‘ਮੁਜ਼ੱਫ਼ਰਨਗਰ ਬਾਕੀ ਹੈ’ ਫ਼ਿਲਮ ਸ਼ੋਅ ਅਤੇ ਵਿਚਾਰ-ਚਰਚਾ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

‘ਗਿਆਨ ਪ੍ਰਸਾਰ ਸਮਾਜ’ ਇਕਾਈ ਬਠਿੰਡਾ ਵੱਲੋਂ ਟੀਚਰਜ਼ ਹੋਮ ਵਿਖੇ ਲੰਘੀ 25-10-15 ਨੂੰ ਅਤੇ ਇਕਾਈ ਲੁਧਿਆਣਾ ਵੱਲੋਂ 29 ਨਵੰਬਰ ਨੂੰ ਪੰਜਾਬੀ ਭਵਨ ਵਿਖੇ ‘ਮੁਜ਼ੱਫ਼ਰਨਗਰ ਬਾਕੀ ਹੈ’ ਫ਼ਿਲਮ ਸ਼ੋਅ ਦੀ ਪਰਦਾ ਪੇਸ਼ਕਾਰੀ ਕੀਤੀ ਗਈ। ਫ਼ਿਲਮ ਡਾਇਰੈਕਟਰ ਨਕੁਲ ਸਿੰਘ ਸਾਹਨੀ ਮੁੱਖ ਮਹਿਮਾਨ/ਬੁਲਾਰੇ ਵਜੋਂ ਸ਼ਾਮਿਲ ਹੋਏ। ‘ਮੁਜ਼ੱਫ਼ਰਨਗਰ ਬਾਕੀ ਹੈ’ ਫ਼ਿਲਮ ਸਤੰਬਰ, 2013 ‘ਚ ਉੱਤਰ-ਪ੍ਰਦੇਸ਼ ਸੂਬੇ ਦੇ ਦੋ ਜ਼ਿਲ੍ਹਿਆਂ ਮੁਜ਼ੱਫ਼ਰਨਗਰ ਅਤੇ ਸ਼ਾਮਲੀ ਵਿਖੇ ਹੋਏ ਦੰਗਿਆਂ ਅਸਲ ਵਿੱਚ ਇਹਨੂੰ ਯੋਜਨਾਬੱਧ ਕਤਲੇਆਮ ਕਹਿਣਾ ਜ਼ਿਆਦਾ ਠੀਕ ਹੈ – ਉੱਪਰ ਅਧਾਰਿਤ ਹੈ। ਫ਼ਿਲਮ ਦਿਖਾਉਂਦੀ ਹੈ ਕਿ ਕਿਵੇਂ ਰ.ਸ.ਸ. (ਰਾਸ਼ਟਰੀ ਸਵੈ ਸੇਵਕ ਸੰਘ) ਅਤੇ ਉਸਦੀਆਂ ਸਹਾਇਕ ਜਥੇਬੰਦੀਆਂ ਦੁਆਰਾ ਯੋਜਨਾਬੱਧ ਢੰਗ ਨਾਲ਼ ਮੁਜ਼ੱਫ਼ਰਨਗਰ ਤੇ ਸ਼ਾਮਲੀ ਜ਼ਿਲ੍ਹਿਆਂ ਵਿੱਚ ਆਪਣੇ ਫ਼ਿਰਕੂ-ਕੱਟੜਪੰਥੀ ਏਜੰਡੇ ਤਹਿਤ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਅਤੇ ਉੱਥੋਂ ਦੀ ਇਸ ਘੱਟ-ਗਿਣਤੀ ਵਸੋਂ ਨੂੰ ਖ਼ੌਫ਼ ਦੇ ਸਾਏ ਹੇਠ ਦਿਨ ਕਟੀ ਕਰਨ ਲਈ ਮਜ਼ਬੂਰ ਕੀਤਾ। ਇਹਨਾਂ ਯੋਜਨਾਬੱਧ ਦੰਗਿਆਂ/ਕਤਲੇਆਮ ਨੂੰ ਭੜਕਾਉਣ ਵਿੱਚ ਭਾਜਪਾ ਦੇ ਮੰਤਰੀ ਸੰਗੀਤ ਸੋਮ, ਸੁਰੇਸ਼ ਰਾਣਾ, ਸਾਧਵੀ ਪ੍ਰਾਚੀ, ਹੁਕਮ ਸਿੰਘ, ਸੰਜੀਵ ਬਾਲਿਆਨ ਆਦਿ ਦੀ ਮੁੱਖ ਭੂਮਿਕਾ ਸੀ ਜਿਹਨਾਂ ਵਿੱਚੋਂ ਕੁਝ ‘ਤੇ ਭੜਕਾਊ ਭਾਸ਼ਣ ਦੇਣ ਲਈ ਕੇਸ ਵੀ ਦਰਜ਼ ਹੋਏ। ਇਹਨਾਂ ਯੋਜਨਾਬੱਧ ਦੰਗਿਆਂ/ਕਤਲੇਆਮ ਵਿੱਚ 100 ਲੋਕ ਮਾਰੇ ਗਏ ਅਤੇ 80,000 ਲੋਕ ਉਜਾੜੇ ਦਾ ਸ਼ਿਕਾਰ ਹੋਏ। ਸੰਘੀਆਂ ਦੀਆਂ ਕੋਝੀਆਂ ਫ਼ਿਰਕੂ ਚਾਲਾਂ ਨੂੰ ਤਾਰ-ਤਾਰ ਕਰਦੀ ਇਹ ਫ਼ਿਲਮ ਮਜ਼ੱਫ਼ਰਨਗਰ ਦੰਗਿਆਂ/ਕਤਲੇਆਮ ਦਾ ਭਰਪੂਰ ਤੱਥਾਤਮਕ ਵੇਰਵਾ ਪੇਸ਼ ਕਰਦੀ ਹੈ ਕਿ ਕਿਵੇਂ ਹਿੰਦੂ ਕੱਟੜਪੰਥੀਆਂ ਨੇ ਆਪਣੇ ਹਿੱਤ ਸਾਧਨ ਲਈ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ।

