ਨਾਟੋ ਦੀ ਵਾਰਸਾ ਸਿਖਰ ਵਾਰਤਾ : ਅਮਰੀਕੀ ਅਤੇ ਰੂਸੀ ਸਾਮਰਾਜ ਦਰਮਿਆਨ ਤਿੱਖਾ ਹੁੰਦਾ ਟਕਰਾਅ •ਸੁਖਵਿੰਦਰ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

19ਵੀਂ ਸਦੀ ਦੇ ਅੰਤ ਅਤੇ 20 ਵੀਂ ਸਦੀ ਦੇ ਸ਼ੁਰੂ ‘ਚ ਅਜ਼ਾਦ ਮੁਕਾਬਲੇ ਵਾਲੀ ਸਰਮਾਏਦਾਰੀ ਸਾਮਰਾਜ ਦੇ ਪੜਾਅ ‘ਚ ਦਾਖਲ ਹੋਈ। ਲੈਨਿਨ ਨੇ ਸਰਮਾਏਦਾਰੀ ਦੇ ਇਸ ‘ਸਰਵਉੱਚ ਪੜਾਅ’ ਸਾਮਰਾਜ ਨੂੰ ਸਮਝਿਆ, ਇਸਨੂੰ ਪ੍ਰੀਭਾਸ਼ਤ ਕੀਤਾ ਅਤੇ ਸੰਸਾਰ ਮਜ਼ਦੂਰ ਜ਼ਮਾਤ ਦੀ ਯੁੱਧਨੀਤੀ ਅਤੇ ਦਾਅਪੇਚ ਘੜੇ। ਅੱਜ ਤੋਂ 100 ਸਾਲ ਪਹਿਲਾਂ ਲਿਖੀ ਪੁਸਤਕ ‘ਸਾਮਰਾਜ-ਸਰਮਾਏਦਾਰੀ ਦਾ ਸਰਵਉੱਚ ਪੜਾਅ’ ‘ਚ ਲੈਨਿਨ ਨੇ ਲਿਖਿਆ ਸੀ ਕਿ ‘ਸਾਮਰਾਜ ਦਾ ਮਤਲਬ ਜੰਗ ਹੈ।’ ਕਹਿਣ ਦਾ ਭਾਵ ਸਾਮਰਾਜੀ ਗਰੋਹਾਂ ‘ਚ ਕਦੇ ਵੀ ਟਿਕਾਊ, ਸਦੀਵੀਂ ਸੁਲਹ ਸਫਾਈ ਨਹੀਂ ਹੋ ਸਕਦੀ। ਅਜਿਹਾ ਕੁਝ ਵਕਤੀ ਹੀ ਹੋ ਸਕਦਾ ਹੈ। ਜਦ ਕਿ ਸਾਮਰਾਜੀ ਗਰੋਹਾਂ ‘ਚ ਧਰਤੀ ਦੇ ਸੋਮਿਆਂ ਦੀ ਵੰਡ ਅਤੇ ਮੁੜ ਵੰਡ ਲਈ ਟਕਰਾਅ, ਜੰਗਾਂ ਅਟੱਲ ਹਨ। ਜਦ ਤੱਕ ਸਾਮਰਾਜੀ ਪ੍ਰਬੰਧ ਰਹੇਗਾ, ਸਾਮਰਾਜੀ ਗਰੋਹਾਂ ‘ਚ ਜੰਗਾਂ ਅਟੱਲ ਹੁੰਦੀਆਂ ਰਹਿਣਗੀਆਂ।

ਅੱਜ 100 ਸਾਲ ਬਾਅਦ ਸੰਸਾਰ ‘ਚ ਜੋ ਹਲਾਤ ਬਣੇ ਹੋਏ ਹਨ, ਉਹ ਲੈਨਿਨ ਦੇ ਸਾਮਰਾਜ ਦੇ ਸਿਧਾਂਤ ਦੀ ਇੱਕ ਵਾਰ ਫੇਰ ਪੁਸ਼ਟੀ ਕਰ ਰਹੇ ਹਨ।

