‘ਨੌਜਵਾਨ ਭਾਰਤ ਸਭਾ’ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦੇ ਸਿਰਜਣਾਤਮਕ ਕੈਂਪ ਕਰਵਾਏ

untitled

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਦੇ ਸਮੇਂ ‘ਚ ਚੱਲ ਰਹੀ ਗੰਧਲ਼ੇ ਸੱਭਿਆਚਾਰ ਦੀ ਹਨੇਰੀ ਨੇ ਸਾਡੇ ਸਮੁੱਚੇ ਆਲ਼ੇ-ਦੁਆਲ਼ੇ ਨੂੰ ਪ੍ਰਭਾਵ ਹੇਠ ਲੈ ਲਿਆ ਹੈ। ਪੂਰਾ ਸਮਾਜ ਘਟੀਆ ਕਦਰਾਂ-ਕੀਮਤਾਂ, ਸੰਵੇਦਨਹੀਣਤਾ, ਮਨੁੱਖ-ਦੋਖੀ ਵਿਚਾਰਾਂ ਨਾਲ਼ ਗ੍ਰਸਿਆ ਹੋਇਆ ਹੈ। ਬੱਚੇ, ਜੋ ਸਾਡੇ ਸਮਾਜ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਹਨ, ਸਾਡਾ ਭਵਿੱਖ, ਆਸਾਂ, ਉਮੀਦਾਂ, ਸਾਡਾ ਸਭ ਕੁੱਝ ਹਨ, ਉਹ ਵੀ ਇਸ ਸੱਭਿਆਚਾਰ ਦੇ ਪ੍ਰਭਾਵ ਤੋਂ ਅਛੂਤੇ ਨਹੀਂ ਰਹਿ ਸਕਦੇ। ਇਹੀ ਕਾਰਨ ਹੈ ਕਿ ਅੱਜ ਬੱਚੇ ਵੀ ਚੋਰੀਆਂ ਬਲਾਤਕਾਰ ਵਰਗੇ ਸੰਗੀਨ ਜੁਰਮਾਂ ‘ਚ ਸ਼ਾਮਲ ਹਨ।

ਅੱਜ ਟੀ.ਵੀ. ਫਿਲਮਾਂ, ਗੀਤਾਂ, ਨਾਟਕਾਂ ਰਾਹੀਂ ਜੋ ਘਟੀਆ ਤੇ ਗੈਰ-ਮਨੁੱਖੀ ਕਦਰਾਂ-ਕੀਮਤਾਂ ਬੱਚਿਆਂ ਦੇ ਨਾਜੁਕ ਮਨਾਂ ਵਿੱਚ ਭਰੀਆਂ ਜਾ ਰਹੀਆਂ ਹਨ ਉਹ ਬੱਚਿਆਂ ਦੀ ਕਲਪਨਾਸ਼ੀਲਤਾ, ਉਡਾਰ-ਮਨ, ਸੰਵੇਦਨਸ਼ੀਲਤਾ ਤੇ ਉਹਨਾਂ ਦੀ ਊਰਜਾ ਖਤਮ ਕਰਕੇ ਉਹਨਾਂ ਦੇ ਦਿਮਾਗ਼ਾਂ ਨੂੰ ਲਗਾਤਾਰ ਖੋਖਲਾ ਬਣਾ ਰਹੀਆਂ ਹਨ। ਅੱਜ-ਕੱਲ ਦੇ ਬੱਚੇ ਕੁਦਰਤ, ਫੁੱਲਾਂ-ਬੂਟਿਆਂ, ਪਸ਼ੂ-ਪੰਛੀਆਂ ਤੇ ਆਲ਼ੇ-ਦੁਆਲ਼ੇ ਦੇ ਲੋਕਾਂ ਪ੍ਰਤੀ ਕੋਮਲ ਭਾਵਨਾਵਾਂ ਤੋਂ ਸੱਖਣੇ ਹੁੰਦੇ ਜਾ ਰਹੇ ਹਨ ਤੇ ਲਗਾਤਾਰ ਟੀਵੀ, ਵੀਡੀਓ ਗੇਮਾਂ ਦੇ ਗੁਲਾਮ ਬਣ ਰਹੇ ਹਨ।

ਅੱਜ ਦੀ ਸਿੱਖਿਆ ਪ੍ਰਣਾਲ਼ੀ ਵੀ ਮਨੁੱਖ ਤੇ ਉਸ ਦੇ ਆਲ਼ੇ-ਦੁਆਲ਼ੇ ਬਾਰੇ ਸਾਡੇ ਗਿਆਨ ਅਤੇ ਮਨੁੱਖੀ ਸਰੋਕਰਾਂ-ਭਾਵਨਾਵਾਂ ਦਾ ਸਾਧਨ ਨਾ ਹੋ ਕੇ ਗੈਰ-ਵਿਗਿਆਨਕ, ਮਨੁੱਖਹੀਣਤਾ ਦਾ ਵਾਹਕ ਬਣ ਰਹੀ ਹੈ। ਪਹਿਲੇ ਨੰਬਰ ‘ਤੇ ਆਉਣ ਦੀ ਦੌੜ ਵਿੱਚ ਬੱਚਿਆਂ ਦੀ ਸੁਭਾਵਿਕਤਾ ਉਹਨਾਂ ਦੇ ਚਾਅ, ਸ਼ੌਕ, ਸੁਪਨੇ ਸਭ ਕੁਚਲ਼ ਦਿੱਤੇ ਜਾਂਦੇ ਹਨ।

ਸੋ, ਅੱਜ ਦੇ ਮਨੁੱਖ ਦੋਖੀ ਦੌਰ ਨੂੰ ਦੇਖਦੇ ਹੋਏ ਅੱਜ ਲੋੜ ਹੈ ਸਾਡੇ ਬੱਚਿਆਂ ਨੂੰ ਸਾਡੇ ਭਵਿੱਖ ਨੂੰ ਇਸ ਤੋਂ ਬਚਾਉਣ ਦੀ। ਮੌਜੂਦਾ ਵੋਟ ਵਟੋਰੂ ਸਿਆਸਤ ਵਾਲ਼ੀਆਂ ਸਭ ਪਾਰਟੀਆਂ ਇਸ ਕੰਮ ਤੋਂ ਟਾਲ਼ ਹੀ ਵੱਟਦੀਆਂ ਆ ਰਹੀਆਂ ਹਨ। ਇਸ ਲਈ ਇਹ ਜ਼ਿੰਮੇਵਾਰੀ ਵੀ ਆਮ ਕਿਰਤੀ ਲੋਕਾਂ, ਨੌਜਵਾਨਾਂ ਤੇ ਸੂਝਵਾਨ ਨਾਗਰਿਕਾਂ ਸਿਰ ਹੈ। ਇਸੇ ਕੋਸ਼ਿਸ਼ ਤਹਿਤ ‘ਨੌਜਵਾਨ ਭਾਰਤ ਸਭਾ’ ਵੱਲੋਂ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਬੱਚਿਆਂ ਦਰਮਿਆਨ ਰਚਨਾਤਮਕ ਬਾਲ ਮੇਲਿਆਂ, ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਜੂਨ ਮਹੀਨੇ ਨੌਜਾਵਨ ਭਾਰਤ ਸਭਾ ਵੱਲੋਂ ਥਾਂ-ਥਾਂ ਅਜਿਹੇ ਕੈਂਪ ਲਾਏ ਗਏ।

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 52 ਦੀ ਕਲੋਨੀ ਵਿਚ 1 ਤੋਂ 7 ਜੂਨ ਤੱਕ ‘ਬਾਲ ਸਿਰਜਣਾਤਮਕ ਕੈਂਪ’ ਲਇਆ ਗਿਆ ਜਿਸ ਵਿੱਚ ਮਜ਼ਦੂਰ ਕਲੋਨੀ ਦੇ 45 ਬੱਚਿਆਂ ਨੇ ਹਿੱਸਾ ਲਿਆ। ਇਸ ਕੈਂਪ ਵਿਚ ਬੱਚਿਆਂ ਨੂੰ ਅਭਿਨੈ, ਚਿੱਤਰਕਲਾ, ਗੀਤ-ਸੰਗੀਤ, ਨਾਚ ਅਤੇ ਕਲੇ ਮਾਡਲਿੰਗ ਵਰਗੀਆਂ ਕਲਾਵਾਂ ਸਿਖਾਈਆਂ ਗਈਆਂ। ਹਰ ਰੋਜ਼ ਬਾਲ ਕੈਂਪ ਦੀ ਸ਼ੁਰੂਆਤ ਕਰਾਟੇ ਕਲਾਸ ਨਾਲ਼ ਕੀਤੀ ਜਾਂਦੀ ਸੀ। ਇਸ ਦੌਰਾਨ ਉਹਨਾਂ ਨੂੰ ਆਤਮ ਸੁਰੱਖਿਆ ਦੇ ਗੁਰ ਦੱਸੇ ਜਾਂਦੇ ਸਨ। ਕੈਂਪ ਦੌਰਾਨ ਪ੍ਰੋਫ਼ੈਸਰ ਰਵਿੰਦਰ ਸ਼ਰਮਾ ਨੇ ਬੱਚਿਆਂ ਨੂੰ ਚਿੱਤਰਕਲਾ ਦੀਆਂ ਬਰੀਕੀਆਂ ਸਮਝਾਈਆਂ। ਬੱਚਿਆਂ ਨੂੰ ਚੀਕਣੀ ਮਿੱਟੀ ਨਾਲ਼ ਵੱਖ-ਵੱਖ ਕਿਸਮ ਦੇ ਖਿਡੌਣੇ ਅਤੇ ਕਲਾ ਕਿਰਤਾਂ ਬਣਾਉਣੀਆਂ ਸਿਖਾਈਆਂ ਗਈਆਂ। ਇਸ ਤੋਂ ਇਲਾਵਾ ਬੱਚਿਆਂ ਨੂੰ ਗੀਤ-ਸੰਗੀਤ ਅਤੇ ਐਕਟਿੰਗ ਸਿਖਾਉਣਾ ਬਾਲ ਕੈਂਪ ਦੀ ਨਿੱਤ ਦਿਨ ਦੀਆਂ ਸਰਗਰਮੀਆਂ ਦਾ ਹਿੱਸਾ ਰਿਹਾ।

ਕੈਂਪ ਦੇ ਆਖਰੀ ਦਿਨ 7 ਜੂਨ ਨੂੰ ਕੈਂਪ ਦੌਰਾਨ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਨਾਟਕ, ਕਰਾਟੇ, ਨਾਚ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਬੱਚਿਆਂ ਨੇ ਅਨਤੋਨ ਚੈਖ਼ਵ ਦਾ ਲਿਖਿਆ ਨਾਟਕ ‘ਗਿਰਗਿਟ’ ਮੰਚ ‘ਤੇ ਪੇਸ਼ ਕੀਤਾ। ਇਸ ਤੋਂ ਇਲਾਵਾ ‘ਪਿਆਰ ਬਾਂਟਤੇ ਚਲੋ’ ‘ਆ ਗਏ ਯਹਾਂ ਜਵਾਂ ਕਦਮ’ ਅਤੇ ‘ਹਮ ਹੋਂਗੇ ਕਾਮਯਾਬ’ ਗੀਤ ਬੱਚਿਆਂ ਵੱਲੋਂ ਗਾਏ ਗਏ। ਇਸ ਤੋਂ ਇਲਾਵਾ ‘ਜੀਨਾ ਇਸੀ ਕਾ ਨਾਮ ਹੈ’ ਗੀਤ ‘ਤੇ ਬੱਚਿਆਂ ਵੱਲੋਂ ਕੋਰਿਓਗ੍ਰਾਫ਼ੀ ਅਤੇ ਭੁਪੇਨ ਹਜ਼ਾਰਿਕਾ ਦੇ ਗੀਤ ‘ਏਕ ਕਲੀ ਦੋ ਪੱਤੀਆਂ’ ‘ਤੇ ਭਾਵਪੂਰਤ ਨਾਚ ਦੀ ਪੇਸ਼ਕਾਰੀ ਕੀਤੀ ਗਈ। ਇਸ ਤੋਂ ਬਿਨਾਂ ਕਰਾਟੇ ਦੀ ਪੇਸ਼ਕਾਰੀ ਦੇ ਨਾਲ਼-ਨਾਲ਼ ਬੱਚਿਆਂ ਵੱਲੋਂ ‘ਬੱਚਿਆਂ ਦਾ ਘੋਸ਼ਣਾਪੱਤਰ’ ਪੜ੍ਹਿਆ ਗਿਆ। ਪ੍ਰੋਗਰਾਮ ਦੌਰਾਨ ਬੱਚਿਆਂ ਦੁਆਰਾ ਬਣਾਈਆਂ ਗਈਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰੋਗਰਾਮ ਵਿਚ ਬੱਚਿਆਂ ਦੇ ਮਾਤਾ-ਪਿਤਾ ਤੋਂ ਇਲਾਵਾ ਕਲੋਨੀ ਦੇ ਲਗਭੱਗ ਦੋ-ਢਾਈ ਸੌ ਲੋਕ ਸ਼ਾਮਲ ਹੋਏ। ਨੌਜਵਾਨ ਭਾਰਤ ਸਭਾ ਵੱਲੋਂ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਉਨ੍ਹਾਂ ਨੂੰ ਕਿਤਾਬਾਂ ਵੰਡੀਆਂ ਗਈਆਂ।

ਪੱਖੋਵਾਲ: ‘ਨੌਜਵਾਨ ਭਾਰਤ ਸਭਾ’ ਦੀ ਇਲਾਕਾ-ਇਕਾਈ ਪੱਖੋਵਾਲ ਵਿਖੇ 7 ਤੋਂ 13 ਜੂਨ ਤੱਕ ‘ਬਾਲ ਸਿਰਜਣਾਤਮਕ ਕੈਂਪ’ ਲਗਾਇਆ ਗਿਆ। ਇਸ ਕੈਂਪ ਵਿਚ ਪਿੰਡ ਦੇ 100 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਇਸ ਕੈਂਪ ਵਿਚ ਬੱਚਿਆਂ ਨੂੰ ਨਾਟਕ, ਚਿੱਤਰਕਲਾ, ਗੀਤ-ਸੰਗੀਤ, ਨਾਚ ਵਰਗੀਆਂ ਕਲਾਵਾਂ ਸਿਖਾਈਆਂ ਗਈਆਂ। ਹਰ ਰੋਜ਼ ਬਾਲ ਕੈਂਪ ਦੀ ਸ਼ੁਰੂਆਤ ਕਰਾਟੇ ਦੀ ਕਲਾਸ ਨਾਲ ਕੀਤੀ ਜਾਂਦੀ ਸੀ। ਇਸ ਦੌਰਾਨ ਉਹਨਾਂ ਨੂੰ ਆਤਮ ਸੁਰੱਖਿਆ ਦੇ ਗੁਰ ਦੱਸੇ ਜਾਂਦੇ ਸਨ। ਕੈਂਪ ਦੇ ਆਖਰੀ ਦਿਨ 13 ਜੂਨ ਨੂੰ ਕੈਂਪ ਦੌਰਾਨ ਬੱਚਿਆਂ ਵੱਲੋਂ ਤਿਆਰ ਕੀਤੇ ਗਏ। ਨਾਟਕ ‘ਗਿਰਗਿਟ’ਤੇ ‘ਇਖਲਾਕ’ ਦੀ  ਪੇਸ਼ਕਾਰੀ ਕੀਤੀ ਗਈ। ਇਸ ਤੋਂ ਇਲਾਵਾ ਬੱਚਿਆਂ ਦੁਆਰਾ ਨਾਚ ਅਤੇ ‘ਮਾਂ ਬੋਲੀ’ ਗੀਤ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਦੌਰਾਨ ਬੱਚਿਆਂ ਦੁਆਰਾ ਕੈਂਪ ਦੌਰਾਨ ਬਣਾਈਆਂ ਗਈਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਹਿੱਸਾ ਲੈ ਰਹੇ ਬੱਚਿਆਂ ਤੋਂ ਇਲਾਵਾ ਪ੍ਰੋਗਰਾਮ ਵਿੱਚ ਪਿੰਡ ਦੇ ਲਗਭਗ ਦੋ-ਸੌ ਦੇ ਕਰੀਬ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।

ਨਮੋਲ: ‘ਨੌਜਵਾਨ ਭਾਰਤ ਸਭਾ’ ਵੱਲੋਂ ਪਿੰਡ ਨਮੋਲ (ਸੰਗਰੂਰ) ਵਿਖੇ 10 ਤੋਂ 14 ਜੂਨ ਤੱਕ ਪੰਜ ਦਿਨਾਂ ‘ਬਾਲ ਰਚਨਾਤਮਕਤਾ ਕੈਂਪ’ ਕੀਤਾ ਗਿਆ ਜਿਸ ਵਿੱਚ 65 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਇਸ ਕੈਂਪ ਵਿੱਚ ਬੱਚਿਆਂ ਨੇ ਗੀਤ, ਨਾਟਕ, ਕਾਗਜ਼ ਦੇ ਖਿਡੌਣੇ, ਚਿੱਤਕਰਾਕੀ, ਵਿਗਿਆਨਕ ਖੇਡਾਂ ਆਦਿ ਸਿੱਖੀਆਂ। ਇਸੇ ਦੌਰਾਨ ਉਹਨਾਂ ਨਾਲ਼ ਚੰਗੀਆਂ ਆਦਤਾਂ ਤੇ ਗਿਆਨ-ਵਿਗਿਆਨ, ਸੱਭਿਆਚਾਰ ਬਾਰੇ ਗੱਲਾਂ ਵੀ ਹੁੰਦੀਆਂ ਰਹੀਆਂ। ਸਮਾਪਤੀ ਸਮਾਰੋਹ ਲਈ ਬੱਚਿਆਂ ਨੇ ਖੁਦ ਸੱਦਾ ਪੱਤਰ ਤਿਆਰ ਕਰਕੇ ਘਰ-ਘਰ ਵੰਡੇ ਤੇ ਲੋਕਾਂ ਨੂੰ ਇਸ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ। ਇਸ ਸਮਾਪਤੀ ਸਮਾਰੋਹ ਦੇ ਪ੍ਰਬੰਧਨ ਤੇ ਤਿਆਰੀ ਵਿੱਚ ਵੀ ਬੱਚਿਆਂ ਨੇ ਸਰਗਰਮ ਸ਼ਮੂਲੀਅਤ ਕੀਤੀ। 14 ਜੂਨ ਦੀ ਸ਼ਾਮ ਨੂੰ ਇਸ ਕੈਂਪ ਦਾ ਸਮਾਪਤੀ ਸਮਾਰੋਹ ਕੀਤਾ ਗਿਆ। ਇਸ ਸਮਾਪਤੀ ਸਮਾਰੋਹ ਵਿੱਚ ਬੱਚਿਆਂ ਵੱਲੋਂ ਤਿਆਰ ਪੇਂਟਿੰਗਾਂ ਤੇ ਖਿਡੌਣਿਆਂ ਦੀ ਪ੍ਰਦਰਸ਼ਨੀ ਲਾਈ ਗਈ ਅਤੇ ‘ਬੋਲੀ ਹੈ ਪੰਜਾਬੀ ਸਾਡੀ’ ਤੇ ‘ਮਸ਼ਾਲਾਂ ਬਾਲ ਕੇ ਚੱਲਣਾ’ ਜਿਹੇ ਗੀਤਾਂ ਤੇ ਦੋ ਨਾਟਕਾਂ (‘ਸ਼ੇਰ ਤੇ ਖਰਗੋਸ਼’ ਅਤੇ ‘ਤੋਤਾ’) ਅਤੇ ਕੁੱਝ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ 150 ਦੇ ਕਰੀਬ ਪਿੰਡ ਵਾਸੀ ਪਹੁੰਚੇ। ਅੰਤ ਵਿੱਚ ਭਾਗ ਲੈਣ ਵਾਲੇ ਸਭ ਬੱਚਿਆਂ ਨੂੰ ਕਿਤਾਬਾਂ ਵੰਡ ਕੇ ਇਸਦੀ ਸਮਾਪਤੀ ਕੀਤੀ ਗਈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 41, ਜੁਲਾਈ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s