ਫ਼ਿਲਮ ਦੀ ਪਰਦਾ-ਪੇਸ਼ਕਾਰੀ ਤੋਂ ਬਾਅਦ ਫ਼ਿਲਮ ਨਿਰਦੇਸ਼ਕ ਨਕੁਲ ਸਿੰਘ ਸਾਹਨੀ ਨੇ ਫ਼ਿਲਮ ਬਾਰੇ ਆਪਣੇ ਵਿਚਾਰ ਲੋਕਾਂ ਨਾਲ਼ ਸਾਂਝੇ ਕੀਤੇ ਅਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਬੀਜੇਪੀ, ਰ.ਸ.ਸ. ਆਦਿ ਦੇ ਸੰਗੀਤ ਸੋਮ ਵਰਗੇ ਲੋਕਾਂ ਨੇ ਉਹਨਾਂ ਨੂੰ ਸ਼ੂਟਿੰਗ ਕਰਨ ਤੋਂ ਰੋਕਿਆ ਅਤੇ ਪ੍ਰਸ਼ਾਸਨ ਰਾਹੀਂ ਜਾਂ ਆਪਣੇ ਗੁੰਡਿਆਂ ਰਾਹੀਂ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਗਈਆਂ ਪਰ ਉਹਨਾਂ ਦੀ ਪਰਵਾਹ ਕਰੇ ਬਿਨਾਂ ਉਹਨਾਂ ਨੇ ਇਹ ਫ਼ਿਲਮ ਨਿਡਰ ਹੋ ਕੇ ਸ਼ੂਟ ਕੀਤੀ। ਨਾਲ਼ ਹੀ ਆਪਣੀ ਗੱਲ-ਬਾਤ ਵਿੱਚ ਉਹਨਾਂ ਨੇ ਅਜੋਕੇ ਸਮੇਂ ‘ਚ ਦੇਸ਼ ਵਿੱਚ ਵੱਧ ਰਹੇ ਫ਼ਿਰਕੂ-ਕੱਟੜਪੰਥੀ ਉਭਾਰ ‘ਤੇ ਆਪਣੀ ਚਿੰਤਾ ਪ੍ਰਗਟਾਈ ਅਤੇ ਉੱਤਰ-ਭਾਰਤ ਦੇ ਹਵਾਲੇ ਨਾਲ਼ ਪੱਛਮੀ ਯੂਪੀ, ਹਰਿਆਣਾ, ਪੰਜਾਬ, ਦਿੱਲੀ ਆਦਿ ਰਾਜਾਂ ਦੀਆਂ ਉਦਾਹਰਨਾਂ ਰਾਹੀਂ ਵੱਧ ਰਹੇ ਫ਼ਿਰਕੂ-ਫਸਾਦਾਂ ਬਾਰੇ ਆਪਣੀ ਗੱਲ ਰੱਖੀ ਅਤੇ ਇਹ ਦੱਸਿਆ ਕਿ ਕਿਵੇਂ ਸੰਘੀ ਵਿੱਦਿਅਕ, ਸਮਾਜਕ, ਕਲਾ ਆਦਿ ਖੇਤਰਾਂ ਵਿੱਚ ਘੁਸਪੈਠ ਕਰਕੇ ਲਗਾਤਾਰ ਯੋਜਨਾਬੱਧ ਢੰਗ ਨਾਲ਼ ਸਮਾਜ ਵਿੱਚ ਫ਼ਿਰਕੂ ਜ਼ਹਿਰ ਫੈਲਾਅ ਰਹੇ ਹਨ ਅਤੇ ਇਹ ਸਭ ਸਰਕਾਰਾਂ ਦੀ ਮਿਲ਼ੀਭੁਗਤ ਨਾਲ਼ ਲਗਾਤਾਰ ਸਮਾਜ ਵਿੱਚ ਪੱਸਰ ਰਿਹਾ ਹੈ।

ਇਸ ਤੋਂ ਬਾਅਦ ਸਵਾਲਾਂ-ਜਵਾਬਾਂ ਦਾ ਸਿਲਸਿਲਾ ਚੱਲਿਆ। ਸ੍ਰੋਤੇ ਫ਼ਿਲਮ ਬਣਾਉਣ ‘ਚ ਆਈਆਂ ਮੁਸ਼ਕਿਲਾਂ, ਫ਼ਿਲਮ ਪਰਦਾ-ਪੇਸ਼ਕਾਰੀ ‘ਚ ਆਈਆਂ ਸਮੱਸਿਆਵਾਂ, ਵਿਸ਼ਾ-ਚੋਣ, ਵਿਸ਼ੇ ‘ਚ ਵਿਸ਼ੇਸ਼ ਰੁਝਾਨ ਆਦਿ ਸਵਾਲਾਂ ਰਾਹੀਂ ਨਿਰਦੇਸ਼ਕ ਨਕੁਲ ਨਾਲ਼ ਰੂ-ਬ-ਰੂ ਹੋਏ।  ਦੋਵਾਂ ਥਾਵਾਂ ‘ਤੇ ਸੈਂਕੜੇ ਲੋਕ ਇਸ ਪ੍ਰੋਗਰਾਮ ‘ਚ ਸ਼ਾਮਿਲ ਹੋਏ।

-ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ

Advertisements