇਨਕਲਾਬੀ ਵਿਰਸੇ, ਸਮਾਜਕ ਸਰੋਕਾਰਾਂ ਅਤੇ ਸਮਾਜਕ ਸਮੱਸਿਆਵਾਂ ਦੇ ਹਰ ਸੰਜੀਦਾ ਅਤੇ ਬਾਰੀਕ ਪਹਿਲੂ ਨੂੰ ਛੋਹਿਆ ਅਤੇ ਹੈਰਾਨ ਕਰ ਦੇਣ ਵਾਲ਼ੀ ਊਰਜਾ ਤੇ ਜਜ਼ਬੇ ਨਾਲ਼ ਇਹਨਾਂ ਵਿਸ਼ਿਆਂ ਤੇ ਆਪਣੀ ਸਮਝ ਨੂੰ ਪ੍ਰਗਟ ਕੀਤਾ। ਜਿਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਜੇ ਸਾਡੇ ਨੌਜਵਾਨਾਂ ਤੇ ਬੱਚਿਆਂ ਦੀ ਸੋਚ ਨੂੰ ਸਹੀ ਸੇਧ ਦਿੱਤੀ ਜਾਵੇ ਤਾਂ ਉਹ ਪੂਰੀ ਸੰਜ਼ੀਦਗੀ ਨਾਲ਼ ਉਹਨਾਂ ਅਗਾਂਹਵਧੂ ਤੇ ਇਨਕਲਾਬੀ ਵਿਚਾਰਾਂ ਨੂੰ ਆਤਮਸਾਤ ਵੀ ਕਰ ਸਕਦੇ ਹਨ ਅਤੇ ਇੱਕ ਚੰਗੇ ਇਨਸਾਨ ਹੀ ਨਹੀਂ ਸਗੋਂ ਇੱਕ ਅਜਿਹੀ ਸ਼ਕਤੀ ਬਣ ਸਕਦੇ ਹਨ ਜੋ ਕਿ ਤਰ੍ਹਾਂ-ਤਰ੍ਹਾਂ ਦੀਆਂ ਸਮਾਜਕ ਸਮੱਸਿਆਵਾਂ ਨਾਲ਼ ਗ੍ਰਸਤ ਇਸ ਸਮਾਜ ਨੂੰ ਬਦਲ ਕੇ ਮਨੁੱਖ ਦੇ ਰਹਿਣ ਲਾਇਕ ਸਮਾਜ ਦੀ ਸਿਰਜਣਾ ਕਰ ਦੇਵੇਗੀ। ਇਸ ਤਰ੍ਹਾਂ ਇਹ ਬਾਲ ਮੇਲੇ ਬੱਚਿਆਂ ਨੂੰ ਇਨਕਲਾਬੀ ਵਿਰਾਸਤ, ਸਮਾਜਿਕ ਸਰੋਕਾਰਾਂ ਅਤੇ ਉਸਾਰੂ ਸਾਹਿਤ ਨਾਲ਼ ਜੋੜਨ ਦੇ ਆਪਣੇ ਮਕਸਦ ਨੂੰ ਹੋਰ ਅੱਗੇ ਤੋਰਦਿਆਂ ਬਹੁਤ ਸਾਰੀਆਂ ਨਵੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੇ ਹੋਏ ਸਮਾਪਤ ਹੋ ਗਏ।

•ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