ਨਾਗਰਿਕਤਾ ਕਨੂੰਨ ਖਿਲਾਫ ਪੰਜਾਬ ’ਚ ਵਿਦਿਆਰਥੀਆਂ ਵੱਲੋਂ ਰੋਸ ਮੁਜਾਹਰੇ ਜਾਰੀ

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਰਾਸ਼ਟਰੀ ਸਵੈਸੇਵਕ ਸੰਘ ਤੇ ਭਾਜਪਾ ਵੱਲੋਂ ਆਪਣੇ ਹਿੰਦੂਤਵੀ ਫਾਸੀਵਾਦ ਦੇ ਨਿਸ਼ਾਨੇ ਨੂੰ ਲਾਗੂ ਕਰਨ ਦੇ ਰਾਹ ’ਤੇ ਇੱਕ ਵੱਡੀ ਪੁਲਾਂਘ ਭਰਦਿਆਂ ‘ਨਾਗਰਿਕਤਾ ਸੋਧ ਕਨੂੰਨ 2019’ ਲਿਆਂਦਾ ਗਿਆ ਹੈ। 9 ਦਸੰਬਰ ਨੂੰ ਇਹ ਬਿੱਲ ਲੋਕ ਸਭਾ ਤੇ 11 ਦਸੰਬਰ ਨੂੰ ਰਾਜ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਹੀ ਦੇਸ਼ ਭਰ ਵਿੱਚ ਲੋਕ-ਰੋਹ ਦਾ ਫੁਟਾਰਾ ਹੋਇਆ ਹੈ। ਦੇਸ਼ ਵਿੱਚ ਚੱਲ ਰਹੇ ਅਣਥੱਕ ਮੁਜਾਹਰਿਆਂ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਤਬਕਿਆਂ ਨੌਜਵਾਨਾਂ, ਮਰਦਾਂ, ਔਰਤਾਂ, ਬੱਚਿਆਂ, ਬੁੱਧੀਜੀਵੀਆਂ, ਕਲਾਕਾਰਾਂ ਆਦਿ ਦੀ ਸ਼ਮੂਲੀਅਤ ਨੇ ਜਿੱਥੇ ਨਵੀਂ ਪਿਰਤ ਪਾਈ ਹੈ ਉੱਥੇ ਵਿਦਿਆਰਥੀਆਂ ਨੇ ਸੰਘਰਸ਼ਾਂ ਦਾ ਧੁਰਾ ਬਣਨ ਦੀ ਰਵਾਇਤ ਨੂੰ ਵੀ ਕਾਇਮ ਰੱਖਿਆ ਹੈ। ਦੇਸ਼ ਵਿੱਚ ਉੱਠ ਰਹੀ ਲੋਕ ਅਵਾਜ਼ ਦੀ ਗੂੰਜ ਪੰਜਾਬ ਵਿੱਚ ਵੀ ਪਹੁੰਚੀ। 9 ਦਸੰਬਰ ਨੂੰ ਇਹ ਬਿੱਲ ਲੋਕ ਸਭਾ ਵਿੱਚ ਪਾਸ ਕੀਤੇ ਜਾਣ ਮਗਰੋਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਸਮੇਤ ਅਨੇਕਾਂ ਕਾਲਜਾਂ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਇਕੱਠੇ ਹੋਕੇ ਮੁਜਾਹਰੇ ਕੀਤੇ ਜਾ ਰਹੇ ਹਨ।

ਚੰਡੀਗੜ੍ਹ ਦੀ ਗੱਲ ਕਰੀਏ ਤਾਂ 11 ਦਸੰਬਰ ਨੂੰ ‘ਨਾਗਰਿਕਤਾ ਸੋਧ ਬਿੱਲ’ ਦੀਆਂ ਕਾਪੀਆਂ ਫੂਕ ਕੇ ਯੂਨੀਵਰਸਿਟੀ ਵਿੱਚ ਮਾਰਚ ਕੱਢਿਆ ਗਿਆ। ਇਸ ਮੁਜਾਹਰੇ ਵਿੱਚ ਉੱਤਰਪੂਰਬ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਪੁਲਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ 16 ਦਸੰਬਰ ਨੂੰ ਸੈਂਕੜੇ ਵਿਦਿਆਰਥੀਆਂ ਨੇ ਵਿਦਿਆਰਥੀ ਕੇਂਦਰ (ਸਟੂਡੈਂਟ ਸੈਂਟਰ) ’ਤੇ ਇਕੱਠੇ ਹੋਕੇ ਜ਼ੋਰਦਾਰ ਮੁਜਾਹਰਾ ਕੀਤਾ ਅਤੇ ਮਾਰਚ ਕੱਢਿਆ। ਦੇਸ਼ ਭਰ ਵਿੱਚ 19 ਦਸੰਬਰ ਨੂੰ ਕੀਤੇ ਜਾ ਰਹੇ ਮੁਜਾਹਰਿਆਂ ਦੇ ਤਹਿਤ ਵਿਦਿਆਰਥੀ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਤੋਂ ਲੈ ਕੇ ਚੰਡੀਗੜ੍ਹ ਦੇ ਸੈਕਟਰ 17 ਦੇ ਪਲਾਜ਼ਾ ਤੱਕ ਮਾਰਚ ਦਾ ਸੱਦਾ ਦਿੱਤਾ ਗਿਆ। ਨਾਗਰਿਕਤਾ ਸੋਧ ਕਨੂੰਨ ਅਤੇ ਕੌਮੀ ਨਾਗਰਿਕਤਾ ਰਜਿਸਟਰ ਵਿਰੁੱਧ ਇਸ ਦਿਨ ਹਜ਼ਾਰਾਂ ਵਿਦਿਆਰਥੀਆਂ ਨੇ ਸ਼ਹਿਰ ਵਿੱਚ ਸ਼ਾਨਦਾਰ ਮਾਰਚ ਕੱਢਿਆ। ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਵੇਖਕੇ ਸੜਕ ਦੇ ਆਲ਼ੇ-ਦੁਆਲ਼ੇ ਤੋਂ ਲੋਕ ਨਾਲ਼ ਜੁੜਦੇ ਗਏ। 2500 ਤੋਂ ਵੱਧ ਮੁਜਾਹਰਾਕਾਰੀਆਂ ਨੇ ਸੈਕਟਰ 17 ਵਿੱਚ ਜ਼ੋਰਦਾਰ ਨਾਅਰਿਆਂ ਅਤੇ ਭਾਸ਼ਣਾਂ ਨਾਲ਼ ਸਰਕਾਰ ਨੂੰ ਵੰਗਾਰਿਆ। 1 ਜਨਵਰੀ ਨੂੰ ਨਵੇਂ ਸਾਲ ਦੇ ਅਰੰਭ ’ਤੇ ਸ਼ਹਿਰ ਦੇ ਬੁਧੀਜੀਵੀਆਂ ਵੱਲੋਂ ਰੱਖੇ ਗਏ ਮੁਜਾਹਰੇ ਵਿੱਚ ਵੀ ਵਿਦਿਆਰਥੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਵਿੱਚ ਚਲਦੇ ਇਮਤਿਹਾਨਾਂ ਦੇ ਦੌਰਾਨ ਵਿਦਿਆਰਥੀ ਸੈਂਕੜੇ-ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਕੇ ਮੁਜਾਹਰੇ ਕਰਦੇ ਰਹੇ। ਇਹ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਦੇ ਫਿਰਕੂ ਨਾਗਰਿਕਤਾ ਕਨੂੰਨ ਅਤੇ ਪੁਲਸੀਆ ਜਬਰ ਵਿਰੁੱਧ ਵਿਦਿਆਰਥੀ ਰੋਹ ਨਾਲ਼ ਭਰੇ ਹੋਏ ਹਨ। ਜਿਵੇਂ-ਜਿਵੇਂ ਸੱਤਾ ਦਾ ਫਿਰਕੂ-ਫਾਸੀਵਾਦੀ ਚਿਹਰਾ ਨੰਗਾ ਹੁੰਦਾ ਜਾ ਰਿਹਾ ਹੈ ਓਨਾ ਹੀ ਲੋਕ ਰੋਹ ਵਧ ਰਿਹਾ ਹੈ। ਇਸੇ ਤਰਾਂ ਜਦੋਂ 5 ਜਨਵਰੀ ਨੂੰ ਸੰਘ ਦੇ ਵਿਦਿਆਰਥੀ ਧੜੇ ਏਬੀਵੀਪੀ ਦੇ ਗੁੰਡਿਆਂ ਨੇ ਸਰਕਾਰੀ ਸਰਪ੍ਰਸਤੀ ਹੇਠ ਜੇਐਨਯੂ ਦੇ ਵਿਦਿਆਰਥੀਆਂ ’ਤੇ ਜਾਨਲੇਵਾ ਹਮਲਾ ਕੀਤਾ ਤਾਂ ਪੰਜਾਬ ਯੂਨੀਵਰਸਿਟੀ ਦਾ ਵਿਹੜਾ ਫੇਰ ਤੋਂ ਫਾਸੀਵਾਦ ਅਤੇ ਸਰਕਾਰ ਵਿਰੋਧੀ ਨਾਅਰਿਆਂ ਨਾਲ਼ ਗੂੰਜ ਉੱਠਿਆ। ਇਸ ਮੌਕੇ ਜੇਐਨਯੂ ਦੇ ਵਿਦਿਆਰਥੀਆਂ ਵਿਰੁੱਧ ਮੁਜਾਹਰਾ ਕਰਨ ਆਏ ਏਬੀਵੀਪੀ ਦੇ ਢਾਈ ਟੋਟਰੂਆਂ ਨੂੰ ਵਿਦਿਆਰਥੀਆਂ ਦੇ ਭਰਵੇਂ ਇਕੱਠ ਨਾਲ਼ ਜਵਾਬ ਦਿੱਤਾ ਗਿਆ। ਇਸੇ ਦਿਨ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਵਿੱਚ ਭਾਸ਼ਣ ਦੇਣ ਆਏ ਭਾਜਪਾ ਦੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਵੀ ਵਿਦਿਆਰਥੀਆਂ ਨੇ ਨਹੀਂ ਬਖਸ਼ਿਆ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਕਾਰਕੁੰਨਾਂ ਸਮੇਤ ਹੋਰਾਂ ਵਿਦਿਆਰਥੀਆਂ ਦੀ ਨਾਅਰੇਬਾਜ਼ੀ ਅਤੇ ਸਵਾਲਾਂ ਕਰਕੇ ਉਸਨੂੰ ਆਪਣਾ ਭਾਸ਼ਣ ਵਿਚਾਲੇ ਹੀ ਛੱਡਣਾ ਪਿਆ।

ਸਰਕਾਰ ਦੀ ਫਿਰਕੂ ਚਾਲ ਵਿਰੁੱਧ ਵਿਦਿਆਰਥੀ ਡਟਕੇ ਸੰਘਰਸ਼ ਕਰ ਰਹੇ ਹਨ। ਚੰਡੀਗੜ੍ਹ ਵਿੱਚ ਮੁਜਾਹਰਿਆਂ ਵਿੱਚ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਐਸਐਫਐਸ, ਐਸਐਫਆਈ, ਸੱਥ, ਏਐਸਏ, ਏਐਫਐਸਐਸ ਸਮੇਤ ਉੱਤਰ ਪੂਰਬ ਦੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਸਰਗਰਮ ਰਹੀਆਂ ਹਨ।

ਪਟਿਆਲਾ: ਲੋਕ ਸਭਾ ’ਚ ਇਹ ਬਿਲ ਪਾਸ ਹੁੰਦਿਆਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਛੇ ਵਿਦਿਆਰਥੀ ਜਥੇਬੰਦੀਆਂ (ਪੀਐਸਯੂ (ਲਲਕਾਰ), ਪੀਐਸਯੂ, ਪੀਆਰਐਸਯੂ, ਡੀਐਸਓ, ਏਆਈਐਸਐਫ ਤੇ ਐਸਐਫਆਈ) ਦੇ ਸਾਂਝੇ ਮੋਰਚੇ ਵੱਲੋਂ ਇਸ ਬਿਲ ਦੀਆਂ ਕਾਪੀਆਂ ਸਾੜਦੇ ਹੋਏ ਰੋਸ ਵਿਖਾਵਿਆਂ ਦੀ ਸ਼ੁਰੂਆਤ ਕੀਤੀ ਗਈ। ਜਾਮੀਆ ਮਿਲੀਆ ਇਸਾਲਮੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਜਬਰ ਤੋਂ ਬਾਅਦ ਇੱਕ ਵਾਰ ਫੇਰ ਇਸ ਸਾਂਝੇ ਮੋਰਚੇ ਦੀ ਅਗਵਾਈ ’ਚ ਸੈਂਕੜੇ ਵਿਦਿਆਰਥੀਆਂ ਨੇ ਇਕੱਤਰ ਹੋਕੇ ਰੋਸ ਪ੍ਰਗਟ ਕੀਤਾ। ਇਸਤੋਂ ਬਾਅਦ ‘ਯੰਗ ਇੰਡੀਆ ਕੰਪੇਨ ਅਗੇਂਸਟ ਸੀਏਏ, ਐਨਪੀਆਰ, ਐਨਆਰਸੀ’ ਦੇ ਸੱਦੇ ’ਤੇ 1 ਜਨਵਰੀ ਨੂੰ ਰੋਸ ਮੁਜਹਾਰਾ ਕਰਨ ਤੇ 8 ਜਨਵਰੀ ਦੀ ਹੜਤਾਲ ਦਾ ਫੈਸਲਾ ਕੀਤਾ ਗਿਆ।

ਇਸ ਤਹਿਤ ਨਾਗਰਿਕ ਕਨੂੰਨਾਂ ਖਿਲਾਫ ਰੋਸ ਵਿਖਾਵਾ ਕਰਦਿਆਂ ਨਿਵੇਕਲੇ ਢੰਗ ਨਾਲ਼ ਨਵਾਂ ਸਾਲ ਮਨਾਇਆ। ਦੇਸ਼ ਭਰ ਵਿੱਚ ਵਿਦਿਆਰਥੀਆਂ, ਨੌਜਵਾਨਾਂ ਵੱਲੋਂ ‘ਯੰਗ ਇੰਡੀਆ ਕੰਪੇਨ ਅਗੇਂਸਟ ਐਨਆਰਸੀ, ਸੀਏਏ, ਐਨਪੀਆਰ’ ਦੇ ਬੈਨਰ ਹੇਠ ਪਟਿਆਲਾ ਵਿਖੇ ਛੇ ਵਿਦਿਆਰਥੀ ਜਥੇਬੰਦੀਆਂ ਪੀਐਸਯੂ (ਲਲਕਾਰ), ਪੀਐਸਯੂ, ਪੀਆਰਐਸਯੂ, ਐਸਐਫਆਈ, ਡੀਐਸਓ ਤੇ ਐਸਐਫਆਈ ਦੇ ਕਾਰਕੁੰਨਾਂ ਨੇ ਸਵੇਰ ਵੇਲੇ ਬੱਸ ਅੱਡਾ ਪਟਿਆਲਾ ਤੇ ਰੇਲਵੇ ਸ਼ਟੇਸ਼ਨ ਵਿੱਚ ਪੋਸਟਰਾਂ ਨਾਲ਼ ਰੋਸ ਵਿਖਾਵਾ ਕਰਦਿਆਂ ਤੇ ਸਵਾਰੀਆਂ ਨੂੰ ਇਹਨਾਂ ਕਨੂੰਨਾਂ ਤੇ ਇਹਨਾਂ ਪਿਛਲੀ ਫਿਰਕੂ ਵੰਡੀਆਂ ਪਾਉਣ ਵਾਲ਼ੀ ਸਿਆਸਤ ਤੋਂ ਸੁਚੇਤ ਕੀਤਾ। ਲੋਕਾਂ ਨੇ ਉਹਨਾਂ ਦੇ ਇਸ ਉਪਰਾਲੇ ਨੂੰ ਭਰਵਾਂ ਹੁੰਘਾਰਾ ਦਿੱਤਾ। ਲੋਕ ਉਹਨਾਂ ਦੇ ਪੋਸਟਰਾਂ ਨੂੰ ਦੇਖਦੇ, ਤਸਵੀਰਾਂ ਖਿੱਚਦੇ ਰਹੇ ਤੇ ਬੱਸਾਂ ਵਿੱਚ ਲੋਕਾਂ ਨੇ ਡੂੰਘੀ ਦਿਲਚਸਪੀ ਨਾਲ਼ ਉਹਨਾਂ ਦੀ ਗੱਲਬਾਤ ਸੁਣੀ, ਆਪਣੀ ਰਾਇ ਰੱਖੀ ਤੇ ਇਸ ਉਪਰਾਲੇ ਲਈ ਹੱਲਾਸ਼ੇਰੀ ਵੀ ਦਿੱਤੀ। ਬਹੁਤੇ ਲੋਕਾਂ ਭਾਜਪਾ ਹਕੂਮਤ ਦੀ ਫਿਰਕੂ ਸਿਆਸਤ ਦਾ ਵਿਰੋਧ ਕਰਨ ਦੀ ਗੱਲ ਨਾਲ਼ ਸਹਿਮਤੀ ਪ੍ਰਗਟ ਕੀਤੀ। ਸ਼ਾਮ ਵੇਲੇ ਇਹਨਾਂ ਜਥੇਬੰਦੀਆਂ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ‘ਪ੍ਰਤੀਰੋਧ ਦੀ ਸ਼ਾਮ’ ਦੇ ਨਾਮ ਹੇਠ ਗੀਤਾਂ, ਕਵਿਤਾਵਾਂ ਤੇ ਨਾਟਕਾਂ ਨਾਲ਼ ਇਹਨਾਂ ਕਨੂੰਨਾਂ ਖਿਲਾਫ ਆਪਣਾ ਰੋਸ ਪ੍ਰਗਟ ਕਰਦਿਆਂ ਨਵਾਂ ਸਾਲ ਮਨਾਇਆ।

8 ਜਨਵਰੀ ਦੇ ਹੜਤਾਲ ਦੇ ਸੱਦੇ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ਜਾਮ ਕਰਕੇ ਹੜਤਾਲ ਸਫਲ ਕੀਤੀ ਗਈ, ਜਿਸ ਵਿੱਚ ਵਿਦਿਆਰਥੀਆਂ ਤੋਂ ਬਿਨਾਂ ਕਈ ਅਧਿਆਪਕ ਤੇ ਮੁਲਾਜਮ ਜਥੇਬੰਦੀਆਂ ਵੀ ਸ਼ਾਮਲ ਹੋਈਆਂ। ਆਈਆਈਟੀ ਕਾਨਪੁਰ ਵਿੱਚ ਫੈਜ ਅਹਿਮਦ ਫੈਜ ਦੀ ਨਜਮ ‘ਹਮ ਦੇਖੇਂਗੇ’ ਉੱਪਰ ਪਾਬੰਦੀ ਦੇ ਖਿਲਾਫ 10 ਜਨਵਰੀ ਨੂੰ ਇਹਨਾਂ ਜਥੇਬੰਦੀਆਂ ਨੇ ‘ਪ੍ਰਤੀਰੋਧ ਦੀ ਸ਼ਾਮ’ ਦੇ ਨਾਮ ਹੇਠ ਇਨਕਲਾਬੀ ਗੀਤਾਂ ਤੇ ਕਵਿਤਾਵਾਂ ਨਾਲ਼ ਰੋਸ ਪ੍ਰਗਟ ਕੀਤਾ ਤੇ ਫੈਜ ਦੀ ਇਹ ਨਜਮ ਵੀ ਸਮੂਹਿਕ ਤੌਰ ’ਤੇ ਗਾਈ।

ਇਸ ਤੋਂ ਬਿਨਾਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ 17 ਦਸੰਬਰ ਨੂੰ ਚਾਰ ਵਿਦਿਆਰਥੀ ਜਥੇਬੰਦੀਆਂ ਪੀਐਸਯੂ (ਲਲਕਾਰ), ਪੀਐਸਯੂ, ਪੀਆਰਐਸਯੂ ਅਤੇ ਪੀਐਸਯੂ (ਸ਼ਹੀਦ ਰੰਧਾਵਾ) ਵੱਲੋਂ ਸਾਂਝੇ ਤੌਰ ’ਤੇ ਰੋਸ ਵਿਖਾਵਾ ਕੀਤਾ ਗਿਆ ਤੇ ਜਾਮੀਆ ਤੇ ਅਲੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਜਬਰ ਦੀ ਨਿਖੇਧੀ ਕੀਤੀ ਗਈ। 