ਨੌਜਵਾਨ ਭਾਰਤ ਸਭਾ ਇਕਾਈ ਨਮੋਲ ਨੇ ਕਰਵਾਇਆ ਚੌਥਾ ਬਾਲ ਮੇਲਾ 

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੌਜਵਾਨ ਭਾਰਤ ਸਭਾ ਦੀ ਇਕਾਈ ਨਮੋਲ (ਸੰਗਰੂਰ) ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਦੋ ਦਿਨਾਂ ਚੌਥੇ ਬਾਲ ਮੇਲੇ ਦਾ ਆਯੋਜਨ 30 ਨਵੰਬਰ ਤੇ 1 ਦਸੰਬਰ ਨੂੰ ਕੀਤਾ ਗਿਆ। ਬਾਲ ਮੇਲੇ ਵਿੱਚ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ, ਲੇਖ ਮੁਕਾਬਲੇ, ਚਿੱਤਰਕਲਾ ਮੁਕਾਬਲੇ ਅਤੇ ਕਵਿਤਾ ਉਚਾਰਣ ਮੁਕਾਬਲਿਆਂ ਰਾਹੀਂ ਉਨ੍ਹਾਂ ਨੂੰ ਇਨਕਲਾਬੀ ਵਿਰਾਸਤ ਨਾਲ਼ ਜਾਣੂ ਕਰਵਾਉਣ, ਸਮਾਜ ਦੇ ਸੰਵੇਦਨਸ਼ੀਲ ਮੁੱਦਿਆਂ ਉੱਪਰ ਸੋਚਣ ਲਾਉਣ, ਉਹਨਾਂ ਦੀ ਰਚਨਾਤਮਕ ਸਮਰੱਥਾ ਨੂੰ ਪ੍ਰਫੁੱਲਿਤ ਕਰਕੇ ਅਤੇ ਉਹਨਾਂ ਨੂੰ ਪੁਸਤਕ ਸੱਭਿਆਚਾਰ ਨਾਲ਼ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ। ਇਸ ਵਾਰ ਬਾਲ ਮੇਲੇ ਵਿੱਚ 270 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। 

ਬਾਲ ਮੇਲੇ ਦੇ ਪਹਿਲੇ ਦਿਨ ਵਿਦਿਆਰਥੀਆਂ ਦੇ ਭਾਸ਼ਣ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ਼ ਮੁਕਾਬਲਿਆਂ ’ਚ ਹਿੱਸਾ ਲਿਆ। ਪਹਿਲੇ ਦਿਨ ਦਾ ਪ੍ਰੋਗਰਾਮ ਸ਼ੁਰੂ ਹੋਣ ਸਮੇਂ ਨੌਭਾਸ ਦੇ ਇਕਾਈ ਕਨਵੀਨਰ ਕੁਲਵੀਰ ਨੇ ਬਾਲ ਮੇਲੇ ਜਰੀਏ ਨੌਭਾਸ ਦੇ ਮਕਸਦ ਬਾਰੇ ਦੱਸਿਆ ਅਤੇ ਮੇਲੇ ਵਿੱਚ ਪਹੁੰਚੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਮੁਕਾਬਲੇ ਲਈ ਸਮਾਜਿਕ ਕਾਰਕੁੰਨ ਤਜਿੰਦਰ ਅਤੇ ਐਡਵੋਕਟ ਜਸਵੀਰ ਭੁਮਸੀ ਨੇ ਜੱਜ ਦੀ ਭੂਮਿਕਾ ਨਿਭਾਈ। ਉਹਨਾਂ ਬੱਚਿਆਂ ਦੇ ਇਸ ਉਤਸ਼ਾਹ ਤੇ ਨੌਭਾਸ ਦੇ ਇਸ ਉਪਰਾਲੇ ਉੱਪਰ ਖੁਸ਼ੀ ਪ੍ਰਗਟ ਕਰਦਿਆਂ ਬੱਚਿਆਂ ਨੂੰ ਇਹਨਾਂ ਅਗਾਂਹਵਧੂ ਵਿਚਾਰਾਂ ਨੂੰ ਰਟਣ ਦੀ ਥਾਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣ ਦਾ ਸੁਨੇਹਾ ਦਿੱਤਾ।

ਦੂਜਾ ਦਿਨ ਕਵਿਤਾ ਉਚਾਰਣ ਮੁਕਾਬਲਾ ਅਤੇ ਚਿੱਤਰਕਲਾ ਮੁਕਾਬਲੇ ਨਾਲ਼ ਸ਼ੁਰੂ ਹੋਇਆ। ਕਵਿਤਾ ਉਚਾਰਣ ਦੇ ਮੁਕਾਬਲਿਆਂ ਦੌਰਾਨ ਬੱਚਿਆਂ, ਖਾਸ ਕਰਕੇ ਪ੍ਰਾਇਮਰੀ ਸੈਕਸ਼ਨ ਦੇ ਬੱਚਿਆਂ ਦੀ ਮਸੂਮੀਅਤ ਅਤੇ ਉਨ੍ਹਾਂ ਦੇ ਬੋਲਾਂ ਨੇ ਸ੍ਰੋਤਿਆਂ ਨੂੰ ਬੈਠਣ ਲਈ ਮਜ਼ਬੂਰ ਕਰੀ ਰੱਖਿਆ। ਇਸ ਮੁਕਾਬਲੇ ਲਈ ਅਧਿਆਪਕ ਤੇ ਨਾਟਕਕਾਰ ਅਮਰੀਕ ਗਾਗਾ, ਰੰਗਕਰਮੀ ਤੇ ਲੈਕਚਰਾਰ ਸ਼ਿਵ ਸਿੰਘ ਅਤੇ ਚਰਨਜੀਤ ਪਵਟਾਰੀ ਨੇ ਜੱਜ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਚਿੱਤਰਕਲਾ ਮੁਕਾਬਲਿਆਂ ਲਈ ਖਾਲਸਾ ਕਾਲਜ ਪਟਿਆਲਾ ਤੋਂ ਫਾਈਨਆਰਟ ਵਿਭਾਗ ਮੁਖੀ ਕਿਰਨਪ੍ਰੀਤ ਕੌਰ ਬਤੌਰ ਜੱਜ ਸ਼ਾਮਲ ਹੋਏ। ਇਹਨਾਂ ਸਾਰੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲ਼ੇ ਸਾਰੇ ਬੱਚਿਆਂ ਨੂੰ ਕਿਤਾਬਾਂ ਦੇ ਸੈੱਟ ਭੇਂਟ ਕੀਤੇ ਗਏ ਤੇ ਪਹਿਲੇ ਸਥਾਨ ਹਾਸਲ ਕਰਨ ਵਾਲ਼ੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਵੰਡੇ ਗਏ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਚੀਮਾਂ ਵੱਲੋਂ ਕੋਰੀਓਗ੍ਰਾਫੀ ਤੇ ਨੌਜਵਾਨ ਭਾਰਤ ਸਭਾ ਇਕਾਈ ਚੰਮਾਲੀਵਾਲਾ ਦੇ ਕਾਰਕੁੰਨਾਂ ਨੇ ਨਾਟਕ ਪੇਸ਼ ਕੀਤਾ।

•ਪੱਤਰਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 21, 16 ਤੋਂ 31 ਦਸੰਬਰ 2018 ਵਿੱਚ ਪ੍ਰਕਾਸ਼ਿਤ