ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਮੁਹਿੰਮ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਨਕਲਾਬੀ ਸ਼ਹੀਦਾਂ ਦੇ ਦਿਨ ਮਨਾਉਣਾ ਕੋਈ ਰਸਮੀ ਕਾਰਵਾਈ ਨਹੀਂ ਹੁੰਦੀ ਇਹ ਸਗੋਂ ਇਨਕਲਾਬੀ ਵਿਰਾਸਤ ਨੂੰ ਲੋਕਾਂ ਦੇ ਚੇਤਿਆਂ ‘ਚ ਮੁੜ ਤਾਜਾ ਕਰਨ ਦਾ ਜ਼ਰੀਆ ਹੁੰਦਾ ਹੈ। ਇਹ ਲੋਕਾਂ ਦੇ ਮਨਾਂ ‘ਚ ਉਹਨਾਂ ਦੇ ਅਸਲ ਨਾਇਕ ਉਭਾਰਨ ਤੇ ਉਹਨਾਂ ਦੇ ਵਿਚਾਰਾਂ ਨੂੰ ਲੋਕਾਂ ਵਿੱਚ ਫੈਲਾਉਣ ਦਾ ਸਾਧਨ ਹੁੰਦੇ ਹਨ। ਹਰ ਦਿਨ, ਤਿਉਹਾਰ ਦੇ ਆਪਣੇ ਪ੍ਰਤੀਕ ਅਤੇ ਉਦੇਸ਼ ਹੁੰਦੇ ਹਨ, ਜਿੱਥੇ ਜ਼ਿਆਦਾਤਰ ਪ੍ਰਚੱਲਿਤ ਤਿਉਹਾਰ ਲੋਕ ਮਨਾਂ ਨੂੰ ਧਾਰਮਿਕ ਮਿੱਥਾਂ ਨਾਲ਼ ਜੋੜਨ, ਉਹਨਾਂ ਦੇ ਚਿੰਤਨ ਨੂੰ ਖੁੰਢੇ ਕਰਨ ਤੇ ਉਹਨਾਂ ਨੂੰ ਮਹਿਜ਼ ਮੰਡੀ ਦੇ ਚੰਗੇ ਖਰੀਦਾਰ ਬਣਾਉਣ ਤੱਕ ਸੀਮਤ ਕਰਦੇ ਹਨ ਉੱਥੇ ਇਨਕਲਾਬੀ ਸ਼ਹੀਦਾਂ ਦੇ ਦਿਨ ਮਨਾਉਣਾ ਲੋਕਾਂ ਨੂੰ ਆਪਣੀ ਅਸਲ ਇਨਕਲਾਬੀ ਵਿਰਾਸਤ, ਅਗਾਂਹਵਧੂ ਵਿਚਾਰਾਂ ਤੇ ਅਲੋਚਨਾਤਮਕ ਚਿੰਤਨ ਨਾਲ਼ ਜੋੜਨ ਤੇ ਉਹਨਾਂ ਨੂੰ ਕਿਰਤ ਦੀ ਲੁੱਟ ਦੇ ਖਾਤਮੇ ਦੀ ਪ੍ਰੇਰਣਾ ਤੇ ਸੁਨੇਹਾ ਦਿੰਦੇ ਹਨ। ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਪੀਐੱਸਯੂ (ਲਲਕਾਰ) ਤੇ ਨੌਜਵਾਨ ਭਾਰਤ ਸਭਾ ਨੇ  ਸ਼ਹੀਦ ਭਗਤ ਸਿੰਘ ਦੇ 109ਵੇਂ ਜਨਮਦਿਨ ਮੌਕੇ 30 ਸਤੰਬਰ ਤੱਕ ਸੂਬੇ ਦੇ ਵੱਖ-ਵੱਖ ਇਲਾਕਿਆਂ, ਪਿੰਡਾਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ ਪਰਚਾ, ਪੋਸਟਰ, ਨਾਟਕ, ਗੀਤ, ਨੁੱਕੜ ਸਭਾਵਾਂ, ਮਾਰਚ, ਫਿਲਮ ਸ਼ੋਅ, ਵਿਚਾਰ-ਚਰਚਾ ਤੇ ਪੁਸਤਕ ਪ੍ਰਦਰਸ਼ਨੀਆਂ ਆਦਿ ਰੂਪਾਂ ‘ਚ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦਾ ਸੁਨੇਹਾਂ ਲੋਕਾਂ ਤੱਕ ਪਹੁੰਚਾਇਆ ਗਿਆ।

ਸਿਰਸਾ – ਨੌਜਵਾਨ ਭਾਰਤ ਸਭਾ , ਜ਼ਿਲ੍ਹਾ ਕਮੇਟੀ ਸਿਰਸਾ ਵਲੋਂ ਇਸ ਮੁਹਿੰਮ ਦੇ ਤਹਿਤ ਸਿਰਸਾ ਜ਼ਿਲ੍ਹੇ ਦੀਆਂ ਕਈ ਵਿੱਦਿਅਕ ਸੰਸਥਾਵਾਂ, ਸਿਰਸਾ ਸ਼ਹਿਰ, ਕਾਲਿਆਂਵਾਲੀ, ਰਾਣੀਆਂ ਸਮੇਤ ਜਿਲੇ ਦੇ 80 ਪਿੰਡਾਂ ਵਿੱਚ ਸਾਥੀਆਂ ਵੱਲੋਂ ਪੂਰੇ ਜੋਸ਼ ਨਾਲ ਨੁੱਕੜ ਸਭਾਵਾਂ ਕੀਤੀਆਂ ਗਈਆਂ  ਪਰਚੇ ਵੰਡੇ ਗਏ, ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਆਧਾਰਿਤ ਫਿਲਮ-ਸ਼ੋ ਕੀਤੇ ਗਏ ਅਤੇ ਪੋਸਟਰ ਲਾਏ ਗਏ।        

ਔਢਾਂ ਅਤੇ ਸੰਤ ਨਗਰ ਤੋਂ ਸ਼ੁਰੂ ਹੋ ਕੇ ਸਿਰਸਾ ਤੱਕ ਵਿਸ਼ਾਲ ਮੋਟਰ ਸਾਈਕਲ ਮਾਰਚ ਕੀਤਾ ਗਿਆ। ਮਾਰਚ ਵਿੱਚ ਸ਼ਾਮਲ ਹੋਏ ਨੌਜਵਾਨਾਂ ਦਾ ਇੱਕ ਕਾਫਲਾ ਔਢਾਂ ਤੋਂ ਸਵੇਰੇ 9 ਵਜੇ ਚੱਲਿਆ ਅਤੇ ਜਲਾਲਆਂਣਾ, ਜਗਮਾਲਵਾਲੀ, ਕਾਲਿਆਂਵਾਲੀ, ਲੱਕੜਾਂਵਾਲੀ, ਦੌਲਤਪੁਰ… ਖੇੜਾ, ਵੀਰੂਵਾਲਾ ਗੁੜਾ, ਬੜਾ ਗੁੜਾ, ਛਤਰੀਆਂ, ਸਾਹੂ ਵਾਲਾ, ਆਦਿ ਪਿੰਡਾਂ ਵਿੱਚ ਸਭਾਵਾਂ ਕਰਦਾ ਹੋਇਆ ਸਿਰਸਾ ਪਹੁੰਚਿਆ । ਦੂਸਰਾ ਕਾਫਲਾ ਸੰਤ ਨਗਰ ਤੋਂ ਚਲਕੇ ਦਮਦਮਾਂ, ਹਾਰਨੀਆਂ, ਅੰਮ੍ਰਿਤਸਰੀਆਂ ਦਾ ਖੂਹ, ਜੀਵਨ ਨਗਰ, ਨਕੌੜਾ, ਭੜੋਲਿਆਂ ਵਾਲੀ, ਕੁੱਸਰ, ਰਾਣੀਆਂ ਆਦਿ ਥਾਂਵਾਂ ਤੇ ਸਭਾਂਵਾਂ ਕਰਦਾ ਹੋਇਆ ਸਿਰਸਾ ਪਹੁੰਚਿਆ। ਮਾਰਚ ਦੇ ਸਿਰਸਾ ਪਹੁੰਚਣ ਤੇ ਚੌਟਾਲਾ ਹਾਊਸ ਦੇ ਸਾਹਮਣੇ ਵਾਲੇ ਪਾਰਕ ਵਿੱਚ ਰੈਲੀ ਕੀਤੀ ਗਈ , ਜਿਸ ਵਿੱਚ ਸਕੂਲਾਂ, ਕਾਲਜਾਂ ਦੇ ਵਿਦਿਆਰਥਅ ਤੇ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ‘ਸ਼ਹੀਦ ਭਗਤ ਸਿੰਘ ਸਕੂਲ ਆਫ ਸੋਸ਼ਲ ਸਾਇੰਸਜ਼’ ਦੇ ਡਾਕਟਰ ਸੁਖਦੇਵ ਹੁੰਦਲ ਨੇ 1857 ਤੋਂ ਲੈ ਕੇ ਚੱਲੀ ਆਜ਼ਾਦੀ ਲਹਿਰ ਦੇ ਇਤਿਹਾਸ ਬਾਰੇ ਵਿਸਥਾਰ ਨਾਲ਼ ਚਰਚਾ ਕੀਤੀ।

ਨੌਭਾਸ ਇਲਾਕਾ ਇਕਾਈ ਸਿਰਸਾ ਦੁਆਰਾ ਚਲਾਈ  ਸ਼ਹੀਦ ਯਾਦਗਾਰੀ ਮੁਹਿੰਮ ਤਹਿਤ ਪਿੰਡ ਦਮਦਮਾ ਵਿਖੇ ਫਿਲਮ-ਸ਼ੋਅ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਗੋਹਰ ਰਜ਼ਾ ਦੀ ਦਸਤਾਵੇਜੀ ਫਿਲਮ ‘ਇਨਕਲਾਬ’ ਵਿਖਾਈ ਗਈ. ਜਿਸ ਵਿਚ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਨੇਂ ਹਿੱਸਾ ਲਿਆ। ਫਿਲਮ ਦੇ ਸ਼ੁਰੂ ਵਿੱਚ ਨੌਭਾਸ ਦੇ ਦਮਦਮਾ ਇਕਾਈ ਦੇ ਸਾਥੀ ਕੁਲਤਾਰ ਨੇ ਅਜੇਹੀਆਂ ਫਿਲਮਾਂ ਦੇ ਮਹੱਤਵ ਬਾਰੇ ਲੋਕਾਂ ਨੂੰ ਦੱਸਿਆ.

ਅਕਲੀਆਂ – ਨੌਜਵਾਨ ਭਾਰਤ ਸਭਾ ਇਲਾਕਾ ਇਕਾਈ ਅਕਲੀਆਂ ਵੱਲੋਂ ਪਿੰਡ ਅਕਲੀਆਂ, ਜ਼ਿਲ੍ਹਾ ਮਾਨਸਾ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਛਿੰਦਰਪਾਲ ਨੇ ਵਿਚਾਰ ਰੱਖੇ। ਇਸ ਮੌਕੇ ‘ਦਾ ਲਿਜ਼ੈਡ ਆਫ ਭਗਤ ਸਿੰਘ’ ਫਿਲਮ ਵੀ ਪਰਦਾਪੇਸ਼ ਕੀਤੀ ਗਈ।

ਰੋੜੀਕਪੂਰਾਂ – ਨੌਜਵਾਨ ਭਾਰਤ ਸਭਾ ਇਲਾਕਾ ਇਕਾਈ ਰੋੜੀ ਕਪੂਰਾ ਵੱਲੋ  ਘਰ ਘਰ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਦੇ ਸੰਕਲਪ ਨੂੰ ਪ੍ਰਗਟਾਉਦਾ  ਪਰਚਾ ਵੰਡ ਕੇ ਮਸ਼ਾਲ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਸ ਮਸ਼ਾਲ ਮਾਰਚ  ਵਿੱਚ ਪਿੰਡ ਦੇ ਨੌਜਵਾਨਾਂ, ਬੱਚਿਆਂ ਦੀ ਵੱਡੀ ਗਿਣਤੀ ਤੋ ਇਲਾਵਾ ਔਰਤਾਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮਸ਼ਾਲ ਮਾਰਚ ਇਨਕਲਾਬੀ ਜੋਸ਼ ਨਾਲ਼ ਨਾਹਰੇ ਲਾਉਦੇ ਹੋਏ ਪਿੰਡ ਦੀਆਂ ਵੱਖ ਵੱਖ ਗਲੀਆਂ ਤੋਂ ਹੁੰਦਾ ਹੋਇਆ ਬੱਸ ਅੱਡੇ ਤੇ ਪਹੁੰਚ ਕੇ ਖਤਮ ਕੀਤਾ ਗਿਆ।  ਸਭਾ ਦੇ ਆਗੂ ਗੁਰਪ੍ਰੀਤ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜ਼ਾਦੀ ਬਾਰੇ ਭਗਤ ਸਿੰਘ ਦੀ ਇਹ ਭਵਿੱਖਬਾਣੀ ਕਿ ਸਿਰਫ ਰਾਜ ਕਰਦੇ ਲੋਕਾਂ ਦੀ ਚਮੜੀ ਬਦਲਣ ਨਾਲ਼ ਲੋਕਾਂ ਦੀਆਂ ਹਾਲਤਾਂ ਨਹੀੰ ਬਦਲਣਗੀਆਂ, ਪੂਰੀ ਤਰ੍ਹਾਂ ਸੱਚ ਸਾਬਿਤ ਹੋਈ ਹੈ। ਅੱਜ ਵੀ ਮਿਹਨਤਕਸ਼ ਅਬਾਦੀ ਉਸੇ ਤਰ੍ਹਾਂ ਲੁੱਟ ਅਤੇ ਜ਼ਬਰ ਦੀ ਸ਼ਿਕਾਰ ਹੋ ਰਹੀ ਹੈ। ਅਜਿਹੇ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਕ ਵਿਰਾਸਤ ਨੂੰ ਮੁੜ ਤਾਜ਼ਾ ਕਰਨ ਦੀ ਲੋੜ ਹੈ। ਉਨਾਂ ਨੌਜਵਾਨਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੀਆਂ ਹੱਕੀ ਮੰਗਾਂ ਲਈ ਜਥੇਬੰਦ ਹੋਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ।

