ਮਨੁੱਖੀ ਯੋਗਤਾਵਾਂ ਨੂੰ ਰੋਕਣ ਤੋਂ ਲੈ ਕੇ ਸਾਰੀਆਂ ਮਨੁੱਖੀ ਯੋਗਤਾਵਾਂ ਦੇ ਸਰਵਪੱਖੀ ਵਿਕਾਸ ਤੱਕ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਤੀਜਾ ਰੂਪ, ਜਿਸ ‘ਚ ਸਮਾਜਵਾਦ ਆਪਣਾ ਸੰਗਰਾਂਦੀ ਕਿਰਦਾਰ ਪ੍ਰਗਟਾਉਂਦਾ ਹੈ, ਕਿਰਤ ਦੀ ਵੰਡ ਪ੍ਰਤੀ ਵਿਅਕਤੀ ਦੀ ਉਸ ਸਮੇਂ ਤੱਕ ਚੱਲਣ ਵਾਲ਼ੀ ਮਤਹਿਤੀ ਹੈ।

ਜਿਵੇਂ ਕਿ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਕਿਰਤ ਵੰਡ ਪੈਦਾਵਾਰ ਦੇ ਵਿਕਾਸ ਦਾ ਬੁਨਿਆਦੀ ਲੱਛਣ ਹੈ। ਆਧੁਨਿਕ ਸਨੱਅਤ ‘ਚ ਇਸਨੂੰ ਚੁੱਕ ਕੇ ਬਹੁਤ ਉੱਚੀ ਪਿੱਚ ‘ਤੇ ਲਿਜਾਇਆ ਜਾਂਦਾ ਹੈ, ਜਿੱਥੇ ਸਹਿਕਾਰੀ ਪੈਦਾਵਾਰ, ਬਹੁਤ ਵੱਡੀ ਸੰਖਿਆ ‘ਚ ਵੰਨ-ਸੁਵੰਨੀਆਂ ਕਿਰਤ-ਪ੍ਰਕਿਰਿਆਵਾਂ – ਸਰੀਰਕ ਤੇ ਮਾਨਸਿਕ ਦੋਵਾਂ – ‘ਚ ਕਿਰਤ ਦੀ ਵੰਡ ਅਤੇ ਉਸਦੇ ਸੁਮੇਲ ‘ਤੇ ਨਿਰਭਰ ਕਰਦਾ ਹੈ।

ਪਰ ਲੁੱਟ ‘ਤੇ ਅਧਾਰਿਤ ਸਮਾਜ ‘ਚ, ਖ਼ਾਸ ਤੌਰ ‘ਤੇ ਸਰਮਾਏਦਾਰਾ ਸਮਾਜ ‘ਚ “ਕਿਰਤ ਦੀ ਵੰਡ ਦੇ ਨਾਲ਼ ਮਨੁੱਖ ਵੀ ਵੰਡਿਆ ਜਾਂਦਾ ਹੈ। ਸਾਰੀਆਂ ਦੂਜੀਆਂ ਸਰੀਰਕ ਤੇ ਮਾਨਸਿਕ ਯੋਗਤਾਵਾਂ ਕੇਵਲ ਇੱਕ ਕਿਰਿਆ ਦੇ ਵਿਕਾਸ ਤੋਂ ਕੁਰਬਾਨ ਹੋ ਜਾਂਦੀਆਂ ਹਨ।” ਜਿਵੇਂ ਕਿ ਏਂਗਲਜ਼ ਨੇ ਜ਼ੋਰ ਦੇ ਕੇ ਕਿਹਾ ਹੈ: “ਇਹ ਪੈਦਾਵਾਰੀ ਸਾਧਨਾਂ ਦੇ ਮੂਹਰੇ ਪੈਦਾਕਾਰਾਂ ਦੀ ਮਤਹਿਤੀ ਪੇਸ਼ ਕਰਦਾ ਹੈ।” ਕਿਉਂਕਿ “ਪੈਦਾਵਾਰ ਦੇ ਸਾਧਨਾਂ ‘ਤੇ ਪੈਦਾਕਾਰਾਂ ਦਾ ਕੰਟਰੌਲ ਨਹੀਂ ਹੁੰਦਾ, ਸਗੋਂ ਪੈਦਾਵਾਰ ਦੇ ਸਾਧਨ ਹੀ ਪੈਦਾਕਾਰ ‘ਤੇ ਕੰਟਰੌਲ ਕਰਦੇ ਹਨ।”11

ਸਮਾਜਵਾਦ ਪੈਦਾਵਾਰੀ ਸਾਧਨਾਂ ਦੀ ਸਮਾਜਿਕ ਮਾਲਕੀ ਸਥਾਪਿਤ ਕਰਕੇ ਮਜ਼ਦੂਰ ਨੂੰ ਮਸ਼ੀਨ ਦੇ ਸੇਵਕ ਦੀ ਸਥਿਤੀ ਤੋਂ ਅਜ਼ਾਦ ਕਰਨਾ ਸ਼ੁਰੂ ਕਰ ਦਿੰਦਾ ਹੈ, ਸਗੋਂ ਉਸਨੂੰ ਮਸ਼ੀਨ ਦਾ ਮਾਲਕ ਬਣਾ ਦਿੰਦਾ ਹੈ। ਜਥੇਬੰਦ ਪੈਦਾਕਾਰ ਹੁਣ ਪੈਦਾਵਾਰ ਦੇ ਆਪਣੇ ਸਾਧਨਾਂ ਨੂੰ ਕੰਟਰੌਲ ਕਰਦੇ ਹਨ। ਇਸ ਤਰ੍ਹਾਂ ਸਰਮਾਏਦਾਰੀ ਦੇ ਤਹਿਤ ਕਿਰਤ ਦੀ ਵੰਡ ਕਾਰਨ ਮਨੁੱਖ ਦੀਆਂ ਯੋਗਤਾਵਾਂ ‘ਚ ਪੈਦਾ ਹੋਣ ਵਾਲ਼ੇ ਅੜਿੱਕੇ ਨੂੰ ਖ਼ਤਮ ਕਰਨ ਦਾ ਰਾਹ ਖੁੱਲ੍ਹ ਜਾਂਦਾ ਹੈ। ਪਰ ਇਹ ਲੰਬੀ ਪ੍ਰਕਿਰਿਆ ਹੈ। ਇਸ ‘ਚ ਕਿਰਤ ਦੀ ਲਗਾਤਾਰ ਮੁੜ-ਸਿਖਲਾਈ ਹਰਫ਼ਨਮੌਲਾ ਲੋਕਾਂ ਨੂੰ, ਜੋ ਸੰਪੂਰਨ ਪੈਦਾਵਾਰੀ-ਪ੍ਰਕਿਰਿਆ ‘ਚ ਪੂਰਨ ਹੁਨਰਮੰਦ ਹੋਣ ਅਤੇ ਨਿੱਜੀ ਰੂਪ ‘ਚ ਉਸਦੇ ਕਿਸੇ ਇੱਕ ਹਿੱਸੇ ਨਾਲ਼ ਬੱਝੇ ਨਾ ਹੋਣ, ਸਿੱਖਿਅਤ ਤੇ ਟ੍ਰੇਂਡ ਕਰਨਾ ਸ਼ਾਮਲ ਹੈ।