ਸੰਸਾਰ ਸਰਮਾਏਦਾਰੀ ਅੱਜ ਇੱਕ ਗੰਭੀਰ, ਲਾਇਲਾਜ ਸੰਕਟ ਦੀ ਸ਼ਿਕਾਰ ਹੈ। ਆਰਥਿਕ ਸੰਕਟ ਸਰਮਾਏਦਾਰੀ ਦੇ ਵਜੂਦ ਸਮੋਏ ਨਿਯਮਾਂ ਕਾਰਨ ਵਾਪਰਦਾ ਹੈ। ਵਰਤਮਾਨ ਆਰਥਿਕ ਸੰਕਟ ਸਰਮਾਏਦਾਰੀ ਦੇ ਬੀਤੇ ਦੇ ਆਰਥਿਕ ਸੰਕਟਾਂ ਨਾਲੋਂ ਇਹਨਾਂ ਅਰਥਾਂ ‘ਚ ਭਿੰਨ ਹੈ ਕਿ ਪਹਿਲਾਂ ਸਰਮਾਏਦਾਰੀ ਦੇ ਆਰਥਿਕ ਸੰਕਟ ਚੱਕਰੀ ਕ੍ਰਮ ‘ਚ ਆਉਂਦੇ ਸਨ। ਆਰਥਿਕ ਸੰਕਟ ਤੋਂ ਬਾਅਦ ਤੇਜ਼ੀ ਦਾ ਦੌਰ ਆਉਂਦਾ ਸੀ ‘ਤੇ ਫਿਰ ਮੰਦੀ ਆਉਂਦੀ ਸੀ। ਪਰ 1973 ਤੋਂ ਸ਼ੁਰੂ ਹੋਏ ਵਰਤਮਾਨ ਆਰਥਿਕ ਸੰਕਟ, ਜਿਸਨੇ ਹੁਣ ਸਾਰੇ ਸੰਸਾਰ ਨੂੰ ਹੀ ਆਪਣੇ ਕਲ਼ਾਵੇ ‘ਚ ਲੈ ਲਿਆ ਹੈ,  (ਇਹ ਸੰਸਾਰ ਸਰਮਾਏਦਾਰੀ ਦਾ ਪਹਿਲਾ ਸੰਸਾਰ ਵਿਆਪੀ ਸੰਕਟ ਹੈ) ਦੀ ਖਾਸੀਅਤ ਇਹ ਹੈ ਕਿ ਇਹ ਅਜਿਹਾ ਸੰਕਟ, ਜਿਸ ਤੋਂ ਬਾਅਦ ਤੇਜ਼ੀ ਆਉਣ ਦੀ ਸੰਭਾਵਨਾ ਨਾਮਾਤਰ ਹੈ।

ਸੰਸਾਰ ਸਰਮਾਏਦਾਰੀ ਦਾ ਵਰਤਮਾਨ ਮੰਦਵਾੜਾ, ਜੋ 2007 ਦੇ ਅਮਰੀਕੀ ਸਬਪ੍ਰਾਈਮ ਸੰਕਟ ਤੋਂ ਬਾਅਦ ਵਧੇਰੇ ਤੋਂ ਵਧੇਰੇ ਗੰਭੀਰ ਹੁੰਦਾ ਗਿਆ। ਇਸ ਕਾਰਨ ਵੀ ਸਾਮਰਾਜੀਆਂ ਦਰਮਿਆਨ ਸਸਤੇ ਕੱਚੇ ਮਾਲ਼ ਅਤੇ ਸਸਤੀ ਕਿਰਤ ਸ਼ਕਤੀ ਲਈ ਆਪਣੇ ਪ੍ਰਭਾਵ ਖੇਤਰਾਂ ਦੇ ਵਿਸਥਾਰ ਲਈ ਟਕਰਾਅ ਹੋਰ ਵਧੇਰੇ ਤਿੱਖਾ ਹੁੰਦਾ ਜਾ ਰਿਹਾ ਹੈ। ਇਸੇ ਪਿੱਠਭੂਮੀ ‘ਚ ਹੀ ਨਾਟੋ ਦੀ ਵਾਰਸਾ ਸਿਖਰ ਵਾਰਤਾ ਨੂੰ ਸਮਝਿਆ ਜਾ ਸਕਦਾ ਹੈ।