ਮਾਨਸਾ – ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ), ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਤੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦ ਵਿੱਚ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮਸ਼ਹੂਰ ਸਾਹਿਤ ਆਲੋਚਕ ਤੇ ਮਾਰਕਸਵਾਦੀ ਚਿੰਤਕ ਡਾ. ਸੁਰਜੀਤ ਭੱਟੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।।ਸ਼ਹੀਦ ਭਗਤ ਸਿੰਘ ਦੀ ਫੋਟੋ ਤੇ ਫੁੱਲਾਂ ਦੀ ਮਾਲਾ ਚੜਾਉਣ ਤੋਂ ਮਗਰੋਂ ਡਾ. ਸੁਰਜੀਤ ਸਿੰਘ ਭੱਟੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਸਬੰਧੀ ਵਿਸਥਾਰਪੂਰਵਕ ਗੱਲਾਂ ਕੀਤੀਆਂ।।ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਦੇ ਸਹੀ ਅਕਸ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੀ ਬਹੁਤ ਲੋੜ ਹੈ, ਕਿਉਂਕਿ ਅਜੋਕੇ ਮੀਡੀਆ ਤੇ ਗੰਧਲੇ ਸੱਭਿਆਚਾਰਕ ਹਨੇਰੀ ਦੇ ਮਹੌਲ ਵਿੱਚ ਭਗਤ ਸਿੰਘ ਦਾ ਅਕਸ ਕਿਤੇ ਧੁੰਦਲਾ ਹੋ ਗਿਆ ਹੈ ਤੇ ਪੜ੍ਹਨ ਲਿਖਣ ਤੇ ਵਿਚਾਰਵਾਨ, ਬੁੱਧੀਜੀਵੀ ਭਗਤ ਸਿੰਘ ਦੀ ਥਾਂ ਅੱਜਕੱਲ਼ ਕੁੰਡੀਆਂ ਮੁੱਛਾਂ ਤੇ ਪੱਗਾਂ ਵਾਲੇ ਭਗਤ ਸਿੰਘ ਨੇ ਲੈ ਲਈ ਹੈ।।ਭਗਤ ਸਿੰਘ ਨੂੰ ਅੱਜਕੱਲ ਵੈਲੀ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ।।ਜਦੋਂ ਕਿ ਉਹ ਨਿੱਕੀ ਉਮਰੇ ਇੱਕ ਵਿਦਵਾਨ ਕਿਸਮ ਦਾ ਨੌਜਵਾਨ ਸੀ, ਜਿਸਨੇ ਆਵਦੀਆਂ ਸਮੁੱਚੀਆਂ ਲਿਖਤਾਂ ਵਿੱਚ ਪੂਰੀ ਦੁਨੀਆਂ ਵਿੱਚ ਚੱਲਣ ਵਾਲੀ ਹਰੇਕ ਲਹਿਰ ਦਾ ਜਿਕਰ ਕੀਤਾ ਹੈ ਤੇ ਸਮਾਜ ਦੀ ਹਰੇਕ ਸਮੱਸਿਆ ਬਾਰੇ ਲਿਖਿਆ ਹੈ। ਉਹਨਾਂ ਕਿਹਾ ਕਿ ਭਗਤ ਸਿੰਘ ਦੁਆਰਾ ਲਿਖੇ ਫਿਰਕਾਪ੍ਰਸਤੀ, ਜਾਤ ਪਾਤ ਤੇ ਰਾਜਨੀਤੀ ਨਾਲ਼ ਸਬੰਧਿਤ ਲੇਖ ਅੱਜ ਵੀ ਬੇਹੱਦ ਪ੍ਰਸੰਗਕ ਹਨ।।