ਮਾਰਕਸ ਨੇ ਦਿਖਾਇਆ ਕਿ ਭਾਵੇਂ ਸਰਮਾਏਦਾਰੀ ਦਾ ਮਤਲਬ ਮਜ਼ਦੂਰ ਨੂੰ ਕੇਵਲ ਇੱਕ ਕੰਮ ‘ਚ ਹੁਨਰਮੰਦ ਮਜ਼ਦੂਰ ਬਣਾਉਣਾ ਹੈ, ਪਰ ਸਨੱਅਤੀ ਪੈਦਾਵਾਰ ਦਾ ਵਿਕਾਸ ਇਸਦੇ ਉਲਟ ਚਾਹੁੰਦਾ ਹੈ। ਇਹ ਚੰਗੀ ਤਰ੍ਹਾਂ ਸਿੱਖਿਅਤ, ਹਰਫ਼ਨਮੌਲਾ ਮਜ਼ਦੂਰਾਂ ਨੂੰ ਤੱਕਦਾ ਹੈ, ਜੋ ਨਵੇਂ ਤਕਨੀਕੀ ਵਿਕਾਸ ਦੇ ਅਨੁਸਾਰ ਨਵੇਂ ਕੰਮ ਸੰਭਾਲ਼ ਸਕਣ।

ਆਧੁਨਿਕ ਸਨੱਅਤ “ਪੈਦਾਵਾਰ ਦੇ ਕੇਵਲ ਤਕਨੀਕੀ ਅਧਾਰ ‘ਚ ਹੀ ਨਹੀਂ, ਸਗੋਂ ਮਜ਼ਦੂਰ ਦੇ ਕਾਰਜ-ਸੰਪਾਦਨ ਅਤੇ ਕਿਰਤ-ਪ੍ਰਕਿਰਿਆ ਦੇ ਸਮਾਜਿਕ ਸਮੁੱਚ ‘ਚ ਵੀ ਲਗਾਤਾਰ ਬਦਲਾਅ ਲਿਆ ਰਹੀ ਹੈ।” ਇਸ ਤਰ੍ਹਾਂ ਇਹ “ਕਿਰਤ ‘ਚ ਵੱਖ-ਵੱਖ ਵਖਰੇਵਿਆਂ, ਕੰਮ ‘ਚ ਪ੍ਰਵਾਹ ਅਤੇ ਕਿਰਤ ਦੀ ਸੰਸਾਰ-ਵਿਆਪੀ ਗਤੀਸ਼ੀਲਤਾ ਨੂੰ ਲਾਜ਼ਮੀ ਬਣਾਉਂਦਾ ਹੈ… ਆਧੁਨਿਕ ਸਨੱਅਤ, ਅਸਲ ‘ਚ ਸਮਾਜ ਨੂੰ ਮੌਤ ਦਾ ਡਰ ਦਿਖਾ ਕੇ ਬੰਨ੍ਹਦਾ ਹੈ ਕਿ ਉਹ ਅੱਜ ਦੇ ਕੇਵਲ ਇੱਕ ਕੰਮ ‘ਚ ਹੁਨਰਮੰਦ ਮਜ਼ਦੂਰ ਨੂੰ, ਜੋ ਸਾਰੀ ਜ਼ਿੰਦਗੀ ਇੱਕ ਹੀ ਕੰਮ ਨੂੰ ਵਾਰ-ਵਾਰ ਦੁਹਰਾਉਂਦੇ ਹੋਏ ਅਪਾਹਜ ਹੋ ਗਿਆ ਹੋਵੇ ਅਤੇ ਜੋ ਇਸ ਪੂਰਨ ਮਨੁੱਖ ਦਾ ਕੇਵਲ ਇੱਕ ਹਿੱਸਾ ਰਹਿ ਗਿਆ ਹੋਵੇ, ਬਦਲ ਕੇ ਉਸਨੂੰ ਪੂਰਨ ਵਿਕਸਿਤ ਵਿਅਕਤੀ ਵਜੋਂ ਤਿਆਰ ਕਰੇ ਜੋ ਪੈਦਾਵਾਰ ਦੇ ਕਿਸੇ ਬਦਲਾਅ ਨੂੰ ਸੰਭਾਲਣ ਲਈ ਪੇਸ਼ ਹੋਵੇ ਅਤੇ ਜੋ ਸਮਾਜਿਕ ਕੰਮ ਉਹ ਕਰਦਾ ਹੈ, ਉਹ ਉਸ ਲਈ ਉਸਦੀਆਂ ਸੁਭਾਵਿਕ ਅਤੇ ਹਾਸਲ ਤਾਕਤਾਂ ਨੂੰ ਅਜ਼ਾਦ ਮੌਕੇ ਦੇਣ ਦੇ ਅਨੇਕ ਢੰਗ ਸਾਬਿਤ ਹੋਵੇ।”12

ਸਨੱਅਤੀ ਵਿਕਾਸ ਦੇ ਸੰਪੂਰਨ ਮੌਕੇ ਲਈ ਅਜਿਹੇ ਹੀ ਲੋਕਾਂ ਦੀ ਲੋੜ ਹੁੰਦੀ ਹੈ, ਪਰ ਸਰਮਾਏਦਾਰਾ ਲੁੱਟ ਉਹਨਾਂ ਦਾ ਗਲ਼ ਘੁੱਟ ਦਿੰਦੀ ਹੈ। ਅਸਲ ਵਿੱਚ ਅਜਿਹੇ ਲੋਕ ਸਨੱਅਤ ਦੇ ਮਾਲਕ ਦੀ ਹੈਸਿਅਤ ਨਾਲ਼ ਹੀ ਵਧ-ਫੁੱਲ ਸਕਦੇ ਹਨ, ਦਿਹਾੜੀ ਦੇ ਗ਼ੁਲਾਮ ਬਣ ਕੇ ਨਹੀਂ।

ਸਮਾਜਵਾਦ ‘ਚ ਵਿਅਕਤੀ ਨੂੰ ਕਿਰਤ ਵੰਡ ਦੀ ਮਤਹਿਤੀ ਤੋਂ ਅਜ਼ਾਦ ਕਰਨ ਦੀ ਅਤੇ “ਹਰਫ਼ਨਮੌਲਾ” ਵਿਅਕਤੀ ਦੀ ਰਚਨਾ ਕਰਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਅਜਿਹੇ ਲੋਕ ਅਤੇ ਕੇਵਲ ਅਜਿਹੇ ਲੋਕ ਕਮਿਊਨਿਜ਼ਮ ਦੀਆਂ ਮਹਾਨ ਨਵੀਂਆਂ ਪੈਦਾਵਾਰੀ ਤਾਕਤਾਂ ਦੇ ਰਚੇਤਾ ਹੁੰਦੇ ਹਨ। ਇਸ ਹਿਸਾਬ ਨਾਲ਼ ਵੀ ਸਮਾਜਵਾਦ ਕਮਿਊਨਿਜ਼ਮ ਦਾ ਪਹਿਲਾ ਪੜਾਅ ਹੈ; ਸਮਾਜਵਾਦੀ ਪੈਦਾਵਾਰ ‘ਚ ਕਮਿਊਨਿਜ਼ਮ ਦੇ ਨਵੇਂ ਮਨੁੱਖ ਦੀ ਰਚਨਾ ਹੁੰਦੀ ਹੈ।

ਸ਼ਹਿਰੀ ਤੇ ਪੇਂਡੂ ਖੇਤਰ ਵਿਚਲੇ ਅਤੇ ਸਰੀਰਕ ਤੇ ਮਾਨਸਿਕ
ਕਿਰਤ ਵਿਚਲੇ ਬੁਨਿਆਦੀ ਫ਼ਰਕ ਦਾ ਖ਼ਾਤਮਾ

ਕਿਰਤ ਵੰਡ ਦੇ ਪੁਰਾਤਨ ਅਤੇ ਸਭ ਤੋਂ ਵੱਧ ਦੂਰਰਸੀ ਪ੍ਰਭਾਵ ਸ਼ਹਿਰ ਤੇ ਪੇਂਡੂ ਖੇਤਰ ਅਤੇ ਸਰੀਰਕ ਤੇ ਮਾਨਸਿਕ ਕਿਰਤ ਵਿਚਾਲੇ ਬੇਗਾਨਗੀ ‘ਚ ਪ੍ਰਗਟ ਹੋਏ ਹਨ। ਸਰਮਾਏਦਾਰਾ ਸਮਾਜ ਵਿੱਚ ਇਹ ਬਹੁਤ ਗੰਭੀਰ ਵਿਰੋਧ ਨੂੰ ਸਿੱਟੇ ਦੇ ਰੂਪ ‘ਚ ਪੈਦਾ ਕਰਦਾ ਹੈ। ਪੇਂਡੂ ਖੇਤਰ, ਸਨੱਅਤ, ਵਪਾਰ ਅਤੇ ਕਰਜ਼ ਤਰੀਕਾਕਾਰ ਦੇ ਕਾਰਨ ਬਰਬਾਦ ਤੇ ਨਿਕੰਮਾ ਹੋ ਜਾਂਦਾ ਹੈ। ਮਾਨਸਿਕ ਤੇ ਸਰੀਰਕ ਕਿਰਤ ਆਪਸ ‘ਚ ਵਿਰੋਧੀ ਬਣ ਜਾਂਦੇ ਹਨ; ਮਾਨਸਿਕ ਕਿਰਤ ਮੁੱਖ ਰੂਪ ਨਾਲ਼ ਲੋਟੂ ਜਮਾਤ ਦੇ ਨੁਮਾਇੰਦਿਆਂ ਦੇ ਸਾਊ-ਲੋਕਾਂ ਦਾ ਕੰਮ ਬਣ ਜਾਂਦਾ ਹੈ, ਜੋ ਸਰੀਰਕ ਕਿਰਤ ਕਰਨ ਵਾਲ਼ਿਆਂ ਦੀ ਮਤਹਿਤੀ ਅਤੇ ਉਹਨਾਂ ਦੀ ਲੁੱਟ ਬਰਕਰਾਰ ਰੱਖਣ ‘ਚ ਸਹਾਇਤਾ ਕਰਦੇ ਹਨ। ਪੇਂਡੂ ਖੇਤਰ ਸ਼ਹਿਰ ਦੇ ਅਤੇ ਸਰੀਰਕ ਕਿਰਤ ਕਰਨ ਵਾਲ਼ੇ ਮਾਨਸਿਕ ਕਿਰਤ ਕਰਨ ਵਾਲ਼ਿਆਂ ਦੇ ਪੋਸ਼ਣ ਲਈ ਕੰਮ ਕਰਦੇ ਹਨ। ਇਹ ਵਿਰੋਧ ਇਸ ਤੱਥ ‘ਤੇ ਅਧਾਰਿਤ ਹੈ ਕਿ ਸ਼ਹਿਰ ਪੇਂਡੂ ਖੇਤਰ ਦਾ ਅਤੇ ਬੌਧਿਕ ਵਿਅਕਤੀ ਸਰੀਰਕ ਕਿਰਤੀ ਦੀ ਲੁੱਟ ਕਰਦੇ ਹਨ। ਇਸ ਤਰ੍ਹਾਂ ਇਹ ਫ਼ਰਕ ਹਿੱਤਾਂ ਵਿਚਲੇ ਵਿਰੋਧ ਨੂੰ ਪ੍ਰਗਟਾਉਂਦਾ ਹੈ।13

ਸਮਾਜਵਾਦ ‘ਚ ਸ਼ਹਿਰ ਤੇ ਪੇਂਡੂ ਖੇਤਰ ਦਾ ਵਿਰੋਧ ਅਤੇ ਮਾਨਸਿਕ ਤੇ ਸਰੀਰਕ ਕਿਰਤ ਦਾ ਵਿਰੋਧ ਖ਼ਤਮ ਕਰ ਦਿੱਤਾ ਜਾਂਦਾ ਹੈ। ਕਿਉਂਕਿ ਜਦ ਸੰਪੂਰਨ ਪੈਦਾਵਾਰ ਸਮਾਜਵਾਦੀ ਅਧਾਰ ‘ਤੇ ਪੂਰੀ ਹੁੰਦੀ ਹੈ, ਉਸ ਸਮੇਂ ਇਹ ਸਥਿਤੀ ਨਹੀਂ ਰਹਿ ਜਾਂਦੀ ਕਿ ਸ਼ਹਿਰ ਅਤੇ ਪੇਂਡੂ ਖੇਤਰ ਵਿਚਾਲੇ ਜਾਂ ਮਾਨਸਿਕ ਤੇ ਸਰੀਰਕ ਕਿਰਤ ਵਿਚਾਲੇ ਵਿਰੋਧ ਦੀ ਹੋਂਦ ਹੋਵੇ। ਇਸਦੇ ਉਲਟ ਸਨੱਅਤ ਖੇਤੀ ਦੇ ਵਿਕਾਸ ‘ਚ ਸਹਾਇਤਾ ਕਰਦੀ ਹੈ, ਸ਼ਹਿਰੀ ਤੇ ਪੇਂਡੂ ਖੇਤਰ ਆਪਸ ਵਿੱਚ ਸਹਿਯੋਗ ਕਰਦੇ ਹਨ। ਇਸੇ ਤਰ੍ਹਾਂ ਬੁੱਧੀਜੀਵੀ ਮੁੱਖ ਰੂਪ ‘ਚ ਲੋਟੂਆਂ ਦੇ ਨੁਮਾਇੰਦੇ ਨਹੀਂ ਰਹਿ ਜਾਂਦੇ, ਸਗੋਂ ਕਿਰਤੀ ਲੋਕ-ਸਮੂਹਾਂ ਵਿੱਚੋਂ ਨਿੱਕਲ਼ਦੇ ਹਨ ਅਤੇ ਸਮੁੱਚੀ ਲੋਕਾਈ ਦੀ ਸੇਵਾ ਕਰਦੇ ਹਨ।

ਇੰਨਾ ਹੁੰਦੇ ਹੋਏ ਵੀ, ਸ਼ਹਿਰ ਤੇ ਪੇਂਡੂ ਖੇਤਰ ਵਿਚਾਲ਼ੇ ਅਤੇ ਬੌਧਿਕ ਤੇ ਸਰੀਰਕ ਕਿਰਤ ਵਿਚਾਲ਼ੇ ਬੇਗਾਨਗੀ ਦੇ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦੇ ਹਨ ਅਤੇ ਉਹਨਾਂ ਨੂੰ ਲਾਜ਼ਮੀ ਹੀ ਰਹਿਣਾ ਵੀ ਚਾਹੀਦਾ ਹੈ। ਉਹ ਆਪਸ ‘ਚ ਵਿਰੋਧੀ ਨਹੀਂ ਬਣ ਜਾਂਦੇ, ਸਗੋਂ ਇੱਕ ਬੁਨਿਆਦੀ ਭੇਦ ਬਣ ਜਾਂਦੇ ਹਨ।14 ਕਿਉਂਕਿ ਪੇਂਡੂ ਖੇਤਰ ਲੰਬੇ ਸਮੇਂ ਤੱਕ ਸ਼ਹਿਰ ਦੀ ਤੁਲਨਾ ‘ਚ ਆਰਥਿਕ ਤੇ ਸੱਭਿਆਚਾਰਕ ਰੂਪ ‘ਚ ਪਛੜਿਆ ਰਹਿੰਦਾ ਹੈ ਅਤੇ ਰਹਿਣਾ ਚਾਹੀਦਾ ਹੈ, ਅਤੇ ਇਹ ਹੁਣ ਵੀ ਸੱਚ ਹੈ ਕਿ ਬੁੱਧੀਜੀਵੀ, ਭਾਵੇਂ ਉਹ ਕਿਰਤੀ ਲੋਕਾਂ ਵਿੱਚੋਂ ਨਿੱਕਲ਼ੇ ਹੋਣ ਅਤੇ ਲਗਾਤਾਰ ਉਹਨਾਂ ਦੇ ਨੇੜੇ ਹੁੰਦੇ ਜਾਂਦੇ ਹੋਣ, ਸਮੂਹ ਦੇ ਰੂਪ ‘ਚ ਸਰੀਰਕ ਕਿਰਤ ਕਰਨ ਵਾਲ਼ਿਆਂ ਤੋਂ ਭਿੰਨ ਰਹਿੰਦੇ ਹਨ। ਬੁੱਧੀਜੀਵੀ ਜੋ ਕੰਮ ਕਰਦੇ ਹਨ, ਉਸਨੂੰ ਸਰੀਰਕ ਕਿਰਤ ਕਰਨ ਵਾਲ਼ੇ ਨਹੀਂ ਕਰ ਸਕਦੇ। ਅਤੇ ਇਸੇ ਤਰ੍ਹਾਂ ਇਸਦਾ ਉਲਟ ਵੀ ਸੱਚ ਹੈ।

ਜਿਵੇਂ-ਜਿਵੇਂ ਸਮਾਜਵਾਦੀ ਪੈਦਾਵਾਰ ਵਿਕਸਿਤ ਹੁੰਦੀ ਹੈ, ਇਹ ਬੁਨਿਆਦੀ ਫ਼ਰਕ ਹੌਲ਼ੀ-ਹੌਲ਼ੀ ਲੁਕ ਜਾਂਦੇ ਹਨ। ਅਸਲ ਵਿੱਚ ਇਸਦਾ ਇਹ ਅਰਥ ਨਹੀਂ ਹੈ ਕਿ ਸ਼ਹਿਰ ਅਤੇ ਪੇਂਡੂ ਖੇਤਰ ਵਿਚਾਲ਼ੇ ਅਤੇ ਸਰੀਰਕ ਤੇ ਮਾਨਸਿਕ ਕਿਰਤ ਵਿਚਾਲ਼ੇ ਸਾਰਾ ਫ਼ਰਕ ਖ਼ਤਮ ਹੋ ਜਾਂਦਾ ਹੈ। ਸੁਭਾਵਿਕ ਹੀ ਸ਼ਹਿਰ ਪਿੰਡ ਤੋਂ ਵੱਖਰਾ ਹੁੰਦਾ ਹੈ ਅਤੇ ਦਿਮਾਗ਼ ਦਾ ਕੰਮ ਹੱਥ ਦੇ ਕੰਮ ਤੋਂ ਭਿੰਨ ਹੁੰਦਾ ਹੈ – ਠੀਕ ਉਸੇ ਤਰ੍ਹਾਂ ਜਿਵੇਂ, ਉਦਾਹਰਣ ਵਜੋਂ, ਜੰਗਲ਼ ਖੇਤ ਤੋਂ ਭਿੰਨ ਹੁੰਦਾ ਹੈ ਅਤੇ ਬੱਸ ਚਲਾਉਣਾ ਖਰਾਦ ਮਸ਼ੀਨ ‘ਤੇ ਕੰਮ ਕਰਨ ਤੋਂ ਵੱਖਰਾ ਹੁੰਦਾ ਹੈ। ਪਰ ਬੁਨਿਆਦੀ ਫਰਕ ਉਸ ਸਮੇਂ ਲੁਕ ਜਾਂਦੇ ਹਨ ਜਦ ਪੇਂਡੂ ਖੇਤਰ ‘ਚ ਸਹੂਲਤਾਂ ਸ਼ਹਿਰ ਦੇ ਪੱਧਰ ਤੱਕ ਵਧਾ ਦਿੱਤੀਆਂ ਜਾਂਦੀਆਂ ਹਨ (ਅਤੇ, ਉਸੇ ਦੇ ਨਾਲ਼ ਸ਼ਹਿਰਾਂ ਵਿੱਚੋਂ ਗੰਦਗੀ ਤੇ ਭੀੜ-ਭੜੱਕੇ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ) ਅਤੇ ਜਦ ਖੇਤੀ ਸਨੱਅਤ ਦੇ ਬਰਾਬਰ ਉੱਚ ਤਕਨੀਕ ਨਾਲ਼ ਲੈਸ ਹੋ ਜਾਂਦੀ ਹੈ: ਇਸੇ ਤਰ੍ਹਾਂ ਜਦ ਸਾਰੇ ਮਜ਼ਦੂਰਾਂ ਦਾ ਪੱਧਰ, ਇੰਜੀਨੀਅਰਾਂ, ਤਕਨੀਸ਼ੀਅਨਾਂ ਅਤੇ ਵਿਗਿਆਨਕਾਂ ਦੇ ਬਰਾਬਰ ਇਸ ਤਰ੍ਹਾਂ ਉੱਚਾ ਚੁੱਕ ਦਿੱਤਾ ਜਾਂਦਾ ਹੈ ਕਿ ਵਿਸ਼ੇਸ਼ ਸਾਧਨ-ਯੁਕਤ ਬੁੱਧੀਜੀਵੀਆਂ ਦਾ ਕੋਈ ਵੱਖਰਾ ਸਮੂਹ ਨਾ ਰਹੇ।

ਇਹ ਸਾਰੀ ਪ੍ਰਕਿਰਿਆ ਸਮਾਜਵਾਦੀ ਸਮਾਜ ਅਰਥਾਤ ਕਮਿਊਨਿਜ਼ਮ ਦੇ ਪਹਿਲੇ ਪੜਾਅ ‘ਚ ਹੌਲ਼ੀ-ਹੌਲ਼ੀ ਚਲਾਈ ਜਾਂਦੀ ਹੈ। ਉੱਚੇ ਪੜਾਅ ‘ਚ ਇਸ ਪ੍ਰਕਿਰਿਆ ਦੇ ਪੂਰਾ ਹੋਣ ਦਾ ਤਰਕਮਈ ਅੰਦਾਜ਼ਾ ਲਾਇਆ ਜਾਂਦਾ ਹੈ, ਅਰਥਾਤ ਕਿਰਤ ਵੰਡ ਦੇ ਪ੍ਰਤੀ ਲੋਕਾਂ ਦੀ ਸਭ ਤਰ੍ਹਾਂ ਦੀ ਮਤਹਿਤੀ, ਸ਼ਹਿਤ ਅਤੇ ਪਿੰਡ ਵਿਚਾਲ਼ੇ ਅਤੇ ਮਾਨਸਿਕ ਤੇ ਸਰੀਰਕ ਕਿਰਤ ਵਿਚਾਲ਼ੇ ਸਾਰੇ ਬੁਨਿਆਦੀ ਫ਼ਰਕ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੇ ਹਨ।

ਇਸਦਾ ਅਰਥ ਇਹ ਹੈ ਕਿ ਕਮਿਊਨਿਜ਼ਮ ‘ਚ, ਜਿਸ ‘ਚ ਹਰੇਕ ਵਿਅਕਤੀ ਦੀਆਂ ਲੋੜਾਂ ਸੰਤੁਸ਼ਟ ਹੁੰਦੀਆਂ ਹਨ, ਜਿਸ ‘ਚ ਕਿਰਤ ਜੀਵਨ ਦੀ ਪ੍ਰਧਾਨ ਲੋੜ ਬਣ ਜਾਂਦੀ ਹੈ, ਜਿਸ ‘ਚ ਕਿਰਤ ਦੀ ਵੰਡ ਪ੍ਰਤੀ ਮਨੁੱਖ ਦੀ ਸਭ ਤਰ੍ਹਾਂ ਦੀ ਮਤਹਿਤੀ ਦਾ ਅੰਤ ਹੋ ਜਾਂਦਾ ਹੈ, ਅਤੇ ਹਰੇਕ ਬੰਦੇ ਦੀਆਂ ਯੋਗਤਾਵਾਂ ਦੇ ਸੰਪੂਰਨ, ਨਿਰਵਿਘਨ ਵਿਕਾਸ ਦੀਆਂ ਹਾਲਤਾਂ ਪੈਦਾ ਹੁੰਦੀਆਂ ਹਨ। ਸਮਾਜ ਹੁਣ, ਵਿਅਕਤੀ ਨੂੰ ਜ਼ਬਰਨ ਇਸ ਜਾਂ ਉਸ ਢਾਂਚੇ ‘ਚ ਢਾਲ਼ ਕੇ, ਜਿਸ ‘ਚ ਇਹ ਸਮਾਜ ਦੀ ਸੇਵਾ ਕਰੇਗਾ, ਉਸਦੇ ਵਿਕਾਸ ‘ਤੇ ਕੋਈ ਹੱਦਾਂ ਨਹੀਂ ਥੋਪਦਾ। ਇਸਦੇ ਉਲਟ, ਸਮਾਜਿਕ ਵਿਕਾਸ ਹਰੇਕ ਵਿਅਕਤੀ ਦੀ ਸ਼ਖ਼ਸ਼ੀਅਤ ਦੇ ਪੂਰਨ ਵਿਕਾਸ ਦੀ ਮੰਗ ਕਰਦਾ ਹੈ ਅਤੇ ਉਸ ‘ਚ ਸਹਾਇਕ ਹੁੰਦਾ ਹੈ। ਸੰਖੇਪ ‘ਚ, ਜਿਵੇਂ ਮਾਰਕਸ ਤੇ ਏਂਗਲਜ਼ ਨੇ ਕਿਹਾ ਹੈ: “ਅਸੀਂ ਅਜਿਹੀ ਜਥੇਬੰਦੀ ਬਣਾਵਾਂਗੇ, ਜਿਸ ‘ਚ ਹਰੇਕ ਦਾ ਅਜ਼ਾਦ ਵਿਕਾਸ ਹੀ ਸਾਰਿਆਂ ਦੇ ਅਜ਼ਾਦ ਵਿਕਾਸ ਦੀ ਕਸੌਟੀ ਹੋਵੇਗਾ।”15

ਜਾਇਦਾਦ ਦੇ ਵੰਨ-ਸੁਵੰਨੇ ਰੂਪਾਂ ਅਤੇ ਜਮਾਤੀ-ਵਖਰੇਵਿਆਂ ਤੋਂ ਸੰਪੂਰਨ
ਲੋਕ-ਸਮੂਹ ਦੀ ਅਵੰਡ ਜਥੇਬੰਦੀ ਤੱਕ

(4) ਚੌਥਾ ਅਤੇ ਅੰਤਿਮ ਰੂਪ, ਜਿਸ ‘ਚ ਸਮਾਜਵਾਦ ਆਪਣਾ ਸੰਗਰਾਂਦੀ ਕਿਰਦਾਰ ਪ੍ਰਗਟ ਕਰਦਾ ਹੈ, ਜਾਇਦਾਦ ਦੇ ਵੱਖ-ਵੱਖ ਰੂਪਾਂ ਅਤੇ ਵੱਖ-ਵੱਖ ਜਮਾਤਾਂ ਦੇ ਲਗਾਤਾਰ ਮੌਜੂਦ ਰਹਿਣ ‘ਚ ਹੁੰਦਾ ਹੈ।

ਸਮਾਜਵਾਦ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਨੂੰ ਖ਼ਤਮ ਕਰਕੇ ਸਾਰੀਆਂ ਲੋਟੂ ਜਮਾਤਾਂ ਅਤੇ ਉਹਨਾਂ ਦੇ ਨਾਲ਼ ਸਾਰੇ ਜਮਾਤੀ-ਵਿਰੋਧਾਂ ਨੂੰ ਖ਼ਤਮ ਕਰਦਾ ਹੈ। ਪਰ ਇਹ ਜਮਾਤਾਂ ਦੇ ਖਾਤਮੇ ਦੇ ਬਰਾਬਰ ਨਹੀਂ ਹੁੰਦਾ। ਆਮ ਰੂਪ ‘ਚ, ਸਮਾਜਵਾਦੀ ਸਮਾਜ ‘ਚ ਦੋ ਵੱਖਰੀਆਂ ਜਮਾਤਾਂ ਮੌਜੂਦ ਰਹਿੰਦੀਆਂ ਹਨ- ਮਜ਼ਦੂਰ ਅਤੇ ਕਿਸਾਨ। ਜਮਾਤੀ-ਵਖਰੇਵਿਆਂ ਦੀ ਇਹ ਮੌਜੂਦਗੀ ਇਸ ਤੱਥ ਦਾ ਦੂਜਾ ਨਤੀਜਾ ਹੁੰਦੀ ਹੈ ਕਿ ਸਮਾਜਵਾਦ ‘ਤੇ ਇਸ ਸਮੇਂ ਤੱਕ “ਪੁਰਾਣੇ ਸਮਾਜ ਦੇ ਜਨਮ ਚਿੰਨ੍ਹਾਂ ਦੀ ਛਾਪ ਬਣੀ ਰਹਿੰਦੀ ਹੈ, ਜਿਸ ਤੋਂ ਉਹ ਜਨਮ ਲੈਂਦਾ ਹੈ।”

ਸਰਮਾਏਦਾਰਾ ਵਿਕਾਸ ਦਾ ਸਾਰਾ ਖਾਸਾ ਸਾਰੇ ਵਿਅਤੀਗਤ ਪੈਦਾਕਾਰਾਂ ਨੂੰ ਉਹਨਾਂ ਦੇ ਪੈਦਾਵਾਰ ਦੇ ਸਾਰੇ ਸਾਧਨਾਂ ਤੋਂ ਵਾਂਝਾ ਕਰਕੇ ਅਤੇ ਉਹਨਾਂ ਨੂੰ ਦਿਹਾੜੀ ਦੇ ਮਜ਼ਦੂਰਾਂ ਦੀ ਹਾਲਤ ‘ਚ ਧੱਕ ਕੇ, ਉਹਨਾਂ ਨੂੰ ਲੁੱਟਣ-ਖਸੁੱਟਣ ਦਾ ਹੁੰਦਾ ਹੈ ਜਦਕਿ ਉਸੇ ਦੇ ਨਾਲ਼ ਸਰਮਾਇਆ ਮੁੱਠੀ-ਭਰ ਬਹੁਤ ਵੱਡੀਆਂ ਸਨੱਅਤਾਂ ਦੇ ਹੱਥਾਂ ‘ਚ ਵੱਧ ਤੋਂ ਵੱਧ ਕੇਂਦਰਤ ਹੁੰਦਾ ਜਾਂਦਾ ਹੈ। ਮਜ਼ਦੂਰ ਜਮਾਤ ਦਾ ਪਹਿਲਾ ਕੰਮ, ਜਦ ਉਹ ਸੱਤ੍ਹਾ ਹਥਿਆਉਂਦੀ ਹੈ ਅਤੇ ਸਮਾਜਵਾਦ ਦੇ ਰਾਹ ਚੱਲਣਾ ਸ਼ੁਰੂ ਕਰਦੀ, ਵੱਡੀਆਂ ਸਰਮਾਏਦਾਰਾ ਸਨੱਅਤਾਂ ਨੂੰ, ਉਹਨਾਂ ਦੀ ਜਾਇਦਾਦ ਨੂੰ ਜਨਤਕ ਜਾਇਦਾਦ, ਸੰਪੂਰਨ ਲੋਕਾਂ ਦੀ ਜਾਇਦਾਦ, ‘ਚ ਬਦਲ ਕੇ ਲੈਣਾ ਹੁੰਦਾ ਹੈ। ਬ੍ਰਿਟੇਨ ‘ਚ, ਸਰਮਾਏਦਾਰੀ ਦੁਆਰਾ ਨਿੱਜੀ ਪੈਦਾਕਾਰਾਂ ਦੀ ਲੁੱਟ ਖੇਤੀ ਦੇ ਨਾਲ਼-ਨਾਲ਼ ਸਨੱਅਤ, ਦੋਵਾਂ ਖੇਤਰਾਂ ‘ਚ ਚੱਲਦੀ ਹੈ। ਇੱਥੇ ਸਰਮਾਏਦਾਰਾ ਸਨੱਅਤ ਦੇ ਨਾਲ਼ ਸਰਮਾਏਦਾਰਾ ਖੇਤੀ ਵੀ ਮੌਜੂਦ ਹੈ। ਪਰ ਅਨੇਕ ਦੂਜੇ ਦੇਸ਼ਾਂ ਵਿੱਚ, ਜਿੱਥੇ ਸਰਮਾਏਦਾਰੀ ਵਿਕਸਿਤ ਹੋ ਗਈ ਹੈ ਜਾਂ ਜਿੱਥੇ ਦਾਖਲ ਕਰ ਗਈ ਹੈ, ਖੇਤੀ ‘ਚ ਸਰਮਾਏਦਾਰੀ ਦੇ ਵਿਕਾਸ ਦੇ ਜ਼ਬਰਦਸਤ ਵਖਰੇਵਿਆਂ ਦੇ ਬਾਵਜੂਦ, ਖੇਤੀ ਮੁੱਖ ਰੂਪ ਨਾਲ਼ ਕਿਸਾਨਾਂ ਦੀ ਆਰਥਿਕਤਾ ਰਹੀ ਹੈ, ਜਿਸ ‘ਚ ਖੇਤੀ-ਪੈਦਾਵਾਰ ਦੇ ਕੰਮ ਦਾ ਮੁਕਾਬਲਤਨ ਵੱਡਾ ਭਾਗ ਦਿਹਾੜੀ ਦੇ ਮਜ਼ਦੂਰਾਂ ਦੁਆਰਾ ਨਹੀਂ, ਸਗੋਂ ਛੋਟੇ ਕਿਸਾਨ-ਮਾਲਕਾਂ ਦੁਆਰਾ ਨੇਪਰੇ ਚਾੜਿਆ ਕੀਤਾ ਜਾਂਦਾ ਹੈ।

ਕੀ ਅਜਿਹੀਆਂ ਸਥਿਤੀਆਂ ਦੇ ਤਹਿਤ ਕੇਵਲ ਸਰਮਾਏਦਾਰਾਂ ਤੋਂ ਖੋਹ ਕੇ ਉਹਨਾਂ ਦੀ ਜਾਇਦਾਦ ਜਨਤਕ ਜਾਇਦਾਦ ਬਣਾਉਣ ਦਾ ਅਤੇ ਜਗੀਰਦਾਰਾਂ ਤੋਂ ਹੀ ਖੋਹਣ ਦਾ ਨਹੀਂ, ਸਗੋਂ ਕਿਸਾਨਾਂ ਤੋਂ ਵੀ ਖੋਹਣ ਦਾ ਸੰਕਲਪ ਕੀਤਾ ਜਾਂਦਾ ਹੈ?

ਏਂਗਲਜ਼ ਨੇ ਸਰਮਾਏਦਾਰਾਂ ਅਤੇ ਜਗੀਰਦਾਰਾਂ ਵਿਰੁੱਧ ਘੋਲ਼ ‘ਚ ਕਿਰਤੀ ਕਿਸਾਨ ਵਸੋਂ ਨਾਲ਼ ਮਜ਼ਦੂਰ ਜਮਾਤ ਦੀ ਏਕਤਾ ਕਾਇਮ ਕਰਨ ਦੀ ਲੋੜ ਨੂੰ ਪਛਾਣ ਕੇ ਇਸ ਸਵਾਲ ਦਾ ਉੱਤਰ ਬਹੁਤ ਪਹਿਲਾਂ ਦੇ ਦਿੱਤਾ ਸੀ। ਉਹਨਾਂ ਨੇ ਲਿਖਿਆ ਹੈ:

“ਜਦ ਸਾਡੇ ਹੱਥ ਰਾਜਸੱਤ੍ਹਾ ਆ ਜਾਵੇਗੀ, ਅਸੀਂ ਛੋਟੇ ਕਿਸਾਨਾਂ ਤੋਂ ਜ਼ਬਰਨ ਖੋਹਣ ਬਾਰੇ ਸੋਚਾਂਗੇ ਵੀ ਨਹੀਂ… ਛੋਟੇ ਕਿਸਾਨਾਂ ਸਬੰਧੀ ਸਾਡਾ ਫ਼ਰਜ਼… ਉਹਨਾਂ ਦੇ ਨਿੱਜੀ ਧੰਦੇ ਅਤੇ ਨਿੱਜੀ ਮਾਲਕੀ ਤੋਂ ਜ਼ਬਰਨ ਨਹੀਂ ਸਗੋਂ ਉਦਾਹਰਣ ਪੇਸ਼ ਕਰਕੇ ਅਤੇ ਇਸ ਉਦੇਸ਼ ਲਈ ਸਮਾਜਿਕ ਸਹਾਇਤਾ ਦੇ ਕੇ ਉਹਨਾਂ ਨੂੰ ਸਹਿਕਾਰੀ ਸੰਸਥਾਵਾਂ ‘ਚ ਲਿਆਉਣਾ ਹੁੰਦਾ ਹੈ।”16

ਨਤੀਜਨ ਪੇਂਡੂ ਖੇਤਰਾਂ ਵਿੱਚ ਜਿੱਥੇ ਕਿਸਾਨ ਜਮਾਤ ਅਤੇ ਕਿਸਾਨਾਂ ਦੀ ਪੈਦਾਵਾਰ ਮੌਜੂਦ ਹੈ, ਸਮਾਜਵਾਦ ਦੀ ਉਸਾਰੀ ਦੇ ਕੰਮ ‘ਚ (ਓ) ਜਗੀਰਦਾਰਾਂ ਤੋਂ ਖੋਹਣਾ (ਅ) ਸਰਮਾਏਦਾਰਾ ਖੇਤੀ-ਤਰੀਕਾਕਾਰ ਅਤੇ ਦਿਹਾੜੀ ਦੀ ਕਿਰਤ ਦੀ ਲੁੱਟ ਨੂੰ ਖ਼ਤਮ ਕਰਨਾ (ਅਰਥਾਤ “ਕੁਲਕਾਂ ਦਾ ਖ਼ਾਤਮਾ”) ਅਤੇ (ਇ) ਛੋਟੇ ਕਿਸਾਨਾਂ ਦੀ ਜਾਇਦਾਦ ਜਨਤਕ ਜਾਇਦਾਦ ‘ਚ ਨਾ ਬਦਲਕੇ, ਛੋਟੇ ਪੈਮਾਨੇ ਦੀ ਨਿੱਜੀ ਪੈਦਾਵਾਰ ਨੂੰ ਵੱਡੇ ਪੈਮਾਨੇ ਦੀ ਸਹਿਕਾਰੀ ਪੈਦਾਵਾਰ ‘ਚ ਬਦਲਣਾ ਅਤੇ ਨਿੱਜੀ ਖੇਤੀ-ਜਾਇਦਾਦ ਨੂੰ ਸਹਿਕਾਰੀ ਜਾਇਦਾਦ ‘ਚ ਤਬਦੀਲ ਕਰਨਾ ਸ਼ਾਮਲ ਹੈ।

ਨਤੀਜੇ ਵਜੋਂ (ਓ) ਸਮਾਜਵਾਦੀ ਜਾਇਦਾਦ ਦੇ ਦੋ ਰੂਪ ਪੈਦਾ ਹੋਏ ਹਨ। “ਸਮਾਜਵਾਦੀ ਜਾਇਦਾਦ… ਜਾਂ ਤਾਂ ਰਾਜਕੀ ਜਾਇਦਾਦ (ਸਮੁੱਚੇ ਲੋਕਾਂ ਦੀ ਜਾਇਦਾਦ) ਦੇ ਰੂਪ ‘ਚ ਮੌਜੂਦ ਰਹਿੰਦੀ ਹੈ, ਜਾਂ ਸਹਿਕਾਰੀ ਜਾਂ ਸਮੂਹਿਕ ਫਾਰਮ ਜਾਇਦਾਦ (ਸਮੂਹਿਕ ਫਾਰਮਾਂ ਦੀ ਜਾਇਦਾਦ, ਸਹਿਕਾਰੀ ਕਮੇਟੀਆਂ ਦੀ ਜਾਇਦਾਦ) ਦੇ ਰੂਪ ‘ਚ।”17

ਇਹ ਦੋਵੇਂ ਜਾਇਦਾਦ ਦੇ ਸਮਾਜਵਾਦੀ ਰੂਪ ਹਨ ਕਿਉਂਕਿ ਉਹ ਦੋਵੇਂ ਅਜਿਹੇ ਰੂਪ ਹਨ ਜਿਹਨਾਂ ਰਾਹੀਂ ਜਥੇਬੰਦ ਪੈਦਾਕਾਰ ਪੈਦਾਵਾਰ ਦੇ ਆਪਣੇ ਸਾਧਨਾਂ ਨੂੰ ਜਨਤਕ ਰੂਪ ‘ਚ ਸੰਭਾਲ਼ਦੇ ਹਨ ਅਤੇ ਪੈਦਾਵਾਰਾਂ ਦਾ ਪ੍ਰਬੰਧ ਕਰਦੇ ਹਨ, ਲੋਟੂਆਂ ਲਈ ਨਹੀਂ, ਖੁਦ ਆਪਣੇ ਲਈ ਕੰਮ ਕਰਦੇ ਹਨ ਅਤੇ ਆਪਣੇ ਕੰਮ ਦੇ ਅਨੁਸਾਰ ਪ੍ਰਾਪਤ ਕਰਦੇ ਹਨ।

ਉਹਨਾਂ ਦਾ ਬੁਨਿਆਦੀ ਫ਼ਰਕ ਰਾਜ ਜਾਂ ਜਨਤਕ ਸਨੱਅਤ, ਜੋ ਸਾਰੇ ਲੋਕਾਂ ਦੀ ਜਾਇਦਾਦ ਹੁੰਦੀ ਹੈ ਅਤੇ ਸਹਿਕਾਰੀ ਸਨੱਅਤ ਜੋ ਲੋਕਾਂ ਦੇ ਇੱਕ ਨਿਸ਼ਚਿਤ ਗਰੁੱਪ ਦੀ ਜਾਇਦਾਦ ਹੁੰਦੀ ਹੈ, ਵਿਚਾਲੇ ਵੀ ਫ਼ਰਕ ਰਹਿੰਦਾ ਹੈ।

(ਅ) ਜਾਇਦਾਦ ਦੇ ਇਹਨਾਂ ਦੋ ਰੂਪਾਂ ਦੇ ਅਨੁਸਾਰ ਦੋ ਜਮਾਤਾਂ ਬਣਦੀਆਂ ਹਨ ਮਜ਼ਦੂਰ ਜੋ ਸਾਰੇ ਲੋਕਾਂ ਦੀ ਮਾਲਕੀ ਦੇ ਮਤਹਿਤ ਜਨਤਕ ਸਨੱਅਤਾਂ ਵਿੱਚ ਕੰਮ ਕਰਦੇ ਹਨ ਅਤੇ ਕਿਸਾਨ ਜੋ ਸਹਿਕਾਰੀ ਸਨੱਅਤਾਂ ਦੇ ਸੰਯੁਕਤ ਮਾਲਕ ਹੁੰਦੇ ਹਨ।

ਇਹ ਨਵੀਂਆਂ ਜਮਾਤਾਂ ਸਮਾਜਵਾਦੀ ਸਮਾਜ ਦੀਆਂ ਜਮਾਤਾਂ ਹਨ। ਸਮਾਜਵਾਦੀ ਮਜ਼ਦੂਰ ਜਮਾਤ ਨਵੀਂ ਮਜ਼ਦੂਰ ਜਮਾਤ ਹੁੰਦੀ ਹੈ ਉਹ ਪੈਦਾਵਾਰ ਦੇ ਸਾਧਨਾਂ ਤੋਂ ਵਾਂਝੀ ਤੇ ਸਰਮਾਏਦਾਰਾਂ ਨੂੰ ਆਪਣੀ ਕਿਰਤ ਸ਼ਕਤੀ ਵੇਚਣ ਵਾਲ਼ੀ ਪਸਿੱਤੀ ਮਜ਼ਦੂਰ ਜਮਾਤ ਨਹੀਂ ਹੁੰਦੀ, ਸਗੋਂ ਅਜਿਹੀ ਮਜ਼ਦੂਰ ਜਮਾਤ ਹੁੰਦੀ ਹੈ, “ਜੋ ਸੰਦਾਂ ਤੇ ਪੈਦਾਵਾਰ ਦੇ ਸਾਧਨਾਂ ਤੋਂ ਵਾਂਝੀ ਨਾ ਰਹਿ ਕੇ, ਉਲਟਾ, ਸਾਰੇ ਲੋਕਾਂ ਨਾਲ਼ ਸੰਯੁਕਤ ਰੂਪ ਨਾਲ਼ ਉਹਨਾਂ ਦੀ ਮਾਲਕ ਬਣਦੀ ਦੀ ਹੈ।” 18 ਅਤੇ, ਸਮਾਜਵਾਦੀ ਕਿਸਾਨ ਜਮੀਂਦਾਰਾਂ ਅਤੇ ਵਿਚੋਲਿਆਂ ਦੁਆਰਾ ਹੋਣ ਵਾਲ਼ੀ ਲੁੱਟ ਤੋਂ ਅਜ਼ਾਦ ਨਵਾਂ ਕਿਸਾਨ ਹੁੰਦਾ ਹੈ, ਜੋ “ਆਪਣਾ ਕੰਮ ਅਤੇ ਜਾਇਦਾਦ ਨਿੱਜੀ ਕਿਰਤ ਅਤੇ ਪਛੜੀ ਹੋਈ ਤਕਨੀਕ ਨਾਲ਼ ਨਹੀਂ ਸਗੋਂ ਸਮੂਹਿਕ ਕਿਰਤ ਅਤੇ ਆਧੁਨਿਕ ਤਕਨੀਕੀ ਸਮੱਗਰੀ ‘ਤੇ ਅਧਾਰਿਤ ਕਰਦਾ ਹੈ”, ਅਤੇ ਜਿਸਦੀ ਆਰਥਿਕਤਾ “ਨਿੱਜੀ ਜਾਇਦਾਦ ‘ਤੇ ਨਹੀਂ, ਸਗੋਂ ਸਮੂਹਿਕ ਜਾਇਦਾਦ ‘ਤੇ ਅਧਾਰਿਤ ਹੁੰਦੀ ਹੈ।”19

ਇਸ ਤਰ੍ਹਾਂ ਉਹ ਹੀ ਵਿਅਕਤੀ ਜਾਂ ਉਹਦੇ ਬੱਚੇ, ਜੋ ਪੁਰਾਣੀ ਮਜ਼ਦੂਰ ਅਤੇ ਕਿਸਾਨ ਜਮਾਤ ਨਾਲ਼ ਸਬੰਧਿਤ ਸਨ, ਨਵੀਂ ਮਜ਼ਦੂਰ ਜਮਾਤ ਅਤੇ ਕਿਸਾਨਾਂ ਨਾਲ਼ ਸਬੰਧਿਤ ਹੋ ਜਾਂਦੇ ਹਨ, ਇਹ ਨਵੀਂਆਂ ਜਮਾਤਾਂ ਸਮਾਜਵਾਦੀ ਪੈਦਾਵਾਰੀ-ਸਬੰਧਾਂ ਤੋਂ ਪੈਦਾ ਹੁੰਦੀਆਂ ਹੁੰਦੇ ਹਨ, ਜੋ ਪੁਰਾਣੀਆਂ ਜਮਾਤਾਂ ਦੀ ਥਾਂ ਗ੍ਰਹਿਣ ਕਰਦੀਆਂ ਹਨ, ਜਿਹਨਾਂ ਦਾ ਪੁਰਾਣੇ ਪੈਦਾਵਾਰੀ-ਸਬੰਧਾਂ ਦੇ ਖ਼ਾਤਮੇ ਦੇ ਨਾਲ਼ ਖੁਦ ਹੀ ਖ਼ਾਤਮਾ ਹੋ ਜਾਂਦਾ ਹੈ।

ਇਹ ਆਪਸ ਵਿੱਚ ਦੁਸ਼ਮਣ ਜਮਾਤਾਂ ਨਹੀਂ ਸਗੋਂ ਮਿੱਤਰ ਜਮਾਤਾਂ ਹੁੰਦੀਆਂ ਹਨ। ਇਹਨਾਂ ਵਿੱਚ ਕੋਈ ਕਿਸੇ ਦੀ ਲੁੱਟ ਨਹੀਂ ਕਰਦਾ। ਅਤੇ ਉਹ, ਹਰੇਕ ਜਮਾਤ ਦੇ ਬਰਾਬਰ ਲਾਭ ਲਈ ਆਰਥਿਕ ਕਾਰਜਾਂ ਦੇ ਵਟਾਂਦਰੇ ‘ਚ ਸਰਗਰਮ ਹੁੰਦੇ ਹਨ।

ਇਸੇ ਦੇ ਨਾਲ਼ ਮਜ਼ਦੂਰ ਜਮਾਤ ਆਗੂ ਜਮਾਤ ਹੁੰਦੀ ਹੈ, ਉਹ ਸਮਾਜਵਾਦ ਦੀ ਉਸਾਰੀ ‘ਚ ਫੈਸਲਾਕੁੰਨ, ਆਗੂ ਭੂਮਿਕਾ ਨਿਭਾਉਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਜ਼ਦੂਰ ਆਪਣੀ ਜਮਾਤੀ ਸਥਿਤੀ ਦੇ ਕਾਰਨ ਸਰਮਾਏਦਾਰੀ ਖ਼ਿਲਾਫ਼ ਘੋਲ਼ ਵਿੱਚ ਆਗੂ ਤਾਕਤ ਰਹੇ ਹੁੰਦੇ ਹਨ ਅਤੇ ਕਿਉਂਕਿ ਉਹ, ਜਿਵੇਂ ਅਸੀਂ ਹੁਣੇ, ਤੁਰੰਤ ਦੇਖਾਂਗੇ, ਸਮਾਜਵਾਦੀ ਜਾਇਦਾਦ ਦੇ ਉੱਚਤਮ ਰੂਪ ਅਤੇ ਸਹਿਕਾਰੀ ਜਾਇਦਾਦ ਨਾਲ਼ ਸਬੰਧਿਤ ਹੁੰਦੇ ਹਨ।

ਜੇਕਰ ਜਨਤਕ ਜਾਇਦਾਦ ਦੇ ਨਾਲ਼-ਨਾਲ਼ ਸਹਿਕਾਰੀ ਜਾਇਦਾਦ ਦੀ ਹੋਂਦ ਅਤੇ ਨਤੀਜਨ ਦੋ ਜਮਾਤਾਂ ਦੀ ਹੋਂਦ ਸਮਾਜਵਾਦੀ ਪੈਦਾਵਾਰ ਦੇ ਵਿਕਾਸ ਨੂੰ ਸੌਖਾ ਬਣਾਉਂਦੀ ਹੈ, ਕਮਿਊਨਿਜ਼ਮ ਦੀ ਉੱਚਤਮ ਸਥਿਤੀ ਵੱਲ ਵਧਣ ਦਾ ਨਤੀਜਾ ਜਾਇਦਾਦ ਦੇ ਕੇਵਲ ਇੱਕ ਸਰੂਪ, ਅਰਥਾਤ ਜਨਤਕ ਜਾਇਦਾਦ ਦੇ ਉਭਾਰ ਅਤੇ ਸਾਰੀਆਂ ਜਮਾਤੀ-ਵੰਡਾਂ ਦੇ ਨਾਸ਼ ਦੇ ਰੂਪ ਵਿੱਚ ਨਿੱਕਲ਼ਦਾ ਹੈ।

ਕਮਿਊਨਿਜ਼ਮ ਦਾ ਸਿਧਾਂਤ “ਹਰੇਕ ਨੂੰ ਉਸਦੀ ਲੋੜ ਅਨੁਸਾਰ”, ਜਿਵੇਂ ਮਾਰਕਸ ਅਤੇ ਏਂਗਲਜ਼ ਨੇ ਕਿਹਾ ਹੈ, ਇਹ ਮੰਨ ਕੇ ਚੱਲਦਾ  ਹੈ ਕਿ “ਸਾਰੀ ਪੈਦਾਵਾਰ ਸਾਰੀ ਕੌਮ ਦੀ ਵਿਸ਼ਾਲ ਜਥੇਬੰਦੀ ਦੇ ਹੱਥ ਕੇਂਦਰਤ ਕਰ ਦਿੱਤੀ ਗਈ ਹੈ”20 ਜੋ ਲੋਕਾਂ ਦੀਆਂ ਲੋੜਾਂ ਅਨੁਸਾਰ ਇਸਦੀਆਂ ਸਾਰੀਆਂ ਸਾਖ਼ਾਵਾਂ ‘ਚ ਪੈਦਾਵਾਰ ਨੂੰ ਨਿਯੋਜਿਤ ਕਰੇਗੀ, ਅਤੇ ਇਸ ਤਰ੍ਹਾਂ ਕਰੇਗੀ ਕਿ ਸੰਪੂਰਨ ਸਮਾਜਿਕ ਪੈਦਾਵਾਰ ਦਾ ਪ੍ਰਬੰਧਨ ਉਸੇ “ਵਿਸ਼ਾਲ ਜਥੇਬੰਦੀ” ਦੇ ਹੱਥ ‘ਚ ਹੋਵੇਗਾ, ਜਿਸ ਨਾਲ਼ ਉਸਦੀ ਵੰਡ ਲੋੜ ਅਨੁਸਾਰ ਹੋ ਸਕੇ। ਪਰ ਇਹ ਇਸ ਗੱਲ ਨੂੰ ਲਾਜ਼ਮੀ ਬਣਾਉਂਦਾ ਹੈ ਕਿ ਰਾਜ-ਪੈਦਾਵਾਰ ਅਤੇ ਸਹਿਕਾਰੀ ਪੈਦਾਵਾਰ ਸਾਰੀ ਇਕਾਈ ਦੇ ਰੂਪ ‘ਚ ਇੱਕੋ ਵੇਲ਼ੇ ਇਕੱਠਾ ਲਾਜ਼ਮੀ ਰੂਪ ‘ਚ ਮਿਲ਼ਾ ਦਿੱਤਾ ਜਾਵੇ। ਕਮਿਊਨਿਸਟ ਸਮਾਜ ਜਮਾਤ-ਰਹਿਤ ਸਮਾਜ ਹੁੰਦਾ ਹੈ, ਜਿਸ ‘ਚ ਸਾਰੇ ਲੋਕ ਆਪਣੀਆਂ ਲੋੜਾਂ ਅਨੁਸਾਰ ਸਮਾਜਿਕ ਪੈਦਾਵਾਰ ਦੀ ਇੱਕੋ-ਇੱਕ ਜਥੇਬੰਦੀ ਦੇ ਰੂਪ ਨਾਲ਼ ਭਾਗ ਲੈਂਦੇ ਹਨ ਅਤੇ ਲੋੜ ਅਨੁਸਾਰ ਪ੍ਰਾਪਤ ਕਰਦੇ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

Advertisements