1 ਜਨਵਰੀ ਦੇ ਸੱਦੇ ਤਹਿਤ ਵੀ ਇੱਥੇ ਤਿੰਨ ਜਥੇਬੰਦੀਆਂ ਪੀਐਸਯੂ (ਲਲਕਾਰ), ਪੀਐਸਯੂ ਅਤੇ ਪੀਆਰਐਸਯੂ ਵੱਲੋਂ ਰੋਸ ਮੁਜਾਹਰਾ ਕੀਤਾ ਗਿਆ।

ਜਾਮੀਆ ਤੇ ਅਲੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਹਮਲੇ ਅਤੇ ਨਾਗਰਿਕਾਤ ਸੋਧ ਕਨੂੰਨ ਖਿਲਾਫ ਰੋਸ ਵਜੋਂ 17 ਦਸੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵਿੱਚ ਵੀ ਵਿਦਿਆਰਥੀ ਜਥੇਬੰਦੀਆਂ ਵੱਲੋਂ ਰੋਸ ਵਿਖਾਵਾ ਕੀਤਾ ਗਿਆ। ਇਸ ਵਿੱਚ ਪੀਐਸਯੂ (ਲਲਕਾਰ), ਐਸਐਫਐਸ, ਐਸਵਾਈਪੀ, ਪੀਐਸਯੂ, ਮੂਲ ਨਿਵਾਸੀ ਵਿਦਿਆਰਥੀ ਸੰਘ ਤੇ ਫੂਲੇ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਸ਼ਾਮਲ ਸਨ। 8 ਜਨਵਰੀ ਦੇ ਭਾਰਤ ਬੰਦ ਦੇ ਸੱਦੇ ਤਹਿਤ ਵੀ ਅੰਮਿ੍ਰਤਸਰ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲ਼ੋਂ ਭੰਡਾਰੀ ਪੁਲ ’ਤੇ ਇਕੱਠ ਕਰਕੇ ਰੇਲਵੇ ਲਾਈਨ ਜਾਮ ਕੀਤੀ ਗਈ। ਇਸ ਵਿੱਚ ਵੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਸ਼ਮੂਲੀਅਤ ਕੀਤੀ ਗਈ।

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂਆਂ ਦਾ ਕਹਿਣਾ ਹੈ ਕਿ ਨਾਗਰਿਕਤਾ ਦੇ ਨਾਮ ’ਤੇ ਇਸ ਫਾਸੀਵਾਦੀ ਹਮਲੇ ਖਿਲਾਫ ਪੰਜਾਬ ਵਿੱਚ ਸੰਘਰਸ਼ ਅਜੇ ਬਰਕਰਾਰ ਰਹੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 22-23, ਜਨਵਰੀ 2020 (ਸੰਯੁਕਤ ਅੰਕ) ਵਿੱਚ ਪਰ੍ਕਾਸ਼ਿਤ