ਸੰਬੋਧਨ ਕਰਦਿਆਂ ਡਾ. ਭੱਟੀ ਨੇ ਇਹ ਵੀ ਕਿਹਾ ਕਿ ਭਗਤ ਸਿੰਘ ਦੁਆਰਾ ਗਰੀਬੀ, ਅਨਿਆਂ ਤੇ ਲੁੱਟ ਵਿਰੁੱਧ ਵਿੱਢੀ ਲੜਾਈ ਅੱਜ ਵੀ ਜਾਰੀ ਰਹਿਣੀ ਚਾਹੀਦੀ ਹੈ, ਕਿਉਂਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਅੱਜ ਵੀ ਨਹੀਂ ਬਣਿਆ।।ਇਸਤੋਂ ਇਲਾਵਾ ਵਿਚਾਰ ਪੇਸ਼ ਕਰਦਿਆਂ ਮੁੱਖ ਬੁਲਾਰੇ ਨੇ ਸ਼ਹੀਦ ਭਗਤ ਦੇ ਜੀਵਨ ਦੇ ਕਈ ਪਹਿਲੂਆਂ ਤੇ ਚਾਨਣਾ ਪਾਇਆ ਤੇ ਨਾਲ਼-ਨਾਲ਼ ਅਜੋਕੇ ਸਮੇਂ ‘ਚ ਆਮ ਕਿਰਤੀ ਲੋਕਾਂ ਦੀਆਂ ਹਾਲਤਾਂ ਬਾਰੇ ਵੀ ਵਿਚਾਰ ਪੇਸ਼ ਕੀਤੇ।।ਇਸ ਮੌਕੇ ਮਾਤਾ ਸੁੰਦਰੀ ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ, ਡਾ. ਅਵਤਾਰ ਸਿੰਘ ਤੇ ਪ੍ਰੋ. ਬਿੱਕਰਜੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।।ਅੰਤ ਵਿੱਚ ਡਾ. ਸੁਰਜੀਤ ਭੱਟੀ ਨੂੰ ਸਨਮਾਨ ਚਿੰਨ ਤੇ ਕਿਤਾਬਾਂ ਦਾ ਸੈੱਟ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਹਿਰੂ ਕਾਲਜ ਦੇ ਡਾ. ਇੰਦਰਪਾਲ ਕੌਰ, ਪ੍ਰਿੰਸੀਪਲ ਚਰਨਜੀਤ ਸਿੱਧੂ ਤੋਂ ਇਲਾਵਾ ਕਾਲਜ ਦਾ ਸਾਰਾ ਸਟਾਫ ਹਾਜ਼ਰ ਸੀ।।ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਭਰਵੀਂ ਸ਼ਮੂਲੀਅਤ ਕੀਤੀ।। ਸਟੇਜ ਸੰਚਾਲਨ ਦੀ ਭੂਮਿਕਾ ਆਇਸਾ ਦੇ ਪ੍ਰਦੀਪ ਗੁਰੂ ਨੇ ਨਿਭਾਈ। ਸੈਮੀਨਾਰ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਅੰਤ ‘ਚ ਪੀਐਸਯੂ(ਲਲਕਾਰ) ਦੇ ਛਿੰਦਰਪਾਲ ਤੇ ਡੀਐਸਓ ਦੇ ਕ੍ਰਿਸ਼ਨ ਚੌਹਾਨ ਨੇ ਮੁੱਖ ਬੁਲਾਰੇ ਸਮੇਤ ਸਾਰੇ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।।ਇਸ ਮੌਕੇ ਗੁਲਾਬ ਸਿੰਘ, ਗਗਨਦੀਪ ਬੱਬੂ, ਧਰਮਪਾਲ ਸਿੰਘ, ਮਨਪ੍ਰੀਤ ਮਾਨਸਾ ਤੇ ਗਗਨਦੀਪ ਗਿੱਲ ਸਮੇਤ ਤਿੰਨਾਂ ਜਥੇਬੰਦੀਆਂ ਦੇ ਹੋਰ ਵੀ ਕਾਰਕੁੰਨ ਹਾਜ਼ਰ ਸਨ।।

