ਨੌਜਵਾਨ ਭਾਰਤ ਸਭਾ ਵੱਲੋਂ ਲਾਇਬ੍ਰੇਰੀ ਦੀ ਸਥਾਪਨਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੌਜਵਾਨ ਭਾਰਤ ਸਭਾ ਵੱਲੋਂ ਸੁਨਾਮ ਨੇੜਲੇ ਪਿੰਡ ਨਮੋਲ ਵਿੱਚ ਸ਼ਹੀਦ ਊਧਮ ਸਿੰਘ ਯਾਦਗਾਰੀ ਲਾਇਬ੍ਰੇਰੀ ਉਸਾਰੀ ਗਈ ਜਿਸਦਾ ਉਦਘਾਟਨੀ ਸਮਾਗਮ 14 ਜਨਵਰੀ ਨੂੰ ਕੀਤਾ ਗਿਆ। ਇਸ ਸਮਾਗਮ ਵਿੱਚ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਤੋਂ ਬਿਨਾਂ ਪਿੰਡ ਵਾਸੀ ਤੇ ਇਲਾਕੇ ਦੇ ਹੋਰ ਸੂਝਵਾਨ ਸੱਜਣ ਪਹੁੰਚੇ। ਇਹ ਉਦਘਾਟਨ ਸ਼ਹੀਦ ਊਧਮ ਸਿੰਘ ਬਾਰੇ ਕਾਫ਼ੀ ਖੋਜਬੀਣ ਪਿੱਛੋਂ ਪੁਸਤਕਾਂ ਲਿਖ ਚੁੱਕੇ ਸੁਨਾਮ ਦੇ ਲੇਖਕ ਰਾਕੇਸ਼ ਕੁਮਾਰ ਨੇ ਕੀਤਾ। ਉਦਘਾਟਨੀ ਰਸਮ ਪੂਰੀ ਕਰਨ ਤੋਂ ਬਾਅਦ ਰਾਕੇਸ਼ ਕੁਮਾਰ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਨਾਲ ਜੁੜੀਆਂ ਕਈ ਅਜਿਹੀਆਂ ਗੱਲਾਂ ਨੂੰ ਸਾਂਝਾ ਕੀਤਾ ਜੋ ਸਰਕਾਰੀ ਫ਼ਾਇਲਾਂ ਵਿੱਚ ਹੀ ਬੰਦ ਹੋਈਆਂ ਪਈਆਂ ਹਨ। ਉਹਨਾਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੂੰ ਅਕਸਰ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੈਣ ਵਾਲ਼ੇ ਇੱਕ ਨੌਜਵਾਨ ਤੱਕ ਘਟਾ ਦਿੱਤਾ ਜਾਂਦਾ ਹੈ ਪਰ ਉਹਨਾਂ ਦੇ ਜੀਵਨ ਸਬੰਧੀ ਸਬੂਤ ਦੱਸਦੇ ਹਨ ਕਿ ਉਹ ਇੱਕ ਅਜ਼ਾਦੀ ਘੁਲਾਟੀਏ ਸਨ ਤੇ ਦੇਸ਼ ਦੀ ਅੰਗਰੇਜਾਂ ਤੋਂ ਅਜ਼ਾਦੀ ਚਾਹੁੰਦੇ ਸਨ। ਉਹ ਗਦਰ ਪਾਰਟੀ ਤੋਂ ਕਾਫੀ ਪ੍ਰਭਾਵਿਤ ਸਨ ਤੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨਾਲ਼ ਵੀ ਉਹਨਾਂ ਦੀ ਸਾਂਝ ਸੀ।

ਨੌਜਵਾਨ ਭਾਰਤ ਸਭਾ ਦੇ ਆਗੂ ਗੁਰਪ੍ਰੀਤ ਨੇ ਲਾਇਬ੍ਰੇਰੀ ਰਾਹੀਂ ਮਿਲਣ ਵਾਲ਼ੇ ਫ਼ਾਇਦਿਆਂ ਅਤੇ ਇਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਸਰਕਾਰ ਜਨਤਕ ਭਲਾਈ ਦੇ ਕੰਮਾਂ ਤੋਂ ਹੱਥ ਪਿੱਛੇ ਖਿੱਚ ਚੁੱਕੀ ਹੈ। ਵਿੱਦਿਅਕ ਅਦਾਰਿਆਂ, ਸਿਹਤ ਸਹੂਲਤਾਂ ਆਦਿ ਦੀ ਥਾਂ ‘ਤੇ ਵਿਕਾਸ ਨੂੰ ਸੜਕਾਂ, ਪੁਲਾਂ ਨਾਲ਼ ਮਿਣਿਆ ਜਾ ਰਿਹਾ ਹੈ। ਅਜਿਹੇ ਸਮੇਂ ਵਿੱਚ ਇਹ ਜਰੂਰੀ ਹੈ ਕਿ ਲੋਕਾਂ ਦੀ ਸਾਂਝੀ ਪਹਿਲਕਦਮੀ ਸਦਕਾ ਲਾਇਬ੍ਰੇਰੀਆਂ, ਜਿੰਮ, ਸਕੂਲ, ਹਸਪਤਾਲ ਜਿਹੀਆਂ ਜਨਤਕ ਸੰਸਥਾਵਾਂ ਉਸਾਰੀਆਂ ਜਾਣ ‘ਤੇ ਸਰਕਾਰ ਉੱਪਰ ਵੀ ਇਹਨਾਂ ਸੰਸਥਾਵਾਂ ਦੀ ਉਸਾਰੀ ਲਈ ਜ਼ੋਰ ਪਾਇਆ ਜਾਵੇ।

‘ਗਿਆਨ ਪ੍ਰਸਾਰ ਸਮਾਜ’ ਵਲੋਂ ਇੰਨਜਿੰਦਰ ਨੇ ਮਨੁੱਖੀ ਜੀਵਨ ਵਿੱਚ ਸਾਹਿਤ ਦੀ ਮਹੱਤਤਾ ਉੱਪਰ ਬੋਲਦਿਆਂ ਕਿਹਾ ਕਿ ਹਰ ਪਿੰਡ ਵਿੱਚ ਇੱਕ ਲਾਇਬ੍ਰੇਰੀ ਦੀ ਸਥਾਪਨਾ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਅਜੋਕੀ ਪੀੜ੍ਹੀ ਦਾ ਸਾਹਿਤ ਪ੍ਰਤੀ ਰੁਝਾਨ ਵਧੇ। ਮਾਸਟਰ ਬਲਵੀਰ ਸਿੰਘ ਨੇ ਵੀ ਲਾਇਬ੍ਰੇਰੀ ਨੂੰ ਵੱਡਾ ਦਰਜ਼ਾ ਦਿੰਦਿਆਂ ਪਿੰਡ ਵਾਸੀਆਂ ਨੂੰ ਇਸ ਤੋਂ ਭਰਪੂਰ ਜਾਣਕਾਰੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਮੰਚ ਸੰਚਾਲਨ ਨੌਜਵਾਨ ਭਾਰਤ ਸਭਾ ਦੇ ਕੁਲਵੀਰ ਸਿੰਘ ਨੇ ਕੀਤਾ। ਉਹਨਾਂ ਦੱਸਿਆ ਕਿ ਨੌਜਵਾਨ ਭਾਰਤ ਸਭਾ ਇਸ ਲਾਇਬ੍ਰੇਰੀ ਨੂੰ ਪੁਸਤਕਾਂ ਦੇ ਕੇਂਦਰ ਤੋਂ ਅੱਗੇ ਵਧਾ ਕੇ ਬੱਚਿਆਂ ਤੇ ਨੌਜਵਾਨਾਂ ਲਈ ਸਾਹਿਤਕ, ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣਾਵੇਗੀ। ਇੱਥੇ ਨੌਜਵਾਨਾਂ ਦੀਆਂ ਵਿਚਾਰ-ਚਰਚਾਵਾਂ, ਫਿਲਮ-ਸ਼ੋਅ ਆਦਿ ਰੱਖੇ ਜਾਣਗੇ ਤੇ ਬੱਚਿਆਂ ਲਈ ਵੀ ਕੈਂਪ, ਵਰਕਸ਼ਾਪ, ਟਿਊਸ਼ਨ ਆਦਿ ਉਸਾਰੂ ਸਰਗਰਮੀਆਂ ਚਲਾਈਆਂ ਜਾਣਗੀਆਂ। ਉਹਨਾਂ ਇਹ ਵੀ ਕਿਹਾ ਕਿ ਅੱਜ ਦੇ ਹਨੇਰੇ ਦੌਰ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਅਜਿਹੀਆਂ ਸੰਸਥਾਵਾਂ ਦੀ ਬਹੁਤ ਲੋੜ ਹੈ। ਅੰਤ ਉਹਨਾਂ ਹਾਜ਼ਰ ਪਿੰਡ ਵਾਸੀਆਂ ਨੂੰ ਲਾਇਬ੍ਰੇਰੀ ਨੂੰ ਚਲਾਉਣ ਲਈ ਸਾਥ ਦੇਣ ਦੀ ਅਪੀਲ ਕਰਦੇ ਹੋਏ ਧੰਨਵਾਦ ਕੀਤਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements