ਨੌਜਵਾਨ ਭਾਰਤ ਸਭਾ ਵੱਲੋਂ ਵੱਖ-ਵੱਖ ਥਾਵਾਂ ‘ਤੇ ਬਾਲ ਰਚਨਾਤਮਕਤਾ ਕੈਂਪਾਂ ਦਾ ਆਯੋਜਨ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਸੁਆਰਥ, ‘ਖਾਓ-ਪੀਓ ਐਸ਼ ਕਰੋ’, ਹਿੰਸਾ, ਨਸ਼ਾਖੋਰੀ ਤੇ ਸੰਵੇਦਨਹੀਣਤਾ ਦੇ ਸੱਭਿਆਚਾਰ ਤੋਂ ਲੈ ਕੇ ਚੋਰੀਆਂ, ਗੁੰਡਾਗਰਦੀ, ਬਲਾਤਕਾਰ ਤੇ ਕਤਲ ਜਿਹੇ ਜੁਰਮ ਵੀ ਬੱਚਿਆਂ ‘ਚ ਆਮ ਵੇਖਣ ਨੂੰ ਮਿਲ਼ਦੇ ਹਨ। ਹਰ ਬੱਚੇ ਅੰਦਰਲਾ ਕਲਪਨਾਸ਼ੀਲ ਕਲਾਕਾਰ, ਹਰ ਚੀਜ ਨੂੰ ਜਾਨਣ ਦੀ ਉਤਸੁਕਤਾ ਰੱਖਦਾ ਵਿਗਿਆਨੀ ਤੇ ਚੰਗੀਆਂ ਚੀਜਾਂ ਪ੍ਰਤੀ ਕੋਮਲ ਭਾਵਨਾਵਾਂ ਰੱਖਦਾ ਮਨੁੱਖ, ਉਮਰ ਨਾਲ਼ ਖਤਮ ਹੁੰਦਾ ਜਾਂਦਾ ਹੈ ਤੇ ਉਹਦੀ ਥਾਂ ਪਸ਼ੂਪੁਣਾ ਤੇ ਨੈਤਿਕ ਨਿਘਾਰ ਲੈਂਦੇ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਬੱਚਿਆਂ ਅੰਦਰਲੀ ਚੰਗਿਆਈ ਨੂੰ ਬਚੇ ਰਹਿਣ ਤੇ ਵਧਣ-ਫੁੱਲਣ ਲਈ ਕੋਈ ਸੁਖਾਵਾਂ ਮਹੌਲ ਹੀ ਨਹੀਂ ਮਿਲ਼ਦਾ। ਬੱਚਿਆਂ ਨੇ ਆਪਣੇ ਪਰਿਵਾਰ, ਸਕੂਲ, ਸਮਾਜ ਤੇ ਮੀਡੀਆ ਤੋਂ ਹੀ ਸਭ ਕੁੱਝ ਸਿੱਖਣਾ ਹੁੰਦਾ ਹੈ, ਪਰ ਇਹਨਾਂ ਦਾ ਮਹੌਲ ਹੀ ਅਜਿਹਾ ਹੈ ਕਿ ਉਹ ਬੱਚਿਆਂ ਅੰਦਰਲੀ ਚੰਗਿਆਈ ਨੂੰ ਬਚਾਉਣ ਦੀ ਥਾਂ ਉਸਨੂੰ ਲਗਾਤਾਰ ਖਤਮ ਕਰਦਾ ਜਾਂਦਾ ਹੈ। ਇਸ ਲਈ ਬਿਹਤਰ ਮਨੁੱਖ ਘੜਨ ਦੀ ਸ਼ੁਰੂਆਤ ਵੀ ਬਚਪਨ ਦੇ ਇਹਨਾਂ ਵਰ੍ਹਿਆਂ ‘ਚ ਉਸਨੂੰ ਬਦਲਵਾਂ ਤੇ ਨਰੋਆ ਸੱਭਿਆਚਾਰ ਤੇ ਅਗਾਂਹਵਧੂ ਵਿਚਾਰ ਦੇਣ ਤੋਂ ਹੀ ਹੋਣੀ ਚਾਹੀਦੀ ਹੈ।