ਸੰਗਰੂਰ – ਨੌਭਾਸ ਇਲਾਕਾ ਇਕਾਈ ਨਮੋਲ ਵੱਲੋਂ ਸੰਗਰੂਰ ਇਲਾਕੇ ਦੇ ਪਿੰਡਾਂ ਵਿੱਚ ਪਰਚਾ ਵੰਡਿਆ ਗਿਆ ਅਤੇ ਪਿੰਡ ਮਹਿਲਾਂ ਤੇ ਨਮੋਲ ਵਿਖੇ ਮਸ਼ਾਲ ਮਾਰਚ ਕੀਤਾ ਗਿਆ।

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਚਲਾਈ ਗਈ ਮੁਹਿੰਮ ਤਹਿਤ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਸਰਕਾਰੀ ਸੀਨੀ. ਸੈਕੰ. ਸਕੂਲ ਨਮੋਲ, ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ (495“), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ, ਸਰਕਾਰੀ ਆਈ.ਟੀ.ਆਈ. ਸੁਨਾਮ ਤੇ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਰੈਲੀ ਕੀਤੀ ਗਈ ਜਿਸ ਵਿੱਚ ਭਗਤ ਸਿੰਘ ਉੱਪਰ ਨਾਟਕ ਕੀਤਾ ਗਿਆ ਤੇ ਪਰਚੇ ਵੀ ਵੰਡੇ ਗਏ।। ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਬੁਲਾਰਿਆਂ ਨੇ ਭਗਤ ਸਿੰਘ ਦੇ ਜੀਵਨ ਤੇ ਵਿਚਾਰਾਂ ਉੱਪਰ ਚਾਨਣਾ ਪਾਇਆ ਤੇ ਅੱਜ ਦੇ ਸਮੇਂ ‘ਚ ਲੁੱਟ, ਬੇਇਸਨਾਫੀ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਇਸਦੀ ਮਹੱਤਤਾ ਉੱਪਰ ਚਾਨਣਾ ਪਾਇਆ। ਉਹਨਾਂ ਕਿਹਾ ਕਿ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਦਾ ਮਤਲਬ ਇਹੋ ਹੋ ਸਕਦਾ ਹੈ ਕਿ ਉਹਨਾਂ ਦੇ ਵਿਚਾਰਾਂ ਨੂੰ ਸਮਝਿਆ-ਜਾਣਿਆ ਜਾਵੇ ਅਤੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦਿਆਰਥੀ-ਨੌਜਵਾਨ ਜਥੇਬੰਦੀਆਂ ‘ਚ ਸ਼ਾਮਲ ਹੋ ਕੇ ਇਨਕਲਾਬੀ ਸ਼ੰਘਰਸ਼ ਦੇ ਪਿੜ ਵਿੱਚ ਨਿੱਤਰਿਆ ਜਾਵੇ।।

ਚੰਡੀਗੜ੍ਹ- ਨੌਭਾਸ ਇਲਾਕਾ ਇਕਾਈ ਚੰਡੀਗੜ੍ਹ ਅਤੇ ਪੀਐੱਸਯੂ (ਲਲਕਾਰ)  ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਪਾਰਕਾਂ ਅਤੇ ਬਾਜ਼ਾਰਾਂ ਵਿੱਚ ਭਗਤ ਸਿੰਘ ਦਾ ਦਿੱਤਾ ਇਨਕਲਾਬ ਦਾ ਸੁਨੇਹਾ ਭਗਤ ਸਿੰਘ ਦੀਆਂ ਲਿਖਤਾਂ ਨਾਲ਼ ਸੰਬੰਧਿਤ ਕਿਤਾਬਾਂ ਦੀ ਪ੍ਰਦਰਸ਼ਨੀ ਲਗਾ ਕੇ, ਪਰਚਿਆਂ ਇਨਕਲਾਬੀ ਗੀਤਾਂ ਅਤੇ ਨਾਟਕਾਂ ਦੁਆਰਾ ਲੋਕਾਂ ਤੱਕ ਪਹੁੰਚਾਇਆ ਗਿਆ। ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਨਾਡਾ ਵਿਖੇ ਨੁੱਕੜ ਸਭਾ ਕੀਤੀ ਗਈ ਜਿਸ ਵਿੱਚ ਕ੍ਰਿਸ਼ਨ ਚੰਦਰ ਦਾ ਲਿਖਿਆ ਨਾਟਕ ਟੋਆ ਦਿਖਾਇਆ ਗਿਆ ਅਤੇ ਨੌਜਵਾਨਾਂ ਨੂੰ ਸੰਘਰਸ਼ ਦੇ ਰਾਹ ਚੱਲਣ ਦਾ ਸੁਨੇਹਾ ਦਿੱਤਾ ਗਿਆ।

ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਰਟਸ ਬਲਾਕ ਨੰਬਰ 2 ਦੇ ਬਾਹਰ ਇੱਕ ਸੱਭਿਆਚਾਰਕ ਪ੍ਰੋਗਰਾਮ ‘ਪੈਗਾਮ-ਏ-ਇਨਕਲਾਬ-ਕੀਤਾ ਗਿਆ’। ਇਸ ਮੌਕੇ ਇਨਕਲਾਬੀਆਂ ਨਾਲ਼ ਸੰਬੰਧਿਤ ਇੱਕ ਪੁਸਤਕ ਅਤੇ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਨੂੰ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਪੀ.ਐੱਸ.ਯ ੂ(ਲਲਕਾਰ) ਦੇ ਸਾਥੀਆਂ ਵੱਲੋਂ ਇਸ ਮੌਕੇ ਸਫ਼ਦਰ ਹਾਸ਼ਮੀ ਦਾ ਲਿਖਿਆ ਨਾਟਕ ‘ਰਾਜਾ ਕਾ ਬਾਜਾ’ ਵੀ ਖੇਡਿਆ ਗਿਆ। ਇਸ ਮੌਕੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਅੰਤ ਵਿੱਚ ਸ਼ਹੀਦਾਂ ਨੂੰ ਸਮਰਪਿਤ ਮਸ਼ਾਲ ਮਾਰਚ ਕੱਢਿਆ ਗਿਆ ਜੋ ਕਿ ਬਲਾਕ ਨੰਬਰ 2 ਤੋਂ ਲੈ ਕੇ ਪੀ.ਯੂ ਮਾਰਕੀਟ ਤੱਕ ਗਿਆ।

ਪੱਖੋਵਾਲ-  ਨੌਭਾਸ ਇਲਾਕਾ ਇਕਾਈ ਪੱਖੋਵਾਲ ਵੱਲੋਂ ਪਿੰਡ ਹਲਵਾਰਾ ਅਤੇ ਜੁੜਾਂਹਾਂ  ਵਿਖੇ ਫਿਲਮ ”ਦ ਲੇਜ਼ੈੰਡ ਆਫ ਭਗਤ ਸਿੰਘ” ਦਿਖਾਈ ਗਈ। ਇਸੇ ਮੁਹਿਮ ਤਹਿਤ ਪਿੰਡ ਜੁੜਾਂਹਾਂ ਵਿਖੇ ਦਿਨ ਵੇਲੇ ਪਰਚਾ ਵੰਡਿਆ ਗਿਆ ਤੇ ਸ਼ਾਮ ਨੂੰ ਮਸ਼ਾਲ ਮਾਰਚ ਕੀਤਾ ਗਿਆ।

ਲੁਧਿਆਣਾ-  ਨੌਭਾਸ ਇਲਾਕਾ ਇਕਾਈ  ਲੁਧਿਆਣਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋ,  ਲੁਧਿਆਣਾ ਦੇ  ਅਲੱਗ-ਅਲੱਗ ਇਲਾਕਿਆਂ (ਥਰੀਕੇ, ਸੁਨੇਤ, ਰੱਖ ਬਾਗ, ਆਈ. ਟੀ. ਆਈ, ਜੀ. ਐਨ. ਈ, ਐਸ. ਸੀ. ਡੀ ਸਰਕਾਰੀ ਕਾਲਜ ਲੁਧਿਆਣਾ, ਕਟਾਣੀ ਕਲਾਂ ਤੇ ਅਪੈਰਲ ਟਰੇਨਿੰਗ ਐਂਡ ਡਿਜ਼ਾਇਨ ਸੈਂਟਰ ਆਦਿ ਵਿੱਚ) ਕਾਲਜਾਂ, ਯੂਨਿਵਰਸਿਟੀਆਂ ਵਿੱਚ ਭਗਤ ਸਿੰਘ ਦਾ ਸੁਨੇਹਾ ਨੁੱਕੜ ਸਭਾਵਾਂ ਕਰਕੇ, ਗੀਤਾਂ, ਨਾਟਕਾਂ, ਪਰਚੇ ਰਾਹੀਂ ਪਹੁੰਚਾਇਆ ਗਿਆ । ਨੌਭਾਸ ਵੱਲੋ ਮਾਛੀਵਾੜਾ ਦੀ ਇੰਦਰਾ ਕਲੋਨੀ ਵਿੱਚ ਲੋਕ ਏਕਤਾ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ, ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ ਅਤੇ ਇਨਕਲਾਬੀ ਗੀਤਾਂ ਤੇ ਨਾਟਕ ‘ਮਹਿੰਗਾਈ ਦੀ ਮਾਰ’ ਦੀ ਪੇਸ਼ਕਾਰੀ ਕੀਤੀ ਗਈ।

ਪਟਿਆਲਾ – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮਦਿਨ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਜਮਾਤਾਂ ‘ਚ ਜਾ ਕੇ ਵਿਦਿਆਰਥੀਆਂ ਨਾਲ ਭਗਤ ਸਿੰਘ ਬਾਰੇ ਗੱਲ ਕਰਦਿਆਂ ਪਰਚਾ ਵੰਡਿਆ ਗਿਆ। ਇਸਦੇ ਨਾਲ਼ ਹੀ ਯੂਨੀਵਰਸਿਟੀ ‘ਚ 26 ਤੋਂ 28 ਸਤੰਬਰ ਤੱਕ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਜੀਵਨ ਤੇ ਵਿਚਾਰਾਂ ਨਾਲ਼ ਸਬੰਧਤ ਪੁਸਤਕਾਂਂ ਦੀ ਪ੍ਰਦਰਸ਼ਨੀ ਵੀ ਲਾਈ ਗਈ।।28 ਸਤੰਬਰ ਦੀ ਸ਼ਾਮ ਨੂੰ ਤਿੰਨ ਜਥੇਬੰਦੀਆਂ (PS”(L), DSO ਤੇ PSU) ਵੱਲੋਂ ਯੂਨੀਵਰਸਿਟੀ ਕੈਂਪਸ ‘ਚ ਇੱਕ ਸਾਂਝਾ ਮਸ਼ਾਲ ਮਾਰਚ ਕੱਢਿਆ ਗਿਆ। ਜਿਸ ਵਿੱਚ ਗੀਤਾਂ, ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ ਤੇ ਤਿੰਨਾਂ ਜਥੇਬੰਦੀਆਂ ਦੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ  ਸੰਘਰਸ਼ ਦੇ ਰਾਹ ਚੱਲਣ ਦਾ ਸੁਨੇਹਾ ਦਿੱਤਾ ਗਿਆ। ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