ਨਾਟੋ ਦੀ ਵਾਰਸਾ ਸਿਖਰ ਵਾਰਤਾ

ਬੀਤੀ 8-9 ਜੁਲਾਈ (2016) ਨੂੰ ਪੋਲੈਂਡ ਦੀ ਰਾਜਧਾਨੀ ਵਾਰਸਾ ਵਿਖੇ ਅਮਰੀਕੀ ਅਗਵਾਈ ਵਾਲ਼ੇ ਫੌਜ਼ੀ ਗੱਠਜੋੜ, ਨਾਟੋ (ਉੱਤਰੀ ਅਟਲਾਂਟਿਕ ਸੰਧੀ ਜਥੇਬੰਦੀ) ਦੀ ਸਿਖਰ ਵਾਰਤਾ ਹੋਈ। ਨਾਟੋ ਅਮਰੀਕਾ ਦੀ ਰਾਜਧਾਨੀ ਵਾਸ਼ਿਗਟਨ ਡੀ.ਸੀ ‘ਚ 4 ਅਪ੍ਰੈਲ 1949 ਨੂੰ ਹੋਂਦ ‘ਚ ਆਈ ਸੀ। ਉਦੋਂ ਇਸ ਫੌਜੀ ਗੱਠਜੋੜ ਮਕਸਦ ਦੂਜੀ ਸੰਸਾਰ ਜੰਗ ਤੋਂ ਜੇਤੂ ਹੋਕੇ ਨਿੱਕਲੇ ਸਾਮਰਾਜੀ ਸੋਵੀਅਤ ਯੂਨੀਅਨ ਦੀ ਘੇਰਾਬੰਦੀ ਸੀ। ਸੋਵੀਅਤ ਯੂਨੀਅਨ ਦੀ ਅਗਵਾਈ ‘ਚ 1955 ਸੱਤ ਹੋਰ ਦੇਸ਼ਾਂ ਨਾਲ਼ ਮਿਲ਼ ਕੇ ਇੱਕ ਫੌਜੀ ਗੱਠਜੋੜ ਬਣਾਇਆ ਜਿਸਨੂੰ ਵਾਰਸਾ ਸਮਝੌਤਾ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। 1956 ‘ਚ ਖਰੁਸ਼ਚੇਵ ਦੀ ਅਗਵਾਈ ‘ਚ ਸੋਵੀਅਤ ਯੂਨੀਅਨ ‘ਚ ਸਰਮਾਏਦਾਰੀ ਦੀ ਮੁੜ ਬਹਾਲੀ ਹੋਣ ਤੋਂ ਬਾਅਦ ਜਦੋਂ ਸਾਮਰਾਜਵਾਦੀਆਂ ਸੋਵੀਅਤ ਯੂਨੀਅਨ, ਸਮਾਜਿਕ ਸਾਮਰਾਜੀ ਸੋਵੀਅਤ ਯੂਨੀਅਨ ‘ਚ ਵਟ ਗਿਆ ਤਾਂ ਵਾਰਸਾ ਸੰਧੀ ਨਾਂ ਦਾ ਫੌਜੀ ਗੱਠਜੋੜ ਅਮਰੀਕੀ ਅਗਵਾਈ ਵਾਲ਼ੀ ਨਾਟੋ ਦੇ ਵਿਰੋਧ ‘ਚ ਸੋਵੀਅਤ ਸਮਾਜਿਕ ਸਾਮਰਾਜ ਦਾ ਹੱਥਠੋਕਾ ਬਣ ਗਿਆ।

1991 ‘ਚ ਸੋਵੀਅਤ ਯੂਨੀਅਨ ਖਿੰਡ ਗਿਆ। ਇਸ ਯੂਨੀਅਨ ਦਾ ਸਭ ਤੋਂ ਵੱਡਾ ਦੇਸ਼ ਰੂਸ ਅੰਦਰੂਨੀ ਸੰਕਟਾ ‘ਚ ਘਿਰ ਗਿਆ। ਦੂਜੇ ਪਾਸੇ ਸ਼ਰੀਕ ਦੇ ਕਮਜ਼ੋਰ ਹੋਣ ਤੋਂ ਬਾਅਦ ਅਮਰੀਕੀ ਸਾਮਰਾਜ ਦੀ ਚੜ੍ਹ ਮੱਚ ਗਈ। ਪਰ 1997 ਆਉਂਦੇ-ਆਉਂਦੇ ਰੂਸੀ ਸਾਮਰਾਜ ਫਿਰ ਤੋਂ ਸੰਭਲਿਆ। ਇਸਨੇ ਅੰਤਰ ਸਾਮਰਾਜੀ ਖਹਿਭੇੜ ‘ਚ ਫਿਰ ਤੋਂ ਉੱਤਰਨ ਦੀ ਤਿਆਰੀ ਵਿੱਢ ਦਿੱਤੀ। ਸੰਸਾਰ ਦੇ ਵੱਖ-ਵੱਖ ਮਸਲਿਆਂ ‘ਤੇ ਅਮਰੀਕੀ ਸਾਮਰਾਜ ਦਾ ਵਿਰੋਧ ਵੀ ਸ਼ੁਰੂ ਕੀਤਾ। ਵਕਤ ਨਾਲ਼ ਇਹ ਵਿਰੋਧ ਵਧੇਰੇ ਤਿੱਖਾ ਹੁੰਦਾ ਗਿਆ। ਪਿਛਲੇ ਸਾਲ ਰੂਸ ਦੁਆਰਾ ਸੀਰੀਆ ‘ਚ ਸਿੱਧਾ ਆਪਣੀ ਫੌਜ ਉਤਾਰਨਾ ਇਸ ਵਿਰੋਧ ਦਾ ਸਿਖਰ ਸੀ। ਇਸ ਤੋਂ ਬਾਅਦ ਅਮਰੀਕੀ ਸਾਮਰਾਜ ਨੇ ਰੂਸ ਨੂੰ ਘੇਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ। ਇਸ ਨਾਲ਼ ਮਈ ਮਹੀਨੇ ਤੋਂ ਅਜਿਹੀਆਂ ਕੋਸ਼ਿਸ਼ਾਂ ਨੇ ਵਿਸ਼ੇਸ਼ ਤੇਜ਼ੀ ਫੜੀ ਹੈ। ਨਾਟੋ ਦੀ ਵਾਰਸਾ ਸਿਖਰ ਵਾਰਤਾ ਇਹਨਾਂ ਕੋਸ਼ਿਸ਼ਾਂ ਦੀ ਹੀ ਕੜੀ ਹੈ।

ਬੀਤੀ 8-9 ਜੁਲਾਈ ਨੂੰ ਪੋਲੈਂਡ ਦੀ ਰਾਜਧਾਨੀ ਵਾਰਸਾ ‘ਚ ਹੋਈ ਨਾਟੋ ਸਿਖਰ ਵਾਰਤਾ ਨੂੰ ਸਰਮਾਏਦਾਰਾ ਮੀਡੀਆ, ਇਸਦੇ ਫੌਜੀ ਮਸਲਿਆਂ ਦੇ ਮਾਹਿਰ, ‘ਠੰਡੀ ਜੰਗ’ ਤੋਂ ਬਾਅਦ ਦੀ ਸਭ ਤੋਂ ਅਹਿਮ ਘਟਨਾ ਮੰਨ ਰਹੇ ਹਨ। ਇਸ ਵਾਰਤਾ ਦਾ ਮੁੱਖ ਮਕਸਦ ਰੂਸ ਨੂੰ ਚੇਤਾਵਨੀ ਦੇਣਾ ਸੀ। ਇਸ ਵਾਰਤਾ ਮੌਕੇ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਕਿਹਾ ਨਾਟੋ :“ ‘ਠੰਡੀ ਜੰਗ’ ਦੇ ਸਮੇਂ ਤੋਂ ਬਾਅਦ ਸਾਂਝੀ ਸੁਰੱਖਿਆ ਲਈ ਸਭ ਤੋਂ ਵੱਧ ਮਜ਼ਬੂਤੀ ਨਾਲ਼ ਅੱਗੇ ਵਧ ਰਹੀ ਹੈ।” ਨਾਟੋ ਦੇ ਜਨਰਲ ਸਕੱਤਰ ਜੇਨਜ਼ ਸਟੋਲਨਬਗ ਦਾ ਕਹਿਣਾ ਸੀ ਕਿ ਸੀਰੀਆ, ਇਰਾਕ ਅਤੇ ਲੀਬੀਆ ‘ਚ ਨਾਟੋ ਫੌਜੀ ਸਰਗਰਮੀਆਂ ਤੇਜ਼ ਕਰੇਗੀ। ਜ਼ਿਕਰਯੋਗ ਹੈ ਕਿ ਇਸੇ ਖਿੱਤੇ ‘ਚ ਰੂਸੀ ਫੌਜ ਵੀ ਸਰਗਰਮ ਹੈ। ਰੂਸੀ ਫੌਜ ਸੀਰੀਆਈ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੀ ਸੱਤਾ ਬਰਕਰਾਰ ਰੱਖਣ ਲਈ ਲੜ ਰਹੀ ਹੈ। ਜਦ ਕਿ ਅਮਰੀਕੀ ਹਮਾਇਤ (ਹਰ ਤਰ੍ਹਾਂ ਦੇ ਆਧੁਨਿਕ ਹਥਿਆਰਾਂ ਸਮੇਤ) ਪ੍ਰਾਪਤ ਅਖੌਤੀ ਵਿਦਰੋਹੀ ਅਸਦ ਹਕੂਮਤ ਅਤੇ ਰੂਸੀ ਫੌਜ ਨਾਲ਼ ਲੜ ਰਹੇ ਹਨ। ਕਹਿਣ ਨੂੰ ਤਾਂ ਇਸ ਸਮੇਂ ਰੂਸ ਅਤੇ ਅਮਰੀਕਾ ਨੇ ਜੰਗਬੰਦੀ ਦਾ ਐਲਾਨ ਕੀਤਾ ਹੋਇਆ ਹੈ, ਪਰ ਇਹ ਜੰਗਬੰਦੀ ਸਿਰਫ ਨਾਂ ਦੀ ਹੀ ਹੈ। ਹਾਲ ਹੀ ਵਿੱਚ “ਵਿਦਰੋਹੀਆਂ” ਦੁਆਰਾ ਰੂਸੀ ਫੌਜੀ ਹੈਲੀਕਾਪਟਰ ਨੂੰ ਫੁੰਡਣਾ ਇਸ ਦੀ ਗਵਾਹੀ ਦਿੰਦਾ ਹੈ। ਆਉਣ ਵਾਲ਼ੇ ਦਿਨਾਂ ‘ਚ ਇੱਥੇ ਜੰਗ ਹੋਰ ਵੀ ਤੇਜ਼ ਹੋ ਸਕਦੀ ਹੈ।