ਅੱਜ ਜਦੋਂ ਭਾਰਤ ਵਿੱਚ ਵੱਖ-ਵੱਖ ਫਿਰਕੂ ਤਾਕਤਾਂ ਫਿਰ ਤੋਂ ਸਿਰ ਚੁੱਕ ਰਹੀਆਂ ਹਨ ਤੇ ਉਹਨਾਂ ਦੀ ਪਹੁੰਚ ਬੱਚਿਆਂ ਤੱਕ ਵੀ ਹੈ ਤਾਂ ਅਜਿਹੇ ਮਹੌਲ ਵਿੱਚ ਬੱਚਿਆਂ ਨੂੰ ਅਜਿਹੇ ਬਦਲ ਦੇਣੇ ਹੋਰ ਵੀ ਜਰੂਰੀ ਹੋ ਜਾਂਦੇ ਹਨ। ਭਾਰਤ ਦੀ ਸਭ ਤੋਂ ਵੱਡੀ ਫਿਰਕੂ ਤਾਕਤ ਰਾਸ਼ਟਰੀ ਸਵੈਸੇਵਕ ਸੰਘ ਵੱਲੋਂ ਰੋਜ਼ਾਨਾ ਦੇਸ਼ ਭਰ ਵਿੱਚ ਹਜ਼ਾਰਾਂ ਸ਼ਖਾਵਾਂ ਲਾਈਆਂ ਜਾਂਦੀਆਂ ਹਨ, ਜਿਸ ਵਿੱਚ ਲੱਖਾਂ ਬੱਚੇ ਸ਼ਾਮਲ ਹੁੰਦੇ ਹਨ, ਜਿੱਥੇ ਉਹਨਾਂ ਦੇ ਮਨਾਂ ਅੰਦਰ ਫਿਰਕੂ ਨਫਰਤ ਭਰੀ ਜਾਂਦੀ ਹੈ। ਕਈ ਥਾਵਾਂ ‘ਤੇ ਤਾਂ ਬੱਚਿਆਂ ਨੂੰ ਹਥਿਆਰਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਅਜਿਹੇ ਮਹੌਲ ਵਿੱਚ ਬੱਚਿਆਂ ਨੂੰ ਅਣਗੌਲ਼ਿਆਂ ਕਰਨਾ ਸਿੱਧਾ-ਸਿੱਧਾ ਫਿਰਕੂ ਤੇ ਹੋਰ ਸਮਾਜ ਵਿਰੋਧੀ ਤਾਕਤਾਂ ਲਈ ਮੈਦਾਨ ਖਾਲੀ ਛੱਡਣਾ ਹੋਵੇਗਾ।

ਇਸੇ ਉਦੇਸ਼ ਤਹਿਤ ‘ਨੌਜਵਾਨ ਭਾਰਤ ਸਭਾ’ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਬੱਚਿਆਂ ਦਰਮਿਆਨ ਰਚਨਾਤਮਕ ਬਾਲ ਮੇਲਿਆਂ, ਕੈਂਪਾਂ, ਫਿਲਮ ਸ਼ੋਅ ਆਦਿ ਦਾ ਆਯੋਜਨ ਕਰਦੀ ਆ ਰਹੀ ਹੈ। ਇਸੇ ਤਹਿਤ ਇਸ ਵਾਰ ਵੀ ਗਰਮੀਆਂ ਦੀਆਂ ਜੂਨ ਦੀਆਂ ਛੁੱਟੀਆਂ ਦੌਰਾਨ ਨੌਜਵਾਨ ਭਾਰਤ ਸਭਾ ਵੱਲੋਂ ਸੂਬੇ ਵਿੱਚ ਕਈ ਥਾਂ ‘ਤੇ ਬੱਚਿਆਂ ਦੇ ਰਚਨਾਤਮਕਤਾ ਕੈਂਪ ਲਾਏ ਗਏ।

ਰਾਏਕੋਟ: ਬੱਚਿਆਂ ਨੂੰ ਇੱਕ ਨਰੋਆ ਤੇ ਬਦਲਵਾਂ ਸੱਭਿਆਚਾਰ ਦੇਣ ਦੇ ਯਤਨ ਤਹਿਤ ਨੌਜਵਾਨ ਭਾਰਤ ਸਭਾ ਦੀ ਇਕਾਈ ਰਾਏਕੋਟ ਵੱਲੋਂ 1 ਜੂਨ ਤੋਂ 5 ਜੂਨ ਤੱਕ ਮੁਹੱਲਾ ਗੁਰੂ ਨਾਨਕਪੁਰਾ, ਰਾਏਕੋਟ ਵਿਖੇ ਬਾਲ ਰਾਚਨਾਤਮਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲੱਗਭਗ 35 ਦੇ ਕਰੀਬ ਬੱਚਿਆਂ ਨੇ ਸ਼ਮੂਲੀਅਤ ਕੀਤੀ। ਕੈਂਪ ਦੇ 5 ਦਿਨਾਂ ਦੌਰਾਨ ਬੱਚਿਆਂ ਨੂੰ ਗੀਤ, ਕਵਿਤਾ, ਪੇਂਟਿੰਗ, ਭੰਗੜਾ ਅਤੇ ਨਾਟਕ ਦੀ ਤਿਆਰੀ ਕਰਵਾਈ ਗਈ। 12 ਜੂਨ ਨੂੰ ਬੱਚਿਆਂ ਕੈਂਪ ਦੌਰਾਨ ਸਿੱਖੇ ਗਏ ‘ਸ਼ੇਰ ਅਤੇ ਖਰਗੋਸ਼’ ਨਾਟਕ, ਗੀਤਾਂ, ਕਵਿਤਾ, ਪੇਂਟਿੰਗ ਅਤੇ ਭੰਗੜੇ ਦੀ ਸਥਾਨਕ ਲੋਕਾਂ ਸਾਹਮਣੇ ਪੇਸ਼ਕਾਰੀ ਕੀਤੀ ਗਈ ਅਤੇ ਬੱਚਿਆਂ ਦੁਆਰਾ ਆਪਣਾ ਐਲਾਨਨਾਮਾ ਵੀ ਪੜ੍ਹਿਆ ਗਿਆ। ਪ੍ਰੋਗਰਾਮ ਦੀ ਸਮਾਪਤੀ ‘ਤੇ ਕੈਂਪ ਵਿੱਚ ਸ਼ਾਮਲ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੀ ਜੀਵਨੀ ‘ਅਜਿਹਾ ਸੀ ਸਾਡਾ ਭਗਤ ਸਿੰਘ’ ਅਤੇ ਇਨਕਲਾਬੀ ਸ਼ਹੀਦਾਂ ਦੇ ਪੋਸਟਰ ਵੀ ਦਿੱਤੇ ਗਏ। ਇਸ ਦੌਰਾਨ ਜਨਚੇਤਨਾ ਵਲੋਂ ਇਨਕਲਾਬੀ ਅਤੇ ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਨਮੋਲ: ਨੌਜਵਾਨ ਭਾਰਤ ਸਭਾ ਦੀ ਇਕਾਈ ਨਮੋਲ (ਸੰਗਰੂਰ) ਵੱਲੋਂ ਪਿੰਡ ਵਿੱਚ 3 ਤੋਂ 9 ਜੂਨ ਤੱਕ ‘ਬਾਲ ਰਚਨਾਮਤਕਤਾ ਕੈਂਪ’ ਲਾਇਆ ਗਿਆ। ਇਹਨਾਂ 7 ਦਿਨਾਂ ਦੌਰਾਨ ਨਾਟਕ, ਗੀਤ, ਕਵਿਤਾਵਾਂ, ਫਿਲਮਾਂ, ਕਹਾਣੀਆਂ, ਵਿਗਿਆਨਕ ਖੇਡਾਂ, ਕਾਗਜ਼ ਦੇ ਖਿਡੌਣੇ, ਆਮ ਜ਼ਿੰਦਗੀ ਦੀਆਂ ਦਿਲਚਸਪ ਤੇ ਜਰੂਰੀ ਜਾਣਕਾਰੀਆਂ ਬੱਚਿਆਂ ਦੀ ਜ਼ਿੰਦਗੀ ਦਾ ਹਿੱਸਾ ਬਣੀਆਂ। ਸਕੂਲ ਦੇ ਬੰਦਸ਼ਾਂ ਵਾਲ਼ੇ ਮਹੌਲ ਦੇ ਉਲਟ ਇੱਕ ਖੁੱਲ੍ਹੇ ਤੇ ਸੁਖਾਵੇਂ ਮਹੌਲ ਵਿੱਚ 50 ਦੇ ਕਰੀਬ ਬੱਚਿਆਂ ਨੇ ਬੜੇ ਚਾਅ ਨਾਲ ਬਹੁਤ ਕੁੱਝ ਸਿੱਖਿਆ। 9 ਜੂਨ ਦੀ ਸ਼ਾਮ ਨੂੰ ਇਸ ਕੈਂਪ ਦਾ ਸਮਾਪਤੀ ਸਮਾਰੋਹ ਕੀਤਾ ਗਿਆ। ਇਸਤੋਂ ਇੱਕ ਦਿਨ ਪਹਿਲਾਂ ਬੱਚਿਆਂ ਨੇ ਆਪਣੀ ਹੱਥੀਂ ਇਸ ਸਮਾਪਤੀ ਸਮਾਰੋਹ ਦੇ ਸੱਦਾ ਪੱਤਰ ਤਿਆਰ ਕਰਕੇ ਪਿੰਡ ਵਿੱਚ ਵੰਡੇ। ਇਸ ਸਮਾਰੋਹ ਵਿੱਚ ਬੱਚਿਆਂ ਨੇ ਆਪਣੇ ਵੱਲੋਂ ਤਿਆਰ ਕੀਤੇ ਖਿਡੌਣੇ, ਤਸਵੀਰਾਂ, ਵਿਗਿਆਨਕ ਖੇਡਾਂ ਦੀ ਪ੍ਰਦਰਸ਼ਨੀ ਲਾਈ ਅਤੇ ਗੀਤ, ਕਵਿਤਾਵਾਂ ਤੇ ਨਾਟਕਾਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਪਿੰਡ ਦੇ ਲੋਕ ਵੀ ਪਹੁੰਚੇ ਹੋਏ ਸਨ। ਪ੍ਰੋਗਰਾਮ ਦੇ ਅੰਤ ‘ਚ ਬੱਚਿਆਂ ਨੂੰ ਕਿਤਾਬਾਂ ਨਾਲ਼ ਜੋੜਨ ਦੇ ਮਕਸਦ ਨਾਲ਼ ਕੈਂਪ ਚ ਸ਼ਾਮਲ ਸਭ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ।

ਚੰਡੀਗੜ੍ਹ: ਨੌਜਵਾਨ ਭਾਰਤ ਸਭਾ ਵੱਲੋਂ ਚੰਡੀਗੜ੍ਹ ਵਿਖੇ ਸੈਕਟਰ 52 ਵਿੱਚ 6 ਤੋਂ 12 ਜੂਨ ਤੱਕ ‘ਬਾਲ ਸਿਰਜਨਾਤਮਕਤਾ ਕੈਂਪ’ ਦਾ ਅਯੋਜਨ ਕੀਤਾ ਗਿਆ, ਜਿਸ ਵਿਚ ਲਗਭਗ 50 ਬੱਚਿਆਂ ਨੇ ਹਿੱਸਾ ਲਿਆ। ਇਸ ਇੱਕ ਹਫ਼ਤੇ ਦੌਰਾਨ ਬੱਚਿਆਂ ਨੂੰ ਚਿੱਤਰਕਾਰੀ, ਕਵਿਤਾ ਪਾਠ, ਨਾਟਕ, ਗੀਤ-ਸੰਗੀਤ, ਨਾਚ ਕਰਨ ਅਤੇ ਮਿੱਟੀ ਦੇ ਖਿਡਾਉਣੇ ਬਣਾਉਣ ਦੀ ਸਿਖਲਾਈ ਦਿੱਤੀ ਗਈ।

ਕੈਂਪ ਦੇ ਲਈ ਉਤਸ਼ਾਹਤ ਬੱਚੇ ਹਰ ਰੋਜ ਸਵੇਰੇ ਸਮੇਂ ਤੋਂ ਪਹਿਲਾਂ ਪਹੁੰਚਕੇ ਨੌਭਾਸ ਦੇ ਕਾਰਕੁੰਨਾਂ ਦੀ ਉਡੀਕ ਕਰਦੇ ਅਤੇ ਫੇਰ ਉਹਨਾਂ ਨਾਲ਼ ਰਲ਼ਕੇ ਕੈਂਪ ਵਾਲ਼ੇ ਸਥਾਨ ਦੀ ਸਫਾਈ ਕਰਦੇ। ਫੇਰ ਦਿਨ ਦੀ ਸ਼ੁਰੂਆਤ ਸਰੀਰਕ ਕਸਰਤ ਨਾਲ਼ ਹੁੰਦੀ। ਬੱਚਿਆਂ ਨੂੰ ਕਸਰਤ ਕਰਨ ਦੇ ਫਾਇਦਿਆਂ ਬਾਰੇ ਦੱਸਿਆ ਜਾਂਦਾ ਅਤੇ ਉਹ ਬਹੁਤ ਜੋਸ਼ ਨਾਲ਼ ਕਸਰਤ ਕਰਦੇ। ਇਸ ਮਗਰੋਂ ਨੰਨ੍ਹੇ ਕਲਾਕਾਰ ਗਲ਼ੇ ਦੇ ਰਿਆਜ਼ ਵਿੱਚ ਰੁੱਝ ਜਾਂਦੇ। ਉਹਨਾਂ ਨੂੰ ਕੁਝ ਸੁਰ ਸਿਖਾਉਣ ਤੋਂ ਬਾਅਦ ਸਮਾਜ ਤੇ ਲੋਕਾਂ ਨਾਲ ਜੁੜੇ ਸੰਵੇਦਨਸ਼ੀਲ ਗਾਣੇ, ‘ਪਿਆਰ ਬਾਂਟਤੇ ਚਲੋ’, ‘ਜੀਨਾ ਇਸੀ ਕਾ ਨਾਮ ਹੈ’ ਅਤੇ ‘ਮਸ਼ਾਲਾਂ ਬਾਲ ਕੇ ਚੱਲਣਾ’, ਸਿਖਾਏ ਜਾਂਦੇ। ਫੇਰ ਬੱਚਿਆਂ ਨੂੰ ਵਿਗਿਆਨ, ਮਹਾਨ ਵਿਗਿਆਨੀਆਂ, ਇਨਕਲਾਬੀਆਂ, ਚੰਗੀਆਂ-ਮਾੜੀਆਂ ਆਦਤਾਂ ਅਤੇ ਸਮਾਜ ਵਿੱਚ ਮੌਜੂਦ ਜਾਤੀ-ਪਾਤੀ, ਧਾਰਮਕ, ਆਰਥਕ ਪਾੜਿਆਂ ਬਾਰੇ ਦੱਸਿਆ ਜਾਂਦਾ। ਬੱਚੇ ਇਹਨਾਂ ਗੱਲਾਂ ਨੂੰ ਗੌਰ ਨਾਲ਼ ਸੁਣਦੇ ਅਤੇ ਹੋਰ ਨਵੀਆਂ ਜਾਣਕਾਰੀਆਂ ਲਈ ਉਤਸੁਕ ਰਹਿੰਦੇ। ਮਿੱਟੀ ਦੇ ਖਿਡਾਉਣੇ ਬਣਾਉਣੇ, ਚਿੱਤਰਕਾਰੀ ਸਿਖਾਉਣ ਆਏ ਅਧਿਆਪਕਾਂ ਦੁਆਲ਼ੇ ਗੋਲ਼ ਘੇਰਾ ਬਣਾ ਲੈਂਦੇ ਅਤੇ ਆਪਣੀ ਕੀਤੀ ਹੋਈ ਕਲਾਕਾਰੀ ਦਿਖਾਉਣ ਲਈ ਆਪਣੇ ਕੱਦ ਮੁਤਾਬਕ ਕੋਈ ਦੀਦੀਆਂ-ਵੀਰਿਆਂ ਨੂੰ ਕਮੀਜ਼ ਤੋਂ ਫੜਕੇ ਖਿੱਚਦਾ ਤਾਂ ਕੋਈ ਪੈਂਟ ਤੋਂ।

ਕੁਝ ਵੱਡੇ ਬੱਚਿਆਂ ਨੇ ‘ਇੰਸਪੈਕਟਰ ਮਾਤਾਦੀਨ’ ਨਾਟਕ ਤਿਆਰ ਕੀਤਾ। ਛੋਟੇ ਬੱਚਿਆਂ ਨੇ ਇੱਕ ਬਿਹਤਰ ਸਮਾਜ ਦੀ ਮੰਗ ਕਰਦੇ ਹੋਏ ਕਵਿਤਾ ਦੇ ਰੂਪ ਵਿੱਚ ਇੱਕ ‘ਬੱਚਿਆਂ ਦਾ ਐਲਾਨਨਾਮਾ’ ਤਿਆਰ ਕੀਤਾ। ਕੁਝ ਬੱਚਿਆਂ ਨੇ ਜੰਗਾਂ ਦੇ ਖਿਲਾਫ਼ ‘ਕੌਣ ਗਿਰਾਏ ਬੰਬ ਬੱਚੋਂ ਪਰ?’ ਕਵਿਤਾ ਤਿਆਰ ਕੀਤੀ ਅਤੇ ਕੁਝ ਨੇ ਮੌਜੂਦਾ ਸਕੂਲੀ ਪ੍ਰਣਾਲ਼ੀ ਦਾ ਵਿਰੋਧ ਕਰਦੇ ਹੋਏ ‘ਏਕ ਮਾਸੂਮ ਕੀ ਬਗਾਵਤੀ ਪ੍ਰਾਰਥਨਾ’ ਤਿਆਰ ਕੀਤੀ। ‘ਬਮ-ਬਮ ਬੋਲੇ’, ‘ਜ਼ੂਬੀ-ਡੂਬੀ, ਜ਼ੂਬੀ-ਡੂਬੀ’ ਅਤੇ ‘ਇਤਨੀ ਸੀ ਹਸੀ’ ਗਾਣਿਆਂ ਤੇ ਬੱਚਿਆਂ ਨੇ ਬਹੁਤ ਪਿਆਰਾ ਨਾਚ ਤਿਆਰ ਕੀਤਾ।

ਇਹ ਜਾਣਦਿਆਂ ਕਿ ਇੱਥੇ ਉਹਨਾਂ ਨੂੰ ਕੁੱਟਣ ਵਾਲ਼ੇ ਕੋਈ ਸਕੂਲੀ ਮਾਸਟਰ-ਮੈਡਮ ਨਹੀਂ ਸਨ, ਉਹ ਲੱਖ ਟੋਕਣ ਦੇ ਬਾਵਜੂਦ ਮਸਤੀ ਕਰਨੋਂ ਨਾ ਟਿਕਦੇ। ਉਹ ਇਹ ਵੀ ਦੱਸਦੇ ਕਿ ਉਹਨਾਂ ਨੂੰ ਸਕੂਲ ਨਾਲ਼ੋਂ ਕੈਂਪ ਵਿੱਚ ਸਿੱਖਣ ਵਿੱਚ ਜ਼ਿਆਦਾ ਅਨੰਦ ਆਉਂਦਾ ਹੈ। ਆਪਣੇ ਸਕੂਲੀ ਅਧਿਆਪਕਾਂ ਦੀਆਂ ਸ਼ਿਕਾਇਤਾਂ ਲਾਉਂਦੇ ਅਤੇ ਉਹਨਾਂ ਨੂੰ ‘ਖੜੂਸ’ ਕਹਿੰਦੇ। ਕੈਂਪ ਦੌਰਾਨ ਉਹਨਾਂ ਦੇ ਮਸੂਮ ਚਿਹਰਿਆਂ ਦੀ ਰੌਣਕ ਤੇ ਅੱਖਾਂ ਦੀ ਚਮਕ ਦੇਖਕੇ ਕੋਈ ਉਹਨਾਂ ‘ਤੇ ਬਹੁਤਾ ਗੁੱਸਾ ਕਰ ਵੀ ਨਹੀਂ ਸੀ ਸਕਦਾ। ਫੇਰ ਵੀ ਕਦੇ ਕੋਈ ਝਿੜਕ ਦਿੰਦਾ ਤਾਂ ਉਹਨਾਂ ਵਿਚੋਂ ਕੋਈ ਕੋਈ ਰੁੱਸ ਜਾਂਦਾ, ਬਾਕੀ ਆਪਣੀ ਮਸਤੀ ਵਿੱਚ ਡੋਲਦੇ ਰਹਿੰਦੇ। ਸਾਰੇ ਮਿਲ਼-ਵੰਡ ਕੇ ਖਾਣਾ ਖਾਂਦੇ, ਜੋ ਬੱਚਾ ਘਰੋਂ ਖਾਣਾ ਨਾ ਲੈਕੇ ਆਉਂਦਾ, ਬਾਕੀ ਉਸਨੂੰ ਆਪਣੇ-ਆਪਣੇ ਡੱਬੇ ਚੋਂ ਖਵਾਉਂਦੇ। ਫੋਟੋਆਂ ਖਿਚਾਉਣ ਦੇ ਤਾਂ ਸਾਰੇ ਹੀ ਸ਼ੌਕੀਨ ਸਨ।

ਆਖਰੀ ਦਿਨ 12 ਤਰੀਕ ਨੂੰ ਕੈਂਪ ਦਾ ਸਮਾਪਤੀ ਸਮਾਰੋਹ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਸਿੱਖੇ ਹੋਏ ਗੀਤਾਂ, ਕਵਿਤਾਵਾਂ, ਨਾਚ, ਨਾਟਕ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਉਹਨਾਂ ਦੇ ਬਣਾਏ ਚਿੱਤਰਾਂ ਤੇ ਖਿਡਾਉਣਿਆਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਸਮਾਰੋਹ ਵਿੱਚ ਬੱਚਿਆਂ ਦੇ ਮਾਪਿਆਂ ਸਮੇਤ 200 ਲੋਕਾਂ ਨੇ ਸ਼ਿਰਕਤ ਕੀਤੀ ਅਤੇ ਨੌਭਾਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ। ਬੱਚਿਆਂ ਨੂੰ ਸਾਹਿਤ ਨਾਲ਼ ਜੋੜਨ ਦੇ ਮਕਸਦ ਨਾਲ਼ ਉਹਨਾਂ ਸਾਰਿਆਂ ਨੂੰ ਕਿਤਾਬਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ‘ਤੇ ਜਨਚੇਤਨਾ ਵੱਲੋਂ ਅਗਾਂਹਵਧੂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements