ਮੁਨਾਫੇ ਕਮਾਉਣ ਲਈ ਢਾਲ਼ੇ ਜਾ ਰਹੇ ਵਿਗਿਆਨ ਦੇ ਵਿਦਿਆਰਥੀ •ਬਲਤੇਜ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਗਿਆਨ ਵਿਗਿਆਨ ਨੂੰ ਜਿੱਥੇ ਮਨੁੱਖਤਾ ਲਈ ਸਮਰਪਤ ਹੋਣਾ ਚਾਹੀਦਾ ਹੈ ਮੁਨਾਫਾ ਕੇਂਦਰਤ ਏਸ ਢਾਂਚੇ ਵਿੱਚ ਵਿਗਿਆਨ ਨੂੰ ਮੁਨਾਫੇ ਦਾ ਇੱਕ ਸਾਧਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਕੋਈ ਵੀ ਵਿਗਿਆਨ ਦਾ ਖੇਤਰ ਮੁਨਾਫਾ ਕੁੱਟਣ ਪੱਖੋਂ ਰਹਿ ਨਾ ਜਾਵੇ ਇਸ ਦਾ ਖਾਸ ਖਿਆਲ਼ ਸਿਲੇਬਸ ਬਣਾਉਣ ਵੇਲੇ ਹੀ ਰੱਖ ਲਿਆ ਜਾਂਦਾ ਹੈ। ਵਿਗਿਆਨ ਦੇ ਵਿਦਿਆਰਥੀਆਂ ਦਾ ਸਿਲੇਬਸ ਜੇ ਥੌੜਾ ਵੀ ਸੁਚੇਤ ਹੋ ਕੇ ਵੇਖਿਆ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਵਿਦਿਆਰਥੀਆਂ ਨੂੰ ਹਰ ਉਹੀ ਚੀਜ਼ ਪੜ੍ਹਾਈ ਜਾਂਦੀ ਹੈ ਜਿਸ ਤੋਂ ਮੁਨਾਫਾ ਕਮਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਪੜ੍ਹਾਈ ਜਾਂਦੀ ਹੈ ਕਿ ਮੁਨਾਫਾ ਕਮਾਉਣਾ ਹੀ ਵਿਦਿਆਰਥੀਆਂ ਨੂੰ ਇਕੋ-ਇਕ ਉਦੇਸ਼ ਲੱਗਦਾ ਹੈ ਜਿਵੇਂ ਮਾਈਕਰੋਬੀਅਲ ਐਂਡ ਫੂਡ ਤੇ ਬਾਇਓਟੈਕ ਵਰਗੇ ਖੇਤਰ ਜਿਨ੍ਹਾਂ ਨੇ ਬਾਅਦ ਵਿੱਚ ਦਵਾਈ ਕੰਪਨੀਆਂ ਜਾਂ ਹੋਰ ਭੋਜਨ ਉਤਪਾਦਕ ਕੰਪਨੀਆਂ ‘ਚ ਜਾਣਾ ਹੁੰਦਾ ਹੈ। ਇਹਨਾਂ ਨੂੰ ਹਰ ਵਿਸ਼ੇ ਦੇ ਨਾਲ਼-ਨਾਲ਼ ਇਹ ਜਰੂਰ ਪੜਾਇਆ ਜਾਂਦਾ ਹੈ ਕਿ ਪਰੋਡਕਟ ਕਾਸਟ ਜਾਣੀ ਚੀਜ਼ਾਂ ਦੀ ਕਦਰ ਕਿਵੇਂ ਘਟਾ ਕੇ ਕੰਪਨੀਆਂ ਨੂੰ ਵਧੇਰੇ ਮੁਨਾਫਾ ਕਮਾ ਕੇ ਦਿੱਤਾ ਜਾਵੇ। ਇਹ ਸਭ ਪੜਾਇਆ ਵੀ ਏਸ ਤਰੀਕੇ ਨਾਲ ਜਾਂਦਾ ਹੈ ਕਿ ਵਿਦਿਆਰਥੀ ਨੂੰ ਲੱਗਦਾ ਹੈ ਕਿ ਹਾਂ, ਵਿਗਿਆਨ ਨੂੰ ਇੰਝ ਮੁਨਾਫੇ ਲਈ ਹੀ ਵਰਤਿਆ ਜਾ ਸਕਦਾ ਹੈ। ਫੇਰ ਏਸ ਵਿੱਚ ਪੇਟੇਂਟ, ਕਾਪੀਰਾਈਟ, ਟਰੇਡ ਸੀਕਰੇਟ ਵਰਗੀਆਂ ਟਰਮਾਂ ਵਿਦਿਆਰਥੀਆਂ ਦੇ ਦਿਮਾਗਾਂ ਵਿੱਚ ਬਿਠਾਈਆਂ ਜਾਂਦੀਆਂ ਹਨ ਕਿ ਜੋ ਵੀ ਕੁਝ ਤੁਸੀਂ ਖੋਜ਼ ਲਿਆ ਇਸ ਨੂੰ ਮਨੁੱਖਤਾ ਦੇ ਲੇਖੇ ਨਾ ਲਾਉਣਾ ਸਗੋਂ ਕਿਸੇ ਨਾਮੀ ਕੰਪਨੀ ਕੋਲ ਜਾਣਾ, ਉਹ ਇਸ ਦਾ ਪੇਟੇਂਟ ਲਵੇਗੀ ਇਸ ਨੂੰ ਬਣਾ ਕੇ ਵੇਚੇਗੀ। ਖੁਦ ਵੀ ਰੱਜੇਗੀ ਤੇ ਥੋਨੂੰ ਵੀ ਜੂਠ ਚੱਟਣ ਦਾ ਪੂਰਾ ਮੌਕਾ ਦੇਵੇਗੀ। ਅਜਿਹੇ ਵਿੱਚ ਵਿਦਿਆਰਥੀ ਵੀ ਸਿਰਫ ਅਜਿਹੀਆਂ ਚੀਜ਼ਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਨੇ ਵੱਧ ਤੋਂ ਵੱਧ ਮੁਨਾਫਾ ਦੇਣਾ ਹੋਵੇ ਫੇਰ ਉਹ ਭਾਵੇਂ ਕੋਕ, ਪੈਪਸੀ, ਨੈਸਲੇ, ਕੈਡਬਰੀ ਜਾਂ ਹੋਰ ਇਹਨਾਂ ਵਰਗੇ ਪਰੋਡਕਟ ਹੋਣ ਤੇ ਆਖਿਰ ਅਜਿਹੀਆਂ ਪ੍ਰੋਡਕਟ ਕੰਪਨੀਆਂ ਵੱਡੇ-ਵੱਡੇ ਪੈਕੇਜ਼ ਦਿਖਾ ਕੇ ਵਿਦਿਆਰਥੀਆਂ ਦਾ ਸੁਪਨਾ ਬਣਾ ਦਿੱਤੀਆਂ ਜਾਂਦੀਆਂ ਹਨ ਬਿਨਾਂ ਇਹ ਦੱਸੇ ਕਿ ਇਹ ਲੋਕਾਂ ਦੀ ਸਿਹਤ ਦਾ ਤੇ ਵਾਤਾਵਰਣ ਦਾ ਕਿਵੇਂ ਨੁਕਸਾਨ ਕਰਦੇ ਨੇ। ਆਕਸਫੈਮ ਦੀ ਰਿਪੋਰਟ ਨੇ ਕੋਕਾ ਕੋਲਾ, ਪੈਪਸੀਕੋ, ਕੈਲੋਗ’ਸ , ਜਨਰਲ ਮਿਲਸ, ਨੈਸਲੇ, ਡੀਨੋਨ, ਯੂਨੀਲੈਵਰ, ਮਾਰਸ, ਮਾਂਡਲੇਜ ਇੰਟਰਨੈਸ਼ਨਲ ਤੇ ਐਸੋਸੀਏਟਡ ਬ੍ਰਿਟਿਸ਼ ਫੂਡ ਨੂੰ ਬਿਗ 10 ਦਾ ਨਾਮ ਦਿੱਤਾ ਹੈ। ਰਿਪੋਰਟ ਅਨੁਸਾਰ ਇਹਨਾਂ 10 ਨਾਮੀ ਕੰਪਨੀਆਂ ਨੇ 2013 ਵਿੱਚ 263.7 ਮਿਲੀਅਨ ਟਨ ਗਰੀਨ ਹਾਊਸ ਗੈਸ ਬਣਾਈ, ਜਿਹੜੀ ਦਿਨ-ਬ-ਦਿਨ ਧਰਤੀ ਦੀ ਉਜ਼ੋਨ ਪਰਤ ਨੂੰ ਖੋਰ ਰਹੀ ਹੈ ਤੇ ਜਿਸ ਨਾਲ ਖ਼ਤਰਨਾਕ ਸੂਰਜ ਦੀਆਂ ਕਿਰਨਾਂ ਧਰਤੀ ਤੱਕ ਪਹੁੰਚ ਕੇ ਤਰ੍ਹਾਂ-ਤਰ੍ਹਾਂ ਦੇ ਚਮੜੀ ਰੋਗ ਲਾਉਂਦੀਆਂ ਹਨ। ਜੇਕਰ ਇਹਨਾਂ 10 ਕੰਪਨੀਆਂ ਨੂੰ ਇਕ ਦੇਸ਼ ਵਜੋਂ ਦੇਖਿਆ ਜਾਵੇ ਤਾਂ ਇਹ ਦੁਨੀਆਂ ਦਾ 25 ਵਾਂ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲਾ ਮੁਲਕ ਹੋਵੇਗਾ। ਏਨਾਂ ਸਭ ਜਾਣਦੇ ਹੋਏ ਵੀ ਕਿ ਇਹ ਕੰਪਨੀਆਂ ਦੇ ਪ੍ਰੋਡਕਟ ਵਰਤਣ ਵਾਲੇ ਦੀ ਸਿਹਤ ਨਾਲ ਤਾਂ ਖਿਲਵਾੜ ਕਰਦੇ ਹਨ ਸਗੋਂ ਸਮੁੱਚੇ ਸਮਾਜ, ਤੇ ਵਾਤਾਵਰਣ ਨੂੰ ਵੀ ਤਹਿਸ-ਨਹਿਸ ਕਰ ਰਹੇ ਹਨ,  ਸਾਡੇ ਵਿਗਿਆਨ ਦੇ ਵਿਦਿਆਰਥੀਆਂ ਦੀਆਂ ਅੱਖਾਂ ਤੇ ਨੋਟਾਂ ਦੀ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਭਾਵੇਂ ਇਹਨਾਂ ਕੰਪਨੀਆਂ ਵਿੱਚ ਮਹਿਜ਼ ਕੁਝ ਕੁ ਵਿਦਿਆਰਥੀ ਹੀ ਪਹੁੰਚ ਪਾਉਂਦੇ ਹਨ ਪਰ ਬਾਕੀ ਵਿਦਿਆਰਥੀਆਂ ਦੀ ਇਹਨਾਂ ਕੰਪਨੀਆਂ ਬਾਰੇ ਆਮ ਸਹਿਮਤੀ ਬਣਾਉਣ ਲਈ ਇਹਨਾਂ ਨੂੰ ਸਿਲੇਬਸਾਂ ਵਿੱਚ ਪੜਾਉਣਾ ਜਰੂਰੀ ਸਮਝਿਆ ਜਾਂਦਾ ਹੈ। ਅਜਿਹੇ ਦੌਰ ਵਿੱਚ ਵਿਗਿਆਨ ਦੇ ਵਿਦਿਆਰਥੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਗਿਆਨ ਨੂੰ ਪੇਪਰ ਪਾਸ ਕਰਨ, ਨੌਕਰੀ ਲੈਣ, ਮੁਨਾਫਾ ਕਮਾਉਣ ਤੋਂ ਉੱਪਰ ਉੱਠ ਕੇ ਸਮੁੱਚੇ ਸਮਾਜ ਲਈ ਸਮਝਣ ਤੇ ਇੱਕ ਸੱਚਾ ਵਿਗਿਆਨੀ ਹੋਣ ਦਾ ਫਰਜ਼ ਨਿਭਾਉਣ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