ਮੁਨਾਫੇ ਲਈ ਮਨੁੱਖਤਾ ਨੂੰ ਛਿੱਕੇ ਟੰਗ ਰਹੀਆਂ ਦਵਾਈ ਕੰਪਨੀਆਂ •ਨਵਮੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਚਿਕਿਤਸਾ ਵਿਗਿਆਨ ਦੇ ਵਿਕਾਸ ਦੇ ਹਰ ਪੜਾਅ ਨਾਲ਼ ਮਨੁੱਖ ਨੇ ਬਿਮਾਰੀਆਂ ਉੱਤੇ ਫਤਹਿ ਦੀ ਨਵੀਂ ਬੁਲੰਦੀਆਂ ਨੂੰ ਛੂਹਿਆ ਹੈ। ਖਾਸ ਤੌਰ ‘ਤੇ ਪਿਛਲੇ 100 ਸਾਲ ਵਿੱਚ ਇਸ ਖੇਤਰ ਵਿੱਚ ਲੰਬੀ ਪੁਲਾਂਘ ਪੁੱਟੀ ਗਈ ਹੈ। ਅੱਜ ਮਨੁੱਖਤਾ ਕੋਲ਼ ਜ਼ਿਆਦਾਤਰ ਬਿਮਾਰੀਆਂ ਨਾਲ਼ ਲੜਨ ਲਈ ਦਵਾਈਆਂ ਦਾ ਜਖ਼ੀਰਾ ਮੌਜੂਦ ਹੈ। ਇੰਨੀਆਂ ਦਵਾਈਆਂ ਦੀ ਪੈਦਾਵਾਰ ਅਤੇ ਉਪਲਬਧਤਾ ਕਾਰਨ ਹੋਣਾ ਤਾਂ ਇਹ ਚਾਹੀਦਾ ਸੀ ਕਿ ਹਰ ਨਾਗਰਿਕ ਨੂੰ ਹਰ ਤਰ੍ਹਾਂ ਦੀ ਦਵਾਈ ਸਮੇਂ ਸਿਰ ਅਤੇ ਮੁਫਤ ਵਿੱਚ ਉਪਲਬਧ ਹੋਵੇ। ਪਰ ਸੱਚਾਈ ਇਸਤੋਂ ਕੋਹਾਂ ਦੂਰ ਹੈ। ਜ਼ਿਆਦਾਤਰ ਅਬਾਦੀ ਨੂੰ ਜਰੂਰੀ ਦਵਾਈਆਂ ਵੀ ਉਪਲਬਧ ਨਹੀਂ ਹਨ ਤੇ ਜਿੱਥੇ ਉਪਲਬਧ ਹਨ ਉੱਥੇ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਕਿਸੇ ਸਮੇਂ ਮਨੁੱਖੀ ਕਿਹਾ ਜਾਣ ਵਾਲ਼ਾ ਇਹ ਪੇਸ਼ਾ ਅੱਜ ਮੁਨਾਫਾ ਅਧਾਰਤ, ਅਣਮਨੁੱਖੀ ਅਤੇ ਬੇਰਹਿਮ ਖੂਨ ਚੂਸਣ ਵਾਲ਼ੇ ਤੰਤਰ ਵਿੱਚ ਤਬਦੀਲ ਹੋ ਚੁੱਕਿਆ ਹੈ। ਦਵਾਈ ਕੰਪਨੀਆਂ ਤੋਂ ਲੈ ਕੇ ਡਾਕਟਰਾਂ ਅਤੇ ਸਰਕਾਰ ਤੱਕ ਇਸ ਪੂਰੇ ਮੱਕੜਜਾਲ਼ ਨੂੰ ਬੁਣਨ ਵਿੱਚ ਇੱਕਜੁੱਟ ਹਨ। ਹਰ ਤਰ੍ਹਾਂ ਦੇ ਫੋਕੇ ਨੈਤਿਕਤਾਪੂਰਨ ਭਾਸ਼ਣਾਂ ਅਤੇ ਅਪੀਲਾਂ ਦੇ ਬਾਵਜੂਦ ਇਹ ਗੋਰਖਧੰਦਾ ਤੇਜੀ ਨਾਲ਼ ਮਨੁੱਖਤਾ ਦੇ ਗਲ਼ੇ ਵਿੱਚ ਰੱਸੇ ਦੀ ਤਰ੍ਹਾਂ ਕਸਦਾ ਜਾ ਰਿਹਾ ਹੈ। ਇਸ ਪੂਰੇ ਗੋਰਖਧੰਦੇ ਨੂੰ ਸਮਝਣ ਲਈ ਸਾਨੂੰ ਇਸਦੀ ਤਹਿ ਤੱਕ ਜਾਣਾ ਪਵੇਗਾ।

ਇੱਕ ਸਰਵੇਖਣ ਮੁਤਾਬਕ ਭਾਰਤ ਦੀ ਦਵਾ ਸੱਨਅਤ ਦੁਨੀਆ ਵਿੱਚ ਤੀਜੀ ਸਭ ਤੋਂ ਵੱਡੀ ਦਵਾ ਸੱਨਅਤ ਹੈ। ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਵਿਭਾਗ ਦੇ ਫਾਰਮਾਸਿਊਟੀਕਲ ਵਿਭਾਗ ਅਨੁਸਾਰ 2008-09 ਵਿੱਚ ਭਾਰਤ ਦੀ ਦਵਾ ਸੱਨਅਤ ਦੀ ਕੁੱਲ ਆਮਦਨ 21 ਅਰਬ ਅਮਰੀਕੀ ਡਾਲਰ ਰਹੀ ਸੀ। ਸਾਡੇ ਦੇਸ਼ ਵਿੱਚ 2007 ਵਿੱਚ ਹੀ ਛੋਟੀਆਂ-ਵੱਡੀਆਂ 10,563 ਦਵਾਈ ਕੰਪਨੀਆਂ ਸਨ ਜੋ ਕਰੀਬ 90,000 ਬਰਾਂਡ ਬਣਾਉਂਦੀਆਂ ਸਨ। ਇੰਡੀਅਨ ਬਰਾਂਡ ਇਕਵਿਟੀ ਫਾਉਂਡੇਸ਼ਨ ਨਾਮਕ ਇੱਕ ਗੈਰ ਸਰਕਾਰੀ ਸੰਸਥਾ ਦੁਆਰਾ ਕੀਤੇ ਗਏ ਇੱਕ ਸਰਵੇਖਣ ਅਨੁਸਾਰ 2020 ਤੱਕ ਭਾਰਤੀ ਦਵਾ ਮੰਡੀ ਦਾ ਕੰਮ-ਕਾਜ 85 ਅਰਬ ਅਮਰੀਕੀ ਡਾਲਰ ਹੋ ਜਾਣ ਦੀ ਸੰਭਾਵਨਾ ਹੈ। ਬਹੁਤ ਤੇਜੀ ਨਾਲ਼ ਵਧਦੀ ਹੋਈ ਦਵਾ ਸੱਨਅਤ ਸਾਡੇ ਦੇਸ਼ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਹਥਿਆਰਾਂ ਦੇ ਬਾਅਦ ਸਭ ਤੋਂ ਜ਼ਿਆਦਾ ਮੁਨਾਫੇ ਦਾ ਕਾਰੋਬਾਰ ਬਣਦਾ ਜਾ ਰਿਹਾ ਹੈ। ਇਹ ਇਵੇਂ ਹੀ ਨਹੀਂ ਹੋ ਰਿਹਾ ਹੈ, ਇਸਦੇ ਲਈ ਹਰ ਤਰ੍ਹਾਂ ਦੇ ਹੱਥਕੰਡੇ ਇਹਨਾਂ ਕੰਪਨੀਆਂ ਦੁਆਰਾ ਆਪਣਾਏ ਜਾ ਰਹੇ ਹਨ।

ਇੱਕ ਹਥਕੰਡਾ ਹੈ ਜੈਨੇਰਿਕ ਅਤੇ ਈਥੀਕਲ ਦਵਾਈਆਂ ਦਾ ਭਰਮਜਾਲ਼। ਜ਼ਿਆਦਾਤਰ ਲੋਕਾਂ ਦਾ ਇਹ ਮੰਨਣਾ ਹੈ ਕਿ ਜੈਨੇਰਿਕ ਦਵਾਈਆਂ ਦੀ ਗੁਣਵੱਤਾ ਬਰਾਂਡਡ ਈਥੀਕਲ ਦਵਾਈਆਂ ਤੋਂ ਘੱਟ ਹੁੰਦੀ ਹੈ। ਵੱਡੀਆਂ ਦਵਾਈ ਕੰਪਨੀਆਂ ਦੁਆਰਾ ਵੀ ਇਹ ਭਰਮ ਫੈਲਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਜਾਣੀਏ ਕਿ ਤਾਂ ਜੈਨੇਰਿਕ ਦਵਾਈ ਆਖਰ ਹੁੰਦੀ ਕੀ ਹੈ? ਜਦੋਂ ਵੀ ਕਿਸੇ ਨਵੀਂ ਦਵਾਈ ਦੀ ਖੋਜ ਹੁੰਦੀ ਹੈ ਤਾਂ ਉਹਨੂੰ ਬਣਾਉਣ ਵਾਲ਼ੀ ਕੰਪਨੀ ਉਸਦਾ ਪੇਟੈਂਟ ਕਰਵਾ ਲੈਂਦੀ ਹੈ। ਇਸ ਤਰ੍ਹਾਂ ਉਸ ਦਵਾਈ ਨੂੰ ਬਣਾਉਣ ਅਤੇ ਵੇਚਣ ਦਾ ਹੱਕ ਸਿਰਫ ਉਸੇ ਕੰਪਨੀ ਕੋਲ਼ ਹੁੰਦਾ ਹੈ। ਅਜਿਹੇ ਵਿੱਚ ਇਹ ਕੰਪਨੀ ਆਪਣੀ ਮਨਮਰਜ਼ੀ ਦੀ ਕੀਮਤ ਨਾਲ਼ ਇਸ ਦਵਾਈ ਨੂੰ ਮੰਡੀ ਵਿੱਚ ਉਤਾਰਦੀ ਹੈ ਅਤੇ ਅਥਾਹ ਮੁਨਾਫਾ ਕਮਾਉਂਦੀ ਹੈ। ਪੇਟੈਂਟ ਦੀ ਮਿਆਦ ਖਤਮ ਹੋ ਜਾਣ ਉੱਤੇ ਕੰਪਨੀ ਨੂੰ ਇਸ ਦਵਾਈ ਦਾ ਫਾਰਮੂਲਾ ਸਰਵਜਨਕ ਕਰਨਾ ਪੈਂਦਾ ਹੈ ਅਤੇ ਇਸਤੋਂ ਬਾਅਦ ਦੂਜੀਆਂ ਕੰਪਨੀਆਂ ਵੀ ਇਸ ਦਵਾਈ ਨੂੰ ਬਣਾ ਕੇ ਵੇਚ ਸਕਦੀਆਂ ਹਨ। ਹੁਣ ਮੁਕਾਬਲਾ ਜ਼ਿਆਦਾ ਹੋ ਜਾਣ ਕਰਕੇ ਇਹ ਕੰਪਨੀਆਂ ਇਸ ਦਵਾਈ ਨੂੰ ਬਹੁਤ ਸਸਤਾ ਵੇਚਦੀਆਂ ਹਨ। ਇਨ੍ਹਾਂ ਸਸਤੀਆਂ ਦਵਾਈਆਂ ਨੂੰ ਜੈਨੇਰਿਕ ਦਵਾਈਆਂ ਕਿਹਾ ਜਾਂਦਾ ਹੈ। ਪਰ ਜਿਸ ਕੰਪਨੀ ਨੇ ਸਭ ਤੋਂ ਪਹਿਲਾਂ ਦਵਾਈ ਨੂੰ ਮੰਡੀ ਵਿੱਚ ਉਤਾਰਿਆ ਸੀ ਅਤੇ ਦੂਜੀ ਕੰਪਨੀਆਂ ਜੋ ਵੱਡੇ ਨਾਮਾਂ ਵਾਲ਼ੀਆਂ ਹਨ, ਇਸ ਖਾਸ ਦਵਾਈ ਨੂੰ ਓਨੀਆਂ ਹੀ ਮਹਿੰਗੀਆਂ ਕੀਮਤਾਂ ਉੱਤੇ ਵੇਚਦੀਆਂ ਹਨ ਜਿੰਨੀਆਂ ਸ਼ੁਰੂ ਵਿੱਚ ਸਨ। ਇਸ ਮਹਿੰਗੀ ਦਵਾਈ ਦੀ ਵਿੱਕਰੀ ਨਿਰਵਿਘਨ ਜਾਰੀ ਰਹੇ ਇਸ ਲਈ ਦਾਅਵੇ ਕੀਤੇ ਜਾਂਦੇ ਹਨ ਕਿ ਮਹਿੰਗੀਆਂ ਦਵਾਈਆਂ ਜੈਨੇਰਿਕ ਦਵਾਈਆਂ ਦੀ ਬਜਾਏ ਗੁਣਵੱਤਾ ਵਿੱਚ ਬਿਹਤਰ ਹੁੰਦੀਆਂ ਹਨ। ਆਮ ਲੋਕ ਹੀ ਨਹੀਂ ਬਹੁਤ ਸਾਰੇ ਡਾਕਟਰ ਵੀ ਵਿਸ਼ਵਾਸ ਕਰਦੇ ਹਨ ਕਿ ਜੈਨੇਰਿਕ ਦਵਾਈਆਂ ਦੀ ਗੁਣਵੱਤਾ ਇੰਨੀ ਚੰਗੀ ਨਹੀਂ ਹੁੰਦੀ। ਆਉ ਵੇਖਦੇ ਹਾਂ ਇਹਨਾਂ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ। ਅਮਰੀਕਾ ਦੇ ਬੋਸਟਨ ਵਿੱਚ ਹਾਰਵਰਡ ਮੈਡੀਕਲ ਸਕੂਲ ਵਿੱਚ 2008 ਵਿੱਚ 47 ਦਿਲ ਦੇ ਰੋਗਾਂ ਦੀਆਂ ਜੈਨੇਰਿਕ ਅਤੇ ਬਰਾਂਡਡ ਦਵਾਈਆਂ ਦੀ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਜੈਨੇਰਿਕ ਦਵਾਈਆਂ ਆਪਣੀ ਰਸਾਇਣਕ ਬਣਤਰ ਵਿੱਚ ਬਰਾਂਡਡ ਦਵਾਈਆਂ ਦੇ ਬਰਾਬਰ ਹਨ। ਜੋ ਫਰਕ ਖੋਜਕਾਰਾਂ ਨੂੰ ਮਿਲ਼ਿਆ ਉਹ ਉਨ੍ਹਾਂ ਦੇ ਬਣਾਉਣ ਦੀ ਢੰਗ ਅਤੇ ਗੋਲ਼ੀਆਂ ਦੇ ਅਕਾਰ ਅਤੇ ਰੰਗ ਜਿਹੇ ਚਿਕਿਤਸਾ ਪੱਖੋਂ ਗੈਰ-ਜਰੂਰੀ ਗੁਣਾਂ ਵਿੱਚ ਸੀ। 2009 ਵਿੱਚ ਅਮਰੀਕਾ ਵਿੱਚ ਹੀ ਹੋਈ ਇੱਕ ਹੋਰ ਜਾਂਚ ਵਿੱਚ ਵੀ ਪਾਇਆ ਗਿਆ ਕਿ ਜੈਨੇਰਿਕ ਦਵਾਈਆਂ ਰਸਾਇਣਕ ਗੁਣਾਂ ਵਿੱਚ ਬਰਾਂਡਡ ਦਵਾਈਆਂ ਦੇ ਬਰਾਬਰ ਹਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮੁਨਾਫੇ ਲਈ ਕਿਸ ਤਰ੍ਹਾਂ ਲੋਕਾਂ ਉੱਤੇ ਮਹਿੰਗੀਆਂ ਦਵਾਈਆਂ ਥੋਪੀਆਂ ਜਾਂਦੀਆਂ ਹਨ।

ਭਾਵੇਂ ਅਸੀ ਦੇਖਦੇ ਹਾਂ ਕਿ ਜੈਨੇਰਿਕ ਦਵਾਈਆਂ ਗੁਣਵੱਤਾ ਵਿੱਚ ਬਰਾਂਡਡ ਦਵਾਈਆਂ ਦੇ ਬਰਾਬਰ ਹੁੰਦੀਆਂ ਹਨ ਪਰ ਜੈਨੇਰਿਕ ਦਵਾਈਆਂ ਦੇ ਬਹਾਨੇ ਨਕਲੀ ਦਵਾਈਆਂ ਦਾ ਕਾਰੋਬਾਰ ਵੀ ਖੂਬ ਵਧ-ਫੁੱਲ ਰਿਹਾ ਹੈ। ਅਨੇਕਾਂ ਬਿਮਾਰੀਆਂ ਦੀਆਂ ਨਕਲੀ ਦਵਾਈਆਂ ਮੰਡੀ ਵਿੱਚ ਉਪਲਬਧ ਹਨ ਜੋ ਮਰੀਜ ਨੂੰ ਦਰੁਸਤ ਕਰਨਾ ਤਾਂ ਦੂਰ ਉਲਟਾ ਨੁਕਸਾਨ ਜ਼ਿਆਦਾ ਕਰਦੀਆਂ ਹਨ। ਕਈ ਮਾਮਲਿਆਂ ਵਿੱਚ ਤਾਂ ਜਾਨਲੇਵਾ ਵੀ ਸਾਬਤ ਹੁੰਦੀਆਂ ਹਨ। ਇਹ ਸਭ ਸਰਕਾਰ ਅਤੇ ਦਵਾ ਵਿਭਾਗ ਦੇ ਨੱਕ ਹੇਠਾਂ ਹੁੰਦਾ ਰਹਿੰਦਾ ਹੈ। ਇਸ ਗੋਰਖਧੰਦੇ ਦੀ ਲਪੇਟ ਵਿੱਚ ਉਹ ਲੋਕ ਆਉਂਦੇ ਹਨ ਜੋ ਮਹਿੰਗੀਆਂ ਦਵਾਈਆਂ ਖਰੀਦ ਨਹੀਂ ਸਕਦੇ ਅਤੇ ਸਸਤੀਆਂ ਜੈਨੇਰਿਕ ਦਵਾਈਆਂ ਬਦਲੇ ਨਕਲੀ ਦਵਾਈਆਂ ਦੇ ਚੁੰਗਲ਼ ਵਿੱਚ ਫਸ ਜਾਂਦੇ ਹਨ। ਸਾਫ ਹੈ ਇਹ ਪੀੜਤ ਅਬਾਦੀ ਦੇਸ਼ ਦੀ ਵਿਆਪਕ ਕਿਰਤੀ ਅਬਾਦੀ ਹੈ। ਇਸ ਅਬਾਦੀ ਨੂੰ ਗਰੀਬੀ ਕਾਰਨ ਲੋੜੀਂਦਾ ਪੋਸ਼ਣ ਨਹੀਂ ਮਿਲ਼ਦਾ ਅਤੇ ਗੰਦੇ ਮਹੌਲ ਵਿੱਚ ਰਹਿਣਾ ਪੈਂਦਾ ਹੈ ਜਿਸਦੀ ਵਜ੍ਹਾ ਕਾਰਨ ਬਿਮਾਰੀਆਂ ਦੀ ਚਪੇਟ ਵਿੱਚ ਵੀ ਇਹੀ ਅਬਾਦੀ ਸਭ ਤੋਂ ਜ਼ਿਆਦਾ ਆਉਂਦੀ ਹੈ ਅਤੇ ਬਿਮਾਰ ਹੋਣ ਉੱਤੇ ਦਵਾਈ ਦੀ ਥਾਂ ਜ਼ਹਿਰ ਮਿਲ਼ਦਾ ਹੈ ਜੋ ਬਹੁਤ ਵਾਰ ਜਾਨਲੇਵਾ ਸਾਬਤ ਹੁੰਦਾ ਹੈ।

ਪਿੱਛੇ ਜਿਹੇ ਹੀ ਖ਼ਬਰ ਆਈ ਸੀ ਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਅਹਿਮਦਾਬਾਦ ਦੀ ਇੱਕ ਦਵਾਈ ਕੰਪਨੀ ਤੋਂ ਉਸਦੀਆਂ ਦਵਾਈਆਂ ਦੀ ਵਿੱਕਰੀ ਵਧਾਉਣ ਦੇ ਇਵਜ ਵਿੱਚ 44 ਡਾਕਟਰਾਂ ਨੂੰ ਨਕਦੀ ਅਤੇ ਤੋਹਫੇ ਲੈਂਦੇ ਹੋਏ ਫੜਿਆ ਗਿਆ ਹੈ। ਇੰਡੀਅਨ ਮੈਡੀਕਲ ਕਾਉਂਸਲ ਨੇ ਆਂਧਰਾ ਪ੍ਰਦੇਸ਼ ਮੈਡੀਕਲ ਕਾਉਂਸਲ ਨੂੰ ਇਹਨਾਂ ਡਾਕਟਰਾਂ ਖਿਲਾਫ “ਐਕਸ਼ਨ” ਲੈਣ ਦੇ ਨਿਰਦੇਸ਼ ਦਿੱਤੇ ਹਨ। ਇਹਨਾਂ ਡਾਕਟਰਾਂ ਖਿਲਾਫ ਕਾਰਵਾਈ ਕਰਨੀ ਬੇਸ਼ੱਕ ਜਰੂਰੀ ਹੈ ਪਰ ਇਸਦੇ ਲਈ ਸਿਰਫ ਡਾਕਟਰ ਜ਼ਿੰਮੇਵਾਰ ਨਹੀਂ ਹਨ। ਡਾਕਟਰਾਂ ਅਤੇ ਦਵਾਈ ਕੰਪਨੀਆਂ ਦਾ ਇਹ “ਨਾਪਾਕ ਗੱਠਜੋੜ” ਕੋਈ ਨਵੀਂ ਖੋਜ ਨਹੀਂ ਹੈ। ਬਹੁਤ ਪਹਿਲਾਂ ਤੋਂ ਹੀ ਦਵਾਈ ਕੰਪਨੀਆਂ ਆਪਣੇ ਏਜੰਟਾਂ ਜ਼ਰੀਏ ਇਹ ਕੰਮ ਅੰਜਾਮ ਦਿੰਦੀ ਆ ਰਹੀਆਂ ਹਨ। ਕੰਪਨੀਆਂ ਅਤੇ ਥੋਕ ਵਪਾਰੀਆਂ ਲਈ ਕੰਮ ਕਰਨ ਵਾਲ਼ੇ ਏਜੰਟ ਜਾਂ ਮੈਡੀਕਲ ਰੀਪ੍ਰਜੈਂਟੇਟਿਵ ਆਪਣੇ “ਟਾਰਗੇਟ” ਪੂਰੇ ਕਰਨ ਲਈ ਡਾਕਟਰਾਂ ਨੂੰ ਫੜਦੇ ਹਨ ਅਤੇ ਕਮਿਸ਼ਨ ਲਈ ਡਾਕਟਰਾਂ ਦੇ ਵੀ ਟਾਰਗੇਟ ਤੈਅ ਹੁੰਦੇ ਹਨ। ਇੱਥੋਂ ਸ਼ੁਰੂ ਹੁੰਦਾ ਹੈ ਮੁਨਾਫੇ ਦੀ ਹਵਸ ਦਾ ਨੰਗਾ ਨਾਚ। ਟਾਰਗੇਟ ਪੂਰਾ ਕਰਨ ਦੇ ਚੱਕਰ ਵਿੱਚ ਗੈਰ-ਜਰੂਰੀ ਦਵਾਈਆਂ ਮਰੀਜ਼ਾਂ ਉੱਤੇ ਥੋਪ ਦਿੱਤੀ ਜਾਂਦੀਆਂ ਹਨ ਜੋ ਬਹੁਤ ਵਾਰ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਹਨ। ਇਸ ਤੋਂ ਬਿਨਾਂ ਮਰੀਜ਼ ਦੀ ਜੇਬ ਉੱਤੇ ਜੋ ਬੋਝ ਪੈਂਦਾ ਹੈ ਉਸ ਬਾਰੇ ਲਿਖਣ ਦੀ ਵੀ ਜ਼ਰੂਰਤ ਨਹੀਂ ਹੈ। ਵੱਡੀ ਮਾਤਰਾ ਵਿੱਚ ਐਂਟੀਬਾਇਓਟਿਕ ਦਵਾਈਆਂ ਦੇ ਬੇਅਸਰ ਹੋਣ ਪਿੱਛੇ ਇੱਕ ਕਾਰਨ ਉਨ੍ਹਾਂ ਦਾ ਗੈਰ ਜਰੂਰੀ ਇਸਤੇਮਾਲ ਵੀ ਹੈ।

ਸਪੱਸ਼ਟ ਹੈ ਕਿ ਸਰਮਾਏਦਾਰੀ ਵਿੱਚ ਮਨੁੱਖੀ ਪੇਸ਼ੇ ਤਾਂ ਕੀ ਮਨੁੱਖੀ ਸੰਵੇਦਨਾਵਾਂ ਤੱਕ ਦਾ ਕੋਈ ਮਤਲਬ ਨਹੀਂ ਰਹਿੰਦਾ। ਮੁਨਾਫੇ ਦੇ ਚੱਕਰਵਿਊ ਵਿੱਚ ਮਨੁੱਖ ਅਤੇ ਮਨੁੱਖੀ ਸੰਵੇਦਨਾਵਾਂ ਦੀ ਕੀਮਤ ਕੌਡੀਆਂ ਤੋਂ ਵੀ ਸਸਤੀ ਹੈ। ਸਰਮਾਏਦਾਰੀ ਵਿੱਚ ਦਵਾਈ ਤਾਂ ਮੁਨਾਫੇ ਲਈ ਵਿਕਦੀ ਹੀ ਹੈ ਪਰ ਨਾਲ਼ ਹੀ ਵਿਕਦੀਆਂ ਹਨ ਮਨੁੱਖੀ ਕਦਰਾਂ ਅਤੇ ਮਨੁੱਖਤਾ। ਕੁੱਝ ਲੋਕ ਡਾਕਟਰਾਂ ਨੂੰ ਭਾਵੁਕਤਾਪੂਰਨ ਅਪੀਲ ਕਰਦੇ ਹਨ, ਕੁੱਝ ਲੋਕ ਪ੍ਰਭਾਵਸ਼ਾਲੀ ਨੀਤੀਆਂ ਅਤੇ ਸਖਤ ਕਨੂੰਨ ਲਾਗੂ ਕਰਨ ਦੀ ਗੱਲ ਕਰਦੇ ਹਨ ਤਾਂ ਕੁੱਝ ਲੋਕ ਕਹਿੰਦੇ ਹਨ ਕਿ ਚੰਗੇ ਭੈੜੇ ਲੋਕ ਹਰ ਪੇਸ਼ੇ ਵਿੱਚ ਹੁੰਦੇ ਹਨ ਅਤੇ ਅੱਜ ਚੰਗੇ ਲੋਕਾਂ ਨੂੰ ਅੱਗੇ ਆਉਣ ਦੀ ਜਰੂਰਤ ਹੈ। ਪਰ ਇਹ ਕੇਵਲ ਕੁੱਝ ਲੋਕਾਂ, ਕੰਪਨੀਆਂ ਜਾਂ ਡਾਕਟਰਾਂ ਦੀ ਗੱਲ ਨਹੀਂ ਹੈ ਜੋ ਅਜਿਹੇ ਘਿਣਾਉਣੇ ਕੰਮ ਕਰ ਰਹੇ ਹਨ ਅਤੇ ਨਾ ਹੀ ਕੋਈ ਮਨੁੱਖਤਾਵਾਦੀ ਅਪੀਲ, ਸਖ਼ਤ ਤੋਂ ਸਖ਼ਤ ਕਨੂੰਨ ਜਾਂ ਕੁਝ ”ਚੰਗੇ” ਲੋਕਾਂ ਦੀ ਭਲੇਮਾਣਸੀ ਕੁੱਝ ਚੰਗਾ ਕਰ ਸਕਦੀ ਹੈ। ਇੱਥੇ ਗੱਲ ਕੁਝ ਚੰਗੇ ਜਾਂ ਭੈੜੇ ਲੋਕਾਂ ਦੀ ਨਹੀਂ ਹੈ। ਇੱਥੇ ਗੱਲ ਇਸ ਪੂਰੇ ਮੁਨਾਫਾ ਅਧਾਰਤ ਅਣਮਨੁੱਖੀ ਢਾਂਚੇ ਦੀ ਹੈ। ਮੁਨਾਫੇ ਉੱਤੇ ਕਾਇਮ ਪੂਰਾ ਸਰਮਾਏਦਾਰਾ ਢਾਂਚਾ ਹੀ ਕਿਰਤੀ ਲੋਕਾਂ ਦਾ ਖੂਨ ਪੀਂਦਾ ਹੈ। ਸਰਮਾਏਦਾਰੀ ਆਪਣੇ ਆਪ ਵਿੱਚ ਹੀ ਮਨੁੱਖਦੋਖੀ ਹੈ। ਮਨੁੱਖਤਾ ਦੀ ਸਭ ਤੋਂ ਵੱਡੀ ਮਰਜ਼ ਸਰਮਾਏਦਾਰੀ ਹੈ ਅਤੇ ਇਸਦਾ ਇਲਾਜ ਕਿਸੇ ਜੈਨੇਰਿਕ ਜਾਂ ਬਰਾਂਡਡ ਦਵਾਈ ਵਿੱਚ ਨਹੀਂ ਸਗੋਂ ਇਸ ਸੜੇ ਹੋਏ ਢਾਂਚੇ ਨੂੰ ਇਨਕਲਾਬ ਰੂਪੀ ਅਪਰੇਸ਼ਨ ਨਾਲ਼ ਚੀਰ ਕੇ ਵੱਖ ਕਰ ਦੇਣ ਵਿੱਚ ਹੈ। ਮਨੁੱਖ ਅਤੇ ਮਨੁੱਖਤਾ ਨੂੰ ਬਚਾਉਣ ਦਾ ਕੰਮ ਇਸ ਢਾਂਚੇ ਵਿੱਚ ਸੁਧਾਰ ਦੇ ਰਸਤੇ ਨਹੀਂ ਸਗੋਂ ਇਸ ਪੂਰੀ ਢਾਂਚੇ ਨੂੰ ਜੜੋਂ ਉਖਾੜ ਕੇ ਅਤੇ ਕਿਰਤੀ ਲੋਕਾਂ ਦਾ ਲੋਕ ਸਵਰਾਜ ਕਾਇਮ ਕਰਕੇ ਹੀ ਹੋ ਸਕਦਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s