ਜੇਨਜ਼ ਸਟੋਲਨਬਰਗ ਦਾ ਕਹਿਣਾ ਹੈ, “ਅਸੀਂ ਪੋਲੈਂਡ ਅਤੇ ਬਾਲਟਿਕ ਦੇਸ਼ਾਂ ‘ਚ ਆਪਣੀ ਫੌਜ ਦੀ ਹਾਜ਼ਰੀ ਵਧਾ ਰਹੇ ਹਾਂ, ਪ੍ਰੰਤੂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਭ ਕੁਝ ਉਸ ਦੇ ਜਵਾਬ ਵਜੋਂ ਹੋ ਰਿਹਾ ਹੈ ਜੋ ਕੁਝ ਰੂਸ ਨੇ ਯੂਕਰੇਨ ‘ਚ ਕੀਤਾ ਸੀ।” ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਅਮਰੀਕੀ ਦਖਲ ਕਾਰਨ ਯੂਕਰੇਨ ਚੋਂ ਰੂਸੀ ਹਕੂਮਤ ਨੂੰ ਹਟਾਕੇ ਪੇਟਰੋ ਪੋਰੋਸ਼ਂੈਕੋ ਦੀ ਅਮਰੀਕਾ ਪੱਖੀ ਹਕੂਮਤ ਲਿਆਂਦੀ ਗਈ ਸੀ। ਉਸ ਤੋਂ ਬਾਅਦ ਰੂਸ ਨੇ ਯੂਕਰੇਨ ਦੇ ਇੱਕ ਬਹੁਗਿਣਤੀ ਰੂਸੀ ਅਬਾਦੀ ਵਾਲ਼ੇ ਇਲਾਕੇ ਨੂੰ ਆਪਣੇ ‘ਚ ਮਿਲ਼ਾ ਲਿਆ ਸੀ।

ਵਾਰਤਾ ਮੌਕੇ ਓਬਾਮਾ ਨੇ ਵਾਰਸਾ ‘ਚ ਅਮਰੀਕੀ ਫੌਜ ਦੇ ਸਦਰ ਮਕਾਮ ਦੀ ਸਥਾਪਨਾ, ਪੋਲੈਂਡ ਅਤੇ ਨਾਟੋ ਨੂੰ ਅਤਿ ਆਧੁਨਿਕ ਹਥਿਆਰਾਂ ਦੀ ਵਧੇਰੇ ਪੂਰਤੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਯੂਰਪ ‘ਚ ਅਮਰੀਕਾ ਦੁਆਰਾ ਉਸਾਰੀ ਮਿਜ਼ਾਈਲ ਸ਼ੀਲਡ ਦੀ ਕਮਾਨ ਨਾਟੋ ਸੰਭਾਲ਼ੇਗੀ। ਰੂਸ ਨੇ ਇਸ ਮਿਜ਼ਾਈਲ ਸ਼ੀਲਡ ਦਾ ਵਿਰੋਧ ਕੀਤਾ ਹੈ। ਰੂਸੀ ਸਰਹੱਦ ਦੇ ਨੇੜੇ ਨਾਟੋ ਫੌਜਾਂ ਅਤੇ ਅੱਤ ਆਧੁਨਿਕ ਹਥਿਆਰਾਂ, ਮਿਜ਼ਾਈਲ ਸ਼ੀਲਡ ਦੀ ਤੈਨਾਤੀ ਦਾ ਸੰਦੇਸ਼ ਸਾਫ ਹੈ ਕਿ ਜੇਕਰ ਰੂਸ ਯੂਕਰੇਨ, ਜਾਰਜੀਆ ਜਾਂ ਕਿਸੇ ਵੀ ਹੋਰ ਦੇਸ਼ ‘ਚ ਕੋਈ ਕਾਰਵਾਈ ਕਰਦਾ ਹੈ ਤਾਂ ਨਾਟੋ ਫੌਜਾਂ ਤੁਰੰਤ ਕਾਰਵਾਈ ਕਰਨਗੀਆਂ।

ਕਈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨਾਟੋ ਦੀ ਵਾਰਸਾ ਸਿਖਰ ਵਾਰਤਾ ਨੇ ਰੂਸ-ਨਾਟੋ  ਸਥਾਪਨਾ ਐਕਟ (1997) ਦਾ ਅੰਤਮ ਰੂਪ ‘ਚ ਭੋਗ ਪਾ ਦਿੱਤਾ ਹੈ। ਇਸ ਐਕਟ ਦੇ ਬਣਨ ਮੌਕੇ ਪੱਛਮ ਦੇ ਸਾਮਰਾਜੀ ਮੁਲਕਾਂ ਨੇ ਇਹ ‘ਵਾਅਦਾ’ ਕੀਤਾ ਸੀ ਕਿ ਸੋਵੀਅਤ ਯੂਨੀਅਨ ਦੇ ਖਿੰਡਾਅ ਦਾ ਫਾਇਦਾ ਨਹੀਂ(!!!) ਲੈਣਗੇ ਅਤੇ ਪੂਰਬੀ ਯੂਰਪ ਵੱਲ ਨਾਟੋ ਦਾ ਵਿਸਥਾਰ ਨਹੀਂ ਕਰਨਗੇ ਤਾਂ ਕਿ ਇੱਕ ਨਵੀਂ ਹਥਿਆਰਾਂ ਦੀ ਦੌੜ ਜਨਮ ਨਾ ਲਵੇ। ਪਰ ਇਸ ਉੱਪਰ ਕੋਈ ਅਮਲ ਨਾ ਹੋਇਆ। ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਬਾਅਦ ਅਮਰੀਕੀ ਯਤਨਾਂ ਨਾਲ਼ ਪੂਰਬੀ ਯੂਰਪ ਦੇ ਦੇਸ਼ (ਜੋ ਕਿ ਪਹਿਲਾਂ ਸੋਵੀਅਤ ਖੇਮੇ ‘ਚ ਸਨ) ਇੱਕ ਤੋਂ ਬਾਅਦ ਇੱਕ ਨਾਟੋ ‘ਚ ਸ਼ਾਮਿਲ ਕੀਤੇ ਜਾਣ ਲੱਗੇ। ਯੂਕਰੇਨ ਅਤੇ ਜਾਰਜੀਆ ਵੱਲੋਂ ਨਾਟੋ ਮੈਂਬਰਸ਼ਿਪ ਲਈ ਦਿੱਤੀ ਅਰਜ਼ੀ ਵਿਚਾਰ ਅਧੀਨ ਹੈ। ਇਸੇ ਤਰ੍ਹਾਂ ਅਮਰੀਕਾ ਸਵੀਡਨ ਅਤੇ ਫਿਨਲੈਂਡ ‘ਤੇ ਵੀ ਨਾਟੋ ‘ਚ ਸ਼ਾਮਿਲ ਹੋਣ ਦਾ ਦਬਾਅ ਪਾ ਰਿਹਾ ਹੈ। ਵਾਰਸਾ ਸਿਖਰ ਵਾਰਤਾ ਨੇ ਨਾਟੋ ਦੇ ਪੂਰਬ ਵੱਲ ਵਿਸਥਾਰ ਨਾ ਕਰਨ ਦੇ ਰੂਸ ਨੂੰ ਦਿੱਤੇ ਜਾਂਦੇ ਜ਼ਬਾਨੀ-ਕਲਾਮੀ ਭਰੋਸਿਆਂ ਦਾ ਰਸਮੀ ਤੌਰ ‘ਤੇ ਅੰਤ ਕਰ ਦਿੱਤਾ ਹੈ।

ਰੂਸੀ ਸਰਹੱਦ ‘ਤੇ ਨਾਟੋ ਫੌਜਾਂ ਦਾ ਜਮਘਟ

ਵਾਰਸਾ ਸਿਖਰ ਨੇ ਵਾਰਤਾ ਲਾਤਵੀਆ, ਇਸਤੋਨੀਆ, ਲਿਥੁਆਨੀਆ ਹੋਰ ਵਧੇਰੇ ਨਾਟੋ ਫੌਜਾਂ ਭੇਜਣ ਦਾ ਫੈਸਲਾ ਕੀਤਾ ਹੈ। ਪੂਰੇ ਪੂਰਬੀ ਯੂਰਪ ‘ਚ ਮਿਜ਼ਾਈਲਾਂ ਤੈਨਾਤ ਕਰਨ ਅਤੇ ਨਾਟੋ ਦੀ ਤੁਰੰਤ ਕਾਰਵਾਈ ਕਰਨ ਵਾਲੀ ਫੌਜ ਦੀ ਗਿਣਤੀ ਵਧਾ ਕੇ 40,000 ਕਰਨ ਦਾ ਫੈਸਲਾ ਕੀਤਾ ਹੈ। 2015 ‘ਚ ਪੂਰਬੀ ਯੂਰਪ ‘ਚ ਤੈਨਾਤ ਨਾਟੋ ਫੌਜਾਂ ਦੀ ਗਿਣਤੀ ‘ਚ ਤਿੰਨ ਗੁਣਾ ਵਾਧਾ ਕੀਤਾ ਗਿਆ ਸੀ। ਹੁਣ ਇੱਥੇ ਨਾਟੋਂ ਫੌਜਾਂ ਦੀ ਹਾਜ਼ਰੀ ‘ਠੰਡੀ ਜੰਗ’ ਦੇ ਸਿਖਰ ਵੇਲੇ ਤੋਂ ਵੀ ਕਿਤੇ ਵਧੇਰੇ ਹੈ।

ਇਸੇ ਸਾਲ ਫਰਵਰੀ ‘ਚ ਅਮਰੀਕੀ ਫੌਜ ਲਈ 583 ਬਿਲੀਅਨ ਡਾਲਰ ਦੀ ਰਾਸ਼ੀ ਜਾਰੀ ਕਰਦੇ ਹੋਏ ਅਮਰੀਕਾ ਦੇ ਰੱਖਿਆ ਸਕੱਤਰ ਐਸ਼ਟਨ ਕਾਰਟਰ ਨੇ ਕਿਹਾ ਸੀ ਕਿ ਪੈਂਟਾਗਨ ਨੂੰ “ਵੱਡੀਆਂ ਤਾਕਤਾਂ ਦਰਮਿਆਨ ਮੁਕਾਬਲੇ ਵੱਲ ਵਾਪਸੀ” ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ‘ਚ ਰੂਸ ਅਤੇ ਚੀਨ ਜੇਹੇ ਵੱਡੇ ਦੁਸ਼ਮਣਾਂ ਨਾਲ਼ ਖੁੱਲੀ ਜੰਗ ਵੀ ਸ਼ਾਮਿਲ ਹੈ”। ਕਾਰਟਰ ਮੁਤਾਬਕ ਅਮਰੀਕਾ ਨੂੰ ਜਿਹਨਾਂ ਦੇਸ਼ਾਂ ਤੋਂ ਖਤਰਾ ਹੈ, ਉਹਨਾਂ ‘ਚ ਰੂਸ ਦਾ ਨਾਂ ਸਭ ਤੋਂ ਉੱਪਰ ਹੈ।

ਦੂਜੀ ਸੰਸਾਰ ਜੰਗ ਦੌਰਾਨ ਹਿਟਲਰ ਵਲੋਂ ਚਲਾਈ “ਆਪਰੇਸ਼ਨ ਬਾਰਬੋਰਾਸਾ” ਤੋਂ ਬਾਅਦ ਰੂਸੀ ਸਰਹੱਦ ‘ਤੇ ਨਾਟੋ ਫੌਜਾਂ ਦਾ ਵਰਤਮਾਨ ਜਮਘਟ ਸਭ ਤੋਂ ਵੱਡਾ ਹੈ।

ਇਸ ਸਮੇਂ ਜਦੋਂ ਨਾਟੋਂ ਰੂਸੀ ਸਰਹੱਦ ‘ਤੇ ਫੌਜ ਅਤੇ ਅੱਤ ਆਧੁਨਿਕ ਹਥਿਆਰਾਂ ਦੀ ਤੈਨਾਤੀ ਵਧ ਰਹੀ ਹੈ, ਦੂਜੇ ਪਾਸੇ ਦੱਖਣੀ ਕੋਰੀਆ ਨੇ ਅਮਰੀਕਾ ਵੱਲੋਂ ਦਿੱਤੀਆਂ ਆਧੁਨਿਕ “ਥਾਡ(“THAAD)” ਮਿਜ਼ਾਈਲਾਂ ਤੈਨਾਤ ਕਰ ਦਿੱਤੀਆਂ ਹਨ। ਦੱਖਣੀ ਕੋਰੀਆ ‘ਚ ਪਹਿਲਾਂ ਹੀ ਅਮਰੀਕੀ ਫੌਜੀ ਅੱਡੇ ਹਨ। ਚੀਨ ਨੇ ਆਪਣੇ ਗੁਆਂਡ ‘ਚ ਅਜੇਹੀਆਂ ਮਿਜ਼ਾਈਲਾਂ ਦੀ ਤੈਨਾਤੀ ਦਾ ਵਿਰੋਧ ਕੀਤਾ ਹੈ। ਦੂਜੇ ਪਾਸੇ ਦੱਖਣ ਚੀਨ ਸਾਗਰ ‘ਚ ਪਹਿਲਾਂ ਹੀ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਚੱਲ ਰਿਹਾ ਹੈ। ਵਰਤਮਾਨ ਸਮੇਂ ‘ਚ ਨਵੀਂ ‘ਠੰਡੀ ਜੰਗ’ ‘ਚ ਅਮਰੀਕੀ ਸਾਮਰਾਜ ਅਤੇ ਨਾਟੋ ਦੇ ਮੁੱਖ ਨਿਸ਼ਾਨੇ ਰੂਸ ਅਤੇ ਚੀਨ ਹਨ। ਰੂਸ ਦੇ ਸਾਬਕਾ ਰਾਸ਼ਟਰਪਤੀ ਗੋਰਬਾਚੋਵ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਨਾਟੋ ਇਸ ਨਵੀਂ ‘ਠੰਡੀ ਜੰਗ’ ਨੂੰ ਗਰਮ ਜੰਗ ‘ਚ ਬਦਲਣ ਦੀਆਂ ਪੂਰੀਆਂ ਤਿਆਰੀਆਂ ਕਰ ਰਹੀ ਹੈ।

ਰੂਸੀ ਸਰਹੱਦ ਤੇ ਨਾਟੋ ਦੀਆਂ ਜੰਗੀ ਮਸ਼ਕਾਂ

2014 ਦੇ ਯੁਕਰੇਨੀ ਸੰਕਟ ਦੇ ਸਮੇਂ ਤੋਂ ਹੀ ਰੂਸੀ ਸਰਹੱਦ ਦੇ ਨੇੜੇ ਅਮਰੀਕੀ ਜੰਗੀ ਬੇੜੇ ਅਤੇ ਜ਼ਹਾਜ਼ ਸਰਗਰਮ ਰਹੇ ਹਨ। ਨਾਟੋ ਨੇ ਪੂਰਬ ਵੱਲ ਵਿਸਥਾਰ ਲਈ ਇਸ ਸੰਕਟ ਦਾ ਪ੍ਰਭਾਵੀ ਰੂਪ ‘ਚ ਇਸਤੇਮਾਲ ਕੀਤਾ ਹੈ। 2014 ਤੋਂ ਬਾਅਦ ਪੂਰਬੀ ਯੂਰਪ ‘ਚ ਜੰਗੀ ਮਸ਼ਕਾਂ ‘ਚ ਤੇਜ਼ੀ ਆਈ ਹੈ। ਇਸ ਸਾਲ ਨਾਟੋ ਨੇ ਰੂਸੀ ਸਰਹੱਦ ਦੇ ਨੇੜੇ ਜੰਗੀ ਮਸ਼ਕਾਂ ਹੋਰ ਵੀ ਤੇਜ਼ ਕਰ ਦਿੱਤੀਆਂ ਹਨ। ਇਸ ਸਾਲ ਮਈ ਦੇ ਦੂਸਰੇ ਹਫ਼ਤੇ ਅਮਰੀਕੀ ਫੌਜ ਨੇ ਰੋਮਾਨੀਆਂ ਅਤੇ ਮੋਲਦੋਵਾ ਦੀਆਂ ਫੌਜਾਂ ਨਾਲ਼ ਮਿਲਕੇ ਮਸ਼ਕਾਂ ਕੀਤੀਆਂ। ਇਸੇ ਸਾਲ ਮਈ ਦੇ ਅੰਤ ‘ਚ ਅਮਰੀਕੀ ਫੌਜ ਨੇ ਬਾਲਟਿਕ ਰਾਜਾਂ ਨਾਲ਼ ਮਿਲਕੇ ‘(Operation Saber Strike)’ ਜੰਗੀ ਮਸ਼ਕ ਕੀਤੀ। ਇਸੇ ਸਾਲ ਜੂਨ ਮਹੀਨੇ ‘ਚ ਨਾਟੋ ਫੌਜਾਂ ਨੇ ਹਾਲ ਦੇ ਸਾਲਾਂ ‘ਚ ਸਭ ਤੋਂ ਵੱਡੀ ਜੰਗੀ ਮਸ਼ਕ ਪੋਲੈਂਡ ‘ਚ ਕੀਤੀ। ਇਸ ਨੂੰ “ਆਪਰੇਸ਼ਨ ਐਨਾਕੌਂਡਾ 2016” ਦਾ ਨਾਂ ਦਿੱਤਾ ਗਿਆ। ਇਸ ਆਪਰੇਸ਼ਨ ‘ਚ ਅਮਰੀਕਾ ਅਤੇ ਨਾਟੋ ਫੌਜਾਂ ਦੇ 31,000 ਫੌਜੀ, 105 ਹਵਾਈ ਜਹਾਜ਼, 12 ਜੰਗੀ ਬੇੜੇ ਸ਼ਾਮਿਲ ਹੋਏ। ਦੂਜੇ ਪਾਸੇ ਰੂਸ ਨੇ ਵੀ ਆਪਣੀ ਸਰਹੱਦ ਦੇ ਨੇੜੇ ਫੌਜਾਂ ਅਤੇ ਆਧੁਨਿਕ ਹਥਿਆਰਾਂ ਦੀ ਤੈਨਾਤੀ ਵਧਾ ਦਿੱਤੀ ਹੈ।

ਇਹ ਘਟਨਾਵਾਂ ਆਉਣ ਵਾਲ਼ੇ ਦਿਨਾਂ ‘ਚ ਕੀ ਰੁਖ ਅਖਤਿਆਰ ਕਰਨਗੀਆਂ ਇਹ ਤਾਂ ਆਉਣ ਵਾਲ਼ਾ ਸਮਾਂ ਹੀ ਦੱਸੇਗਾ। ਪਰ ਏਨਾਂ ਤੈਅ ਹੈ ਕਿ ਲੁੱਟ ਦਾ ਮਾਲ ਵੰਡਣ ਲਈ ਸਾਮਰਾਜੀ ਡਾਕੂ ਗਰੋਹ ਮਨੁੱਖਤਾ ਨੂੰ ਨਵੀਆਂ ਮੁਸੀਬਤਾਂ ਦੇ ਮੂੰਹ ਧੱਕਣ ਦੀਆਂ ਤਿਆਰੀਆਂ ਕਰ ਰਹੇ ਹਨ। ਇੱਕ ਨਵੀਂ ਜੰਗ ਦਾ ਖਤਰਾ ਮਨੁੱਖਤਾ ਸਿਰ ਮੰਡਰਾ ਰਿਹਾ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements